ਬਰੈਂਪਟਨ/ਡਾ. ਝੰਡ : ਬਰੈਂਪਟਨ ਸਾਊਥ ਬਰੈਂਪਟਨ ਦੀ ਅਜਿਹੀ ਰਾਈਡਿੰਗ ਹੈ ਜਿੱਥੋਂ ਐੱਨ.ਡੀ.ਪੀ. ਵੱਲੋਂ ਆਪਣੇ ਉਮੀਦਵਾਰ ਪਰਮਜੀਤ ਗਿੱਲ ਦੇ ਨਾਂ ਦਾ ਐਲਾਨ ਬਹੁਤ ਦੇਰ ਨਾਲ ਗਿਆ। ਇਸ ਦੇਰੀ ਦੇ ਕਾਰਨ ਦਾ ਪੂਰਾ ਪਤਾ ਤਾਂ ਇਹ ਐਲਾਨ ਕਰਨ ਵਾਲਿਆਂ ਨੂੰ ਹੀ ਹੋਵੇਗਾ। ਅਲਬੱਤਾ, ਇਹ ਦੱਸਣਾ ਜ਼ਰੂਰੀ ਹੈ ਕਿ ਓਦੋਂ ਤੱਕ ਇਸ ਰਾਈਡਿੰਗ ਵਿੱਚੋਂ ਬਾਕੀ ਦੋਵੇਂ ਮੁੱਖ ਦਾਅਵੇਦਾਰ ਕਾਫ਼ੀ ਪੈਂਡਾ ਤੈਅ ਕਰ ਚੁੱਕੇ ਸਨ। ਲਿਬਰਲ ਪਾਰਟੀ ਦੇ ਸੁਖਵੰਤ ਠੇਠੀ ਦੇ ਨਾਂ ਦਾ ਐਲਾਨ ਤਾਂ ਪਿਛਲੀਆਂ ਗਰਮੀਆਂ ਵਿਚ ਹੀ ਕਰ ਦਿੱਤਾ ਗਿਆ ਸੀ ਅਤੇ ਪੀ.ਸੀ. ਪਾਰਟੀ ਨੇ ਵੀ ਚੜ੍ਹੇ ਸਿਆਲ ਹੀ ਪ੍ਰਭਮੀਤ ਸਰਕਾਰੀਆ ਨੂੰ ਆਪਣਾ ਉਮੀਦਰਵਾਰ ਐਲਾਨ ਦਿੱਤਾ ਸੀ। ਇਨ੍ਹਾਂ ਦੋਹਾਂ ਨੇ ਹੀ ਓਦੋਂ ਤੋਂ ਹੀ ਇਸ ਰਾਈਡਿੰਗ ਆਪੋ-ਆਪਣੇ ‘ਘੋੜੇ ਦੌੜਾਉਣੇ’ ਸ਼ੁਰੂ ਕਰ ਦਿੱਤੇ ਸਨ। ਪਤਾ ਨਹੀਂ ਐੱਨ.ਡੀ.ਪੀ. ਕੀਹਨਾਂ ਗਿਣਤੀਆਂ-ਮਿਣਤੀਆਂ ਵਿਚ ਪਈ ਰਹੀ ਕਿ ਉਸ ਨੂੰ ਇਸ ਦੇ ਬਾਰੇ ਖ਼ਿਆਲ ਹੀ ਨਹੀਂ ਆਇਆ ਜਾਂ ਫਿਰ ਉਸ ਨੇ ਯੋਗ ਉਮੀਦਵਾਰ ਦੀ ਚੋਣ ਵਿਚ ਏਨਾ ਲੰਮਾ ਸਮਾਂ ਲਗਾ ਦਿੱਤਾ। ਸਾਰੇ ਜਾਣਦੇ ਹਨ ਕਿ ਪਰਮਜੀਤ ਸਿੰਘ ਗਿੱਲ ਦੇ ਨਾਂ ਦਾ ਰਸਮੀ ਐਲਾਨ ਤਿੰਨ ਕੁ ਹਫ਼ਤੇ ਹੀ ਪਹਿਲਾਂ ਕੀਤਾ ਗਿਆ ਅਤੇ ਉਸ ਨੇ ਓਦੋਂ ਤੋਂ ਹੀ ਆਪਣੀ ਚੋਣ-ਮੁਹਿੰਮ ਸ਼ੁਰੂ ਕਰ ਦਿੱਤੀ। ਬੇਸ਼ਕ, ਉਸ ਸਮੇਂ ਤੱਕ ਉਸ ਦੇ ਵਿਰੋਧੀ ਉਮੀਦਵਾਰ ਕਾਫ਼ੀ ਅੱਗੇ ਨਿੱਕਲ ਗਏ ਸਨ ਅਤੇ ਉਨ੍ਹਾਂ ‘ਡੋਰ-ਨੌਕਿੰਗ’ ਕਰਦਿਆਂ ਹੋਇਆਂ ਕਾਫ਼ੀ ਘਰਾਂ ਦੇ ਦਰਵਾਜ਼ੇ ਖੜਕਾ ਛੱਡੇ ਸਨ, ਪਰ ਫਿਰ ਵੀ ਪਰਮਜੀਤ ਸਿੰਘ ਅਤੇ ਉਸ ਦੀ ਚੋਣ-ਮੁਹਿੰਮ ਦੀ ਟੀਮ ਨੇ ਇਸ ਨੂੰ ਇਕ ਚੁਣੌਤੀ ਵਾਂਗ ਲਿਆ ਹੈ ਅਤੇ ਹੁਣ ਉਹ ਵੀ ਪੂਰੇ ਜ਼ੋਰ-ਸ਼ੋਰ ਨਾਲ ਇਸ ਵਿਚ ਲੱਗੇ ਹੋਏ ਹਨ। ਉਹ ਸਵੇਰੇ ਹੀ ਆਪਣੇ ਘਰੋਂ ਨਿਕਲ ਪੈਂਦੇ ਹਨ ਅਤੇ ਟੀਮ ਨਾਲ ਘਰੋ-ਘਰੀਂ ਜਾ ਕੇ ਲੋਕਾਂ ਨੂੰ ਆਪਣੀ ਪਾਰਟੀ ਅਤੇ ਉਸ ਦੀ ਓਨਟਾਰੀਓ ਲੀਡਰ ਐਂਡਰੀਆ ਹਾਰਵੱਥ ਦਾ ‘ਚੰਗੇਰੇ ਭਵਿੱਖ ਲਈ ਤਬਦੀਲੀ’ ਦਾ ਨਾਅਰਾ ਘਰ ਘਰ ਪਹੁੰਚਾਉਂਦੇ ਹੋਏ ਹੈੱਲਥ ਕੇਅਰ ਵਿਚ ਸੁਧਾਰ ਕਰਨ, ਡੈਂਟਲ ਕੇਅਰ ਨੂੰ ਹੈੱਲਥ ਕੇਅਰ ਵਿਚ ਸ਼ਾਮਲ ਕਰਨ, ਓਨਟਾਰੀਓ ਵਿਚ ਆਟੋ-ਇੰਸ਼ੋਅਰੈਂਸ ਘਟਾਉਣ, ਬਰੈਂਪਟਨ ਵਿਚ ਨਵਾਂ ਹਸਪਤਾਲ ਬਨਾਉਣ, ਨਵੀਆਂ ਨੌਕਰੀਆਂ ਪੈਦਾ ਕਰਨ ਵਰਗੇ ਮੁੱਦਿਆਂ ਬਾਰੇ ਜਾਣਕਾਰੀ ਦਿੰਦੇ ਹਨ। ਇਸ ਦੇ ਨਾਲ ਹੀ ਬਰੈਂਪਟਨ ਵਿਚ ਬੀਤੇ ਦਿਨੀਂ ਹੋਈ ਵਿਸ਼ਾਲ ਪਾਰਟੀ ਰੈਲੀ ਵਿਚ ਐਂਡਰੀਆ ਵੱਲੋਂ ਉਪਰੋਕਤ ਚੋਣ-ਮੁੱਦਿਆਂ ਬਾਰੇ ਕੀਤੇ ਗਏ ਅਹਿਮ ਐਲਾਨਾਂ ਨੇ ਪਾਰਟੀ ਦੇ ਹੋਰ ਸਾਰੇ ਉਮੀਦਵਾਰਾਂ ਦੇ ਨਾਲ ਨਾਲ ਪਰਮਜੀਤ ਗਿੱਲ ਅਤੇ ਉਨ੍ਹਾਂ ਦੇ ਵਾਲੰਟੀਅਰਾਂ ਵਿਚ ਵੀ ਇਕ ਨਵੀਂ ਰੂਹ ਫ਼ੂਕੀ ਹੈ ਅਤੇ ਉਹ ਹੋਰ ਵੀ ਵਧੇਰੇ ਉਤਸ਼ਾਹ ਅਤੇ ਜੋਸ਼ ਨਾਲ ਆਪਣੀ ਚੋਣ-ਮੁਹਿੰਮ ਵਿਚ ਡੱਟ ਗਏ ਹਨ।