ਟੋਰਾਂਟੋ/ਹਰਜੀਤ ਸਿੰਘ ਬਾਜਵਾ
ਪਿਛਲੇ ਦਿਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਅਮਰੀਕਾ ਫੇਰੀ ‘ਤੇ ਵਾਸ਼ਿੰਗਟਨ ਗਏ ਪੰਜਾਬੀ ਭਾਈਚਾਰੇ ਦੀ ਨਾਮਵਰ ਸ਼ਖ਼ਸ਼ੀਅਤ, ਰੇਡੀਓ, ਟੈਲੀਵਿਜ਼ਨ ਅਤੇ ਅਖ਼ਬਾਰਾਂ ਦੇ ਪ੍ਰਸਿੱਧ ਪੱਤਰਕਾਰ ਸਤਪਾਲ ਸਿੰਘ ਜੌਹਲ ਦੀ ਚੁਫੇਰਿਓਂ ਪ੍ਰਸੰਸਾ ਹੋ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੁਲਾਕਾਤ ਦੀ ਰਿਪੋਰਟਿੰਗ ਕਰਨ ਵਾਈਟ ਹਾਊਸ ਜਾਣ ਬਾਅਦ ਟੋਰਾਂਟੋ ਪਰਤੇ ਸਤਪਾਲ ਸਿੰਘ ਜੌਹਲ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਉਹਨਾਂ ਨੂੰ ਇਹ ਵੱਖਰੀ ਕਿਸਮ ਦਾ ਅਨੁਭਵ ਹੋਇਆ ਅਤੇ ਬੇਹੱਦ ਖੁਸ਼ੀ ਵੀ ਹੈ।
ਵਰਨਣਯੋਗ ਹੈ ਕਿ ਸਤਪਾਲ ਸਿੰਘ ਜੌਹਲ ਪਹਿਲੇ ਅਜਿਹੇ ਪੰਜਾਬੀ ਪੱਤਰਕਾਰ ਹਨ ਜਿਹਨਾਂ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਸਰਕਾਰੀ ਫੇਰੀ ਮੌਕੇ ਉਨ੍ਹਾਂ ਨਾਲ ਵਾਈਟ ਹਾਊਸ ਜਾਣ ਦਾ ਮਾਣ ਮਿਲਿਆ ਹੈ। ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪੰਜਾਬੀ ਪੱਤਰਕਾਰ ਨੂੰ ਇਹ ਮੌਕਾ ਮਿਲਿਆ ਹੋਵੇ। ਸਤਪਾਲ ਸਿੰਘ ਜੌਹਲ ਨੂੰ ਇਸ ਫੇਰੀ ਤੋਂ ਬਾਅਦ ਜਿੱਥੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚੋਂ ਸ਼ੁੱਭਚਿੰਤਕਾਂ ਦੇ ਵਧਾਈ ਸੰਦੇਸ਼ ਆ ਰਹੇ ਹਨ ਉੱਥੇ ਬਰੈਂਪਟਨ ‘ਚ ਉੱਘੇ ਸੰਗੀਤਕਾਰ ਅਤੇ ਲੇਖਕ ਰਾਜਿੰਦਰ ਸਿੰਘ ਰਾਜ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਇਹ ਸਮੁੱਚੇ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਉੱਘੇ ਸਿੱਖ ਵਿਦਵਾਨ ਅਤੇ ਲੇਖਕ ਪੂਰਨ ਸਿੰਘ ਪਾਂਧੀ ਨੇ ਆਖਿਆ ਕਿ ਸਤਪਾਲ ਸਿੰਘ ਜੌਹਲ ਇਸ ਵਡਿਆਈ ਦੇ ਹੱਕਦਾਰ ਵੀ ਹਨ ਜਿਨ੍ਹਾਂ ਦੀ ਪਿਛਲੇ ਲੰਮੇ ਸਮੇਂ ਦੀ ਪੱਤਰਕਾਰੀ ਦੀ ਘਾਲਣਾਂ ਨੂੰ ਕਦੇ ਅਣਗੋਲਿਆਂ ਨਹੀ ਕੀਤਾ ਜਾ ਸਕਦਾ ਅਤੇ ਉਹ ਸੰਪੂਰਨ ਅਤੇ ਸਰਬ ਕਲਾ ਸਮਰੱਥ ਪੱਤਰਕਾਰ ਹਨ।
ਭਾਈਚਾਰਕ ਆਗੂ ਗੁਰਦੇਵ ਸਿੰਘ ਮਾਨ ਨੇ ਆਖਿਆ ਕਿ ਜੌਹਲ ਦੀ ਇਸ ਅਮਰੀਕਾ ਫੇਰੀ ਨੇ ਸਾਰੇ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਨਿਊ ਹੋਪ ਸੀਨੀਅਰ ਸਿਟੀਜ਼ਨਜ਼ ਕਲੱਬ ਦੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਨੇ ਆਖਿਆ ਕਿ ਸਤਪਾਲ ਸਿੰਘ ਜੌਹਲ ਸੁਲਝੇ ਹੋਏ ਪੱਤਰਕਾਰ ਹਨ ਜਿਨ੍ਹਾਂ ਨੂੰ ਅਜਿਹੇ ਮੌਕੇ ਬਾਰ-ਬਾਰ ਮਿਲਣੇ ਚਾਹੀਦੇ ਹਨ ਤਾਂ ਜੋ ਵੱਡੇ ਸਿਆਸੀ ਆਗੂਆਂ ਦੀਆਂ ਮੁਲਾਕਾਤਾਂ ਅਤੇ ਸਮਝੌਤਿਆਂ ਬਾਰੇ ਆਮ ਲੋਕਾਂ ਨੂੰ ਵੀ ਸਹੀ ਜਾਣਕਾਰੀ ਮਿਲ ਸਕੇ। ਟੋਰਾਂਟੋ ‘ਚ ਸਮੋਸਾ ਐਂਡ ਸਵੀਟਸ ਫੈਕਟਰੀ ਦੇ ਮਾਲਕ ਅਤੇ ਉਘੇ ਕਾਰੋਬਾਰੀ ਹਰਪਾਲ ਸਿੰਘ ਸੰਧੂ ਨੇ ਇਸ ਬਾਰੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਸਤਪਾਲ ਸਿੰਘ ਜੌਹਲ ਇੱਕ ਸੁਲਝਿਆ ਹੋਇਆ ਇਨਸਾਨ ਹੈ ਜਿਸਨੂੰ ਪੱਤਰਕਾਰੀ ਦੀਆਂ ਬਰੀਕੀਆਂ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਬਾਰੇ ਪੂਰਾ ਗਿਆਨ ਹੈ। ਉਘੇ ਲੇਖਕ ਬਲਬੀਰ ਸਿੰਘ ਮੋਮੀ ਨੇ ਆਖਿਆ ਕਿ ਸਤਪਾਲ ਸਿੰਘ ਜੌਹਲ ਤੋਂ ਸੇਧ ਲੈ ਕੇ ਨੌਜਵਾਨ ਪੀੜ੍ਹੀ ਨੂੰ ਵੀ ਅੱਗੇ ਆ ਕੇ ਭਾਈਚਾਰੇ ਦਾ ਨਾਮ ਉੱਚਾ ਕਰਨਾ ਚਾਹੀਦਾ ਹੈ। ਇਸ ਬਾਰੇ ਭਾਈਚਾਰਕ ਆਗੂ ਨਸੀਬ ਸਿੰਘ ਸੰਧੂਆਂ ਵਾਲਾ ਅਤੇ ਦਲਜੀਤ ਸਿੰਘ ਮੋਗਾ ਨੇ ਸਤਪਾਲ ਸਿੰਘ ਜੌਹਲ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜੌਹਲ ਇੱਕ ਸੁਲ਼ਝੇ ਹੋਏ ਪੱਤਰਕਾਰ ਤਾਂ ਹੈ ਹੀ ਅਤੇ ਨਾਲ ਗਿਆਨਵਾਨ ਵੀ ਹਨ। ਸਤਵੰਤ ਸਿੰਘ ਬੋਪਾਰਾਏ ਨੇ ਆਖਿਆ ਕਿ ਪਿਛਲੇ ਲੰਮੇ ਸਮੇਂ ਤੋਂ ਜੌਹਲ ਨਾਲ ਮੇਲ-ਜੋਲ ਕਾਰਨ ਉਹਨਾਂ ਨੂੰ ਨੇੜਿਓ ਜਾਨਣ ਦਾ ਮੌਕਾ ਮਿਲਿਆ ਉਹ ਹਰੇਕ ਨੂੰ ਪ੍ਰਭਾਵਿਤ ਕਰਨ ਵਾਲੇ ਇਨਸਾਨ ਹਨ।
ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਤਪਾਲ ਸਿੰਘ ਜੌਹਲ ਦੀ ਇਸ ਉਪਲੱਬਧੀ ਤੋਂ ਭਾਈਚਾਰੇ ਵਿੱਚ ਇਸ ਮੌਕੇ ਤੇ ਹਰੇਕ ਮਨ ਨੇ ਚੰਗਾ ਮਹਿਸੂਸ ਕੀਤਾ ਹੈ। ਵਾਸ਼ਿੰਗਟਨ ‘ਚ ਮੌਕਾ ਮਿਲ਼ਦੇ ਸਾਰ ਸਤਪਾਲ ਸਿੰਘ ਜੌਹਲ ਨੇ ਪ੍ਰਧਾਨ ਮੰਤਰੀ ਟਰੂਡੋ ਦੇ ਧਿਆਨ ਵਿੱਚ ਲੰਘੀ 16 ਜੂਨ ਨੂੰ ਕਿਊਬਕ ਦੀ ਅਸੰਬਲੀ ‘ਚ ਪਾਸ ਕੀਤੇ ਗਏ ਬਿੱਲ-21 ਦਾ ਮਸਲਾ ਲਿਆਂਦਾ ਜਿਸ ਬਾਰੇ ਸਿੱਖ ਭਾਈਚਾਰੇ ਅਤੇ ਹੋਰ ਘੱਟ ਗਿਣਤੀਆਂ ਵਿੱਚ ਚਿੰਤਾ ਹੈ। ਜੌਹਲ ਦੇ ਸਵਾਲ ਦਾ ਜਵਾਬ ਦਿੰਦਿਆਂ ਟਰੂਡੋ ਨੇ ਕਿਹਾ ਕਿ ਕੈਨੇਡਾ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …