ਅਕਾਲੀ ਸਰਕਾਰ ਬਣੀ ਤਾਂ 50 ਫੀਸਦੀ ਸਰਕਾਰੀ ਨੌਕਰੀਆਂ ਲੜਕੀਆਂ ਨੂੰ ਦਿਆਂਗੇ : ਸੁਖਬੀਰ ਬਾਦਲ
ਹੁਸ਼ਿਆਰਪੁਰ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਸੁਖਬੀਰ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਦਿੱਲੀ ’ਚ ਵਾਅਦੇ ਪੂਰੇ ਹੋਣ ਦੀ ਗਾਰੰਟੀ ਲੈਣ, ਫਿਰ ਪੰਜਾਬ ਦੀ ਗੱਲ ਕਰਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜਿਹੜੇ ਵਾਅਦੇ ਪੰਜਾਬ ’ਚ ਕਰ ਰਹੇ ਹਨ ਪਹਿਲਾਂ ਉਹ ਦਿੱਲੀ ’ਚ ਲਾਗੂ ਕਰਨ। ਸੁਖਬੀਰ ਨੇ ਕੇਜਰੀਵਾਲ ਅਤੇ ਚੰਨੀ ਦੋਵਾਂ ਨੂੰ ਨਕਲੀ ਦੱਸਿਆ। ਸੁਖਬੀਰ ਬਾਦਲ ਅੱਜ ਹੁਸ਼ਿਆਰਪੁਰ ’ਚ ਪੈਂਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਹਾ ਕਿ ਅਸੀਂ ਪਾਰਟੀ ਵਲੋਂ 13 ਨੁਕਾਤੀ ਪ੍ਰੋਗਰਾਮ ਲਿਆਂਦਾ ਹੈ, ਜੋ ਕਿ ਬੜੀ ਸੋਚ ਸਮਝ ਕੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ’ਤੇ ਪਹਿਲੇ ਮਹੀਨੇ ਕੈਂਪ ਲਗਾ ਕੇ ਸਾਰਿਆਂ ਦੇ ਨੀਲੇ ਕਾਰਡ ਬਣਾਏ ਜਾਣਗੇ। ਸੁਖਬੀਰ ਨੇ ਕਿਹਾ ਕਿ ਪੰਜਾਬ ਵਿਚ ਜੇਕਰ ਅਕਾਲੀ ਦਲ-ਬਸਪਾ ਦੀ ਸਰਕਾਰ ਬਣੀ ਤਾਂ 50 ਫ਼ੀਸਦੀ ਸਰਕਾਰੀ ਨੌਕਰੀਆਂ ਲੜਕੀਆਂ ਵਾਸਤੇ ਰਾਖਵੀਆਂ ਹੋਣਗੀਆਂ ਅਤੇ 10 ਹਜ਼ਾਰ ਲੜਕੀਆਂ ਪੁਲਿਸ ਵਿਚ ਭਰਤੀ ਵੀ ਕੀਤੀਆਂ ਜਾਣਗੀਆਂ। ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਣੇ ਇਲਾਕੇ ਦੇ ਹੋਰ ਅਕਾਲੀ ਅਤੇ ਬਸਪਾ ਆਗੂ ਵੀ ਹਾਜ਼ਰ ਸਨ।