Breaking News
Home / ਹਫ਼ਤਾਵਾਰੀ ਫੇਰੀ / ਡੇਰਾ ਸਿਰਸਾ-ਕੁੜੀਆਂ ਦਾ ਕਾਲਜ-ਕਾਲਜ ‘ਚ ਅਲਮਾਰੀ-ਅਲਮਾਰੀ ਅੰਦਰ ਦਰਵਾਜ਼ਾ

ਡੇਰਾ ਸਿਰਸਾ-ਕੁੜੀਆਂ ਦਾ ਕਾਲਜ-ਕਾਲਜ ‘ਚ ਅਲਮਾਰੀ-ਅਲਮਾਰੀ ਅੰਦਰ ਦਰਵਾਜ਼ਾ

…ਜਾਂਦਾ ਹੈ ਸਿੱਧਾ ਬਾਬੇ ਦੀ ਗੁਫਾ ਅੰਦਰ
ਸਿਰਸਾ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਦੇ ਅੰਦਰ ਸਥਿਤ ਕੁੜੀਆਂ ਦੇ ਕਾਲਜ ਦੇ ਹੋਸਟਲ ਵਿਚ ਇਕ ਖੁਫੀਆ ਰਾਹ ਰਾਮ ਰਹੀਮ ਦੀ ਗੁਫਾ ਤੱਕ ਸਿੱਧਾ ਜਾਂਦਾ ਸੀ। ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਕੁੜੀਆਂ ਨੂੰ ਆਸ਼ਰਮ ਤੋਂ ਸਿਫ਼ਟ ਕਰਵਾਉਣ ਲਈ ਬਾਲ ਕਲਿਆਣ ਵਿਭਾਗ ਦੀ ਟੀਮ ਜਾਂਚ ਲਈ ਪਹੁੰਚੀ। ਡੇਰੇ ਵਿਚ ਕੁੜੀਆਂ ਦਾ ਸਕੂਲ ਅਤੇ ਕੁੜੀਆਂ ਦਾ ਕਾਲਜ ਹੈ ਜੋ ਪਹਿਲਾਂ ਪੁਰਾਣੇ ਡੇਰੇ ਵਿਚ ਚਲਦਾ ਸੀ, ਫਿਰ ਡੇਰਾ ਮੁਖੀ ਰਾਮ ਰਹੀਮ ਨੇ ਕਾਲਜ ਅਤੇ ਕੁੜੀਆਂ ਦੇ ਸਕੂਲ ਨੂੰ ਆਪਣੇ ਨਵੇਂ ਡੇਰੇ ਵਿਚ ਸ਼ਿਫਟ ਕਰ ਲਿਆ। ਸਕੂਲ ਦੀ ਸ਼ਿਫਟਿੰਗ ਲਈ ਤਾਂ ਐਨ ਓ ਸੀ ਮਿਲ ਗਈ ਪਰ ਕੁੜੀਆਂ ਦੇ ਕਾਲਜ ਨੂੰ ਬਿਨਾ ਐਨ ਓ ਸੀ ਤੋਂ ਹੀ ਬਾਬੇ ਨੇ ਆਪਣੀ ਨਵੀਂ ਡੇਰੇ ਦੀ ਇਮਾਰਤ ਵਿਚ ਸ਼ਿਫਟ ਕੀਤਾ ਤੇ ਕੁੜੀਆਂ ਦਾ ਹੋਸਟਲ ਵੀ ਇਥੇ ਹੀ ਲਿਆਂਦਾ। ਫਿਰ ਜਦੋਂ ਬਾਲ ਕਲਿਆਣ ਵਿਭਾਗ ਦੀ ਟੀਮ ਜਾਂਚ ਲਈ ਡੇਰੇ ਦੇ ਅੰਦਰ ਸਥਿਤ ਕੁੜੀਆਂ ਦੇ ਗਰਲਜ਼ ਹੋਸਟਲ ਵਿਚ ਗਈ ਤਾਂ ਉਨ੍ਹਾਂ ਕਮਰਿਆਂ ਦੀ ਪੜਤਾਲ ਦੌਰਾਨ ਇਕ ਕਮਰੇ ਅੰਦਰ ਇਕ ਖਾਸ ਤਰ੍ਹਾਂ ਦੀ ਅਲਮਾਰੀ ਵੇਖੀ, ਜਿਸ ਨੂੰ ਤਾਲਾ ਲੱਗਿਆ ਸੀ ਜਦੋਂ ਟੀਮ ਨੇ ਪ੍ਰਬੰਧਕਾਂ ਨੂੰ ਤਾਲਾ ਖੋਲ੍ਹਣ ਲਈ ਆਖਿਆ ਤਾਂ ਉਹ ਡੇਢ-ਦੋ ਘੰਟੇ ਤੱਕ ਟਾਲ ਮਟੋਲ ਕਰਦੇ ਰਹੇ ਤੇ ਆਖਰ ਤਾਲਾ ਤੋੜਨਾ ਪਿਆ। ਤਾਲਾ ਤੋੜਦਿਆਂ ਹੀ ਸਭ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਕਿਉਂਕਿ ਕੁੜੀਆਂ ਦੇ ਹੋਸਟਲ ਦੀ ਇਸ ਅਲਮਾਰੀ ਅੰਦਰ ਇਕ ਖੁਫ਼ੀਆ ਦਰਵਾਜ਼ਾ ਸੀ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਹ ਇਕ ਜੰਗਲ ਵਰਗੇ ਬਗੀਚੇ ਵਿਚ ਖੁੱਲ੍ਹਦਾ ਸੀ ਤੇ ਉਹ ਰਾਹ ਅੱਗੇ ਜਾ ਕੇ ਸਿੱਧਾ ਬਾਬੇ ਦੀ ਗੁਫ਼ਾ ਨਾਲ ਜੁੜਦਾ ਸੀ।
ਜ਼ਿਕਰਯੋਗ ਹੈ ਕਿ ਡੇਰਾ ਮੁਖੀ ਦੇ ਜੇਲ੍ਹ ਜਾਣ ਤੋਂ ਬਾਅਦ ਮੁੱਖ ਡੇਰਾ ਸਿਰਸਾ ਦੀ ਜਾਂਚ ਲਈ ਪੰਜਾਬ-ਹਰਿਆਣਾ ਹਾਈ ਕੋਰਟ ਨੇ ਹੁਕਮ ਜਾਰੀ ਕਰਦਿਆਂ ਰਿਟਾਇਰਡ ਜੱਜ ਐਸ ਕੇ ਪਵਾਰ ਨੂੰ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਕਮਿਸ਼ਨਰ ਪਵਾਰ ਸਿਰਸਾ ਪਹੁੰਚ ਚੁੱਕੇ ਸਨ ਤੇ ਉਨ੍ਹਾਂ ਫੌਜੀ ਦਸਤਿਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰਕੇ ਡੇਰਾ ਸਿਰਸਾ ਅੰਦਰ ਦਾਖਲ ਹੋ ਕੇ ਪੂਰੀ ਜਾਂਚ ਪੜਤਾਲ ਦੀ ਰੂਪ ਰੇਖਾ ਉਲੀਕ ਲਈ ਸੀ। ਜਦੋਂ ਤੱਕ ਇਹ ਅੰਕ ਤੁਹਾਡੇ ਹੱਥਾਂ ਵਿਚ ਅੱਪੜੇਗਾ ਤਦ ਤੱਕ ਡੇਰਾ ਸਿਰਸਾ ਦੀ ਪੂਰੀ ਛਾਣਬੀਣ ਹੋ ਚੁੱਕੀ ਹੋਵੇਗੀ। ਉਮੀਦ ਹੈ ਕਿ ਜਿਹੋ ਜਿਹੀਆਂ ਖੁਫੀਆ ਰਿਪੋਰਟਾਂ ਮਿਲ ਰਹੀਆਂ ਹਨ ਉਸ ਅਨੁਸਾਰ ਡੇਰੇ ਅੰਦਰੋਂ ਜਾਂਚ ਤੋਂ ਬਾਅਦ ਕਈ ਨਵੇਂ ਖੁਲਾਸੇ ਹੋ ਸਕਦੇ ਹਨ। ਜਦੋਂਕਿ 25 ਅਗਸਤ ਤੋਂ ਲੈ ਕੇ ਹੁਣ ਤੱਕ ਐਨਾ ਸਮਾਂ ਲੰਘਣ ਦੇ ਚਲਦਿਆਂ ਡੇਰਾ ਪ੍ਰਬੰਧਕਾਂ ਨੇ ਕਾਫ਼ੀ ਕੁਝ ਸੰਭਾਲ ਵੀ ਲਿਆ ਹੋਵੇਗਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …