Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦਾ ਨਵੰਬਰ ਸਮਾਗਮ ‘ਪੰਜਾਬੀ ਕਵਿਤਾ’ ਦੇ ਨਾਮ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦਾ ਨਵੰਬਰ ਸਮਾਗਮ ‘ਪੰਜਾਬੀ ਕਵਿਤਾ’ ਦੇ ਨਾਮ

ਸੁਖਮਿੰਦਰ ਰਾਮਪੁਰੀ ਤੇ ਡਾ. ਅਮਰਜੀਤ ਘੁੰਮਣ ਨਾਲ ਉਨ੍ਹਾਂ ਦੇ ਕਾਵਿ-ਸਫ਼ਰ ਬਾਰੇ ਕੀਤੀ ਗਈ ਚਰਚਾ ਤੇ ਕਵੀ-ਦਰਬਾਰ ਵੀ ਹੋਇਆ
ਡਾ. ਸੁਖਦੇਵ ਸਿੰਘ ਝੰਡ ਨੂੰ ਪਿਛਲੇ ਦੋ ਸਾਲ ਕੋਆਰਡੀਨੇਟਰ ਵਜੋਂ ਨਿਭਾਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ
ਬਰੈਂਪਟਨ/ਡਾ. ਝੰਡ
ਲੰਘੇ ਐਤਵਾਰ 18 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਸਥਾਨਕ ਐੱਫ਼.ਬੀ.ਆਈ. ਸਕੂਲ ਵਿਚ ਕਰਵਾਏ ਗਏ ਮਾਸਿਕ ਸਮਾਗ਼ਮ ਵਿਚ ਉੱਘੇ ਕਵੀ ਸੁਖਮਿੰਦਰ ਰਾਮਪੁਰੀ ਅਤੇ ਪੰਜਾਬ ਤੋਂ ਆਈ ਕਵਿੱਤਰੀ ਡਾ. ਅਮਰਜੀਤ ਘੁੰਮਣ ਨਾਲ ਉਨ੍ਹਾਂ ਦੀਆਂ ਕਵਿਤਾਵਾਂ ਤੇ ਗੀਤਾਂ ਦੀ ਲਿਖਣ-ਪ੍ਰਕਿਰਿਆ ਬਾਰੇ ਵਿਸਤ੍ਰਿਤ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੇ ਇਸ ਮੌਕੇ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਮੰਚ ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਦੇ ਨਾਲ ਸਭਾ ਦੇ ਮੋਢੀ ਮੈਂਬਰ ਜੋਗਿੰਦਰ ਸਿੰਘ ਅਣਖੀਲਾ ਅਤੇ ਕਵਿੱਤਰੀ ਸੁਰਜੀਤ ਕੌਰ ਵੀ ਸ਼ਾਮਲ ਸਨ। ਸੁਖਮਿੰਦਰ ਰਾਮਪੁਰੀ ਬਾਰੇ ਮੁੱਢਲੀ ਜਾਣਕਾਰੀ ਮਲੂਕ ਸਿੰਘ ਕਾਹਲੋਂ ਵੱਲੋਂ ਦਿੱਤੀ ਗਈ ਅਤੇ ਕੁਲਜੀਤ ਮਾਨ ਵੱਲੋਂ ਇਸ ਵਿਚ ਹੋਰ ਵਾਧਾ ਕੀਤਾ ਗਿਆ, ਜਦ ਕਿ ਡਾ. ਅਮਰਜੀਤ ਘੁੰਮਣ ਬਾਰੇ ਇਹ ਜਾਣਕਾਰੀ ਸ਼ਮੀਲ ਜਸਵੀਰ ਵੱਲੋਂ ਸਾਂਝੀ ਕੀਤੀ ਗਈ।
ਸਭਾ ਦੇ ਚੇਅਰ ਪਰਸਨ ਕਰਨ ਅਜਾਇਬ ਸੰਘਾ ਵੱਲੋਂ ਆਏ ਮਹਿਮਾਨਾਂ ਅਤੇ ਸਭਾ ਦੇ ਮੈਂਬਰਾਂ ਨੂੰ ‘ਜੀ-ਆਇਆਂ’ ਕਹਿਣ ਉਪਰੰਤ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਸੱਭ ਤੋਂ ਪਹਿਲਾਂ ਸੁਖਮਿੰਦਰ ਰਾਮਪੁਰੀ ਨੂੰ ਆਪਣੀ ਰਚਣ-ਪ੍ਰਕਿਰਿਆ ਬਾਰੇ ਗੱਲ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਉਹ 19 ਸਾਲ ਦੀ ਉਮਰ ਵਿਚ ਅਪ੍ਰੈਲ 1956 ਵਿਚ ਰਾਮਪੁਰ ਪੰਜਾਬੀ ਸਾਹਿਤ ਸਭਾ ਨਾਲ ਜੁੜ ਗਏ ਅਤੇ ਉੱਥੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆ। ਜੁਲਾਈ 1957 ਵਿਚ ਉਨ੍ਹਾਂ ਦੀ ਪਹਿਲੀ ਕਵਿਤਾ ਇਕ ਰਸਾਲੇ ਵਿਚ ਛਪੀ। ਉਨ੍ਹਾਂ ਕਿਹਾ ਕਿ ਕਵੀ ਦੀਆਂ ਕਵਿਤਾਵਾਂ ਜਾਂ ਗੀਤ ਮਨੁੱਖ ਦੀ ਚੇਤਨਾ ਅਤੇ ਸਮਾਜਿਕ ਸਮੱਸਿਆਵਾਂ ਨਾਲ ਜੁੜੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਲਿਖਣ ਤੇ ਗਾਉਣ ਲਈ ਬੜੇ ਅਭਿਆਸ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਸੰਪਾਦਿਤ ਪੁਸਤਕ ‘ਕੂੜ ਨਿਖੁੱਟੇ’ ਵੀਅਤਨਾਮ ਦੀ ਜੰਗ ਬਾਰੇ ਅਕਤੂਬਰ 1966 ਵਿਚ ਛਪੀ ਜਿਸ ਵਿਚ ਸਿਰਮੌਰ ਕਵਿੱਤਰੀ ਅੰਮ੍ਰਿਤਾ ਸਮੇਤ 73 ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਸਨ। ਉਸ ਤੋਂ ਬਾਅਦ ਕਵਿਤਾਵਾਂ ਦੀਆਂ ਦੋ ਹੋਰ ਸੰਪਾਦਿਤ ਪੁਸਤਕਾਂ ‘ਚਿੰਤਨ ਦੇਹੀ’ ਅਤੇ ‘ਕਤਰਾ ਕਤਰਾ ਸੋਚ’ 1978 ਵਿਚ ਆਈਆਂ। ਉਨ੍ਹਾਂ ਦੀਆਂ ਕਵਿਤਾਵਾਂ ਤੇ ਗੀਤਾਂ ਦੀ ਪਹਿਲੀ ਮੌਲਿਕ ਪੁਸਤਕ ‘ਜੁੱਗਾਂ ਹੁੱਗਾਂ ਦੀ ਪੀੜ’ 1982 ਵਿਚ ਆਈ ਅਤੇ 2018 ਵਿਚ ਪਿੱਛੇ ਜਿਹੇ ਛਪੀ ਲੰਮੀ ਕਵਿਤਾ ਦੀ ਪੁਸਤਕ ‘ਪੈਰੋਲ ‘ਤੇ ਆਈ ਕਵਿਤਾ’ ਦੇ ਨਾਲ ਵੱਖ-ਵੱਖ ਸਮੇਂ ਛਪੀਆਂ ਇਨ੍ਹਾਂ ਪੁਸਤਕਾਂ ਦੀ ਗਿਣਤੀ ਇਕ ਦਰਜਨ ਤੋਂ ਵਧੀਕ ਹੋ ਗਈ ਹੈ। ਇਸ ਮੌਕੇ ਸੁਖਮਿੰਦਰ ਰਾਮਪੁਰੀ ਨੇ ਕਵਿਤਾ ‘ਰੋਟੀ ਦਾ ਸਫ਼ਰ’ ਅਤੇ ਗੀਤ ‘ਨਿੱਕੇ ਨਿੱਕੇ ਦੁੱਖ ਨੇ ਬੜੇ’ ਸਰੋਤਿਆਂ ਨਾਲ ਸਾਂਝੇ ਕੀਤੇ।
ਖਿਡਾਰੀ ਤੋਂ ਲੇਖਕ ਬਣੀ ਡਾ. ਅਮਰਜੀਤ ਘੁੰਮਣ ਨੇ ਆਪਣੇ ਬਚਪਨ ਦੇ ਖੇਡਣ ਦੇ ਸ਼ੌਕ ਤੋਂ ਲੈ ਕੇ ਸਕੂਲ ਤੇ ਕਾਲਜ ਸਮੇਂ ਵੱਖ-ਵੱਖ ਗੇਮਾਂ ਵਿਚ ਹਿੱਸਾ ਲੈਣ ਅਤੇ ਇਹ ਯੂਨੀਵਰਸਿਟੀ ਪੱਧਰ ਤੱਕ ਖੇਡਣ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇਸ ਦੇ ਨਾਲ ਹੀ ਉਨ੍ਹਾਂ ਨੂੰ ਕੁਦਰਤ ਨੂੰ ਮਾਨਣ ਦਾ ਵੀ ਬੜਾ ਸ਼ੌਕ ਸ਼ੌਕ ਸੀ ਜਿੱਥੋਂ ਉਨ੍ਹਾਂ ਦੇ ਮਨ ਅੰਦਰ ਕਵਿਤਾ ਨੇ ਜਨਮ ਲਿਆ। ਕਾਲਜ ਵਿਚ ਪੜ੍ਹਦਿਆਂ ਉਹ ਕੋਰਸ ਦੀਆਂ ਪੁਸਤਕਾਂ ਨਾਲੋਂ ਸਾਹਿਤ ਦੀਆਂ ਪੁਸਤਕਾਂ ਵਧੇਰੇ ਪੜ੍ਹਦੇ ਸਨ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੋਲਿਟੀਕਲ ਸਾਇੰਸ ਦੀ ਐੱਮ.ਏ. ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਦੀ ਐੱਮ.ਏ. ਅਤੇ ਪੀ.ਐੱਚ.ਡੀ. ਕੀਤੀ।
ਕਵਿਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੀ ਕਵਿਤਾ ਸਵੈ-ਮੁਖੀ ਹੈ ਅਤੇ ਇਸ ਵਿਚ ਮਨੁੱਖ ਦੇ ਅੰਦਰੂਨੀ ਜਜ਼ਬਾਤ ਬਾਰੇ ਵਧੇਰੇ ਗੱਲ ਕੀਤੀ ਜਾ ਰਹੀ ਹੈ। ਔਰਤ ਲੇਖਕਾਂ ਵੱਲੋਂ ਜ਼ਿਆਦਾਤਰ ਸਮਾਜ ਵਿਚ ਬਰਾਬਰੀ ਦੇ ਅਹਿਸਾਸ ਬਾਰੇ ਲਿਖਿਆ ਜਾ ਰਿਹਾ ਹੈ। ਉਨ੍ਹਾਂ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ‘ਦੁਪਹਿਰ ਦਾ ਜਸ਼ਨ’ (1994), ‘ਕੁਸੰਭ’ (2000) ਅਤੇ ‘ਨਦੀ ਨੂੰ ਵਹਿਣਾ ਪਿਆ’ (2006) ਅਤੇ ‘ਬਿਰਤੀ’ 2013 ਵਿਚ ਛਪੀ ਹੈ ਜਿਹੜੀ ਕਿ ਦਿੱਲੀ ਯੂਨੀਵਰਸਿਟੀ ਦੀ ਐੱਮ.ਫ਼ਿਲ. ਵਿਚ ਟੈੱਕਸਟ-ਬੁੱਕ ਵਜੋਂ ਲੱਗੀ ਹੋਈ ਹੈ। ਉਨ੍ਹਾਂ ਨੇ ਵੀ ਅਪਣੀਆਂ ਤਿੰਨ ਪ੍ਰਤੀਨਿਧ ਕਵਿਤਾਵਾਂ ਸਾਂਝੀਆਂ ਕੀਤੀਆਂ। ਦੋਹਾਂ ਕਵੀਆਂ ਨਾਲ ਰਚਾਏ ਗਏ ਸੰਵਾਦ ਵਿਚ ਪ੍ਰੋ. ਜਗੀਰ ਸਿੰਘ ਕਾਹਲੋਂ, ਪ੍ਰਿੰਸੀਪਲ ਸੰਜੀਵ ਧਵਨ, ਡਾ. ਸੁਖਦੇਵ ਸਿੰਘ ਝੰਡ ਅਤੇ ਬਲਰਾਜ ਚੀਮਾ ਵੱਲੋਂ ਕਈ ਸੁਆਲ ਵੀ ਪੁੱਛੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਤਸੱਲੀ-ਪੂਰਵਕ ਦਿੱਤੇ ਗਏ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਪਰਮਜੀਤ ਢਿੱਲੋਂ ਵੱਲੋਂ ਕਵੀ-ਦਰਬਾਰ ਦਾ ਸੰਚਾਲਨ ਕੀਤਾ ਗਿਆ ਜਿਸ ਵਿਚ ਜਨਾਬ ਮਕਸੂਦ ਚੌਧਰੀ, ਪ੍ਰੋ. ਆਸ਼ਿਕ ਰਹੀਲ, ਇਕਬਾਲ ਬਰਾੜ, ਸੰਨੀ ਸ਼ਿਵਰਾਜ, ਭੁਪਿੰਦਰ ਦੁਲੇ, ਜੋਗਿੰਦਰ ਅਣਖੀਲਾ, ਸੁਰਜੀਤ ਕੌਰ, ਗੁਰਦੇਵ ਚੌਹਾਨ, ਤਲਵਿੰਦਰ ਮੰਡ, ਸੁਖਦੇਵ ਝੰਡ, ਜਗੀਰ ਸਿੰਘ ਕਾਹਲੋਂ, ਬਹਾਦਰ ਡਾਲਵੀ, ਕਰਮਜੀਤ ਕੌਰ, ਦਿਲਜੀਤ ਕੌਰ ਬਨਵੈਤ, ਅਵਤਾਰ ਸਿੰਘ ਅਰਸ਼ੀ ਅਤੇ ਨੌਜੁਆਨ ਕਵੀਆਂ ਚੈਟੀ ਕਾਲੀਆ ਤੇ ਸੰਦੀਪ ਚਾਹਲ ਨੇ ਆਪਣੀਆਂ ਕਵਿਤਾਵਾਂ ਤੇ ਗੀਤ ਸੁਣਾਏ ਅਤੇ ਡਾ. ਸੋਹਨ ਸਿੰਘ ਵੱਲੋਂ ਕਵਿਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਸਮਾਗ਼ਮ ਦੀ ਸਮੁੱਚੀ ਕਾਰਵਾਈ ਨੂੰ ਸਮੇਟਦਿਆਂ ਹੋਇਆਂ ਆਏ ਮਹਿਮਾਨਾਂ ਤੇ ਹਾਜ਼ਰੀਨ ਦਾ ਧੰਨਵਾਦ ਕਰਨ ਦੇ ਨਾਲ ਨਾਲ ਮਹਿਮਾਨ ਕਵੀਆਂ ਅਤੇ ਹੋਰ ਲੇਖਕਾਂ ਵੱਲੋਂ ”ਮੈਂ ਕਿਊਂ ਲਿਖਦਾ ਹਾਂ” ਬਾਰੇ ਵਧੇਰੇ ਜਾਣਕਾਰੀ ਦੇਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਭਾ ਦੇ ਅਗਲੇ ਪ੍ਰੋਗਰਾਮਾਂ ਵਿਚ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਸਭਾ ਦੇ ਸਮੂਹ ਮੈਂਬਰਾਂ ਵੱਲੋਂ ਪਿਛਲੇ ਦੋ ਸਾਲ ਲਈ ਸਭਾ ਦੇ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਉਣ ਲਈ ਡਾ. ਸੁਖਦੇਵ ਸਿੰਘ ਨੂੰ ਸ਼ਾਨਦਾਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਾਜ਼ਰੀਨ ਵਿਚ ਡਾ. ਅਮਰਜੀਤ ਸਿਘ ਬਨਵੈਤ, ਕੈਪਟਨ ਸਰਬਜੀਤ ਸਿੰਘ ਢਿੱਲੋਂ, ਜਸ਼ਨ ਸਿੰਘ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਬਲਦੇਵ ਦੂਹੜੇ, ਹਰਦਿਆਲ ਝੀਤਾ, ਦਿਲਬਾਗ ਸਿੰਘ ਭੰਵਰਾ, ਕਹਾਣੀਕਾਰਾ ਮਿੰਨੀ ਗਰੇਵਾਲ, ਸਰਬਜੀਤ ਕੌਰ ਕਾਹਲੋਂ, ਰਮਿੰਦਰ ਵਾਲੀਆ ਸਮੇਤ ਕਈ ਹੋਰ ਸ਼ਾਮਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …