ਸਾਲਾਂ ਦੇ ਬਕਾਏ ਨੂੰ ਦੱਸਿਆ ਵੱਡੀ ਚਿੰਤਾ ਵਾਲੀ ਗੱਲ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਸੂਬੇ ਦੇ ਗੰਨਾ ਕਿਸਾਨਾਂ ਦਾ 681.48 ਕਰੋੜ ਰੁਪਏ ਦਾ ਬਕਾਇਆ ਭੁਗਤਾਨ ਯਕੀਨੀ ਬਣਾਉਣ ਲਈ ਠੋਸ ਕਦਮ ਨਾ ਚੁੱਕਣ ਦਾ ਦੋਸ਼ ਲਗਾਇਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜੇ ਪੱਤਰ ‘ਚ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕਰੀਬ 70,000 ਗੰਨਾ ਕਿਸਾਨਾਂ ਨੂੰ ਸਾਲ 2018-19 ਅਤੇ 2019-20 ਲਈ ਸਹਿਕਾਰੀ ਅਤੇ ਨਿੱਜੀ ਗੰਨਾ ਮਿੱਲਾਂ ਵਲੋਂ 681.48 ਕਰੋੜ ਰੁਪਏ ਦਾ ਬਕਾਇਆ ਭੁਗਤਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਵੱਡੀ ਚਿੰਤਾ ਦੀ ਗੱਲ ਹੈ ਕਿ ਸਾਲਾਂ ਤੋਂ ਭੁਗਤਾਨ ਬਕਾਇਆ ਹੈ ਅਤੇ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਕਿ ਗੰਨਾ ਕਿਸਾਨਾਂ ਨੂੰ ਭੁਗਤਾਨ ਹੋਵੇ। ਉਨ੍ਹਾਂ ਲਿਖਿਆ ਕਿ ਪਿਛਲੇ ਦੋ ਸੀਜ਼ਨਾਂ 2018-19 (ਅਪ੍ਰੈਲ 2019 ਤੱਕ) ਅਤੇ 2019-20 (ਅਪ੍ਰੈਲ 2020 ਤੱਕ) ਕਰੀਬ 96.36 ਕਰੋੜ ਰੁਪਏ ਗੰਨਾ ਕਿਸਾਨਾਂ ਦੀ ਅਦਾਇਗੀ ਯੋਗ ਬਕਾਇਆ ਰਕਮ ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਵੱਲ ਖੜ੍ਹੀ ਹੈ। 2019-20 ਸੀਜ਼ਨ ਦਾ ਬਕਾਇਆ (ਅਪ੍ਰੈਲ 2020 ਤੱਕ) 585.12 ਕਰੋੜ ਰੁਪਏ ਬਣਦਾ ਹੈ ਜੋ ਕੁੱਲ ਮਿਲਾ ਕੇ 681.48 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਗੰਨਾ ਖ਼ਰੀਦ ਤੇ ਰੈਗੂਲੇਸ਼ਨ ਐਕਟ ਦੇ ‘ਸ਼ੂਗਰਕੇਨ ਕੰਟਰੋਲ ਆਰਡਰ ਐਾਡ ਕਲਾਜ਼’ 3 (3) ਅਨੁਸਾਰ ਮਿੱਲਾਂ ਨੂੰ ਗੰਨਾ ਖ਼ਰੀਦਣ ਦੇ 14 ਦਿਨਾਂ ਦੇ ਅੰਦਰ ਭੁਗਤਾਨ ਕਰ ਦੇਣਾ ਚਾਹੀਦਾ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …