ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਹਿੰਦੂ ਉਮੀਦਵਾਰ ਉਤਾਰਨ ਦੇ ਸੁਝਾਅ ਦਾ ਔਜਲਾ ਸਮਰਥਕਾਂ ਵੱਲੋਂ ਵਿਰੋਧ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਦੇਵਿੰਦਰ ਯਾਦਵ ਦੀ ਅਗਵਾਈ ਹੇਠ ਸੋਮਵਾਰ ਨੂੰ ਅੰਮ੍ਰਿਤਸਰ ਵਿਚ ਹੋਈ ਮੀਟਿੰਗ ਦੌਰਾਨ ਆਗਾਮੀ ਲੋਕ ਸਭਾ ਚੋਣਾਂ ‘ਚ ਪਾਰਟੀ ਉਮੀਦਵਾਰ ਦੇ ਮਾਮਲੇ ਨੂੰ ਲੈ ਕੇ ਸਾਬਕਾ ਕਾਂਗਰਸੀ ਮੰਤਰੀ ਓਪੀ ਸੋਨੀ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਸਮਰਥਕਾਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਜਦੋਂ ਕੌਂਸਲਰ ਪਰਮਜੀਤ ਸਿੰਘ ਚੋਪੜਾ ਨੇ ਅੰਮ੍ਰਿਤਸਰ ਤੋਂ ਕਿਸੇ ਹਿੰਦੂ ਆਗੂ ਨੂੰ ਉਮੀਦਵਾਰ ਬਣਾਉਣ ਦਾ ਸੁਝਾਅ ਦਿੱਤਾ ਤਾਂ ਸੋਨੀ ਤੇ ਔਜਲਾ ਦੇ ਸਮਰਥਕਾਂ ਵਿੱਚ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ। ਔਜਲਾ ਦੇ ਸਮਰਥਕਾਂ ਨੇ ਸੋਨੀ ਸਮਰਥਕ ਦੇ ਇਸ ਸੁਝਾਅ ਦਾ ਸਖ਼ਤ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਇਹ ਫਿਰਕੂ ਭਾਵਨਾਵਾਂ ਭੜਕਾਉਣ ਵਾਲਾ ਸੁਝਾਅ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਧਰਮ ਨਿਰਪੱਖ ਪਾਰਟੀ ਹੈ। ਇਸ ਵਿੱਚ ਧਰਮ ਦੇ ਆਧਾਰ ‘ਤੇ ਨਹੀਂ ਸਗੋਂ ਮੈਰਿਟ ਦੇ ਆਧਾਰ ‘ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਬਹਿਸਬਾਜ਼ੀ ਕਾਰਨ ਮੀਟਿੰਗ ਦਾ ਮਾਹੌਲ ਪੂਰੀ ਤਰ੍ਹਾਂ ਵਿਗੜ ਗਿਆ। ਇਸ ਦੌਰਾਨ ਔਜਲਾ ਨੇ ਸਮਰਥਕਾਂ ਨੂੰ ਸ਼ਾਂਤ ਕੀਤਾ ਅਤੇ ਆਖਿਆ ਕਿ ਸਾਰਿਆਂ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਪਾਰਟੀ ਵਿੱਚ ਫਿਰਕੂ ਮਾਹੌਲ ਨਾ ਪੈਦਾ ਕੀਤਾ ਜਾਵੇ।
ਉਨ੍ਹਾਂ ਯਾਦਵ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਪਤਾ ਲਾਉਣ ਕਿ ਮੀਟਿੰਗ ਦੌਰਾਨ ਮਾਹੌਲ ਕਿਉਂ ਅਤੇ ਕਿਸ ਵੱਲੋਂ ਖਰਾਬ ਕੀਤਾ ਗਿਆ। ਉਨ੍ਹਾਂ ਆਰੋਪ ਲਾਇਆ ਕਿ ਕੁਝ ਮਾੜੇ ਅਕਸ ਵਾਲੇ ਲੋਕ ਪਾਰਟੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਓਪੀ ਸੋਨੀ ਦੇ ਹਵਾਲੇ ਨਾਲ ਉਨ੍ਹਾਂ ਦੇ ਭਤੀਜੇ ਵਿਕਾਸ ਸੋਨੀ ਨੇ ਕਿਹਾ ਕਿ ਇਹ ਮੀਟਿੰਗ ਸਾਰਿਆਂ ਦੇ ਵਿਚਾਰ ਲੈਣ ਲਈ ਸੱਦੀ ਗਈ ਸੀ। ਇਸ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਕੁਝ ਸਮਰਥਕਾਂ ਵਿਚਾਲੇ ਆਪਸੀ ਤਕਰਾਰ ਹੋਈ ਹੈ ਪਰ ਜਲਦੀ ਹੀ ਮਾਮਲਾ ਸ਼ਾਂਤ ਕਰ ਲਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਪਾਰਟੀ ਨੂੰ ਇਕਜੁੱਟ ਕਰਨਾ, ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮਿਲਣਾ ਅਤੇ ਸਮੱਸਿਆਵਾਂ ਦਾ ਹੱਲ ਕਰਨਾ ਹੈ।
ਕਾਂਗਰਸ ਅਤੇ ‘ਆਪ’ ਦੇ ਗੱਠਜੋੜ ਬਾਰੇ ਮਾਨ ਦੇ ਬਿਆਨ ਦੀ ਕੋਈ ਅਹਿਮੀਅਤ ਨਹੀਂ : ਯਾਦਵ
ਮੀਟਿੰਗ ਦੌਰਾਨ ਦੇਵੇਂਦਰ ਯਾਦਵ ਨੇ ਆਖਿਆ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਬਾਰੇ ਕੁਝ ਵੀ ਕਹਿਣ ਦਾ ਅਧਿਕਾਰ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹੀ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਕੋਈ ਅਹਿਮੀਅਤ ਨਹੀਂ ਰੱਖਦਾ। ਉਨ੍ਹਾਂ ਨੂੰ ਇਸ ਬਾਰੇ ਕੁੱਝ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਨਹੀਂ ਕਰੇਗੀ।
ਮੀਟਿੰਗ ‘ਚੋਂ ਗੈਰਹਾਜ਼ਰ ਰਹੇ ਨਵਜੋਤ ਸਿੱਧੂ
ਦੇਵਿੰਦਰ ਯਾਦਵ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਤੌਰ ‘ਤੇ ਰੈਲੀਆਂ ਕਰਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਸ ਦਾ ਵਿਰੋਧ ਕਰਨ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਮੀਟਿੰਗ ਵਿੱਚ ਵੀ ਨਵਜੋਤ ਸਿੰਘ ਸਿੱਧੂ ਗੈਰਹਾਜ਼ਰ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਿੱਧੂ ਬਾਰੇ ਕੁਝ ਕਹਿਣ ਤੋਂ ਗੁਰੇਜ਼ ਕੀਤਾ।