ਬਰੈਂਪਟਨ/ਡਾ. ਝੰਡ : ਮਹਾਂਮਾਰੀ ਕਰੋਨਾ ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਚੱਲ ਰਹੀ ਹੈ ਅਤੇ ਇਸ ਦੇ ਕਾਰਨ ਲੱਗਭੱਗ ਸਾਰੀਆਂ ਸਰਗਰਮੀਆਂ ਠੱਪ ਹੋਈਆਂ ਰਹੀਆਂ ਹਨ। ਟੀਪੀਏਆਰ ਕਲੱਬ ਵੱਲੋਂ ਅਕਤੂਬਰ-ਨਵੰਬਰ ਦੌਰਾਨ ਕਰੋਨਾ ਸਬੰਧੀ ਪੂਰੀਆਂ ਸਾਵਧਾਨੀਆਂ ਵਰਤਦਿਆਂ ਹੋਇਆਂ ਹਾਫ਼-ਮੈਰਾਥਨ ਦੇ ਤਿੰਨ ਸਫ਼ਲ ਈਵੈਂਟ ਆਯੋਜਿਤ ਕੀਤੇ ਗਏ। ਫਿਰ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਅਤੇ ਟੀਪੀਏਆਰ ਕਲੱਬ ਵੀ ਠੰਡ ਦੇ ਕਾਰਨ ਕੁਝ ਸੁਸਤ ਹੋ ਗਈ।
ਗਰਮੀ ਦਾ ਸੁਹਾਵਣਾ ਮੌਸਮ ਆਉਣ ‘ਤੇ ਜੂਨ-ਜੁਲਾਈ ਤੋਂ ਇਹ ਮੁੜ ਸਰਗਰਮ ਹੋਣੀ ਆਰੰਭ ਹੋਈ ਪਰ ਇਸ ਵਾਰ ਲੰਮੀਆਂ ਦੌੜਾਂ ਦੀ ਬਜਾਏ ਇਸ ਦੇ ਕੁਝ ਮੈਂਬਰਾਂ ਨੇ ਸਾਈਕਲਿੰਗ ਵੱਲ ਆਪਣੀ ਰੁਚੀ ਵਧੇਰੇ ਵਿਖਾਈ।
ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਹੇਠ ਉਹ ਹਰੇਕ ਵੀਕਐਂਡ ‘ઑਤੇ ਆਪਣੇ ਸਾਈਕਲ ਲੈ ਕੇ ਕਿਸੇ ਨਾ ਕਿਸੇ ਟਰੇਲ ਵੱਲ ਚੱਲ ਪੈਂਦੇ। ਉਨ੍ਹਾਂ 25 ਕਿਲੋਮੀਟਰ ਸਾਈਕਲਿੰਗ ਤੋਂ ਆਪਣਾ ਸਫ਼ਰ ਆਰੰਭ ਕੀਤਾ ਅਤੇ ਹਰ ਹਫ਼ਤੇ ਇਸ ਨੂੰ ਵਧਾਉਂਦੇ ਹੋਏ ਲੰਘੇ ਐਤਵਾਰ ਬਰੈਂਟਫ਼ੋਰਟ ਤੋਂ ਸ਼ੁਰੂ ਹੋ ਕੇ ਪੋਰਟ ਡੋਵਰ ਪਹੁੰਚ ਗਏ ਅਤੇ ਉੱਥੋਂ ਵਾਪਸੀ ਕਰਦਿਆਂ ਹੋਇਆਂ 105 ਕਿਲੋਮੀਟਰ ਦੇ ਟੀਚਾ ਪੂਰਾ ਕਰਦੇ ਹੋਏ ਬਰੈਂਟਫ਼ੋਰਟ ਪਹੁੰਚੇ।
ਇਸ ਲੰਮੇ ਸਫ਼ਰ ਦੌਰਾਨ ਉਨ੍ਹਾਂ ਨੂੰ ਰਸਤੇ ਵਿਚ ਮੀਂਹ ਤੇ ਤੇਜ਼ ਹਵਾ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਗਿੱਲੀ ਤੇ ਬਰੀਕ ਰੇਤ/ਬੱਜਰੀ ਵਾਲੀ ਟਰੇਲ ਉੱਪਰ ਸਾਈਕਲ ਚਲਾਉਂਦਿਆਂ ਹੋਇਆਂ ਕਾਫ਼ੀ ਜ਼ੋਰ-ਅਜ਼ਮਾਈ ਵੀ ਕਰਨੀ ਪਈ। ਸਵੇਰੇ ਸਾਢੇ ਛੇ ਵਜੇ ਬਰੈਂਟਫ਼ੋਰਟ ਤੋਂ ਚੱਲ ਕੇ ਉਹ ਪੋਰਟ ਡੋਵਰ ਤੋਂ ਹੋ ਕੇ ਉਹ ਉੱਥੋਂ ਵਾਪਸੀ ਬਾਅਦ ਦੁਪਹਿਰ ਦੋ ਵਜੇ ਪਾ ਸਕੇ। ਉਨ੍ਹਾਂ ਦੇ ਦੱਸਣ ਅਨੁਸਾਰ ਇਹ ਉਨ੍ਹਾਂ ਲਈ ਸੱਭ ਤੋਂ ਮੁਸ਼ਕਲ ਅਤੇ ਔਕੜਾਂ ਭਰਿਆ ਸਫ਼ਰ ਸੀ।
ਸਾਈਕਲਿੰਗ ਦੇ ਇਸ ਈਵੈਂਟ ਵਿਚ ਕਰਮਜੀਤ ਸਿੰਘ (ਕੋਚ), ਸਵਰਨ ਸਿੰਘ, ਸੰਧੂਰਾ ਬਰਾੜ, ਕੁਲਦੀਪ ਗਰੇਵਾਲ, ਗੁਰਿੰਦਰ ਰਾਓ, ਹਰਜੀਤ ਸਿੰਘ, ਜਗਤਾਰ ਗਰੇਵਾਲ, ਜਸਪਾਲ ਗਰੇਵਾਲ, ਜੱਸੀ ਵੜੈਚ, ਸੁਖਦੇਵ ਸਿਧਵਾਂ, ਡਾ. ਜੈਪਾਲ ਸਿੱਧੂ ਅਤੇ ਮੋਆਜ਼ ਸ਼ੇਖ ਸ਼ਾਮਲ ਸਨ। ਇਸ ਤੋਂ ਪਹਿਲਾਂ ਉਹ ਔਰੈਂਜਵਿਲ, ਜੌਰਜ ਟਾਊਨ, ਕੈਲਾਡਨ ਟਰੇਲ ਅਤੇ ਹੰਬਰ ਟਰੇਲ ਟਰੇਲ ਉੱਪਰ ਦੋ-ਦੋ ਵਾਰ ਅਤੇ ਮਿਸੀਸਾਗਾ ਦੀ ਅਲੋਰਾ ਟਰੇਲ ਉੱਪਰ ਆਪਣੇ ਸਾਈਕਲ ਦੌੜਾਅ ਚੁੱਕੇ ਹਨ।
ਇਸ ਦੌਰਾਨ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਉਨਟਾਰੀਓ ਸਰਕਾਰ ਵੱਲੋਂ ਤੀਸਰੇ ਪੜਾਅ ਵਿਚ ਅਗਲੇ ਦਿਨ੍ਹਾਂ ਵਿਚ ਕਰੋਨਾ ਨਾਲ ਸਬੰਧਿਤ ਕੁਝ ਹੋਰ ਖੁੱਲ੍ਹਾਂ ਦੇਣ ਬਾਅਦ ਕਲੱਬ ਦੀਆਂ ਦੌੜਨ ਦੀਆਂ ਸਰਗ਼ਰਮੀਆਂ ਵੀ ਮੁੜ ਆਰੰਭ ਕੀਤੀਆਂ ਜਾਣਗੀਆਂ ਅਤੇ ਅਗਲੇ ਹਫ਼ਤੇ 24 ਜੁਲਾਈ ਦਿਨ ਸ਼ਨੀਵਾਰ ਨੂੰ ਚਿੰਗੂਆਕੂਜ਼ੀ ਪਾਰਕ ਵਿਚ ਮੈਂਬਰਾਂ ਵੱਲੋਂ ਇਸ ਸਾਲ ਦੀ ਪਹਿਲੀ ਦੌੜ ਦਾ ਸ਼ੁਭ ਆਰੰਭ ਕੀਤੇ ਜਾਣ ਦੀ ਸੰਭਾਵਨਾ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …