95 ਸਾਲਾ ਬਲਬੀਰ ਸਿੰਘ ਲੰਘੀ 8 ਮਈ ਤੋਂ ਹਸਪਤਾਲ ‘ਚ ਸਨ ਭਰਤੀ
ਚੰਡੀਗੜ੍ਹ ‘ਚ ਹੋਇਆ ਅੰਤਿਮ ਸਸਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਹਾਕੀ ਟੀਮ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰ ਦੇਹਾਂਤ ਹੋ ਗਿਆ, ਉਹ 95 ਵਰ੍ਹਿਆਂ ਦੇ ਸਨ। ਬਲਬੀਰ ਸੀਨੀਅਰ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਸਵੇਰੇ ਸਵਾ ਛੇ ਵਜੇ ਆਖਰੀ ਸਾਹ ਲਏ। ਉਨ੍ਹਾਂ ਨੂੰ ਤੇਜ਼ ਬੁਖਾਰ ਹੋਣ ਕਾਰਨ ਲੰਘੀ 8 ਮਈ ਨੂੰ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਤਿੰਨ ਵਾਰ ਦਿਲ ਦਾ ਦੌਰਾ ਵੀ ਪਿਆ। 10 ਅਕਤੂਬਰ, 1924 ਨੂੰ ਪਿੰਡ ਹਰੀਪੁਰ ਖ਼ਾਲਸਾ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਵਾਲੇ ਬਲਬੀਰ ਸਿੰਘ ਸੀਨੀਅਰ ਨੇ 1948 ਲੰਡਨ ਓਲੰਪਿਕ ਤੋਂ ਆਪਣੇ ਅੰਤਰਰਾਸ਼ਟਰੀ ਹਾਕੀ ਕੈਰੀਅਰ ਦਾ ਆਗਾਜ਼ ਕੀਤਾ। ਬਲਬੀਰ ਸਿੰਘ ਸੀਨੀਅਰ ਨੇ ਕੁੱਲ 36 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਗਮੇ ਜਿੱਤੇ। ਲੰਡਨ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਨੂੰ ਦੁਨੀਆਂ ਦੇ 16 ਆਈਕੌਨਿਕ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। 1962 ਤੋਂ ਲੈ ਕੇ 1982 ਤੱਕ ਉਹ ਭਾਰਤ ਦੀਆਂ ਵੱਖ-ਵੱਖ ਟੀਮਾਂ ਦੇ ਬਤੌਰ ਕੋਚ ਜਾਂ ਮੈਨੇਜਰ ਰਹੇ। 1941 ਤੋਂ 1961 ਤੱਕ ਲਗਾਤਾਰ ਉਹ ਪੰਜਾਬ ਪੁਲਿਸ ਹਾਕੀ ਟੀਮ ਦੇ ਕਪਤਾਨ ਰਹੇ ਤੇ ਪੰਜਾਬ ਸਰਕਾਰ ਦੇ ਵੱਖ ਵੱਖ ਅਹੁਦਿਆਂ ‘ਤੇ ਵੀ ਬਿਰਾਜਮਾਨ ਰਹੇ। ਪੰਜਾਬ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ਸਟੇਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਸੀ। ਪੂਰੇ ਰਾਸ਼ਟਰੀ ਸਨਮਾਨ ਦੇ ਨਾਲ ਬਲਬੀਰ ਸਿੰਘ ਸੀਨੀਅਰ ਦਾ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ‘ਚ ਅੰਤਿਮ ਸਸਕਾਰ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਰਧਾਂਜਲੀ ਭੇਂਟ ਕੀਤੀ ਜਦੋਂਕਿ ਹਾਕੀ ਖਿਡਾਰੀਆਂ ਵੱਲੋਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ।