ਰਾਣਾ ਬੋਲੇ : ਪਾਰਟੀ ਚਾਹੇ ਕੱਢੇ ਚਾਹੇ ਰੱਖੇ ਚੀਮੇ ਨੂੰ ਸਬਕ ਸਿਖਾ ਕੇ ਰਹਾਂਗਾ
ਕਪੂਰਥਲਾ/ਬਿਊਰੋ ਨਿਊਜ਼
ਪੰਜਾਬ ਦੇ ਰਿਆਸਤੀ ਜ਼ਿਲ੍ਹਾ ਕਪੂਰਥਲਾ ‘ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਜਿੱਥੇ ਕਾਂਗਰਸੀ ਆਗੂ ਰਾਣਾ ਗੁਰਜੀਤ ਅਤੇ ਨਵਤੇਜ ਚੀਮਾ ‘ਚ ਚੱਲ ਰਹੀ ਸਿਆਸੀ ਰੰਜਿਸ਼ ਹੁਣ ਵਿਅਕਤੀਗਤ ਹੋ ਗਈ ਹੈ। ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਨਵਤੇਜ ਸਿੰਘ ਚੀਮਾ ਨੂੰ ਟਿਕਟ ਦਿੱਤੀ ਹੈ ਜਦਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਉਥੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਰਾਣਾ ਗੁਰਜੀਤ ਨੇ ਨਵਤੇਜ ਚੀਮਾ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਚਾਹੇ ਉਨ੍ਹਾਂ ਨੂੰ ਪਾਰਟੀ ਵਿਚ ਰੱਖੇ ਜਾਂ ਨਾ ਰੱਖੇ ਪ੍ਰੰਤੂ ਉਹ ਚੀਮੇ ਨੂੰ ਸਬਕ ਸਿਖਾ ਕੇ ਹੀ ਦਮ ਲੈਣਗੇ। ਰਾਣਾ ਗੁਰਜੀਤ ਨੇ ਅੱਜ ਆਪਣੇ ਪੁੱਤਰ ਦੇ ਲਈ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਦੇ ਖਿਲਾਫ਼ ਪਾਰਟੀ ਲਾਈਨ ਦੇ ਉਲਟ ਚਲਦੇ ਹੋਏ ਸੁਲਤਾਨਪੁਰ ਲੋਧੀ ‘ਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਨਵਤੇਜ ਚੀਮਾ ‘ਤੇ ਆਰੋਪ ਲਗਾਉਂਦਿਆਂ ਕਿਹਾ ਕਿ ਉਹ ਰੇਤ ਮਾਫ਼ੀਆ ਦੇ ਨਾਲ-ਨਾਲ ਕਬਜ਼ੇ ਕਰਨੇ ਵਾਲੇ ਮਾਫ਼ੀਆ ਨਾਲ ਮਿਲੇ ਹੋਏ ਹਨ।