ਡਾ. ਰਣਜੀਤ ਸਿੰਘ ਘੁੰਮਣ
ਸ਼ੁਰੂ-ਸ਼ੁਰੂ ਵਿਚ ਭਾਵੇਂ ਬੰਦਾ ਸ਼ੌਕ-ਸ਼ੌਕ ਵਿਚ ਨਸ਼ੇ ਦੀ ਵਰਤੋਂ ਕਰਦਾ ਹੈ ਪਰ ਇਕ ਪੜਾਅ ਅਜਿਹਾ ਆਉਂਦਾ ਹੈ ਜਦ ਨਸ਼ਾ ਉਸ ਦੀ ਰੋਜ਼ਮੱਰ੍ਹਾ ਆਦਤ ਬਣ ਜਾਂਦਾ ਹੈ ਅਤੇ ਉਹ ਨਸ਼ੇ ਬਿਨਾ ਰਹਿ ਹੀ ਨਹੀਂ ਸਕਦਾ। ਅਜਿਹਾ ਸ਼ਖ਼ਸ ਚੰਗੇ/ਮਾੜੇ ਵਿਚ ਫ਼ਰਕ ਨਹੀਂ ਕਰ ਸਕਦਾ ਅਤੇ ਨਸ਼ਾ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ। ਅਜਿਹੀ ਹਾਲਤ ‘ਚ ਪਹੁੰਚ ਚੁੱਕੇ ਬੰਦੇ ਨੂੰ ਨਸ਼ੇੜੀ ਜਾਂ ਨਸ਼ੱਈ ਕਿਹਾ ਜਾਂਦਾ ਹੈ। ਅੱਜ ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਅਜਿਹੇ ਲੋਕ ਹਨ। ਭਾਰਤੀ ਸੰਸਦ ਦੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਸਬੰਧੀ ਸਥਾਈ ਕਮੇਟੀ ਦੀ ਹਾਲ ਹੀ ‘ਚ ਆਈ ਰਿਪੋਰਟ ਅਨੁਸਾਰ ਪੰਜਾਬ ਵਿਚ 66 ਲੱਖ ਲੋਕ ਨਸ਼ਿਆਂ (ਜਿਨ੍ਹਾਂ ਵਿਚ ਸ਼ਰਾਬ, ਤੰਬਾਕੂ ਵੀ ਸ਼ਾਮਿਲ ਹਨ) ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਵਿਚੋਂ 21 ਲੱਖ 36 ਹਜ਼ਾਰ ਅਫ਼ੀਮ ਜਾਂ ਅਫ਼ੀਮ ਆਧਾਰਿਤ ਨਸ਼ੇ ਲੈ ਰਹੇ ਹਨ। ਇਨ੍ਹਾਂ ਵਿਚ 7 ਲੱਖ ਦੇ ਕਰੀਬ 10 ਤੋਂ 17 ਸਾਲ ਦੀ ਉਮਰ ਦੇ ਹਨ।
ਦਿਹਾਤੀ ਅਤੇ ਉਦਯੋਗਿਕ ਵਿਕਾਸ ਸੈਂਟਰ (ਕਰਿਡ) ਚੰਡੀਗੜ੍ਹ ਵੱਲੋਂ 2017-19 ਦੌਰਾਨ ਕੀਤੇ ਅਧਿਐਨ ਵਿਚ ਇਹ ਸਾਹਮਣੇ ਆਇਆ ਹੈ ਕਿ ਨਸ਼ਿਆਂ ਵਰਗੀ ਭਿਆਨਕ ਮਹਾਮਾਰੀ ਦੇ ਬੁਨਿਆਦੀ ਕਾਰਨ ਸਮਾਜਿਕ, ਸੱਭਿਆਚਾਰਕ, ਆਰਥਿਕ ਤੇ ਸਿਆਸੀ ਹਾਲਾਤ ਵਿਚ ਹੁੰਦੇ ਹਨ; ਜਦ ਵੀ ਇਹ ਹਾਲਾਤ ਨਸ਼ਿਆਂ ਦੀ ਪੂਰਤੀ ਤੇ ਮੰਗ ਲਈ ਸਾਜ਼ਗਰ ਹੁੰਦੀਆਂ ਹਨ ਤਾਂ ਨਸ਼ਾ-ਰੂਪੀ ਬੀਜ ਪਨਪਣੇ ਅਤੇ ਵਧਣੇ ਫੁੱਲਣੇ ਸ਼ੁਰੂ ਹੋ ਜਾਂਦੇ ਹਨ। ਇਹ ਵਧਦੇ ਵਧਦੇ ਨਾਸੂਰ ਦਾ ਰੂਪ ਧਾਰਨ ਕਰ ਲੈਂਦੇ ਹਨ। ਇਹ ਬਿਮਾਰੀ ਵਧਦੀ ਵਧਦੀ ਮਨੁੱਖ ਦੀ ਮਾਨਸਿਕਤਾ ਉਪਰ ਭਾਰੂ ਹੋ ਜਾਂਦੀ ਹੈ ਅਤੇ ਕਈ ਕਿਸਮ ਦੇ ਮਾਨਸਿਕ ਤੇ ਸਰੀਰਕ ਰੋਗਾਂ ਨੂੰ ਜਨਮ ਦਿੰਦੀ ਹੈ।
ਇਸ ਅਧਿਐਨ (ਜਿਸ ਵਿਚ ਡਾ. ਗੁਰਿੰਦਰ ਕੌਰ, ਡਾ. ਜਤਿੰਦਰ ਸਿੰਘ ਤੇ ਸ੍ਰੀ ਹਕੀਕਤ ਸਿੰਘ ਮੇਰੇ ਸਹਿਯੋਗੀ ਸਨ) ਉਤਰੀ ਭਾਰਤ ਦੇ ਪੰਜ ਰਾਜਾਂ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਜੰਮੂ ਕਸ਼ਮੀਰ) ਵਿਚ ਨਸ਼ਿਆਂ ਦੇ ਰੁਝਾਨ ਦਾ ਅਧਿਐਨ ਹੈ। ਅਸੀਂ ਕੇਵਲ ਉਨ੍ਹਾਂ ਨਸ਼ੇ ਦਰਜ ਕੀਤੇ ਹਨ ਜਿਹੜੇ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟਰੋਪਿਕ ਸਬਸਟਾਂਸਿਜ਼ ਐਕਟ ਅਧੀਨ ਗ਼ੈਰ-ਕਾਨੂੰਨੀ ਹਨ। ਪੰਜਾਬ ਅਤੇ ਇਸ ਦੇ ਗੁਆਂਢੀ ਰਾਜਾਂ ਦੀ ਚੋਣ ਇਸ ਤਰ੍ਹਾਂ ਕੀਤੀ ਗਈ ਕਿ ਪੰਜਾਬ ਨਾਲ ਉਨ੍ਹਾਂ ਦੀਆਂ ਸਰਹੱਦਾ ਲੱਗਦੀਆਂ ਹਨ ਤੇ ਸਮਝਿਆ ਜਾਂਦਾ ਹੈ, ਪੰਜਾਬ ਵਿਚ ਇਨ੍ਹਾਂ ਰਾਜਾਂ ਤੋਂ ਵੀ ਨਸ਼ੇ ਆਉਂਦੇ ਹਨ ਅਤੇ ਪੰਜਾਬ ਵਿਚੋਂ ਵੀ ਇਨ੍ਹਾਂ ਰਾਜਾਂ ਨੂੰ ਨਸ਼ੇ ਭੇਜੇ ਜਾਂਦੇ ਹਨ। ਪੰਜਾਬ ਵਿਚ ਬਾਹਰੋਂ ਨਸ਼ੇ ਗੋਲਡਨ ਕਰੈਸੇਂਟ (ਇਰਾਨ, ਅਫਗਾਨਿਸਤਾਨ ਤੇ ਪਾਕਿਸਤਾਨ) ਤੋਂ ਆਉਂਦੇ ਹਨ। ਸ਼ੁਰੂ ਵਿਚ ਭਾਵੇਂ ਪੰਜਾਬ ਮੁੱਖ ਤੌਰ ‘ਤੇ ਇਨ੍ਹਾਂ ਨਸ਼ਿਆਂ ਲਈ ਲਾਂਘੇ ਵਜੋਂ ਵਰਤਿਆ ਜਾਂਦਾ ਸੀ ਪਰ ਹੌਲੀ ਹੌਲੀ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਸ਼ਿਆਂ ਦੀ ਆਦਤ ਪੈ ਗਈ। ਪੰਜਾਬ ਵਿਚ ਤਿਆਰ ਹੋ ਰਹੇ ਨਸ਼ੇ (ਜਿਵੇਂ ਸਿੰਥੇਟਕ, ਰਸਾਇਣਕ ਨਸ਼ੇ) ਵੀ ਨਸ਼ਿਆਂ ਦੀ ਪੂਰਤੀ ਵਧਾ ਰਹੇ ਹਨ।
ਨਸ਼ਿਆਂ ਦੀ ਆਦਤ ਕਿਵੇਂ ਪੈਂਦੀ ਹੈ : ਪੰਜਾਬ ਵਿਚ ਤਕਰੀਬਨ 77 ਫ਼ੀਸਦੀ ਪਰਿਵਾਰਾਂ ਵਿਚ ਪਰਿਵਾਰ ਦੇ ਵੱਡੇ (ਆਮ ਤੌਰ ‘ਤੇ ਨਸ਼ਾ ਕਰਨ ਵਾਲੇ ਦਾ ਪਿਤਾ) ਕਿਸੇ ਨਾ ਕਿਸੇ ਨਸ਼ੇ ਦਾ ਸੇਵਨ ਕਰਦੇ ਹਨ। ਇਨ੍ਹਾਂ ਵਿਚ 81 ਫ਼ੀਸਦੀ ਸ਼ਰਾਬ ਵਾਲੇ ਹਨ। ਤਕਰੀਬਨ 65 ਫ਼ੀਸਦ ਪਰਿਵਾਰਾਂ ਨੇ ਇਹ ਮੰਨਿਆ ਕਿ ਉਨ੍ਹਾਂ ਪਰਿਵਾਰਾਂ ਵਿਚ ਕਿਸੇ ਨਾ ਕਿਸੇ ਮੈਂਬਰ ਦੇ ਨਸ਼ੇ ਦੀ ਵਰਤੋਂ ਕਰਨ ਦੇ ਪ੍ਰਭਾਵ ਹੇਠ ਉਨ੍ਹਾਂ ਦੇ ਪੁੱਤਰ/ਪੁੱਤਰਾਂ ਵਿਚ ਨਸ਼ੇ ਦਾ ਰੁਝਾਨ ਸ਼ੁਰੂ ਹੋਇਆ। ਨਸ਼ਾ ਕਰਨ ਵਾਲਿਆਂ ਵਿਚੋਂ ਤਕਰੀਬਨ 93 ਫ਼ੀਸਦੀ ਨੇ 7 ਤੋਂ 25 ਸਾਲ ਵਿਚਕਾਰ ਕਿਸੇ ਨਾ ਕਿਸੇ ਨਸ਼ੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਅਧਿਐਨ ਵਿਚਲੇ ਨਸ਼ਾ ਕਰਨ ਵਾਲਿਆਂ ਵਿਚੋਂ ਤਕਰੀਬਨ 80 ਫ਼ੀਸਦੀ 14 ਤੋਂ 35 ਸਾਲ ਵਿਚਕਾਰ ਸਨ। ਕਿੰਨਾ ਵੱਡਾ ਦੁਖਾਂਤ ਹੈ ਕਿ ਜ਼ਿੰਦਗੀ ਦੇ ਬਹੁਤ ਹੀ ਉਪਯੋਗੀ ਸਮੇਂ ਦੌਰਾਨ ਇਹ ਨੌਜਵਾਨ ਆਰਥਿਕ ਵਿਕਾਸ ਵਿਚ ਯੋਗਦਾਨ ਪਾਉਣ ਦੀ ਬਜਾਇ ਇਕ ਤਰ੍ਹਾਂ ਨਾਲ ਸਮਾਜ ਉੱਪਰ ਬੋਝ ਬਣ ਗਏ। ਜਿਸ ਉਮਰ ਵਿਚ ਉਨ੍ਹਾਂ ਆਪਣੇ ਬੁੱਢੇ ਮਾਪਿਆਂ, ਛੋਟੇ ਬੱਚਿਆਂ ਅਤੇ ਪਰਿਵਾਰ ਦਾ ਸਹਾਰਾ ਬਣਨਾ ਹੁੰਦਾ ਹੈ, ਉਸ ਉਮਰ ਵਿਚ ਉਹ ਨਸ਼ਿਆਂ ਵਿਚ ਘਿਰ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁ-ਗਿਣਤੀ ਥੋੜ੍ਹੀ ਪੜ੍ਹਾਈ ਵਾਲੇ ਹੀ ਸਨ।
ਇਨ੍ਹਾਂ ਵਿਚੋਂ ਤਕਰੀਬਨ 82 ਫ਼ੀਸਦੀ ਨੇ ਦੱਸਿਆ ਕਿ ਉਨ੍ਹਾਂ ਅੰਦਰ ਨਸ਼ੇ ਦੀ ਆਦਤ ਆਪਣੇ ਹਾਣੀਆਂ ਵੱਲੋਂ ਉਨ੍ਹਾਂ ਨੂੰ ਨਸ਼ੇ ਲਈ ਉਕਸਾਉਣ ਅਤੇ ਦਬਾਅ ਪਾਉਣ ਕਾਰਨ ਸ਼ੁਰੂ ਹੋਈ। ਪੰਜਾਬ ਵਿਚ ਮੁੱਖ ਤੌਰ ‘ਤੇ ਅਫੀਮ, ਭੁੱਕੀ, ਭੰਗ, ਕੋਕੀਨ, ਗਾਂਜਾ/ਸਮੈਕ, ਹੈਰੋਇਨ, ਟਰਾਮਾਡੋਲ ਅਤੇ ਬੁਪਰਨੋਰਫੀਨ ਵਰਗੇ ਨਸ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਲਗਭੱਗ 65 ਫ਼ੀਸਦੀ ਤੱਕ ਹੈਰੋਇਨ ਦੇ ਆਦੀ ਹੋ ਚੁੱਕੇ ਹਨ। ਟਰਾਮਾਡੋਲ, ਬੁਪਰਨੋਰਫੀਨ ਆਦਿ ਸਿੰਥੈਟਿਕ ਦਵਾਈਆਂ ਦਾ ਵੀ ਨਸ਼ਾ ਕਰਨ ਵਾਲਿਆਂ ਵਲੋਂ ਬਹੁਤ ਸੇਵਨ ਹੋ ਰਿਹਾ ਹੈ। ਇਹ ਵੀ ਦੇਖਣ ‘ਚ ਆਇਆ ਕਿ ਨਸ਼ਾ ਮੁਕਤ ਹੋ ਚੁੱਕੇ ਲੋਕ ਅਕਸਰ, ਮੁੜ ਨਸ਼ੇ ਦੇ ਵਿਹੁ-ਚੱਕਰ ‘ਚ ਫਸ ਜਾਂਦੇ ਹਨ। ਇਹ ਆਮ ਤੌਰ ‘ਤੇ ਇਕ ਤੋਂ ਵਧ ਨਸ਼ੇ ਕਰਦੇ ਹਨ। ਨਸ਼ਿਆਂ ‘ਤੇ ਰੋਜ਼ਾਨਾ ਔਸਤਨ 200 ਤੋਂ 2000 ਰੁਪਏ ਤਕ ਖਰਚ ਕਰ ਰਹੇ ਹਨ।
ਨਸ਼ਿਆਂ ਦੀ ਵਰਤੋਂ ਨੱਕ ਰਾਹੀਂ ਸੁੰਘ ਕੇ ਅਤੇ ਮੂੰਹ ਰਾਹੀਂ ਨਸ਼ੇ ਲੈਣ ਤੋਂ ਇਲਾਵਾ ਸਰਿੰਜਾਂ ਰਾਹੀਂ ਟੀਕੇ ਲਗਾ ਕੇ ਵੀ ਕੀਤੀ ਜਾ ਰਹੀ ਹੈ। ਨਸ਼ੇ ਕਰਨ ਵਾਲਾ ਹਰ ਬੰਦਾ ਔਸਤਨ ਦੋ ਤੋਂ ਵੱਧ ਤਰੀਕਿਆਂ ਨਾਲ ਇਸ ਦਾ ਸੇਵਨ ਕਰਦਾ ਹੈ। ਬਹੁਤੇ ਇਕ ਹੀ ਸਰਿੰਜ ਅਤੇ ਸੂਈ ਨਾਲ ਨਸ਼ਾ ਕਰਦੇ ਹਨ। ਫ਼ਲਸਰੂਪ ਕਈ ਐੱਚਆਈਵੀ, ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਵੀ ਲਗਾ ਬੈਠਦੇ ਹਨ। ਨਸ਼ਿਆਂ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਮੌਤਾਂ ਹੋ ਚੁੱਕੀਆਂ ਹਨ। ਦੱਸਣ ਮੁਤਾਬਿਕ ਨਸ਼ਾ ਕਰਨ ਮਗਰੋਂ ਉਹ ਬਹੁਤ ਅਨੰਦ ਮਹਿਸੂਸ ਕਰਦੇ ਹਨ ਅਤੇ ਆਪਣੇ ਆਪ ਇਵੇਂ ਮਹਿਸੂਸ ਕਰਦੇ ਹਨ, ਜਿਵੇਂ ਉਨ੍ਹਾਂ ਵਿਚ ਬਹੁਤ ਹਿੰਮਤ ਆ ਗਈ ਹੋਵੇ।
ਇਹ ਲੋਕ ਨਸ਼ੇ ਦੀ ਪ੍ਰਾਪਤੀ ਲਈ ਇਕ ਤੋਂ ਵੱਧ ਸਰੋਤਾਂ ਉਪਰ ਨਿਰਭਰ ਹਨ, ਮੁੱਖ ਸ੍ਰੋਤ ਪੈਡਲਰ ਹੀ ਹਨ। ਨਸ਼ੇ ਕਰਨ ਵਾਲਿਆਂ ਵਿਚੋਂ ਤਕਰੀਬਨ 92 ਫ਼ੀਸਦੀ ਨੇ ਦੱਸਿਆ ਕਿ ਉਹ ਆਪਣੇ ਲਈ ਨਸ਼ੇ ਦੀ ਪੂਰਤੀ ਪੈਡਲਿੰਗ ਰਾਹੀਂ ਹੀ ਕਰਦੇ ਹਨ ਪਰ ਕਈਆਂ ਨੇ ਇਹ ਵੀ ਦੱਸਿਆ ਕਿ ਉਹ ਕੈਮਿਸਟਾਂ ਤੋਂ ਵੀ ਨਸ਼ਾ ਖਰੀਦਦੇ ਹਨ। ਬਾਹਰੀ ਤੌਰ ‘ਤੇ ਭਾਵੇਂ ਨਸ਼ਿਆਂ ਦੀ ਪੂਰਤੀ ਦਾ ਮੁੱਖ ਸ੍ਰੋਤ ਪੈਡਲਰ ਹੀ ਹਨ ਪਰ ਉਹ ਤਾਂ ਨਸ਼ਾ ਪੁੱਜਦਾ ਕਰਨ ਦਾ ਮਾਧਿਅਮ ਹਨ। ਕੇਸ ਸਟੱਡੀਜ਼ ਅਤੇ ਸਿਵਲ ਸੁਸਾਇਟੀ ਦੇ ਵੱਖ ਵੱਖ ਗਰੁੱਪਾਂ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਨਸ਼ਿਆਂ ਦੀ ਉਤਪਤੀ ਅਤੇ ਪੂਰਤੀ ਪਿੱਛੇ ਵੱਡੇ ਨਸ਼ਾ ਤਸਕਰ, ਪੁਲਿਸ ਅਤੇ ਸਿਆਸਤਦਾਨਾਂ ਦਾ ਗਠਜੋੜ ਹੈ। ਅਜਿਹੇ ਤਾਕਤਵਰ ਗੱਠਜੋੜ ਕਾਰਨ ਹੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਸ਼ਿਆਂ ਦੀ ਪੂਰਤੀ ਰੋਕਣ ‘ਚ ਅਜੇ ਤੱਕ ਕਾਮਾਯਾਬੀ ਨਹੀਂ ਮਿਲੀ। ਇਹ ਵੀ ਪਤਾ ਲੱਗਾ ਕਿ ਨਸ਼ਾ ਤਸਕਰੀ ਵਿਚ ਬਹੁਤ ਵੱਡੇ ਵਿੱਤੀ ਹਿੱਤ ਸ਼ਾਮਿਲ ਹਨ ਜਿਸ ਕਾਰਨ ਨਸ਼ਿਆਂ ਦਾ ਉਤਪਾਦਨ ਅਤੇ ਪੂਰਤੀ ਘਟਣ ਦੀ ਬਜਾਇ ਵਧ ਰਹੇ ਹਨ। ਅਧਿਐਨ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਬੇਰੁਜ਼ਗਾਰੀ ਅਤੇ ਨਿੱਘਰ ਰਹੇ ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਹਾਲਾਤ ਵੀ ਨਸ਼ਿਆਂ ਦੇ ਸੇਵਨ ਪਿੱਛੇ ਮੁੱਖ ਕਾਰਨ ਹਨ।
ਇਸ ਬਿਰਤਾਂਤ ਅਤੇ ਵਿਸ਼ਲੇਸ਼ਣ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਗ੍ਰਿਫ਼ਤ ਵਿਚ ਆਉਣ ਵਾਲਿਆਂ ਵਿਚੋਂ ਬਹੁਤੇ ਅੱਲੜ ਅਤੇ ਨੌਜਵਾਨ ਹਨ। ਇਹ ਜ਼ਿੰਦਗੀ ਦਾ ਅਜਿਹਾ ਪੜਾਅ ਹੁੰਦਾ ਹੈ ਜਿੱਥੇ ਬੱਚੇ ਆਪਣਾ ਭਲਾ-ਬੁਰਾ ਵਿਚਾਰਨ ਦੇ ਸਮਰੱਥ ਨਹੀਂ ਹੁੰਦੇ। ਉਹ ਆਪਣੀ ਸੰਗਤ ਵਿਚ ਆਏ ਦੋਸਤਾਂ ਦਾ ਪ੍ਰਭਾਵ ਜ਼ਿਆਦਾ ਕਬੂਲਦੇ ਹਨ। ਨਸ਼ਾ ਲਾਉਣ ਵਾਲੇ ਅਨਸਰ ਇਸੇ ਗੱਲ ਦਾ ਫ਼ਾਇਦਾ ਉਠਾਉਂਦੇ ਹਨ ਅਤੇ ਉਹ ਇਸ ਅੱਲੜ ਵਰੇਸ ਦੇ ਬੱਚਿਆਂ ਨੂੰ ਵਰਗਲਾ ਕੇ ਨਸ਼ੇ ਦੀ ਆਦਤ ਪਾਉਣ ਵਿਚ ਕਾਮਯਾਬ ਹੋ ਜਾਂਦੇ ਹਨ। ਇਸ ਲਈ ਬਚਪਨ ਤੋਂ ਅੱਲੜ ਵਰੇਸ ਵਿੱਚ ਬੱਚਿਆਂ ਦੀ ਸੰਗਤ ਬਾਰੇ ਬਹੁਤ ਸੁਚੇਤ ਰਹਿਣ ਦੀ ਬਹੁਤ ਲੋੜ ਹੈ।
ਨਸ਼ੇ ਰੋਕਣ ਲਈ ਕੁਝ ਸੁਝਾਅ : ਨਸ਼ੇ ਰੋਕਣ ਲਈ ਮੰਗ ਅਤੇ ਪੂਰਤੀ, ਦੋਹਾਂ ਪੱਖਾਂ ‘ਤੇ ਧਿਆਨ ਕੇਂਦਰਤ ਕਰਨਾ ਹੋਵੇਗਾ। ਪੂਰਤੀ ਰੋਕਣ ਲਈ ਕੌਮਾਂਤਰੀ ਅਤੇ ਅੰਦਰੂਨੀ ਸਰੋਤਾਂ ਤੋਂ ਹੋ ਰਹੀ ਤਸਕਰੀ ਰੋਕਣ ਲਈ ਨਿੱਗਰ ਤੇ ਪ੍ਰਭਾਵਸ਼ਾਲੀ ਕਦਮ ਉਠਾਉਣੇ ਪੈਣਗੇ। ਪੁਲੀਸ, ਸਿਆਸਤਦਾਨਾਂ ਅਤੇ ਨਸ਼ਾ ਤਸਕਰਾਂ ਦਾ ਗੱਠਜੋੜ ਤੋੜਨਾ ਪਵੇਗਾ। ਕੇਵਲ ਤੇ ਕੇਵਲ ਛੋਟੇ ਮੋਟੇ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲਿਆਂ ਤੱਕ ਨਸ਼ਾ ਪੁੱਜਦਾ ਕਰਨ ਵਾਲੇ ਪੈਡਲਰਾਂ ਨੂੰ ਫੜਨ ਅਤੇ ਜੇਲ੍ਹਾਂ ਵਿਚ ਬੰਦ ਕਰਨ ਨਾਲ ਨਸ਼ਿਆਂ ਦੀ ਪੂਰਤੀ ਨਹੀਂ ਰੋਕੀ ਜਾ ਸਕਦੀ। ਵੱਡੀਆਂ ਮੱਛੀਆਂ ਅਤੇ ਮਗਰਮੱਛ ਫੜਨਾ ਪਵੇਗਾ। ਨਸ਼ਿਆਂ ਦੀ ਮੰਗ ਰੋਕਣ ਲਈ ਇਸ ਪਿੱਛੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਕਾਰਨਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾ ਕੇ ਲਾਗੂ ਕਰਨਾ ਹੋਵੇਗਾ। ਸਮਾਜਿਕ ਮੁਹਿੰਮਾਂ ਰਾਹੀਂ ਬੱਚਿਆਂ, ਨੌਜਵਾਨਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਨਸ਼ਿਆਂ ਦੇ ਦੁਰ-ਪ੍ਰਭਾਵਾਂ ਬਾਰੇ ਜਾਗਰੂਕ ਕਰਵਾਉਣਾ ਹੋਵੇਗਾ। ਨਸ਼ੇੜੀ ਬਣ ਚੁੱਕੇ ਨੌਜਵਾਨਾਂ ਨੂੰ ਅਪਰਾਧੀ ਸਮਝਣ ਦੀ ਥਾਂ ਮਰੀਜ਼ ਸਮਝ ਕੇ ਡਾਕਟਰੀ ਅਤੇ ਮਨੋਵਿਗਿਆਨਕ ਇਲਾਜ ਰਾਹੀਂ ਅੱਛੇ ਸਮਾਜਿਕ ਪ੍ਰਾਣੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਵੀਂ ਪਨੀਰੀ ਅਤੇ ਅਗਲੀ ਪੀੜ੍ਹੀ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਕਮਰ ਕੱਸਣੀ ਪਵੇਗੀ। ਇਸ ਮੁਹਿੰਮ ਵਿਚ ਸੂਬੇ ਦੇ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕਿਰਿਆਸ਼ੀਲ ਬਣਾਉਣਾ ਪਵੇਗਾ।
ਇਸ ਲਈ ਜ਼ਰੂਰੀ ਹੈ ਕਿ ਸਰਕਾਰ, ਨੌਜਵਾਨ, ਸਿਵਲ ਸੁਸਾਇਟੀ ਅਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਪੰਜਾਬ ਵਿਚ ਨਸ਼ਿਆਂ ਜਿਹੀ ਮਹਾਮਾਰੀ ਰੋਕਣ ਲਈ ਸਾਂਝੇ ਤੌਰ ‘ਤੇ ਸੰਜੀਦਾ ਅਤੇ ਲਗਾਤਾਰ ਯਤਨ ਕਰਨ। ਇਸ ਤੋਂ ਇਲਾਵਾ ਸਰਕਾਰ ਨੂੰ ਸੰਜੀਦਗੀ ਨਾਲ ਯਤਨ ਕਰਨੇ ਪੈਣਗੇ ਤਾਂ ਕਿ ਨਸ਼ਿਆਂ ਪਿੱਛੇ ਸਮਾਜਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਹਾਲਾਤ ਦੁਬਾਰਾ ਪੈਦਾ ਨਾ ਹੋਣ।