Breaking News
Home / ਭਾਰਤ / ਕਰਨਾਲ ‘ਚ ਵੀ ਕਿਸਾਨ ਮੋਰਚਾ ਸ਼ੁਰੂ

ਕਰਨਾਲ ‘ਚ ਵੀ ਕਿਸਾਨ ਮੋਰਚਾ ਸ਼ੁਰੂ

ਕਿਸਾਨ ਬੋਲੇ – ਸਾਡੇ ‘ਤੇ ਕਾਰਵਾਈ ਹੋਈ ਤਾਂ ਹਰਿਆਣਾ ਕਰ ਦਿਆਂਗੇ ਜਾਮ
ਪ੍ਰਸ਼ਾਸਨ ਨਾਲ ਕਿਸਾਨਾਂ ਦੀ ਗੱਲਬਾਤ ਰਹੀ ਬੇਸਿੱਟਾ
ਕਰਨਾਲ/ਬਿਊਰੋ ਨਿਊਜ਼ : ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਡਟੇ ਕਿਸਾਨ ਨੇਤਾਵਾਂ ਅਤੇ ਪੁਲਿਸ ਤੇ ਪ੍ਰਸ਼ਾਸਨਿਕ ਅਫਸਰਾਂ ਵਿਚਾਲੇ ਦੋ ਦੌਰ ਦੀ ਗੱਲਬਾਤ ਮਗਰੋਂ ਵੀ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਮੰਗਾਂ ਮੰਨੇ ਜਾਣ ਤੱਕ ਉਹ ਕਰਨਾਲ ‘ਚ ਮਿੰਨੀ ਸਕੱਤਰੇਤ ਅੱਗੇ ਅਣਮਿੱਥੇ ਸਮੇਂ ਲਈ ਡਟੇ ਰਹਿਣਗੇ। ਇਸੇ ਦੌਰਾਨ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ‘ਤੇ ਕੋਈ ਕਾਰਵਾਈ ਕੀਤੀ ਤਾਂ ਪੂਰੇ ਹਰਿਆਣਾ ਦੇ ਰਸਤੇ ਜਾਮ ਕਰ ਦਿੱਤੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਕ ਮੋਰਚਾ ਦਿੱਲੀ ਬਾਰਡਰ ‘ਤੇ ਚੱਲ ਰਿਹਾ ਹੈ ਅਤੇ ਹੁਣ ਦੂਜਾ ਕਰਨਾਲ ਸਕੱਤਰੇਤ ‘ਤੇ ਜਾਰੀ ਰਹੇਗਾ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਤਿੰਨ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਅੜੀਅਲ ਅਤੇ ਗ਼ੈਰਸੰਜੀਦਾ ਰਵੱਈਏ ਕਾਰਨ ਗੱਲਬਾਤ ਨਾਕਾਮ ਰਹੀ ਹੈ। ਪਹਿਲੇ ਦੌਰ ਦੀ ਗੱਲਬਾਤ ਵਿੱਚ ਡੀਸੀ ਅਤੇ ਐੱਸਪੀ ਨੇ ਪ੍ਰਸ਼ਾਸਨਿਕ ਟੀਮ ਦੀ ਅਗਵਾਈ ਕੀਤੀ ਜਦਕਿ ਦੂਜੇ ਦੌਰ ‘ਚ ਗੱਲਬਾਤ ਦੀ ਅਗਵਾਈ ਕਰਨਾਲ ਰੇਂਜ ਦੇ ਕਮਿਸ਼ਨਰ ਨੇ ਕੀਤੀ। ਮੀਟਿੰਗ ਮਗਰੋਂ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਸ਼ਾਸਨਿਕ ਟੀਮ ਹਰ ਅੱਧੇ ਘੰਟੇ ਬਾਅਦ ਚੰਡੀਗੜ੍ਹ ‘ਚ ਗੱਲਬਾਤ ਕਰ ਰਹੀ ਸੀ। ‘ਸਾਡੀ ਮੰਗ ਹੈ ਕਿ ਆਈਏਐੱਸ ਆਯੂਸ਼ ਸਿਨਹਾ ਨੂੰ ਸਸਪੈਂਡ ਕਰਕੇ ਕੇਸ ਦਰਜ ਕੀਤਾ ਜਾਵੇ। ਪ੍ਰਸ਼ਾਸਨਿਕ ਟੀਮ ਕੇਸ ਦਰਜ ਕਰਨਾ ਤਾਂ ਦੂਰ, ਉਸ ਨੂੰ ਸਸਪੈਂਡ ਕਰਨ ਲਈ ਵੀ ਤਿਆਰ ਨਹੀਂ ਹੈ।’ ਯਾਦਵ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਵੱਈਏ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਈਏਐੱਸ ਅਫ਼ਸਰ ਨੇ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਖੁਦ ਨਹੀਂ ਸਗੋਂ ਸਰਕਾਰ ਦੇ ਨਿਰਦੇਸ਼ਾਂ ‘ਤੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਕੱਤਰੇਤ ਦੇ ਬਾਹਰ ਧਰਨਾ ਜਾਰੀ ਰਹੇਗਾ ਅਤੇ ਯੂਪੀ, ਦਿੱਲੀ ਅਤੇ ਪੰਜਾਬ ਤੋਂ ਕਿਸਾਨ ਇਥੇ ਆਉਣਗੇ। ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ।
ਇਸੇ ਦੌਰਾਨ ਧਰਨੇ ਵਾਲੀ ਥਾਂ ‘ਤੇ ਕਿਸਾਨਾਂ ਨੇ ਟੈਂਟ ਗੱਡ ਲਿਆ ਹੈ। ਮਿਨੀ ਸਕੱਤਰੇਤ ਦੇ ਗੇਟ ‘ਤੇ ਪੈਰਾਮਿਲਟਰੀ ਫੋਰਸ ਅਤੇ ਪੁਲਿਸ ਦੇ ਜਵਾਨ ਤਾਇਨਾਤ ਹਨ। ਕਿਸਾਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਕਿਸੇ ਨੂੰ ਵੀ ਸਕੱਤਰੇਤ ਦੇ ਅੰਦਰ ਨਹੀਂ ਜਾਣ ਦੇਣਗੇ ਅਤੇ ਨਾ ਹੀ ਕੋਈ ਕੰਮ ਹੋਣ ਦੇਣਗੇ ਪਰ ਹੁਣ ਉਨ੍ਹਾਂ ਕਿਹਾ ਹੈ ਕਿ ਉਹ ਸਕੱਤਰ ਦੇ ਕੰਮ ‘ਚ ਕੋਈ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਸ਼ਹਿਰ ਵਿੱਚ ਆਵਾਜਾਈ ਵੀ ਬਹਾਲ ਹੋ ਗਈ ਹੈ।
ਝੂਠ ਬੋਲ ਰਹੇ ਹਨ ਸੁਖਬੀਰ, ਅਸੀਂ ਲੰਗਰ ਮੰਗਵਾਉਣ ਲਈ ਕਿਸੇ ਨੂੰ ਨਹੀਂ ਕੀਤਾ ਫੋਨ : ਚਡੂਨੀ
ਕਰਨਾਲ ਵਿਚ ਕਿਸਾਨਾਂ ਲਈ ਚਲਾਏ ਜਾ ਰਹੇ ਲੰਗਰ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਆਹਮੋ-ਸਾਹਮਣੇ ਆ ਗਏ ਹਨ।
ਧਿਆਨ ਰਹੇ ਕਿ ਸੁਖਬੀਰ ਨੇ ਬਿਆਨ ਦਿੱਤਾ ਸੀ ਕਿ ਕਰਨਾਲ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਲੰਗਰ ਲਈ ਗੁਰਨਾਮ ਸਿੰਘ ਚਡੂਨੀ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਕੇ ਕਰਨਾਲ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਕਿਸਾਨਾਂ ਲਈ ਲੰਗਰ ਅਤੇ ਪਾਣੀ ਦਾ ਪ੍ਰਬੰਧ ਕਰਨ ਲਈ ਕਿਹਾ ਦਿੱਤਾ ਸੀ। ਉਥੇ ਦੂਜੇ ਪਾਸੇ ਚਡੂਨੀ ਨੇ ਕਿਹਾ ਕਿ ਸੁਖਬੀਰ ਝੂਠ ਬੋਲ ਰਹੇ ਹਨ। ਮੈਂ ਲੰਗਰ ਲਈ ਕਦੀ ਫੋਨ ਨਹੀਂ ਕੀਤਾ।

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …