ਪੀਜੀਆਈ ਚੰਡੀਗੜ੍ਹ ’ਚ ਲਿਆ ਆਖਰੀ ਸਾਹ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬੀ ਦੇ ਪ੍ਰਸਿੱਧ ਲੇਖਕ, ਕਹਾਣੀਕਾਰ ਤੇ ਨਾਵਲਕਾਰ ਦੇਸ ਰਾਜ ਕਾਲੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਪੀਜੀਆਈ ਵਿਚ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਸਬੰਧੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਵੱਲੋਂ ਦਿੱਤੀ ਗਈ। ਉਹ ਪੰਜਾਬੀ ਭਾਸ਼ਾ ਦੇ ਮਹਾਨ ਚਿੰਤਕ ਸਨ। ਉਨ੍ਹਾਂ ਨੇ ਪੰਜਾਬੀ ਦੇ ਅਖਬਾਰ ਨਵਾਂ ਜਮਾਨਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ 52 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਸਸਕਾਰ 29 ਅਗਸਤ ਮੰਗਲਵਾਰ ਨੂੰ ਕੀਤਾ ਜਾਵੇਗਾ। ਉਨ੍ਹਾਂ ਦੀ ਪਹਿਲੀ ਕਿਤਾਬ ‘ਕੱਥਕਾਲੀ’ ਸੀ। ਇਸ ਤੋਂ ਇਲਾਵਾ ‘ਤਸੀਹੇ ਕਦੇ ਬੁੱਢੇ ਨਹੀਂ ਹੁੰਦੇ’, ‘ਚਾਨਣ ਦੀ ਲੀਕ’, ‘ਫਕੀਰੀ’, ‘ਚੁੱਪ ਕੀਤੇ’, ‘ਯਹਾਂ ਚਾਏ ਅੱਛੀ ਨਹੀਂ ਬਣਤੀ’ ਆਦਿ ਕਿਤਾਬਾਂ ਵੀ ਸਾਹਿਤ ਜਗਤ ਨੂੰ ਦਿੱਤੀਆਂ। ਜਦਕਿ ਨਾਵਲਾਂ ਵਿਚ ‘ਪਰਣੇਸ਼ਵਰੀ’,‘ਅੰਤਹੀਣ’, ‘ਪ੍ਰਥਮ ਪੌਰਾਣ’, ‘ਸ਼ਾਂਤੀ ਪਰਵ’, ‘ਠੁਮਰੀ’ ਆਦਿ ਵੀ ਸਾਹਿਤ ਜਗਤ ਦੀ ਝੋਲੀ ਪਾਏ। ‘ਪਰਣੇਸ਼ਵਰੀ’ ਉਨ੍ਹਾਂ ਦਾ ਪਲੇਠਾ ਨਾਵਲ ਸੀ। ਆਪਣੀਆਂ ਲਿਖਤਾਂ ਵਿਚ ਉਹ ਹਾਸ਼ੀਏ ਤੇ ਵੇਦਨਾ ਦੀ ਬਾਤ ਪਾਉਂਦੇ ਸਨ। ਉਹ ਪੰਜਾਬੀ ਅਤੇ ਹਿੰਦੀ ਦੀਆਂ ਅਖਬਾਰਾਂ ਵਿੱਚ ਵੀ ਬਤੌਰ ਪੱਤਰਕਾਰ ਕੰਮ ਕਰਦੇ ਰਹੇ। ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਸਹਿਯੋਗ ਨਾਲ ਵੀ ਦੇਸ਼ ਰਾਜ ਕਾਲੀ ਨੇ ਗਦਰ ਇਤਿਹਾਸ ਬਾਰੇ ਲੰਮਾ ਸਮਾਂ ਲਿਖਿਆ। ਦੇਸ ਰਾਜ ਕਾਲੀ ਦੇ ਦੇਹਾਂਤ ਮਗਰੋਂ ਪੰਜਾਬੀ ਸਾਹਿਬਤ ਨੂੰ ਬਹੁਤ ਵੱਡਾ ਘਾਟਾ ਪਿਆ ਅਤੇ ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਮੂਹ ਲੇਖਕਾਂ ਵੱਲੋਂ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਗਿਆ।