-7.8 C
Toronto
Tuesday, December 30, 2025
spot_img
Homeਕੈਨੇਡਾਸਿੱਖ ਸਪੋਰਟਸ ਕਲੱਬ 'ਸਿੱਕ ਕਿੱਡਜ਼ ਹਸਪਤਾਲ' ਦੀ ਸਹਾਇਤਾ ਲਈ ਨਿੱਤਰਿਆ

ਸਿੱਖ ਸਪੋਰਟਸ ਕਲੱਬ ‘ਸਿੱਕ ਕਿੱਡਜ਼ ਹਸਪਤਾਲ’ ਦੀ ਸਹਾਇਤਾ ਲਈ ਨਿੱਤਰਿਆ

ਸਿੱਖ ਸਪੋਰਟਸ ਕਲੱਬ ਦੇ ਬੱਚਿਆਂ ਨੇ 20,000 ਡਾਲਰ ਦੀ ਸਹਾਇਤਾ ਰਾਸ਼ੀ ਵਾਲਾ ਚੈਕ ਕੀਤਾ ਭੇਟ
ਮਾਲਟਨ/ਡਾ.ਝੰਡ : ਲੰਘੇ ਐਤਵਾਰ 30 ਜੁਲਾਈ ਨੂੰ ‘ਸਿੱਖ ਸਪੋਰਟਸ ਕਲੱਬ’ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਪਿਛਲੇ ਹਫ਼ਤੇ 23 ਜੁਲਾਈ ਨੂੰ ਕਰਵਾਈ ਗਈ ‘ਵਾਕ’ ਦੌਰਾਨ ਇਕੱਤਰ ਹੋਏ 20,000 ਡਾਲਰ ਰਕਮ ਦਾ ਚੈੱਕ ‘ਸਿੱਕ ਕਿੱਡਜ਼’ ਹਸਪਤਾਲ ਦੇ ਅਧਿਕਾਰੀਆਂ ਨੂੰ ਭੇਂਟ ਕੀਤਾ ਗਿਆ। ਭਰਵੇਂ ਇਕੱਠ ਵਿਚ ‘ਵਾਕ’ ਦੌਰਾਨ ਇਕੱਤਰ ਹੋਈ 20,000 ਡਾਲਰ ਦੀ ਇਸ ਰਕਮ ਦਾ ਚੈੱਕ ‘ਸਿੱਖ ਸਪੋਰਟਸ ਕਲੱਬ’ ਦੇ ਮੈਂਬਰ ਬੱਚਿਆਂ ਵੱਲੋਂ ‘ਸਿੱਕ ਕਿੱਡਜ਼’ ਹਸਪਤਾਲ ਦੇ ਅਧਿਕਾਰੀਆਂ ਨੂੰ ਭੇਂਟ ਕੀਤਾ ਗਿਆ।
ਇਸ ਮੌਕੇ ਓਕਵਿਲ ਤੋਂ ਉਚੇਚੇ ਤੌਰ ‘ਤੇ ਆਏ ‘ਸਿੱਖ ਸਪੋਰਟਸ ਕਲੱਬ’ ਦੇ ਸਹਿਯੋਗੀ ਸੁਖਵਿੰਦਰ ਸਿੰਘ ਸੰਧੂ ਨੇ ਕਲੱਬ ਦੀਆਂ ਸਰਗ਼ਰਮੀਆਂ ਦੀ ਸ਼ਲਾਘਾ ਕਰਦਿਆਂ ਹੋਇਆਂ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਖੇਡਾਂ ਵਿਚ ਭਾਗ ਲੈਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਅੰਗਰੇਜ਼ੀ ਦੀ ਮਹਾਨ ਕਹਾਵਤ ‘ਚਾਈਲਡ ਇਜ਼ ਦ ਫ਼ਾਦਰ ਆਫ਼ ਮੈਨ’ ਦਾ ਹਵਾਲਾ ਦਿੰਦਿਆਂ ਬੱਚਿਆਂ ਨੂੰ ਖੇਡਾਂ ਸਮੇਤ ਜ਼ਿੰਦਗੀ ਦੇ ਹਰੇਕ ਫ਼ੀਲਡ ਵਿਚ ਅੱਗੇ ਆਉਣ ਲਈ ਕਿਹਾ। ਬਰੈਂਪਟਨ ਈਸਟ ਤੋਂ ਪੀ.ਸੀ.ਪਾਰਟੀ ਦੀ ਨੌਮੀਨੇਸ਼ਨ ਚੋਣ ਲੜ ਰਹੇ ਜਰਮਨਜੀਤ ਸਿੰਘ ਨੇ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮਾਲਟਨ ਗੁਰੂਘਰ ਦੇ ਸਹਿਯੋਗ ਨਾਲ ਪਿਛਲੇ ਹਫ਼ਤੇ ਆਯੋਜਿਤ ਕੀਤੇ ਗਏ ਸਫ਼ਲ ‘ਪੈਦਲ-ਮਾਰਚ’ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਖ਼ੂਬ ਹੱਲਾਸ਼ੇਰੀ ਦਿੱਤੀ। ਨੌਜੁਆਨ ਆਗੂ ਹਰਜੀਤ ਗਰੇਵਾਲ ਨੇ ਵੀ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਤੇ ਵਿਕਾਸ ਲਈ ਵੱਧ ਚੜ੍ਹ ਕੇ ਖੇਡਾਂ ਵਿਚ ਹਿੱਸਾ ਲੈਣ ਲਈ ਕਿਹਾ।
ਸਮਾਗ਼ਮ ਦੌਰਾਨ ‘ਸਿੱਕ ਕਿੱਡਜ਼’ ਹਸਪਤਾਲ ਤੋਂ ਆਈਆਂ ਦੋ ਮਹਿਲਾਵਾਂ ਫ਼ਰੀਨ ਅਤੇ ਬਰਿਆਨਾ ਨੇ ‘ਸਿੱਖ ਸਪੋਰਟਸ ਕਲੱਬ’ ਦੇ ਇਸ ਉੱਦਮ ਦੀ ਭਾਰੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਕਲੱਬ ਬੀਮਾਰ ਬੱਚਿਆਂ ਦੇ ਇਲਾਜ ਲਈ ਬੜਾ ਵਧੀਆ ਸਹਿਯੋਗ ਦੇ ਰਹੀ ਹੈ ਅਤੇ ਇੱਕ ਮਹਾਨ ਕਮਿਊਨਿਟੀ ਕਾਰਜ ਕਰ ਰਹੀ ਹੈ। ਉਨ੍ਹਾਂ ਮਾਲਟਨ ਗੁਰੂਘਰ ਦੇ ਪ੍ਰਬੰਧਕਾਂ ਦਾ ‘ਵਾਕ’ ਵਿਚ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਹਸਪਤਾਲ ਵੱਲੋਂ ਇੱਕ ਸ਼ਾਨਦਾਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਮਾਲਟਨ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥਣ ਵੀਰਪਾਲ ਕੌਰ ਨਾਗਰਾ ਨੂੰ ‘ਵਾਕ’ ਵਿਚਲੇ ਸ਼ਾਨਦਾਰ ਪੋਸਟਰ ਡਿਜ਼ਾਈਨ ਕਰਨ ਲਈ ਵਿਸ਼ੇਸ਼ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੰਖੇਪ ਸਮਾਗ਼ਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ‘ਸਿੱਕ ਕਿੱਡਜ਼’ ਹਸਪਤਾਲ ਨੂੰ 20,000 ਡਾਲਰ ਦਾ ਚੈੱਕ ਕਿਸੇ ਰਾਜਨੀਤਕ ਜਾਂ ਧਾਰਮਿਕ ਸ਼ਖ਼ਸੀਅਤ ਦੀ ਬਜਾਏ ਕਲੱਬ ਦੇ ਮੈਂਬਰ ਬੱਚਿਆਂ ਵੱਲੋਂ ਸਮੂਹਿਕ ਰੂਪ ਵਿਚ ਭੇਂਟ ਕੀਤਾ ਗਿਆ।  ਇਸ ਮੌਕੇ ਪੰਜਾਬੀ ਮੀਡੀਆ ਵੱਲੋਂ ‘ਕੈਨੇਡੀਅਨ ਪੰਜਾਬੀ ਪੋਸਟ’ ਦੇ ਸੰਪਾਦਕ ਜਗਦੀਸ਼ ਸਿੰਘ ਗਰੇਵਾਲ, ‘ਸਿੱਖ ਸਪੋਕਸਮੈਨ’ ਤੋਂ ਡਾ. ਸੁਖਦੇਵ ਸਿੰਘ ਝੰਡ, ‘ਪਰਵਾਸੀ’ ਮੀਡੀਆ ਤੋਂ ਰਜਿੰਦਰ ਸੈਣੀ ਸਮਾਗ਼ਮ ਨੂੰ ਕੱਵਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ। ‘ਹਮਦਰਦ ਟੀ.ਵੀ.’ ਦੀ ਕੈਮਰਾ ਟੀਮ ਵੱਲੋਂ ਮੂਵੀ ਕੈਮਰੇ ਨਾਲ ਸਮਾਗ਼ਮ ਦੀ ਕੱਵਰੇਜ ਕੀਤੀ ਗਈ, ਜਦ ਕਿ ਸਟਿੱਲ-ਫ਼ੋਟੋਗ੍ਰਾਫ਼ੀ ਰਾਜਪਾਲ ਸਿੰਘ ਹੋਠੀ (ਕਰਾਊਨ ਇੰਮੀਗਰੇਸ਼ਨ) ਵੱਲੋਂ ਕੀਤੀ ਗਈ। ਹੋਠੀ ਸਾਹਿਬ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਵੱਲੋਂ ਮਿਲ ਕੇ ਚਾਹ-ਪਾਣੀ, ਖਾਣ-ਪੀਣ ਅਤੇ ਬੱਚਿਆਂ ਲਈ ‘ਫ਼ਰੀਜ਼ੀਆਂ’ ਦਾ ਵਧੀਆ ਪ੍ਰਬੰਧ ਕੀਤਾ ਗਿਆ। ਅਖ਼ੀਰ ਵਿਚ ਮੰਚ-ਸੰਚਾਲਕ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਸੰਧੂ ਨੇ ਹਸਪਤਾਲ ਦੇ ਅਧਿਕਾਰੀਆਂ, ਮਾਲਟਨ ਗੁਰੂਘਰ ਦੇ ਪ੍ਰਬੰਧਕਾਂ, ਆਏ ਸਮੂਹ ਮਹਿਮਾਨਾਂ, ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਮੀਡੀਆ ਦਾ ਇਸ ਸਮਾਗ਼ਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਇਸ ਸਮੁੱਚੇ ਸੁਯੋਗ ਪ੍ਰਬੰਧ ਲਈ ਨਿਰਮਲ ਸਿੰਘ ਸੰਧੂ (ਪ੍ਰਧਾਨ), ਪਰਮਜੀਤ ਸਿੰਘ ਮਾਂਗਟ (ਮੀਤ-ਪ੍ਰਧਾਨ), ਪੀਟਰ ਮਾਹਲ (ਸਕੱਤਰ), ਹਰਜਿੰਦਰ ਸਿੰਘ ਅਟਵਾਲ (ਖ਼ਜ਼ਾਨਚੀ) ਅਤੇ ਉਨ੍ਹਾਂ ਦੇ ਸਮੂਹ ਸਾਥੀ ਵਧਾਈ ਦੇ ਹੱਕਦਾਰ ਹਨ।

RELATED ARTICLES
POPULAR POSTS