Breaking News
Home / ਨਜ਼ਰੀਆ / ਵਿਗਿਆਨਕ ਅਤੇ ਵਾਤਾਵਰਣੀ ਸਾਹਿਤ ਦੇ ਰਚੇਤਾ ਡਾ. ਡੀ. ਪੀ. ਸਿੰਘ ਨਾਲ ਇਕ ਖਾਸ ਮੁਲਾਕਾਤ

ਵਿਗਿਆਨਕ ਅਤੇ ਵਾਤਾਵਰਣੀ ਸਾਹਿਤ ਦੇ ਰਚੇਤਾ ਡਾ. ਡੀ. ਪੀ. ਸਿੰਘ ਨਾਲ ਇਕ ਖਾਸ ਮੁਲਾਕਾਤ

(ਕਿਸ਼ਤ ਪਹਿਲੀ)
ਕੈਨੇਡਾ ‘ਚ ਡਿਗਰੀ ਪੱਧਰ ਉਤੇ ਅਧਿਆਪਨ ਕਾਰਜਾਂ ‘ਚ ਹਾਂ ਕਾਰਜਸ਼ੀਲ : ਡਾ.ਡੀ.ਪੀ. ਸਿੰਘ
ਮੁਲਾਕਾਤ ਕਰਤਾ
ਸ਼੍ਰੀਮਤੀ ਮੀਨਾ ਸ਼ਰਮਾ
ਪੰਜਾਬ ਯੂਨੀਵਰਸਿਟੀ ਐਸ. ਐਸ. ਜੀ. ਰਿਜ਼ਨਲ ਸੈਂਟਰ, ਹੁਸ਼ਿਆਰਪੁਰ
ਸੰਨ 1956 ਵਿਚ ਜਨਮੇ ਡਾ. ਦੇਵਿੰਦਰ ਪਾਲ ਸਿੰਘ ਦਾ ਜੱਦੀ ਪਿੰਡ, ਹੁਸ਼ਿਆਰਪੁਰ-ਟਾਂਡਾ ਸੜਕ ਉੱਤੇ ਸਥਿਤ ਸਰਾਂ ਨਗਰ ਦੇ ਚੜ੍ਹਦੇ ਪਾਸੇ, ਵੱਲ ਮੌਜੂਦ ਪਿੰਡ ਬੀਰਮਪੁਰ ਹੈ। ਬਾਅਦ ਵਿਚ ਆਪ ਨੇ ਨਯਾ ਨੰਗਲ ਵਿਖੇ ਰਿਹਾਇਸ਼ ਕਰ ਲਈ ਅਤੇ ਹੁਣ ਪਿਛਲੇ ਲਗਭਗ ਇਕ ਦਹਾਕੇ ਤੋਂ ਆਪ ਕੈਨੇਡਾ ਦੇ ਸੂਬੇ ਉਨਟਾਰੀਓ ਵਿਖੇ ਵਸਦੇ ਹੋਏ ਵੀ ਵਿਗਿਆਨ, ਸਾਹਿਤ ਅਤੇ ਚੋਗਿਰਦੇ ਪ੍ਰਤੀ ਕਾਰਜਸ਼ੀਲ ਹਨ। ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਡਾ. ਡੀ. ਪੀ. ਸਿੰਘ, ਵਿੱਦਿਅਕ ਤੇ ਸਾਹਿਤਕ ਸਰਗਰਮੀਆਂ ਦੀ ਸਰਪ੍ਰਸਤੀ ਕਰਦੇ ਹੋਏ ਸਮੂਹ ਪਾਠਕਾਂ, ਸਰੋਤਿਆਂ ਅਤੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਆ ਰਹੇ ਹਨ। ਸਾਹਿਤਕ ਖੇਤਰ ਵਿਚ ਡਾ. ਦੇਵਿੰਦਰ ਪਾਲ ਸਿੰਘ, ਆਪਣੇ ਸੰਖੇਪ ਨਾਮ ਡਾ. ਡੀ. ਪੀ. ਸਿੰਘ ਨਾਲ ਹੀ ਵਧੇਰੇ ਜਾਣੇ ਜਾਂਦੇ ਹਨ।
ਮੂਲ ਰੂਪ ਵਿਚ ਭੌਤਿਕ ਵਿਗਿਆਨੀ ਵਜੋਂ ਸਥਾਪਿਤ ਡਾ. ਡੀ. ਪੀ. ਸਿੰਘ ਨੂੰ ਕੁਦਰਤ, ਕਾਦਰ ਤੇ ਕਾਇਨਾਤ ਨਾਲ ਉਚੇਚਾ ਪਿਆਰ ਹੈ। ਇਸੇ ਪਿਆਰ ਦੀ ਖਿੱਚ ਨੂੰ ਹੋਰ ਪੱਕਾ ਕਰਨ ਲਈ ਇਸ ਭੌਤਿਕ ਵਿਗਿਆਨੀ ਨੇ ਮਾਂ-ਬੋਲੀ ਪੰਜਾਬੀ ਵਿਚ 20 ਪੁਸਤਕਾਂ ਪਾਠਕਾਂ ਦੀ ਝੋਲੀ ਵਿਚ ਪਾ ਕੇ ਸਾਹਿਤ ਦੇ ਖਜ਼ਾਨੇ ਨੂੰ ਹੋਰ ਅਮੀਰ ਬਣਾਇਆ ਹੈ। ਆਪ ਦਾ ਨਾਮ ਉਨ੍ਹਾਂ ਦੁਰਲੱਭ ਵਿਗਿਆਨੀਆਂ ਵਿਚ ਸ਼ੁਮਾਰ ਹੈ, ਜਿਨ੍ਹਾਂ ਨੇ ਵੱਖਰੇ ਨਿੱਜੀ ਪ੍ਰੋਫ਼ੈਸ਼ਨ ਦੇ ਨਾਲ ਨਾਲ ਮਾਂ-ਬੋਲੀ ਦੀ ਵੀ ਭਰਪੂਰ ਸੇਵਾ ਕੀਤੀ ਹੈ। ਆਪ ਨੇ ਜਾਣਕਾਰੀ ਭਰਪੂਰ, ਸਰਲ ਅਤੇ ਦਿਲਚਸਪ ਲੇਖਾਂ ਦੀ ਰਚਨਾ ਨਾਲ ਵਿਗਿਆਨਕ ਲੇਖਾਂ ਪ੍ਰਤੀ ਪਾਠਕਾਂ ਦੀ ਭੁੱਖ ਨੂੰ ਜਾਗ੍ਰਿਤ ਕੀਤਾ ਹੈ। ਕਦੇ ਨਿਰੋਲ ਸ਼ੁਧ-ਵਿਗਿਆਨਕ ਲੇਖ ਲਲਿਤ ਸਾਹਿਤ ਦੇ ਪਾਠਕਾਂ ਨੂੰ ਨੀਰਸ ਅਤੇ ਉਬਾਊ ਲੱਗਿਆ ਕਰਦੇ ਸਨ। ਪਰ ਡਾ. ਸਾਹਿਬ ਨੇ ਵਿੱਲਖਣ ਸ਼ੈਲੀ ਦੁਆਰਾ ਪਾਠਕਾਂ ਦੀ ਦਿਲਚਸਪੀ ਨੂੰ ਇਸ ਪ੍ਰਤੀ ਵਧਾਇਆ ਹੈ।ઠ
ਕਿੱਤੇ ਵਜੋਂ ਡਾ. ਡੀ. ਪੀ. ਸਿੰਘ ਭੌਤਿਕ ਵਿਗਿਆਨ ਦਾ ਅਧਿਆਪਕ ਤੇ ਖੋਜੀ ਹੈ ਪਰ ਕਲਮ ਵਜੋਂ ਉਹ ਸ਼ਬਦਾਂ ਦਾ ਜਾਦੂਗਰ ਹੈ। ਉਨ੍ਹਾਂ ਦੇ ਨਿੱਜੀ ਤਜ਼ਰਬੇ ਅਤੇ ਵਿਚਾਰਾਂ ਨੂੰ ਜਾਨਣ ਦੀ ਉਤਸੁਕਤਾ ਹਰ ਪਾਠਕ ਦੇ ਹਿਰਦੇ ਅੰਦਰ ਠਾਠਾਂ ਮਾਰਦੀ ਹੋਵੇਗੀ। ਖੋਜ ਜਿਵੇਂ ਜਗਿਆਸਾ ਦੀ ਮਾਂ ਹੈ, ਠੀਕ ਉਵੇਂ ਹੀ ਵਿਦਵਾਨਾਂ, ਸਾਹਿਤਕਾਰਾਂ ਅਤੇ ਵਾਤਾਵਰਣ-ਉੱਦਮੀਆਂ ਦੀ ਸਾਹਿਤਕ ਮਿਲਣੀ ਵੀ ਖੋਜੀਆਂ ਅਤੇ ਵਿਦਿਆਰਥੀਆਂ ਲਈ ਮਾਂ ਵਰਗੀ ਠੰਢੜੀ ਛਾਂ ਹੁੰਦੀ ਹੈ। ਇਸੇ ਮੰਤਵ ਨੂੰ ਪੂਰਨ ਕਰਨ ਲਈ ઠਡਾ. ਡੀ. ਪੀ. ਸਿੰਘ ਹੁਰਾਂ ਪਾਸੋਂ ਪ੍ਰਸਤੁਤ ਵਿਚਾਰ ਲੜੀ ਪੇਸ਼ ਕੀਤੀ ਜਾ ਰਹੀ ਹੈ:
ਮੀਨਾ ਸ਼ਰਮਾ : ਡਾ. ਸਾਹਿਬ, ਆਪ ਨੇ ਪੀਐਚ. ਡੀ. ਦੀ ਡਿਗਰੀ ਕਿੱਥੋਂ ਪ੍ਰਾਪਤ ਕੀਤੀ? ਆਪ ਦੇ ਨਿਗਰਾਨ ਕੌਣ ਰਹੇ ਤੇ ਆਪ ਦਾ ਖੋਜ ਵਿਸ਼ਾ ਕੀ ਸੀ?
ਡਾ. ਸਿੰਘ: ਭੌਤਿਕ ਵਿਗਿਆਨ ਵਿਸ਼ੇ ਸੰਬੰਧਤ ਖੋਜ ਕਾਰਜਾਂ ਲਈ ਮੈਨੂੰ ਸੰਨ 1986 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਪੀਐਚ. ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ। ਇਹ ਖੋਜ ਕਾਰਜ, ਮੈਂ ਇਸੇ ਯੂਨੀਵਰਸਿਟੀ ਦੇ ਹੀ ਅੰਤਰ-ਰਾਸ਼ਟਰੀ ਵਿਗਿਆਨੀ ਤੇ ਵਿਲੱਖਣ ਅਧਿਆਪਕ ਪ੍ਰੋਫੈਸਰ ਸੁਰਜੀਤ ਸਿੰਘ ਭੱਟੀ ਜੀ ਦੀ ਰਹਿਨੁਮਾਈ ਵਿਚ ਸੰਪਨ ਕੀਤੇ ਸਨ। ਪੀਐਚ. ਡੀ. ਡਿਗਰੀ ਸੰਬੰਧਤ ਖੋਜ ਕਾਰਜਾਂ ਦੌਰਾਨ ਮੈਂ ਪਰਾ-ਧੁਨੀ ਤਰੰਗਾਂ ਦੀ ਵਰਤੋਂ ਕਰਦੇ ਹੋਏ, ਵਿਭਿੰਨ ਦ੍ਰਵਾਂ ਦੇ ਮਿਸ਼ਰਣਾਂ ਵਿਚ ਮੌਜੂਦ ਅਣੂਵੀ ਕਿਰਿਆਵਾਂ ਦਾ ਅਧਿਐਨ ਕੀਤਾ। ਸਰਲ ਸ਼ਬਦਾਂ ਵਿਚ, ਮੈਂ, ਭੌਤਿਕ ਵਿਗਿਆਨ ਦੇ ਖੇਤਰ ਵਿਚ ਧੁਨੀ-ਤਰੰਗਾਂ ਦੀ ਮਦਦ ਨਾਲ ਵਿਭਿੰਨ ਪਦਾਰਥਾਂ ਦੇ ਗੁਣਾਂ ਦੀ ਜਾਂਚ ਪੜਤਾਲ ਕੀਤੀ।
ਮੀਨਾ ਸ਼ਰਮਾ : ਸਰ! ਆਪ ਜੀ ਦੀਆਂ ਹੁਣ ਤਕ ਕਿੰਨ੍ਹੀਆਂ ਪੁਸਤਕਾਂ ਛਪ ਚੁੱਕੀਆਂ ਹਨ ਤੇ ਕਿਹੜੀਆਂ ਕਿਹੜੀਆਂ? ਕੋਈ ਛਪਾਈ ਅਧੀਨ ਵੀ ਹੈ? ਕ੍ਰਿਪਾ ਕਰ ਕੇ ਵਿਸਥਾਰ ਸਹਿਤ ਦੱਸੋ।ઠ
ਡਾ. ਸਿੰਘ: ਮੈਂ ਹੁਣ ਤਕ 24 ਕਿਤਾਬਾਂ ਦੀ ਰਚਨਾ ਕਰ ਚੁੱਕਾ ਹਾਂ। ਜਿਨ੍ਹਾਂ ਵਿਚੋਂ 20 ਕਿਤਾਬਾਂ ਪੰਜਾਬੀ ਭਾਸ਼ਾ ਵਿਚ ਹਨ। ਤਿੰਨ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿਚ ਅਤੇ ਇਕ ਕਿਤਾਬ ਸ਼ਾਹਮੁੱਖੀ ਲਿਪੀ ਵਿਚ ਹੈ। ਮੈਂ ਆਮ ਪਾਠਕਾਂ ਲਈ ਤੇਰ੍ਹਾਂ ਕਿਤਾਬਾਂ ਲਿਖੀਆਂ ਹਨ। ਜਿਨ੍ਹਾਂ ਵਿਚੋਂ ਦਸ ਕਿਤਾਬਾਂ; ”ਸੀ. ਵੀ. ਰਮਨ – ਜੀਵਨ ਤੇ ਸਮਾਂ”, ”ਵਿਗਿਆਨ ਪ੍ਰਾਪਤੀਆਂ ਤੇ ਮਸਲੇ”, ”ਧਰਮ ਅਤੇ ਵਿਗਿਆਨ”, ”ਭਵਿੱਖ ਦੀ ਪੈੜ”, ”ਵਾਤਾਵਰਣੀ ਪ੍ਰਦੂਸ਼ਣ”, ”ਵਾਤਾਵਰਣੀ ਮਸਲੇ ਅਤੇ ਸਮਾਧਾਨ” (ਸੰਪਾਦਨ), ”ਈਜ਼ਾਦਕਾਰ-ਜਿਨ੍ਹਾਂ ਦੁਨੀਆ ਹਿਲਾ ਦਿੱਤੀ” (ਅਨੁਵਾਦ), ”ਲੇਜ਼ਰ ਕਿਰਨਾਂ”, ”ਅਣੂਵੀ ਸਪੈਕਟ੍ਰੋਸਕੋਪੀ”, ”ਸਾਇੰਸ ਐਂਡ ਸਿੱਖਇਜ਼ਮ-ਕੌਨਫਲਿਕਟ ਔਰ ਕੋਹੈਰੈਂਸ” ਛਪ ਚੁੱਕੀਆਂ ਹਨ। ਬਾਕੀ ਤਿੰਨ ਕਿਤਾਬਾਂ; ”ਸਮੇਂ ਦੇ ਵਹਿਣ”, ”ਏ ਪਾਥ ਟੂ ਟਰੁਥਫੁੱਲ ਲਿਵਿੰਗ” ਅਤੇ ”ਅਲਟਰਾਸੋਨਿਕਸ-ਦਾ ਇੰਨਔਡੀਬਲ ਸਾਊਂਡਜ” ਛਪਾਈ ਅਧੀਨ ਹਨ।ઠ
ਮੈਂ ਬੱਚਿਆਂ ਲਈ ਅੱਠ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਛੇ ਕਿਤਾਬਾਂ; ”ਟੈਲੀਪ੍ਰਿੰਟਰ”, ”ਅਜਬ ਹੈ ਰਾਤ ਦਾ ਅੰਬਰ”, ”ਸਤਰੰਗ”, ”ਰੋਬਟ, ਮਨੁੱਖ ਤੇ ਕੁਦਰਤ”, ”ਧਰਤੀਏ ਰੁਕ ਜਾ” ਅਤੇ ”ਸਪਤਰਿਸ਼ੀ” ਛੱਪ ਚੁੱਕੀਆਂ ਹਨ। ਬਾਕੀ ਦੋ ਕਿਤਾਬਾਂ; ”ਪੰਜਾਬ ਦੇ ਦਰਿਆ” ਅਤੇ ”ਸਤਰੰਗੀ ਪੀਂਘ ਤੇ ਹੋਰ ਨਾਟਕ” ਛਪਾਈ ਅਧੀਨ ਹਨ। ਇਸ ਤੋਂ ਇਲਾਵਾ ਮੈਂ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਲਈ ਫਿਜ਼ਿਕਸ/ਵਿਗਿਆਨ ਸੰਬੰਧਤ ਤਿੰਨ ਟੈਕਸਟ ਬੁੱਕਸ ਦਾ ਅੰਗਰੇਜ਼ੀ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਹੈ।ઠਮੇਰੀਆਂ ਉਪਰੋਕਤ ਕਿਤਾਬਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ; ਭਾਸ਼ਾ ਵਿਭਾਗ ਪੰਜਾਬ, ਪਟਿਆਲਾ; ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ; ਨੈਸ਼ਨਲ ਬੁੱਕ ਟਰਸਟ ਆਫ ਇੰਡੀਆ, ਦਿੱਲੀ, ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਦਿੱਲੀ, ਅਤੇ ਸਿੰਘ ਬ੍ਰਦਰਜ਼ ਪਬਲਿਸ਼ਰਜ਼, ਅੰਮ੍ਰਿਤਸਰ ਦੁਆਰਾ ਛਾਪੀਆਂ ਗਈਆ/ਛਪਾਈ ਅਧੀਨ ਹਨ।ઠ
ਮੀਨਾ ਸ਼ਰਮਾ : ਆਪਣੇ ਪ੍ਰੋਫੈਸ਼ਨਲ ਸਫ਼ਰ ਬਾਰੇ ਜਾਣੂ ਕਰਵਾਓ। ਨੌਕਰੀ ਦੀ ਸ਼ੁਰੂਆਤ ਕਿੱਥੋਂ ਹੋਈ? ਕੀ ਕੀ ਸੇਵਾ ਨਿਭਾਈ ਤੇ ਕਿਥੇ ਕਿਥੇ?
ਡਾ. ਸਿੰਘ: ਮੈਂ ਸੰਨ 1978 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਫਿਜ਼ਿਕਸ ਵਿਸ਼ੇ ਵਿਚ ਐਮ. ਐਸਸੀ. ਦੀ ਡਿਗਰੀ ਹਾਸਿਲ ਕੀਤੀ। ਉਸੇ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਚੰਡੀਗੜ੍ਹ ਵਿਖੇ ਫਿਜ਼ਿਕਸ ਵਿਸ਼ੇ ਸੰਬੰਧਤ ਅਧਿਆਪਨ ਕਾਰਜਾਂ ਦਾ ਆਰੰਭ ਕੀਤਾ। ਪਰ ਜਲਦੀ ਹੀ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਫਿਜ਼ਿਕਸ ਦੇ ਅਧਿਆਪਕ ਵਜੋਂ ਕਾਰਜ ਭਾਰ ਸੰਭਾਲ ਲਿਆ। ਅਗਲੇ ਦੋ ਸਾਲ ਇਥੇ ਹੀ ਬੀਤੇ। ਸੰਨ 1979-80 ਦੌਰਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ ਤੇ ਖੋਜਕਾਰ ਡਾ. ਸੁਰਜੀਤ ਸਿੰਘ ਭੱਟੀ ਦੀ ਦੇਖ ਰੇਖ ਵਿਚ, ਫ਼ਿਜ਼ਿਕਸ ਵਿਸ਼ੇ ਸੰਬੰਧਤ ਖੋਜ ਕਾਰਜ ਵੀ ਸ਼ੁਰੂ ਕਰ ਲਏ । ਅਗਸਤ 1980 ਵਿਚ ਸ਼ਿਵਾਲਿਕ ਕਾਲਜ, ਨਯਾਂ ਨੰਗਲ ਵਿਖੇ ਪੱਕੇ ਤੌਰ ਉੱਤੇ ਭੌਤਿਕ ਵਿਗਿਆਨ ਦੇ ਲੈਕਚਰਾਰ ਵਜੋਂ ਸੇਵਾ ਸੰਭਾਲੀ। ਸੰਨ 1986 ਵਿਚ, ਭੌਤਿਕ ਵਿਗਿਆਨ ਵਿਸ਼ੇ ਵਿਚ ਖੋਜ ਕਾਰਜਾਂ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਹੋਈ। ਸੰਨ 1997 ਵਿਚ ਸ਼ਿਵਾਲਿਕ ਕਾਲਜ, ਨਯਾਂ ਨੰਗਲ ਦੇ ਸਰਕਾਰੀਕਰਣ ਤੋਂ ਬਾਅਦ ਪੰਜਾਬ ਦੇ ਹੋਰ ਸਰਕਾਰੀ ਕਾਲਜਾਂ ਵਿਚ ਵੀ ਐਸੋਸੀਏਟ ਪ੍ਰੋਫੈਸਰ ਵਜੋਂ ਅਧਿਆਪਨ ਕਾਰਜ ਕਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਭਾਰਤ ਵਿਖੇ ਸੰਨ 2008 ਤਕ ਲਗਭਗ 30 ਸਾਲ ਭੌਤਿਕ ਵਿਗਿਆਨ ਵਿਸ਼ੇ ਸੰਬੰਧਤ ਅਧਿਆਪਨ ਤੇ ਖੋਜ ਕਾਰਜ ਕੀਤੇ। ਇਸੇ ਕਾਲ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਦੀਆਂ ਸੈਨੇਟ ਸਭਾਵਾਂ ਅਤੇ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਵਜੋਂ ਸੇਵਾ ਨਿਭਾਉਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ। ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਵਿਖੇ ਡੀਨ, ਸਟੂਡੈਂਟ ਅਫੈਅਰਜ਼, ਬਰਸਰ, ਡਿਪਟੀ ਰਜਿਸਟਰਾਰ (ਐਗਜ਼ਾਮਜ਼), ਸਟਾਫ਼ ਸੈਕਟਰੀ, ਜਨਰਲ ਸੈਕਟਰੀ ਟੀਚਰ ਯੂਨੀਅਨ ਆਦਿ ਅਹੁਦਿਆਂ ਉੱਤੇ ਕੰਮ ਕਰਨ ਦਾ ਮੌਕਾ ਵੀ ਮਿਲਿਆ।
ਉਪਰੋਕਤ ਸੇਵਾ-ਕਾਲ ਦੌਰਾਨ, ਦੇਸ਼-ਵਿਦੇਸ਼ ਵਿਚ, ਫਿਜ਼ਿਕਸ ਵਿਸ਼ੇ ਦੇ ਖੋਜ ਕਾਰਜਾਂ ਸੰਬੰਧਤ ਲਗਭਗ 40 ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਕਾਨਫਰੰਸਾਂ/ਸੈਮੀਨਾਰਾਂ ਵਿਚ ਭਾਗ ਲੈਣ ਦਾ ਮੌਕਾ ਵੀ ਪ੍ਰਾਪਤ ઠਹੋਇਆ। ਸੰਨ 1987 ਵਿਚ ਲੰਡਨ (ਇੰਗਲੈਂਡ), 1988 ਵਿਚ ਸ਼ੰਘਾਈ (ਚੀਨ), 1988 ਵਿਚ ਹਾਂਗਕਾਂਗ ਅਤੇ 2006 ਐਡਮਿੰਨਟਨ (ਕੈਨੇਡਾ) ਵਿਖੇ ਕਾਨਫਰੰਸਾਂ/ ਸੈਮੀਨਾਰਾਂ ਵਿਚ ਭਾਰਤ ਦੀ ਪ੍ਰਧੀਨਿਧਤਾ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ। ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕਾਨਫਰੰਸਾਂ/ ਸੈਮੀਨਾਰਾਂ ਦੀ ਪ੍ਰਧਾਨਗੀ ਦਾ ਮਾਣ ਵੀ ਮਿਲਿਆ। ਹੁਣ ਤਕ ਮੈਂ ਫਿਜ਼ਿਕਸ ਵਿਸ਼ੇ ਸੰਬੰਧਤ ਲਗਭਗ 70 ਖੋਜ ਪੱਤਰ ਲਿਖ ਚੁੱਕਾ ਹਾਂ ਜੋ ਅਮਰੀਕਾ, ਇੰਗਲੈਂਡ, ਜਰਮਨੀ, ਕੈਨੇਡਾ, ਚੀਨ ਤੇ ਭਾਰਤ ਦੀਆਂ ਪ੍ਰਮੁੱਖ ਖੋਜ ਪਤ੍ਰਿਕਾਵਾਂ ਵਿਚ ਛਪੇ ਹਨ। ਇਸੇ ਕਾਲ ਦੌਰਾਨ, ਲਗਭਗ 10 ਵਾਰ, ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿਖੇ ਵਿਸ਼ੇਸ਼ ਸੱਦੇ ਉੱਤੇ ਲੈਕਚਰ ਦੇਣ ਦਾ ਮਾਣ ਵੀ ਪ੍ਰਾਪਤ ਹੋਇਆ।ઠ
ਅਮਰੀਕਾ, ਕੈਨੇਡਾ, ਚੀਨ ਤੇ ਭਾਰਤ ਦੀਆਂ ਫਿਜ਼ਿਕਸ ਵਿਸ਼ੇ ਸੰਬੰਧਤ ਪ੍ਰਸਿਧ ਖੋਜ ਪਤ੍ਰਿਕਾਵਾਂ ਦਾ ਰਿਵਿਊ ਪੈਨਲ ਮੈਂਬਰ ਵੀ ਰਹਿ ਚੁੱਕਾ ਹਾਂ ਅਤੇ ਭਾਰਤ ਤੇ ਕੈਨੇਡਾ ਦੀਆਂ ਵਿਗਿਆਨ ਅਤੇ ਅਧਿਆਪਨ ਸੰਬੰਧਤ 6 ਪ੍ਰਮੁੱਖ ਸੰਸੰਥਾਵਾਂ ਦਾ ਲਾਈਫ਼ ਮੈਂਬਰ ਹਾਂ। ਸੰਨ 2007 ਦੌਰਾਨ ਪਰਿਆਰ ਯੂਨੀਵਰਸਿਟੀ, ਤਾਮਿਲਨਾਡੂ ਵਲੋਂ ਮੈਨੂੰ ਫ਼ਿਜ਼ਿਕਸ ਵਿਸ਼ੇ ਵਿਚ ਰਿਸਰਚ ਗਾਇਡ ਵਜੋਂ ਮਾਨਤਾ ਪ੍ਰਾਪਤ ਹੋਈ। ਤਦ ਉਪਰੰਤ ਮੇਰੀ ਰਹਿਨੁਮਾਈ ਹੇਠ, ਮੇਰੇ ਦੋ ਖੋਜ-ਵਿਦਿਆਰਥੀਆਂ; ਅਰੁਨ ਉੱਪਮੰਨਿਊ ਅਤੇ ਅਰਵਿੰਦ ਕੁਮਾਰ ਸ਼ਰਮਾ ਨੇ ਸੰਨ 2008 ਦੌਰਾਨ, ਪਰਿਆਰ ਯੂਨੀਵਰਸਿਟੀ, ਤਾਮਿਲਨਾਡੂ ਤੋਂ, ਫਿਜ਼ਿਕਸ ਵਿਸ਼ੇ ਵਿਚ ਮਾਸਟਰ ਆਫ਼ ਫਿਲਾਸਫੀ ਦੀ ਡਿਗਰੀ ਪ੍ਰਾਪਤ ਕੀਤੀ। ਹੁਣ ਤਕ ਮੇਰੇ ਲਗਭਗ 10 ਸਹਿ-ਖੋਜੀ, ਮੇਰੀ ਰਹਿਨੁਮਾਈ ਹੇਠ ਜਰਮਨੀ, ਇੰਗਲੈਂਡ, ਅਮਰੀਕਾ ਅਤੇ ਭਾਰਤ ਦੀਆਂ ਪ੍ਰਸਿੱਧ ਖੋਜ ਪੱਤ੍ਰਿਕਾਵਾਂ ਵਿਚ ਆਪਣੇ ਖੋਜ ਪੱਤਰ ਛੱਪਵਾ ਚੁੱਕੇ ਹਨ ਅਤੇ ਭਾਰਤ ਵਿਖੇ ਅਨੇਕ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕਾਨਫਰੰਸਾਂ ਵਿਚ ਆਪਣੇ ਖੋਜ ਨਤੀਜੇ ਸਫਲਤਾਪੂਰਣ ਪੇਸ਼ ਕਰ ਚੁੱਕੇ ਹਨ।ઠ
ਸੰਨ 2008 ਤੋਂ ਟੋਰਾਂਟੋ, ਕੈਨੇਡਾ ਵਿਖੇ ਸੈਕੰਡਰੀ ਅਤੇ ਡਿਗਰੀ ਪੱਧਰ ਉੱਤੇ ਅਧਿਆਪਨ ਕਾਰਜਾਂ ਵਿਚ ਕਾਰਜ਼ਸ਼ੀਲ ਹਾਂ। ਵਿੱਦਿਆ ਪ੍ਰਦਾਨ ਕਾਰਜਾਂ ਸੰਬੰਧਤ, ਸੰਨ 2013 ਵਿਚ ਮੈਂ ਕੈਂਬਰਿਜ ਲਰਨਿੰਗ ਸੰਸਥਾ ਦੀ ਸਥਾਪਨਾ ਕੀਤੀ। ਜਿਸ ਦੇ ਬਾਨੀ ਡਾਇਰੈਕਟਰ ਵਜੋਂ ਮੈਂ ਅੱਜ ਵੀ ਅਧਿਆਪਨ ਕਾਰਜਾਂ ਨਾਲ ਜੁੜਿਆ ਹੋਇਆ ਹਾਂ। ਸੰਨ 2008-2019 ਦੌਰਾਨ ਭਾਰਤ ਵਿਖੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਚਿਤਕਾਰਾ ਯੂਨੀਵਰਸਿਟੀ, ਰਾਜਪੁਰਾ ਵਿਖੇ ਵਿਸ਼ੇਸ਼ ਸੱਦੇ ਉੱਤੇ ਲੈਕਚਰ ਦੇਣ ਦਾ ਅਤੇ ਕੈਨੇਡਾ ਦੀਆਂ ਸੰਸਥਾਵਾਂ: ਸ਼ੈਰੇਡਨ ਕਾਲਜ, ਬਰੈਂਪਟਨ; ਯੂਨੀਵਰਸਿਟੀ ਆਫ਼ ਵਾਟਰਲੂ, ਵਾਟਰਲੂ; ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਮਾਂਟਰੀਅਲ ਅਤੇ ਪੰਜਾਬੀ ਹੈਰੀਟੇਜ਼ ਫਾਊਂਡੇਸ਼ਨ ਆਫ਼ ਕੈਨੇਡਾ, ਓਟਵਾ ਵਿਖੇ ਸਮੇਂ ਸਮੇਂ ਆਯੋਜਿਤ ਕੀਤੀਆਂ ਗਈਆਂ ਅਨੇਕ ਕਾਨਫਰੰਸਾਂ/ਸੈਮੀਨਾਰਾਂ ਵਿਚ ਭਾਗ ਲੈਣ ਦਾ ਮਾਣ ਵੀ ਹਾਸਿਲ ਹੋਇਆ ਹੈ।
ਮੀਨਾ ਸ਼ਰਮਾ : ਆਪ ਜੀ ਨੂੰ ਮਿਲੇ ਸਨਮਾਨਾਂ ਬਾਰੇ ਜਾਨਣ ਦੀ ਇਛੁੱਕ ਹਾਂ।
ਡਾ. ਸਿੰਘ: ਸਾਹਿਤਕ ਲੇਖਣ ਕਾਰਜਾਂ ਸੰਬੰਧੀ ਸੱਭ ਤੋਂ ਪਹਿਲਾ ਸਨਮਾਨ, ਮੇਰੀ ਬਾਲ ਸਾਹਿਤ ਪੁਸਤਕ ”ਸਤਰੰਗ” (ਵਿਗਿਆਨ ਕਹਾਣੀ ਸੰਗ੍ਰਹਿ) ਲਈ ਸੰਨ 1991 ਵਿਚ, ”ਸ਼੍ਰੋਮਣੀ ਬਾਲ ਸਾਹਿਤ ਪੁਸਤਕ ਪੁਰਸਕਾਰ” ਦੇ ਰੂਪ ਵਿਚ, ઠਭਾਸ਼ਾ ਵਿਭਾਗ ਪੰਜਾਬ, ਪਟਿਆਲਾ ਤੋਂ ਪ੍ਰਾਪਤ ਹੋਇਆ। ਸੰਨ 1994 ਵਿਚ, ਸਾਹਿਤ ਰੰਗ ਗਠਨ ਸੰਸਥਾ, ਚੰਡੀਗੜ੍ਹ ਨੇ ਮੇਰੀ ਕਿਤਾਬ ”ਸੀ. ਵੀ. ਰਮਨ – ਜੀਵਨ ਤੇ ਸਮਾਂ” (ਜੀਵਨੀ) ਲਈ ਮੈਨੂੰ ”ਹੈਨੀਬਲ ਸਾਹਿਤ ਰਤਨ ਪੁਰਸਕਾਰ” ਪ੍ਰਦਾਨ ਕੀਤਾ। ਸੰਨ 1997 ਵਿਚ, ਮੇਰੀ ਪੁਸਤਕ ”ਰੋਬਟ, ਮਨੁੱਖ ਅਤੇ ਕੁਦਰਤ” (ਵਿਗਿਆਨ ਕਹਾਣੀ ਸੰਗ੍ਰਹਿ) ਲਈ ਮੈਨੂੰ ਦੂਸਰੀ ਵਾਰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਲੋਂ, ”ਸ਼੍ਰੋਮਣੀ ਬਾਲ ਸਾਹਿਤ ਪੁਸਤਕ ਪੁਰਸਕਾਰ” ਪ੍ਰਦਾਨ ਕੀਤਾ ਗਿਆ। ਸੰਨ 2000 ਵਿਚ ਮੈਨੂੰ ਮੇਰੀ ਕਿਤਾਬ ”ਵਿਗਿਆਨ – ਪ੍ਰਾਪਤੀਆਂ ਤੇ ਮਸਲੇ” (ਨਿਬੰਧ ਸੰਗ੍ਰਹਿ) ਲਈ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਲੋਂ ”ਡਾ. ਐਮ. ਐਸ. ਰੰਧਾਵਾ (ਗਿਆਨ ਸਾਹਿਤ) ਪੁਰਸਕਾਰ” ਨਾਲ ਨਿਵਾਜਿਆ ਗਿਆ ਹੈ। ਸੰਨ 2001 ਵਿਚ ਪੰਜਾਬੀ ਸੱਥ, ਲਾਂਬੜਾ, ਜਲੰਧਰ ਵਲੋਂ ਮੈਨੂੰ, ਸਾਹਿਤ ਲੇਖਣ ਕਾਰਜਾਂ ਲਈ ”ਪ੍ਰਿੰਸੀਪਲ ਤ੍ਰਿਲੋਚਨ ਸਿੰਘ ਭਾਟੀਆ (ਬਾਲ ਸਾਹਿਤ ਤੇ ਗਿਆਨ ਵਿਗਿਆਨ) ਪੁਰਸਕਾਰ” ਦੇ ਕੇ ਸਨਮਾਨਿਤ ਕੀਤਾ ਗਿਆ। ਸੰਨ 2003 ਵਿਚ, ਦਿੱਲੀ ਵਿਖੇ ਆਯੋਜਿਤ ਕੀਤੇ ਗਏ ਰਾਸ਼ਟਰੀ ਸੈਮੀਨਾਰ ਦੌਰਾਨ, ਭਾਰਤੀ ਵਿਗਿਆਨ ਲੇਖਕ ਸਭਾ, ਨਵੀਂ ਦਿੱਲੀ ਨੇ ਮੈਨੂੰ ਵਿਗਿਆਨ ਸੰਚਾਰ ਖੇਤਰ ਵਿਚ ਲੰਮੇ ਸਮੇਂ ਦੇ ਵਿਲੱਖਣ ਯੋਗਦਾਨ ਲਈ ”ਇਸਵਾ ਸਨਮਾਨ” ਪ੍ਰਦਾਨ ਕੀਤਾ। ਸੰਨ 2010 ਵਿਚ ਪੀਸ ਆਨ ਅਰਥ ਸੰਸਥਾ, ਕੈਨੇਡਾ ਨੇ ਮੈਨੂੰ ”ਲਾਈਫ਼ ਟਾਈਮ ਅਚੀਵਮੈਂਟ ਅਵਾਰਡ” ਦੇ ਕੇ ਸਨਮਾਨਿਤ ਕੀਤਾ। ਸੰਨ 2011 ਵਿਚ ਕੈਨੇਡਾ ਦੀਆਂ ਸੰਸਥਾਵਾਂ ”ਅੱਜ ਦੀ ਆਵਾਜ” (ਰੇਡੀਓ) ਅਤੇ ”ਡੇਲੀ ਪੰਜਾਬੀ” (ਅਖਬਾਰ), ਨੇ ਵਿਗਿਆਨ ਸਾਹਿਤ ਰਚਨਾ ਤੇ ਸੰਚਾਰ ਕਾਰਜਾਂ ਲਈ ਮੈਨੂੰ ”ਉੱਤਮ ਲੇਖਕ ਅਵਾਰਡ” ਪ੍ਰਦਾਨ ਕੀਤਾ ਹੈ। ਉਪਰੋਕਤ ਤੋਂ ਇਲਾਵਾ ਅਨੇਕ ਸਾਹਿਤਕ, ਸਰਕਾਰੀ, ਗੈਰ-ਸਰਕਾਰੀ ਤੇ ਸਵੈ-ਸੇਵੀ ਸੰਸਥਾਵਾਂ ਜਿਵੇਂ ਕਿ ਭਾਰਤ ਵਿਕਾਸ ਪ੍ਰੀਸ਼ਦ, ਨੰਗਲ; ਪੰਜਾਬੀ ਰੰਗ-ਮੰਚ ਨੰਗਲ, ਜ਼ਿਲਾ ਲਿਖਾਰੀ ਸਭਾ ਰੋਪੜ, ਸੈਣੀ ਭਵਨ, ਰੋਪੜ; ਹੁਸ਼ਿਆਰਪੁਰ ਤੇ ਰੋਪੜ ਜ਼ਿਲ੍ਹੇ ਦੇ ਕਈ ਸਕੂਲਾਂ ਆਦਿ ਨੇ ਵੀ ਸਮੇਂ ਸਮੇਂ ਮਾਣ-ਸਨਮਾਨ ਬਖਸ਼ਿਆ ਹੈ।
(ਚੱਲਦਾ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਟਰੱਕ ਵਰਲਡ 2024 ‘ਚ ਜ਼ੀਰੋ ਐਮੀਸ਼ਨ ਨੂੰ ਕੀਤਾ ਉਤਸ਼ਾਹਿਤ

ਡਰਾਈਵਰਾਂ ਅਤੇ ਓਨਰ ਅਪਰੇਟਰਾਂ ਤੋਂ ਲੈ ਕੇ ਫਲੀਟ ਓਨਰਸ ਅਤੇ ਓਈਐਮ ਤੱਕ, ਪਰਵਾਸੀ ਸਹਾਇਤਾ ਫਾਊਂਡੇਸ਼ਨ …