27.2 C
Toronto
Sunday, October 5, 2025
spot_img
Homeਰੈਗੂਲਰ ਕਾਲਮਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਸਿੱਧੇ ਰੂਪ ਵਿਚ ਭਾਰਤੀ ਸੈਨਿਕਾਂ...

ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਸਿੱਧੇ ਰੂਪ ਵਿਚ ਭਾਰਤੀ ਸੈਨਿਕਾਂ ਦਾ ਕੀਤਾ ਹੈ ਅਪਮਾਨ !

ਦੀਪਕ ਸ਼ਰਮਾ ਚਨਾਰਥਲ
ਆਰ ਐਸ ਐਸ ਮੁਖੀ ਮੋਹਨ ਭਾਗਵਤ ਬਿਆਨ ਜਾਰੀ ਕਰਦੇ ਹਨ ਕਿ ਜਿਹੜੇ ਭਾਰਤੀ ਸੈਨਿਕਾਂ ਨੂੰ ਟ੍ਰੇਨਿੰਗ ਦੌਰਾਨ 6 ਤੋਂ 7 ਮਹੀਨੇ ਲਗਾ ਕੇ ਬਾਰਡਰ ‘ਤੇ ਤਾਇਨਾਤ ਕਰਨ ਯੋਗ ਬਣਾਇਆ ਜਾਂਦਾ ਹੈ ਉਹ ਕੰਮ ਆਰ ਐਸ ਐਸ ਦੇ ਵਰਕਰ ਤਿੰਨ ਦਿਨਾਂ ਵਿਚ ਹੀ ਕਰ ਸਕਦੇ ਹਨ। ਇਸ ਤੋਂ ਸਾਫ਼ ਹੈ ਕਿ ਮੋਹਨ ਭਾਗਵਤ ਆਪਣੇ ਸ਼ਬਦੀ ਜਾਲ਼ ਵਿਚ ਕਿਤੇ ਨਾ ਕਿਤੇ ਇਹੋ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਰਤੀ ਜਵਾਨਾਂ ‘ਤੇ ਸਮਾਂ ਅਤੇ ਪੈਸਾ ਬਰਬਾਦ ਕਰਨ ਦੀ ਲੋੜ ਨਹੀਂ, ਕਿਉਂਕਿ ਉਨ੍ਹਾਂ ਨਾਲੋਂ ਜ਼ਿਆਦਾ ਯੋਗ, ਜ਼ਿਆਦਾ ਕਾਬਲ ਤੇ ਜ਼ਿਆਦਾ ਦੇਸ਼ ਭਗਤ ਆਰ ਐਸ ਐਸ ਦੇ ਵਰਕਰ ਹੀ ਹਨ। ਚਲੋ ਆਪਾਂ ਆਰ ਐਸ ਐਸ ਮੁਖੀ ਦੀ ਗੱਲ ਮੰਨ ਹੀ ਲੈਂਦੇ ਹਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਪਾਕਿਸਤਾਨ ਦੀਆਂ ਸਰਹੱਦਾਂ ‘ਤੇ ਤਾਇਨਾਤ ਭਾਰਤੀ ਜਵਾਨਾਂ ਨੂੰ ਵਾਪਸ ਬੁਲਾ ਲਿਆ ਜਾਵੇ। ਚੀਨ ਦੀਆਂ ਸਰਹੱਦਾਂ ‘ਤੇ ਤਾਇਨਾਤ ਕੀਤੇ ਗਏ ਭਾਰਤੀ ਫੌਜ ਦੇ ਜਵਾਨ ਵੀ ਵਾਪਸ ਬੁਲਾ ਲਏ ਜਾਣ ਤੇ ਉਨ੍ਹਾਂ ਦੀ ਥਾਂ ‘ਤੇ ਛੇਤੀ ਤੋਂ ਛੇਤੀ ਆਰ ਐਸ ਐਸ ਦੇ ਵਰਕਰ ਤਾਇਨਾਤ ਕਰ ਦਿੱਤੇ ਜਾਣ। ਫਿਰ ਦੇਸ਼ ਜ਼ਿਆਦਾ ਸੁਰੱਖਿਅਤ ਅਤੇ ਮਹਿਫੂਜ਼ ਹੋ ਜਾਵੇਗਾ। ਆਏ ਦਿਨ ਜੰਮੂ-ਕਸ਼ਮੀਰ ਵਿਚ ਹੋਣ ਵਾਲੇ ਅੱਤਵਾਦੀ ਹਮਲੇ ਤੇ ਸਰਹੱਦ ਪਾਰ ਤੋਂ ਹੋਣ ਵਾਲੀ ਘੁਸਪੈਠ ਦੀ ਰੋਕਥਾਮ ਲਈ ਵੀ ਆਰ ਐਸ ਐਸ ਵਰਕਰ ਹੀ ਕਾਬਲ ਹਨ ਤਾਂ ਜਿੰਨੀ ਛੇਤੀ ਹੋ ਸਕੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਸਭ ਨੂੰ ਜੰਮੂ-ਕਸ਼ਮੀਰ ਵੱਲ ਨੂੰ ਛੇਤੀ ਘੱਲ ਦਿੱਤਾ ਜਾਵੇ। ਬੇਨਤੀ ਤਾਂ ਇਹ ਵੀ ਹੈ ਕਿ ਸਰਕਾਰ ਆਪਣਾ ਖਰਚਾ ਘਟਾਵੇ ਤੇ ਫੌਜ ਦੇ ਜਵਾਨਾਂ ਨੂੰ ਟਰੇਂਡ ਕਰਨ ਲਈ ਮੋਹਨ ਭਾਗਵਤ ਜੀ ਨੂੰ ਨਿਯੁਕਤ ਕਰ ਲਵੇ। ਜਿਹੜੇ ਸੂਬਿਆਂ ਵਿਚ ਅਮਨ-ਕਾਨੂੰਨ ਨਹੀਂ ਹੈ, ਜਿੱਥੇ ਅੱਤਵਾਦ, ਨਕਸਲੀ ਹਮਲੇ ਹੋ ਰਹੇ ਹਨ, ਪੰਜਾਬ ਵਰਗੇ ਜਿਹੜੇ ਸੂਬਿਆਂ ਵਿਚ ਗੈਂਗਸਟਰ ਕਾਬੂ ਨਹੀਂ ਹੋ ਰਹੇ, ਜਿੱਥੇ ਸਰਕਾਰ ਵਿਰੋਧੀ ਅੰਦੋਲਨ ਕੰਟਰੋਲ ‘ਚ ਨਹੀਂ ਆ ਰਹੇ, ਉਨ੍ਹਾਂ ਸਭ ਸੂਬਿਆਂ ਵਿਚ ਵੀ ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦੇ ਕੇ ਆਰ ਐਸ ਐਸ ਦੇ ਵਰਕਰਾਂ ਨੂੰ ਹੀ ਤਾਇਨਾਤ ਕਰ ਦੇਣਾ ਚਾਹੀਦਾ ਹੈ। ਆਰ ਐਸ ਐਸ ਮੁਖੀ ਦਾ ਵਿਵਾਦਤ ਬਿਆਨ ਸਿੱਧੇ ਰੂਪ ਵਿਚ ਭਾਰਤੀ ਫੌਜੀ ਜਵਾਨਾਂ ਦਾ ਅਪਮਾਨ ਕਰਨ ਵਰਗਾ ਹੀ ਹੈ। ਇੰਤਜ਼ਾਰ ਰਹੇਗਾ ਕਿ ਉਹ ਕਿੰਨੀ ਛੇਤੀ ਆਪਣੀ ਇਸ ਗਲਤੀ ਲਈ ਮੁਆਫ਼ੀ ਮੰਗਦੇ ਹਨ ਤੇ ਕੀ ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ ਤੱਕ ਕੇਂਦਰ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਨੂੰ ਅਜਿਹੇ ਗਲਤ ਬਿਆਨ ‘ਤੇ ਤਾੜਨਾ ਕਰਨ ਦੀ ਹਿੰਮਤ ਕਰ ਸਕੇਗਾ, ਇੰਤਜ਼ਾਰ ਹੀ ਕਰਨਾ, ਅਜਿਹਾ ਹੋਣਾ
ਸੰਭਵ ਨਹੀਂ ਜਾਪਦਾ।

RELATED ARTICLES
POPULAR POSTS