
ਸ਼ਮਸ਼ੇਰ ਦੂਲੋ ਦੀ ਕੋਠੀ ਘੇਰਨ ਪੁੱਜੇ ਕਾਂਗਰਸੀਆਂ ਨੂੰ ਪੁਲਿਸ ਨੇ ਰੋਕਿਆ
ਖੰਨਾ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦਾ ਆਪਸੀ ਕਲੇਸ਼ ਵੀ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਇਸਦੇ ਚੱਲਦਿਆਂ ਖੰਨਾ ਦੇ ਕਾਂਗਰਸੀ ਵਰਕਰ ਅੱਜ ਵੀ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਦੇ ਘਰ ਦਾ ਘਿਰਾਓ ਕਰਨ ਪਹੁੰਚੇ। ਜਿਸਦੀ ਅਗਵਾਈ ਸਾਬਕਾ ਕੌਂਸਲਰ ਵਿਕਾਸ ਮਹਿਤਾ ਤੇ ਜ਼ਿਲ੍ਹਾ ਯੂਥ ਪ੍ਰਧਾਨ ਅਮਿਤ ਤਿਵਾੜੀ ਨੇ ਕੀਤੀ। ਦੂਲੋ ਅੱਜ ਵੀ ਘਰ ਨਹੀਂ ਸਨ ਅਤੇ ਪੁਲਿਸ ਨੇ ਪ੍ਰਦਰਸ਼ਨਕਾਰੀ ਕਾਂਗਰਸੀਆਂ ਨੂੰ ਪਿੱਛੇ ਹੀ ਰੋਕ ਦਿੱਤਾ। ਪ੍ਰਦਰਸ਼ਨਕਾਰੀ ਕਾਂਗਰਸੀਆਂ ਨੇ ਦੂਲੋ ਨੂੰ ਭਾਜਪਾ ਦਾ ਏਜੰਟ ਵੀ ਦੱਸਿਆ। ਕਾਂਗਰਸੀ ਆਗੂਆਂ ਦਾ ਕਹਿਣਾ ਸੀ ਕਿ ਦੂਲੋ ਕਾਂਗਰਸ ਪਾਰਟੀ ਖਿਲਾਫ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਨਰਾਜ਼ਗੀ ਦੇ ਮਾਮਲੇ ਹਨ, ਉਹ ਹਾਈਕਮਾਂਡ ਕੋਲ ਬੈਠ ਕੇ ਨਿਪਟਾਉਣੇ ਚਾਹੀਦੇ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਦੂਲੋਂ ਦੇ ਘਰ ਬਾਹਰ ਕਾਂਗਰਸੀਆਂ ਵਲੋਂ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ।