Breaking News
Home / ਨਜ਼ਰੀਆ / ਬਾਲਾਂ ਲਈ ਨਾਟਕ ਵਿਧਾ ਰਾਹੀਂ ਗਿਆਨ-ਵਿਗਿਆਨ ਪ੍ਰਸਾਰ ਕਾਰਜ ਤੇ ਉਨ੍ਹਾਂ ਦਾ ਮਹੱਤਵ

ਬਾਲਾਂ ਲਈ ਨਾਟਕ ਵਿਧਾ ਰਾਹੀਂ ਗਿਆਨ-ਵਿਗਿਆਨ ਪ੍ਰਸਾਰ ਕਾਰਜ ਤੇ ਉਨ੍ਹਾਂ ਦਾ ਮਹੱਤਵ

ਡਾ. ਦੇਵਿੰਦਰ ਪਾਲ ਸਿੰਘ
ਬਾਲਾਂ ਦੇ ਮਾਨਸਿਕ ਵਿਕਾਸ ਲਈ ਉਨ੍ਹਾਂ ਨੂੰ ਉਸਾਰੂ ਸਾਹਿਤ ਨਾਲ ਜੋੜਣਾ ਬਹੁਤ ਅਹਿਮ ਕਾਰਜ ਹੈ। ਇਸ ਸੰਬੰਧ ਵਿਚ ਬਾਲ ਸਾਹਿਤ ਰਚਨਾਵਾਂ ਦਾ ਵਿਸ਼ੇਸ਼ ਮੱਹਤਵ ਹੈ। ਬਾਲ ਸਾਹਿਤ ਦੀਆਂ ਅਨੇਕ ਵਿਧਾਵਾਂ ਵਿਚੋਂ ਇਕ ਹੈ ਬਾਲਾਂ ਲਈ ਨਾਟਕ ਰਚਨਾ ਕਾਰਜ। ਬਾਲਾਂ ਲਈ ਨਾਟਕ ਲੇਖਣ ਤੇ ਮੰਚਣ ਅਜਿਹੇ ਕਾਰਜ ਹਨ ਜੋ ਬਾਲਾਂ ਦੀਆਂ ਸਾਹਿਤਕ ਲੋੜਾਂ ਦੀ ਪੂਰਤੀ, ਬੌਧਿਕ ਵਿਕਾਸ ਤੇ ਆਪਸੀ ਮੇਲ-ਮਿਲਾਪ ਵਿਚ ਵਾਧਾ ਕਰਦੇ ਹਨ। ਬਾਲਾਂ ਦੀ ਕਲਪਨਾ ਨੂੰ ਟੁੰਬਣ ਵਾਲਾ ਗਿਆਨ – ਵਿਗਿਆਨ ਭਰਪੂਰ ਬਾਲ ਸਾਹਿਤ ਅਜੋਕੇ ਸਮੇਂ ਦੀ ਮੁੱਖ ਲੋੜ ਹੈ।
ਨਾਟਕ, ਇੱਕ ਸਾਹਿਤਕ ਰਚਨਾ ਹੁੰਦੀ ਹੈ, ਜੋ ਰੰਗਮੰਚ-ਪ੍ਰਦਰਸ਼ਨ ਲਈ ਲਿਖੀ ਜਾਂਦੀ ਹੈ। ਅਜਿਹੀ ਰਚਨਾ ਵਿਚ ਸੰਵਾਦ ਅਤੇ ਰੰਗਮੰਚੀ ਨਿਰਦੇਸ਼ਾਂ ਦੁਆਰਾ ਘਟਨਾਵਾਂ ਨੂੰ ਨਾਟਕੀ ਰੂਪ ਦਿੱਤਾ ਜਾਂਦਾ ਹੈ। ਨਾਟਕਾਂ ਦੇ ਲੇਖਕ, ਨਾਟਕਕਾਰ, ਇਨ੍ਹਾਂ ਘਟਨਾਵਾਂ ਨੂੰ ਝਾਕੀਆਂ (ਐਕਟਾਂ) ਅਤੇ ਦ੍ਰਿਸ਼ਾਂ ਦੇ ਰੂਪ ਵਿੱਚ ਸਿਰਜਦੇ ਹਨ। ਇਹ ਢੰਗ ਬਿਰਤਾਂਤ ਦੇ ਵਿਸ਼ੇ ਨੂੰ ਦਰਸ਼ਕਾਂ ਲਈ ਬਹੁਤ ਹੀ ਮਨੋਰੰਜਕ ਰੂਪ ਵਿਚ ਪੇਸ਼ ਕਰਦਾ ਹੈ। ਨਾਟਕ ਅਤੇ ਡਰਾਮੇ ਵਿੱਚ ਇਕ ਮੁੱਢਲਾ ਫ਼ਰਕ ਇਹ ਹੈ ਕਿ ਨਾਟਕ, ਰੰਗਮੰਚ ਉੱਤੇ ਇੱਕ ਨਾਟਕੀ ਪ੍ਰਦਰਸ਼ਨ ਹੈ, ਜਦੋਂ ਕਿ ਡਰਾਮਾ ਵਾਰਤਕ ਜਾਂ ਕਵਿਤਾ ਦੇ ਰੂਪ ਵਿੱਚ ਇੱਕ ਸਾਹਿਤਕ ਰਚਨਾ ਹੈ, ਜੋ ਸੰਬੰਧਤ ਵਿਸ਼ੇ ਨੂੰ ਸੰਵਾਦ ਰੂਪ ਵਿਚ ਬਿਆਨ ਕਰਦੀ ਹੈ ਅਤੇ ਡਰਾਮੇ ਦੇ ਕਿਰਦਾਰ ਵਿਸ਼ੇ ਦੀ ਗੁੰਝਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਨਾਟਕ ਦੇ ਪੰਜ ਮੁੱਖ ਤੱਤ ਹਨ ਜਿਵੇਂ ਕਿ ਵਿਚਾਰ, ਕਥਾ, ਪਾਤਰ, ਭਾਸ਼ਾ ਅਤੇ ਸੰਗੀਤ। ਇਨ੍ਹਾਂ ਤੋਂ ਇਲਾਵਾ ਦ੍ਰਿਸ਼, ਸਾਮਗਰੀ (ਪ੍ਰੋਪਸ), ਲਿਬਾਸ, ਵਿਸ਼ੇਸ਼ ਪ੍ਰਭਾਵ ਤੇ ਪ੍ਰਦਰਸ਼ਨ ਤੱਤ ਵੀ ਵਿਸ਼ੇਸ਼ ਮਹੱਤਵ ਰੱਖਦੇ ਹਨ।
ਮੁੱਖ ਤੌਰ ਉੱਤੇ ਨਾਟਕਾਂ ਦੀਆਂ ਚਾਰ ਕਿਸਮਾਂ ਹੁੰਦੀਆਂ ਹਨ। (i) ਫ਼ੰਕਸ਼ਨਲ ਨਾਟਕ: ਅਜਿਹੇ ਨਾਟਕ ਜੋ ਸਿਰਫ਼ ਨਾਟਕੀ ਅਨੁਭਵ ਦਾ ਆਨੰਦ ਲੈਣ ਲਈ ਖੇਡੇ ਜਾਂਦੇ ਹਨ। (ii) ਰਚਨਾਤਮਕ ਨਾਟਕ: ਅਜਿਹੇ ਨਾਟਕਾਂ ਵਿੱਚ ਕਿਸੇ ਚੀਜ਼ ਦਾ ਨਿਰਮਾਣ ਕਰਨਾ ਸ਼ਾਮਿਲ ਹੁੰਦਾ ਹੈ ਜਿਵੇਂ ਇਮਾਰਤ ਦਾ ਨਿਰਮਾਣ, ਡਰਾਇੰਗ ਜਾਂ ਸ਼ਿਲਪਕਾਰੀ ਕਾਰਜਾਂ ਅਧਾਰਿਤ ਨਾਟਕ। (iii) ਖੋਜਕਾਰੀ ਨਾਟਕ: ਅਜਿਹੇ ਨਾਟਕ ਵਿਚ ਕਿਸੇ ਵਸਤੂ ਜਾਂ ਵਿਅਕਤੀ ਆਦਿ ਬਾਰੇ ਖੋਜਕਾਰੀ ਤੱਥਾਂ ਦਾ ਪ੍ਰਗਟਾ ਕੀਤਾ ਜਾਂਦਾ ਹੈ। (iv) ਡਰਾਮਾਟਿਕ ਨਾਟਕ: ਅਜਿਹੀ ਨਾਟਕੀ ਖੇਡ ਹੈ ਜਿਸ ਵਿੱਚ ਬੱਚੇ ਸਵੈ ਤੋ ਭਿੰਨਤਾ ਵਾਲਾ ਕਿਰਦਾਰ ਨਿਭਾਉਂਦੇ ਹਨ। ਜਿਵੇਂ ਕਿ ਕਿਸੇ ਪੰਛੀ, ਪਸ਼ੂ ਜਾਂ ਨਿਰਜੀਵ ਵਸਤੂ ਆਦਿ ਦਾ ਰੋਲ ਅਦਾ ਕਰਨਾ।
ਨਾਟਕ ਖੇਡਣ ਦਾ ਟੀਚਾ ਅਦਾਕਾਰਾਂ ਵਿਚ ਹੁਨਰ ਤੇ ਵਿਵਹਾਰਿਕ ਵਿਕਾਸ ਪੈਦਾ ਕਰਨਾ ਹੁੰਦਾ ਹੈ। ਨਾਟਕ ਖੇਡਣ ਨਾਲ ਬੱਚਿਆਂ ਵਿਚ ਕਲਪਨਾ, ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਸ਼ਕਤੀ ਦਾ ਵਿਕਾਸ ਹੁੰਦਾ ਹੈ। ਨਾਟਕੀ ਪ੍ਰਦਰਸ਼ਨ ਰਾਹੀਂ ਉਹ ਆਪਣੇ ਚੌਗਿਰਦੇ ਬਾਰੇ ਰੌਚਕਮਈ ਢੰਗ ਨਾਲ ਜਾਣਕਾਰੀ ਹਾਸਿਲ ਕਰਦੇ ਹਨ। ਬੱਚਿਆਂ ਵਿਚ ਨਕਲ ਉਤਾਰਣ, ਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਸਮਝ ਪੈਦਾ ਹੁੰਦੀ ਹੈ। ਉਨ੍ਹਾਂ ਵਿਚ ਯਾਦਦਾਸ਼ਤ, ਇਕਾਗਰਤਾ ਅਤੇ ਹਮਦਰਦੀ ਵਰਗੇ ਗੁਣਾਂ ਦਾ ਵਿਕਾਸ ਹੁੰਦਾ ਹੈ। ਨਾਟਕ ਰਾਹੀਂ, ਬੱਚੇ ਚਿਹਰੇ ਦੇ ਵੱਖੋ-ਵੱਖਰੇ ਹਾਵ-ਭਾਵ, ਆਵਾਜ਼ਾਂ, ਸੁਰਾਂ ਅਤੇ ਸਰੀਰਕ ਭਾਸ਼ਾ ਦੀ ਵਰਤੋਂ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਅਜਿਹੀ ਖੇਡ ਬੱਚਿਆਂ ਦੇ ਸਵੈ-ਵਿਸ਼ਵਾਸ ਵਿਚ ਵਾਧਾ ਕਰਦੀ ਹੈ। ਇਹ ਭਾਸ਼ਾਵਾਂ ਸਿੱਖਣ ਦਾ ਇੱਕ ਚੰਗਾ ਢੰਗ ਵੀ ਹੈ।
ਨਾਟਕੀ ਰਿਹਰਸਲ ਤੇ ਪੇਸ਼ਕਾਰੀ ਦੌਰਾਨ ਬੱਚੇ ਬੋਲ ਕੇ ਤੇ ਇਸ਼ਾਰਿਆਂ ਦੀ ਵਰਤੋਂ ਨਾਲ ਵਿਚਾਰਾਂ ਦਾ ਪ੍ਰਗਟਾ ਕਰਨਾ ਸਿੱਖਦੇ ਹਨ। ਇਹ ਕਾਰਜ ਉਨ੍ਹਾਂ ਦੇ ਆਵਾਜ਼ ਦੇ ਉਤਾਰ-ਚੜ੍ਹਾਅ, ਬੋਲ-ਚਾਲ, ਤੇ ਭਾਸ਼ਾ ਦੀ ਰਵਾਨੀ ਨੂੰ ਬਿਹਤਰ ਬਣਾਉਂਦੇ ਹਨ। ਅਜਿਹੀ ਖੇਡ ਨਾਲ ਉਨ੍ਹਾਂ ਦੀ ਸੁਣਨ, ਜਾਨਣ ਅਤੇ ਜਾਂਚ ਕਰਨ ਦੀ ਯੋਗਤਾ ਦਾ ਵਿਕਾਸ ਹੁੰਦਾ ਹੈ। ਨਾਟਕ ਖੇਡਣਾ ਤੇ ਦੇਖਣਾ ਬੱਚਿਆਂ ਤੇ ਵੱਡਿਆਂ, ਸੱਭ ਲਈ ਹੀ ਮਨੋਰੰਜਨ ਦਾ ਸਾਧਨ ਹੁੰਦਾ ਹੈ। ਇਹ ਸਾਡੇ ਮਾਨਸਿਕ ਤਣਾਅ ਨੂੰ ਦੂਰ ਕਰਦਾ ਹੈ ਅਤੇ ਆਪਸੀ ਮਿਲਵਰਤਣ ਵਿਚ ਵਾਧਾ ਕਰਦਾ ਹੈ। ਨਾਟਕ ਮੰਚਣ ਅਦਾਕਾਰਾਂ ਤੇ ਦਰਸ਼ਕਾਂ ਲਈ ਨਾਟਕ ਦੇ ਵਿਸ਼ੇ ਨੂੰ ਵਧੇਰੇ ਕ੍ਰਿਆਤਮਕ, ਦਿਲਕਸ਼ ਅਤੇ ਅਰਥਪੂਰਨ ਬਣਾਉਂਦਾ ਹੈ। ਇਹ ਬਾਲਾਂ ਵਿਚ ਆਲੋਚਨਾਤਮਕ ਅਤੇ ਸਿਰਜਨਕਾਰੀ ਸੋਚ ਦਾ ਵਿਕਾਸ ਕਰਦਾ ਹੈ। ਮਾਹਿਰਾਂ ਅਨੁਸਾਰ ਬੱਚਿਆਂ ਤੇ ਨੌਜੁਆਨਾਂ ਲਈ ਨਾਟਕ ਮੰਚਣ ਦੇ ਅਨੇਕ ਭੌਤਿਕ, ਭਾਵਨਾਤਮਕ ਤੇ ਸਮਾਜਿਕ ਪ੍ਰਭਾਵ ਦੇਖੇ ਗਏ ਹਨ। ਇਹ ਪ੍ਰਭਾਵ ਉਨ੍ਹਾਂ ਵਿਚ ਸੱਭਿਆਚਾਰ ਅਤੇ ਕਲਾਵਾਂ ਬਾਰੇ ਸੁਚੱਜੀ ਰਾਏ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ। ਅਭਿਨੈ ਕਲਾ ਨੌਜੁਆਨਾਂ ਨੂੰ ਸਥਿਤੀਆਂ ਦਾ ਮੁਲਾਂਕਣ ਕਰਨ, ਮੌਲਿਕ ਸੋਚ ਤੇ ਅਣਜਾਣ ਸਥਿਤੀਆਂ ਦਾ ਟਾਕਰਾ ਕਰਨ ਦਾ ਸਵੈ-ਭਰੋਸਾ ਬਖ਼ਸ਼ਦੀ ਹੈ। ਇਹ ਸਵੈ-ਭਰੋਸਾ ਉਨ੍ਹਾਂ ਦੇ ਸਕੂਲੀ ਜੀਵਨ, ਕਰੀਅਰ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਅਹਿਮ ਰੋਲ ਅਦਾ ਕਰਦਾ ਹੈ। ਪੰਜਾਬੀ ਬਾਲ ਸਾਹਿਤ ਵਿਚ, ਬਾਲ ਪਾਤਰਾਂ ਵਾਲੇ ਤੇ ਬਾਲਾਂ ਦੁਆਰਾ ਖੇਡਣਯੋਗ ਨਾਟਕਾਂ ਦੀ ਵੱਡੀ ਘਾਟ ਨਜ਼ਰ ਆਉਂਦੀ ਹੈ। ਪਿਛਲੇ ਸਾਲਾਂ ਦੌਰਾਨ ਕੁਝ ਕੁ ਲੇਖਕਾਂ ਨੇ ਇਸ ਖੇਤਰ ਵਿਚ ਸਫ਼ਲ ਕਾਰਜ ਕੀਤੇ ਹਨ। ਜਿਸ ਨੂੰ ਪਾਠਕਾਂ ਵਲੋਂ ਚੰਗਾ ਹੁੰਗਾਰਾ ਵੀ ਮਿਲਿਆ ਹੈ। ਪੰਜਾਬੀ ਅਖ਼ਬਾਰਾਂ ਜਿਵੇਂ ਕਿ ઑਪੰਜਾਬੀ ਜਾਗਰਣ਼, ਜਲੰਧਰ; ਤੇ ઑਪਰਵਾਸੀ ਵੀਕਲ਼ੀ, ਕੈਨੇਡਾ ਅਤੇ ਪੰਜਾਬੀ ਮਾਸਿਕ ਰਸਾਲਿਆਂ ઑਪੰਖੜ੍ਹੀਆਂ਼ ਤੇ ઑਪ੍ਰਾਇਮਰੀ ਸਿੱਖਿਆ਼, ਮੁਹਾਲੀ, ਤੇ ઑਪੰਖੇਰੂ਼, ਲਾਹੌਰ ਨੇ ਸਮੇਂ ਸਮੇਂ ਬਾਲ ਨਾਟਕਾਂ ਨੂੰ ਛਾਪ ਕੇ ਬਾਲ-ਨਾਟਕ ਵਿਧਾ ਨੂੰ ਉਤਸ਼ਾਹਿਤ ਕੀਤਾ।
ਵਰਨਣਯੋਗ ਹੈ ਕਿ ਜਨਾਬ ਅਸ਼ਰਫ਼ ਸੁਹੇਲ ਦੀ ਰਾਹਨੁਮਾਈ ਹੇਠ ਲਾਹੌਰ ਤੋਂ ਛਾਪੇ ਜਾ ਰਹੇ ਮਾਸਿਕ ਬਾਲ ਰਸਾਲੇ ਪੰਖੇਰੂ ਦਾ ਜਨਵਰੀ 2022 ਦਾ ਅੰਕ ઑਬਾਲ ਨਾਟਕ ਵਿਸ਼ੇਸ਼ ਅੰਕ਼ ਵਜੋਂ ਛਾਪਿਆ ਗਿਆ ਹੈ।
ਖੁਸ਼ੀ ਦੀ ਗੱਲ ਹੈ ਕਿ ਬਾਲ ਨਾਟਕਾਂ ਦੀਆਂ ਕਿਤਾਬਾਂ ਛਾਪਣ ਵੱਲ ਵੀ ਲੇਖਕਾਂ ਦਾ ਰੁਝਾਣ ਵਧਿਆ ਹੈ। ਸੰਨ 2019 ਦੌਰਾਨ, ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ, ਨੇ ਡਾ. ਦੇਵਿੰਦਰ ਪਾਲ ਸਿੰਘ ਦੁਆਰਾ ਰਚਿਤ, ਗਿਆਨ-ਵਿਗਿਆਨ ਵਿਸ਼ਿਆਂ ਅਧਾਰਿਤ ਬਾਲ ਨਾਟਕਾਂ ਦੀ ਪਹਿਲੀ ਕਿਤਾਬ ”ਸਤਰੰਗੀ ਪੀੰਘ ਤੇ ਹੋਰ ਨਾਟਕ” ਛਾਪੀ, ਜੋ ਬਾਲ ਪਾਠਕਾਂ ਤੇ ਵਿੱਦਿਅਕ ਅਦਾਰਿਆਂ ਵਿਚ ਬਹੁਤ ਮਕਬੂਲ ਹੋਈ। ਜ਼ਿਕਰਯੋਗ ਹੈ ਕਿ ਗੌਰਮਿੰਟ ਕਾਲਜ ਵੋਮੈਨ ਯੂਨੀਵਰਸਿਟੀ ਦੇ ਬੀ. ਐੱਸ. ਡਿਗਰੀ ਕੋਰਸ ਦੇ ਇਕ ਵਿਦਿਆਰਥੀ ਵਲੋਂ ਇਸ ਕਿਤਾਬ ਸੰਬੰਧਤ ਥੀਸਿਸ ਵੀ ਲਿਖਿਆ ਜਾ ਰਿਹਾ ਹੈ। ਜਨਾਬ ਅਸ਼ਰਫ਼ ਸੁਹੇਲ ਦੀ ਸੰਪਾਦਨਾ ਜਨਵਰੀ 2022 ਹੁਣ ਇਹ ਅਦਾਰਾ ਸੰਨ 2022 ਵਿਚ ਜਨਾਬ ਖ਼ਾਲੇਦ ਜਾਵੇਦ ਦੀ ਸੰਪਾਦਨਾ ਹੇਠ ਬਾਲ ਨਾਟਕਾਂ ਦੀ ਇਕ ਹੋਰ ਕਿਤਾਬ ਛਾਪ ਰਿਹਾ ਹੈ, ਜੋ ਅਲੱਗ ਅਲੱਗ ਲੇਖਕਾਂ ਵਲੋਂ ਰਚੇ, ਵੰਨ-ਸੁਵੰਨੇ ਵਿਸ਼ਿਆਂ ਵਾਲੇ ਨਾਟਕਾਂ ਅਤੇ ਸੁੰਦਰ ਚਿੱਤਰਾਂ ਨਾਲ ਸੁਸਜਿਤ ਹੋਣ ਕਾਰਣ ਇਕ ਪ੍ਰਸੰਸਾਯੋਗ ਉੱਦਮ ਹੈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਵਿਖੇ ਵੀ ਪਿਛਲੇ ਦਿਨੀਂ, ਸੰਨ 2021 ਵਿਚ, ਯੂਨੀਸਟਾਰ ਬੁੱਕ ਪਬਲਿਸ਼ਰਜ਼, ਮੁਹਾਲੀ ਵਲੋਂ ਡਾਕਟਰ ਡੀ. ਪੀ. ਸਿੰਘ ਦੁਆਰਾ ਰਚਿਤ ਵਾਤਾਵਰਣੀ ਵਿਸ਼ੇ ਅਧਾਰਿਤ ਬਾਲ ਨਾਟਕਾਂ ਦੀ ਕਿਤਾਬ ”ਧਰਤੀ-ਮਾਂ ਬੀਮਾਰ ਹੈ ਅਤੇ ਹੋਰ ਨਾਟਕ” ਛਾਪੀ ਗਈ ਹੈ। ਆਸ ਹੈ ਕਿ ਭਵਿੱਖ ਵਿਚ ਹੋਰ ਲੇਖਕ ਵੀ ਵੰਨ-ਸੁਵੰਨੇ ਵਿਸ਼ਿਆਂ ਅਧਾਰਿਤ ਬਾਲ ਨਾਟਕ ਰਚ ਕੇ ਬਾਲ ਸਾਹਿਤ ਦੇ ਇਸ ਖੇਤਰ ਨੂੰ ਹੋਰ ਭਰਪੂਰ ਬਣਾਉਣਗੇ।
ਡਾਇਰੈਕਟਰ ਤੇ ਵਿੱਦਿਅਕ ਸਲਾਹਕਾਰ, ਕੈਨਬ੍ਰਿਜ ਲਰਨਿੰਗ, ਮਿਸੀਸਾਗਾ, ਓਨਟਾਰੀਓ, ਕੈਨੇਡਾ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …