Breaking News
Home / ਪੰਜਾਬ / ਪੰਜਾਬ ਵਿਧਾਨ ਸਭਾ ਦਾ ਇਜਲਾਸ ਭਲਕੇ

ਪੰਜਾਬ ਵਿਧਾਨ ਸਭਾ ਦਾ ਇਜਲਾਸ ਭਲਕੇ

ਵਿਰੋਧੀਆਂ ਨੇ ‘ਆਪ’ ਸਰਕਾਰ ’ਤੇ ਕਸੇ ਤਨਜ਼
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਭਲਕੇ 27 ਸਤੰਬਰ ਨੂੰ ਮੁੜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ, ਜਿਸ ਨੂੰ ਰਾਜਪਾਲ ਨੇ ਮਨਜੂਰੀ ਵੀ ਦੇ ਦਿੱਤੀ ਹੈ। ‘ਆਪ’ ਸਰਕਾਰ ਵਲੋਂ ਬੁਲਾਏ ਗਏ ਇਜਲਾਸ ’ਤੇ ਹੁਣ ਵਿਰੋਧੀ ਪਾਰਟੀਆਂ ਨੇ ਤਨਜ਼ ਕਸਣੇ ਸ਼ੁਰੂ ਕਰ ਦਿੱਤੇ ਹਨ। ਵਿਰੋਧੀ ਪਾਰਟੀਆਂ ਨੇ ਸਰਕਾਰ ਦੇ ਇਸ ਇਜਲਾਸ ਨੂੰ ਹੁਣ ਸੰਵਿਧਾਨਕ ਸ਼ੈਸ਼ਨ ਕਿਹਾ ਹੈ। ਭਾਜਪਾ ਦੇ ਪੰਜਾਬ ਸੂਬੇ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ 22 ਸਤੰਬਰ ਨੂੰ ਹੀ ਸੰਵਿਧਾਨ ਦੇ ਅਨੁਸਾਰ ਇਜਲਾਸ ਬੁਲਾਉਂਦੀ ਤਾਂ ਉਸ ਨੂੰ ਰੱਦ ਨਹੀਂ ਸੀ ਕਰਨਾ ਪੈਣਾ। ਵੜਿੰਗ ਨੇ ਕਿਹਾ ਕਿ ਜਾਂ ਤਾਂ ‘ਆਪ’ ਦੀ ਪੰਜਾਬ ਸਰਕਾਰ ਵਿਚ ਹੋਸ਼ ਦੀ ਕਮੀ ਹੈ ਜਾਂ ਫਿਰ ਉਹ ਦਿੱਲੀ ਵਿਚ ਬੈਠੇ ਆਗੂਆਂ ਦੀ ਕਠਪੁਤਲੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਮੰਤਰੀ ਅਤੇ ਵਿਧਾਇਕ ਭੁੱਲ ਚੁੱਕੇ ਹਨ ਕਿ ਦੇਸ਼ ਸੰਵਿਧਾਨ ਨਾਲ ਚੱਲਦਾ ਹੈ। ਭਾਜਪਾ ਦੇ ਪੰਜਾਬ ਤੋਂ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਦੀ ਸਰਕਾਰ ਹਰ ਮਾਮਲੇ ਨੂੰ ਵਿਵਾਦਪੂਰਨ ਬਣਾਉਂਦੀ ਹੈ। ਸੁਖਪਾਲ ਸਿੰਘ ਖਹਿਰਾ ਨੇ ਵੀ ਭਲਕੇ ਮੰਗਲਵਾਰ ਨੂੰ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਨੂੰ ਮਖੌਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਇਕ ਕਰੋੜ ਰੁਪਈਆ ਖਰਚ ਕੀਤਾ ਜਾਵੇਗਾ, ਪਰ ਇਸ ਇਜਲਾਸ ਵਿਚ ਪ੍ਰਸ਼ਨ ਕਾਲ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਵਲੋਂ 22 ਸਤੰਬਰ ਦਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਰੱਦ ਕਰ ਦਿੱਤਾ ਗਿਆ ਸੀ ਤਾਂ ਸਰਕਾਰ ਨੇ ਹੁਣ 27 ਸਤੰਬਰ ਨੂੰ ਮੁੜ ਇਜਲਾਸ ਬੁਲਾਇਆ ਹੈ। 27 ਸਤੰਬਰ ਦੇ ਸਪੈਸ਼ਲ ਇਜਲਾਸ ਦੇ ਏਜੰਡੇ ਦੀ ਰਾਜਪਾਲ ਨੇ ਜਾਣਕਾਰੀ ਮੰਗੀ ਤਾਂ ‘ਆਪ’ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਉਨ੍ਹਾਂ ’ਤੇ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰਨ ਦੇ ਆਰੋਪ ਲਗਾਏ। ਪਰ ਫਿਰ ‘ਆਪ’ ਨੂੰ ਇਜਲਾਸ ਦੀ ਜਾਣਕਾਰੀ ਦੇਣੀ ਹੀ ਪਈ। ਇਸ ਤੋਂ ਬਾਅਦ ਰਾਜਪਾਲ ਨੇ ਸੰਵਿਧਾਨ ਦਾ ਪਾਠ ਸੀਐਮ ਭਗਵੰਤ ਮਾਨ ਨੂੰ ਪੜ੍ਹਾ ਕੇ ਇਜਲਾਸ ਦੀ ਮਨਜੂਰੀ ਦੇ ਦਿੱਤੀ।

 

Check Also

ਨਵਜੋਤ ਸਿੱਧੂ ਨੇ ਭਗਵੰਤ ਮਾਨ ਨੂੰ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਦੱਸਿਆ

ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਣ ਲੱਗੀ ਸਿਆਸੀ ਦੂਸ਼ਣਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ …