Breaking News
Home / ਨਜ਼ਰੀਆ / ਪਰਾਈਵੇਸੀ

ਪਰਾਈਵੇਸੀ

ਪਾਰਟ-2
ਜਤਿੰਦਰ
ਅੱਜ ਰੀਤ ਬਹੁਤ ਉਦਾਸ ਸੀ। ਘਰ ਤਾਂ ਉਸ ਗੁੱਸੇ ਵਿੱਚ ਛੱਡ ਦਿੱਤਾ ਸੀ ਪਰ ਹੁਣ ਸਮਝ ਨਹੀਂ ਸੀ ਆ ਰਹੀ ਕੇ ਕਿਧਰ ਨੂੰ ਜਾਵੇ। ਇਸ ਇੰਨੇ ਵੱਡੇ ਸ਼ਹਿਰ ਵਿਚ ਟਿਕਾਣਾ ਲੱਭਣਾ ਬਹੁਤ ਔਖਾ ਹੈ। ਲੱਖਾਂ ਦੀ ਗਿਣਤੀ ਵਿਚ ਅੰਤਰ ਰਾਸ਼ਟਰੀ ਵਿਦਿਆਰਥੀ, ਕਾਮੇ ਅਤੇ ਮੁਲਖ ਭਰ ‘ਚੋਂ ਚੰਗੀਆਂ ਨੌਕਰੀਆਂ ਅਤੇ ਯੂਨੀਵਰਸਿਟੀਆਂ ਦੀ ਖੋਜ ਵਿਚ ਆਏ ਵਿਦਿਆਰਥੀ ਅਤੇ ਸੈਲਾਨੀਆਂ ਦੀ ਭੀੜ। ਸ਼ਹਿਰ ਜਿਵੇਂ ਕੁਰਬਲ -ਕੁਰਬਲ ਕਰ ਰਿਹਾ ਹੈ। ਰੰਗ ਬਿਰੰਗੀਆਂ ਪੁਸ਼ਾਕਾਂ, ਵੰਨ ਸੁਵੰਨੀਆਂ ਗੱਡੀਆਂ, ਮਨ ਭਾਉਂਦੀਆਂ ਖੁਸ਼ਬੂਆਂ ਤੇ ਚਕਾ ਚੌਧ ਨਾਲ ਭਰਿਆ ਇਹ ਸ਼ਹਿਰ ਵੇਖਣ ਨੂੰ ਸੋਹਣਾ ਤੇ ਬਹੁਤ ਲੱਗਦਾ ਹੈ ਪਰ ਜਦੋਂ ਸਿਰ ‘ਤੇ ਨਿੱਘ ઠਭਰਿਆ ਹੱਥ ਤੇ ਪਿਆਰਾ ਜਿਹਾ ਘਰ ਹੋਵੇ। ਆਫਿਸ ਉਹ ਬੈਗ ਨਾਲ ਹੀ ਲੈ ਆਈ ਸੀ ਕੰਮ ਤੇ ਵੀ ਉਸ ਦਾ ਜੀਅ ਨਹੀਂ ਲੱਗਾ, ਬਸ ਸ਼ਾਮ ਨੂੰ ਕੀ ਕਰਨਾ ਹੈ, ਕਿਧਰ ਜਾਣਾ ਹੈ ਇਹੀ ਸੋਚ ਭਾਰੂ ਰਹੀ। ਡਾਉਨ ਟਾਉਨ ਦੀਆਂ ਸਬ ਤੋਂ ਉੱਚੀਆਂ ਇਮਾਰਤਾਂ ਵਿੱਚ ਇਕ ਇਮਾਰਤ ਹੈ ਉਸਦੇ ਦਫ਼ਤਰ ਦੀ। 42 ਵੀਂ ਮੰਜਿਲ ‘ਤੇ ਬਣਿਆ ਇਹ ਛੋਟਾ ਜਿਹਾ ਸੋਹਣਾ ਦਫ਼ਤਰ। ਇਸ ਦਫਤਰ ਵਿਚ ਵੱਖੋ ਵੱਖਰੇ ਲੱਕੜ ਦੇ ਕੈਬਿਨ ਜਿਹੇ ਬਣੇ ਹੋਏ ਹਨ, ਇਕੋ ਛੱਤ ਦੇ ਹੇਠਾਂ। ਸਬ ਤੋਂ ਜੂਨੀਅਰ ਅਤੇ ਨਵੀਂ ਮੁਲਾਜ਼ਮ ਹੋਣ ਕਾਰਣ ਉਸਨੂੰ ਹਾਲੇ ਕੇਬਿਨ ਨਹੀਂ ਮਿਲਿਆ। ਉਸ ਦਾ ਡੈਸਕ ਬਾਹਰਲੀ ਸਟਰੀਟ ਵਲ ਖੁੱਲ੍ਹਦੀ ਵੱਡੀ ਸਾਰੀ ਵਿੰਡੋ ਦੇ ਨਾਲ ਲਗਵਾਂ ਹੈ ਜਿਥੋਂ ਸਾਹਮਣੀ ਸਟਰੀਟ ‘ਤੇ ਬਣੇ ਹੋਏ ਕਈ ਕਈ ਮੰਜਿਲੇ ਵੱਡੇ ਵੱਡੇ ਫੈਸ਼ਨ ਸਟੋਰਸ ਤੇ ਰੈਸਤਰਾਂ, ਹੋਟਲ ਦਿਖਾਈ ਦੇ ਰਹੇ ਹਨ। ਬਾਹਰੋਂ ਲੋਕ ਕਿੰਨੇ ਖੁਸ਼ ਲੱਗ ਰਹੇ ਹਨ। ਖੂਬਸੂਰਤ ਲਿਬਾਸਾਂ ਵਿਚ ਸਜੇ ਹੌਲੀ ਹੌਲੀ ਗੱਲਾਂ ਕਰਦੇ, ਰੈਸਤਰਾਂ ਵਿਚੋਂ ਭਾਫਾਂ ਛੱਡਦੀਆਂ ਕਾਫੀ ਦੀਆਂ ਪਿਆਲੀਆਂ, ਚੁਸਕੀਆਂ ਲੈਂਦੇ ਲੋਕ । ਅੱਜ ਕੁੱਛ ਵੀ ਮਨ ਨਹੀਂ ਵਰਚਾ ਰਿਹਾ। ਦਫਤਰ ਵਿਚ ਸਾਥੀ ਕਈ ਵਾਰ ਪੁੱਛ ਚੁੱਕੇ ਹਨ, ‘ ”ਵੇਅਰ ਆਰ ਯੂ ਗੋਇੰਗ ਰੀਤ” ਪਰ ਜਵਾਬ ਲਈ ਬਗੈਰ ਅਗਾਂਹ ਨੂੰ ਵਧ ਜਾਂਦੇ ਹਨ ਜਿਵੇਂ ਜਵਾਬ ਦੀ ਕੋਈ ਲੋੜ ਹੀ ਨਹੀਂ, ਉਹਨਾਂ ਤਾਂ ਜਿਵੇਂ ਮਹਿਜ ਰਸਮ ਲਈ ਹੀ ਸਵਾਲ ਪੁੱਛਿਆ ਹੋਵੇ।
ਰਹਿ ਰਹਿ ਕੇ ਮਾੱਮ ਦੀ ਯਾਦ ਆ ਰਹੀ ਹੈ। ਸਵੇਰੇ ਸਵੇਰੇ ਚਾਹ ਬਣਾਉਂਦਿਆਂ, ਭੱਜ ਭੱਜ ਕੇ ਨਾਸ਼ਤੇ ਦੇ ਟਿਫਿਨ ਪੈਕ ਕਰਦਿਆਂ ਤੇ ਲੱਖਾਂ ਹਦਾਇਤਾਂ ਦਿੰਦਿਆਂ। ਜਿਹਨਾਂ ਨੂੰ ਉਹ ਅਕਸਰ ਅਣਸੁਣੀਆਂ ਕਰ ਦਿੰਦੀ ਸੀ ਤੇ ‘ਟਿਪੀਕਲ ਮਾੱਮ’ ਕਹਿ ਕੇ ਉਹਨਾਂ ਦਾ ਮਜ਼ਾਕ ਬਣਾ ਦਿੰਦੀ ਸੀ। ਅੱਜ ਖਾਹ ਮਖਾਹ ਹੀ ਮਾਮ ਨਾਲ ਗੁੱਸਾ ਕਰ ਘਰ ਛੱਡ ਆਈ ਸੀ। ਹੁਣ ਜਾਵੇ ਕਿੱਥੇ। ਬੇਸਮੈਂਟ ਜਾਂ ਅਪਾਰਟਮੈਂਟ ਕਿਰਾਏ ‘ਤੇ ਲੈਣ ਲਈ ਕਿੰਨੀ ਮਗਜ਼ ਖਪਾਈ ਕਰਣੀ ਪੈਂਦੀ ਹੈ। ਅਖ਼ਬਾਰ ਜਾਂ ਕਜ਼ੀਜ਼ੀ ਤੇ ਐਡਸ ਦੇਖੋ, ਘਰ ਵੇਖਣ ਜਾਉ, ਕਿਰਾਇਆ ਸੈਟ ਕਰੋ ਐਡਵਾਂਸ ਦਿਉ। ਸਾਲ ਭਰ ਦੇ ਚੈਕ ਜਮਾ ਕਰਵਾਉ। ਲੀਗਲ ਡਾਕੂਮੈਂਟਸ ਤਿਆਰ ਕਰਨੇ। ”ਹਾਇ ਰੱਬਾ ਐਨਾ ਕੁੱਛ, ਮੈਂ ਘਰ ਛੱਡਣ ਲੱਗਿਆ ਕੁੱਛ ਸੋਚਿਆ ਕਿਉਂ ਨਹੀਂ।” ਕਿੰਨੀ ਬੇਵਕੂਫ ਹਾਂ ਮੈਂ, ਬਸ ਇਕਦਮ ਹੀ ਘਰ ਛੱਡ ਦਿੱਤਾ। ਵੈਸੇ ਅੱਜਕੱਲ੍ਹ ਮਾੱਮ ਨੇ ਵੀ ਬਹੁਤ ਐਨੋਇਅ (ਤੰਗ) ਕਰ ਰਖਿਆ ਸੀ। ਇਹ ਨਹੀਂ ਕਰਨਾਂ, ਉਹ ਨਹੀਂ ਕਰਨਾ, ਕਿਥੇ ਗਈ ਸੀ? ਲੇਟ ਕਿਉ੬ ਹੋ ਗਈ? ਡਰਿੰਕ ਤੇ ਨਹੀਂ ਕੀਤੀ? ਵਗੈਰਾ ਵਗੈਰਾ। ਬਸ ਸਾਰਾ ਦਿਨ ਇਨਟੈਰੋਗੇਸ਼ਨ। ਜਿਵੇਂ ਮੈਂ ਕੋਈ ਕੈਦੀ ਹੋਵਾਂ। ਪੱਚੀ ਵਰ੍ਹਿਆਂ ਦੀ ਹੋ ਗਈ ਹਾਂ। ਜਾੱਬ ਵੀ ਕਰਦੀ ਹਾਂ, ਹਾਂ ਹਾਲੇ ਬਾਹਲੇ ਪੈਸੇ ਨਹੀਂ ਮਿਲਦੇ, ਮਿਲ ਜਾਣਗੇ ਪਰ ਮੇਰੇ ਵੀ ਤੇ ਸ਼ੌਕ ਨੇ। ਬਸ ਐਂਵੈ ਹੀ ਵਾਧੂ ਪੁਛਤਾਛ। ਥੱਕ ਗਈ ਸੀ ਮੈਂ ਜਵਾਬ ਦੇ ਦੇ ਕੇ। ਬਸ ਅੱਜ ਗੁੱਸਾ ਆ ਗਿਆ ਤੇ ਬਹਿਸ ਹੋ ਗਈ…….. ਉਸ ਲੰਮਾ ਸਾਹ ਛੱਡਿਆ।
ਦੀਵਾਰ ‘ਤੇ ਲੱਗੀ ਘੜੀ ਨੇ 4 ਵਜਾ ਦਿੱਤੇ ਸਨ। ਸਾਰੇ ਹੀ ਸਟਾਫ ਦਾ ਧਿਆਨ ਹੁਣ ਘੜੀਆਂ ਵਲ ਤੇ ਆਪੋ ਆਪਣੇ ਹੱਥਲੇ ਕੰਮ ਨਿਬੇੜਨ ਵਲ ਸੀ। ਰੀਤ ਨੇ ਵੀ ਕਾਗਜ ਪੱਤਰ ਸਾਂਭਣੇ ਸ਼ੁਰੂ ਕਰ ਦਿਤੇ। ਕੰਪਿਊਟਰ ਵਿਚਲੀਆਂ ਖੁੱਲ੍ਹੀਆਂ ਫਾਈਲਾਂ ਇਕ ਇਕ ਕਰਕੇ ਬੰਦ ਕੀਤੀਆਂ। ਕਲਾਂਈਟਸ ਇਨਫਾਰਮੈਸ਼ਨ ਵਾਲੀ ਚਾਬੀ ਕੱਢੀ, ਬਾਸ ਦੇ ਡੈਸਕ ਵਿਚ ਰੱਖ ਕੇ ਲਾਕ ਕੀਤੀ ਤੇ ਆਪਣਾ ਹੈਂਡਬੈਗ ਚੁੱਕ ਐਲੀਵੇਟਰਸ ਵਲ ਹੋ ਤੁਰੀ। ਇਕ ਦੂਸਰੇ ਨੂੰ ਬਾਇ, ਸੀ ਯੂ ਟੂਮਾਰੋ ਕਹਿੰਦੇ ਹੋਏ ਸਾਥੀ ਵੀ ਹੌਲੀ ਹੌਲੀ ਦਫ਼ਤਰ ਛੱਡ ਰਹੇ ਸਨ। ਉਸ ਨੇ ਮਨ ਹੀ ਮਨ ਸੋਚ ਲਿਆ ਸੀ ਅੱਜ ਲਿੱਲੀ ਨਾਲ ਰਹੇਗੀ, ਕੱਲ੍ਹ ਨੂੰ ਸੋਚਾਂਗੇ ਕੇ ਕੀ ਕਰਨਾ ਹੈ। ਸੋਚ ਨੂੰ ਇਕ ਪਾਸੇ ਲਾ ਉਸ ਸੁੱਖ ਦਾ ਇਕ ਲੰਮਾ ਸਾਹ ਲਿਆ ਤੇ ਹੇਠਾਂ ਆ ਕੇ ਸਬਵੇਅ ਦੀਆਂ ਪਉੜੀਆਂ ਉਤਰਨ ਲਗੀ। ਪੰਦਰਾਂ ਕੁ ਮਿੰਟਾਂ ਦੇ ਸਫਰ ਤੋਂ ਬਾਅਦ ਉਸ ਨੂੰ ਦੂਸਰੇ ਪਾਸੇ ਵਲ ਦੀ ਟਰੇਨ ਫੜਨੀ ਸੀ।
ਲਗਭਗ ਪੌਣੇ ਕੁ ਘੰਟੇ ਦੇ ਸਫਰ ਤੋਂ ਬਾਅਦ ਉਹ ਲਿਲੀ ਦੇ ਅਪਾਰਟਮੈਂਟ ਦੇ ਸਾਹਮਣੇ ਖੜ੍ਹੀ ਸੀ। ਛੋਟਾ ਜਿਹਾ ਚਾਰ ਸੌ ਸਿਕੇਅਰ ਫੁੱਟ ਦਾ ਅਪਾਰਟਮੈਂਟ ਜਿਸ ਵਿਚ ਲਿਲੀ ਅਤੇ ਉਸਦੀ ਇਕ ਹੋਰ ਰੂਮ ਪਾਰਟਨਰ ਰਹਿੰਦੀਆਂ ਸਨ। ਅਪਾਰਟਮੈਂਟ ਦਾ ਦਰਵਾਜ਼ਾ ਬੰਦ ਸੀ, ਉਸ ਲਿਲੀ ਨੂੰ ਫੋਨ ਲਗਾਇਆ ਤੇ ਅੱਗੋਂ ਲਿਲੀ ਨੇ ਦੱਸਿਆ ਕਿ ਅਜੇ ਉਸਨੂੰ ਅੱਧਾ ਕੁ ਘੰਟਾ ਲੱਗ ਜਾਣਾ ਹੈ। ਉਹ ਡੋਰਬੈਲ ਵਜਾਵੇ। ਉਸ ਦੀ ਰੂਮ ਮੇਟ ਐਡਾ ਅੰਦਰ ਹੀ ਹੈ। ਉਸ ਬੈਲ ਵਜਾ ਦਿਤੀ। ਦਰਵਾਜਾ ਖੁੱਲ੍ਹ ਗਿਆ। ਅੰਦਰ ਐਡਾ ਛੋਟੀ ਜਿਹੀ ਸ਼ਾਰਟਸ ਪਾਈ ਢਿੱਲੀ ਜਿਹੀ ਸ਼ਰਟ ਵਿਚ ਬੈਡ ‘ਤੇ ਪਈ ਸੀ ਤੇ ਸਿਗਰਟ ਦੇ ਲੰਮੇ ਲੰਮੇ ਕਸ਼ ਖਿੱਚ ਰਹੀ ਸੀ। ਕਮਰਾ ਧੂੰਏਂ ਨਾਲ ਭਰਿਆ ਹੋਇਆ ਸੀ। ਕਿਚਨ ਦੀ ਸਿੰਕ ਵਿਚ ਕਿੰਨ੍ਹੇ ਹੀ ਝੂਠੇ ਭਾਂਡੇ ਡੰਪ ਕੀਤੇ ਪਏ ਸਨ। ਇਕ ਕਾਫੀ ਦਾ ਮੈਲਾ ਜਿਹਾ ਕੱਪ ਐਡਾ ਦੀ ਸਾਈਡ ਟੇਬਲ ‘ਤੇ ਪਿਆ ਸੀ। ਉਸ ਮੁਸਕਰਾ ਕੇ ਰੀਤ ਦਾ ਸਵਾਗਤ ਕੀਤਾ ਅਤੇ ਰੀਤ ਨੂੰ ਕਾਫੀ ਲਈ ਪੁੱਛਿਆ। ਰੀਤ ਨੇ ਆਲੇ ਦੁਆਲੇ ਦਾ ਜਾਇਜ਼ਾ ਲੈਂਦਿਆਂ ”ਨੋ ਥੈਂਕਸ” ਕਿਹਾ। ਅਪਾਰਮੈਂਟ ਤੇ ਬਹੁਤ ਸੋਹਣਾ ਸੀ ਪਰ ਲਗਦਾ ਸੀ ਕੇ ਸਫਾਈ ਕਈ ਦਿਨਾਂ ਤੋਂ ਨਹੀਂ ਹੋਈ। ਜੂਠੇ ਭਾਂਡੇ ਵੀ ਸਿੰਕ ‘ਚ ਪਏ ਤਰਲੇ ਲੈ ਰਹੇ ਸੀ ਤੇ ਫਰਸ਼ ‘ਤੇ ਮੈਲੇ ਕਪੜੇ ਅਤੇ ਗੰਦੀਆਂ ਜੁਰਾਬਾਂ ਉਲਝਿਆ ਜਿਹਾ ਦ੍ਰਿਸ਼ ਪੈਦਾ ਕਰ ਰਹੀਆਂ ਸਨ।
ਲਿਲੀ ਦੇ ਬੈਡ ਤੋਂ ਕੱਪੜੇ ਪਰੇ ਕਰਦਿਆਂ ਰੀਤ ਨੇ ਬੈਡ ‘ਤੇ ਬੈਠਣ ਦੀ ਜਗ੍ਹਾ ਬਣਾਈ। ਉਸ ਨੂੰ ਆਵਦਾ ਮਿਠੀ ਮਿਠੀ ਮਹਿਕ ਵਾਲਾ ਸਾਫ ਸੁੱਥਰਾ ਸਲੀਕੇ ਨਾਲ ਸੱਜਿਆ ਘਰ ਯਾਦ ਆਇਆ। ਘਰ ਦਾ ਨਿੱਘ, ਮਾਮ ਵਲੋਂ ਉਸਦੇ ਆਉਣ ਤੋਂ ਪਹਿਲਾਂ ਹੀ ਕਾਫੀ ਦੇ ਤਿਆਰ ਕੀਤੇ ਦੋ ਮਗ ਉਸਨੂੰ ਟੇਬਲ ‘ਤੇ ਬਹੁਤ ਸੋਹਣੇ ਲਗੇ ਸਨ ਜੋ ਮੰਮੀ ਬਣਾ ਕੇ ਰੱਖਦੀ ਸੀ ਤੇ ਉਹ ਉਸ ਨਾਲ ਹੀ ਬੈਠ ਕੇ ਪੀਣਾ ਪਸੰਦ ਕਰਦੀ ਸੀ। ਪਰ ਰੀਤ ਹਮੇਸ਼ਾ ਕਾਫੀ ਦਾ ਮਗ ਚੁੱਕ ਆਪਣੇ ਕਮਰੇ ਵਿਚ ਆ ਜਾਂਦੀ ਸੀ, ਉਸ ਕਦੀ ਪਿਛੇ ਮੁੜ ਕੇ ਨਹੀਂ ਸੀ ਦੇਖਿਆ ਕਿ ਮਾਮ ਦਾ ਮੂੰਹ ਕਿਵੇਂ ਢਿੱਲਾ ਜਿਹਾ ਹੋ ਜਾਂਦਾ ਸੀ।
ਕਮਰੇ ਵਿਚ ਸਾਫ ਸੁੱਥਰੇ ਬੈਡ, ਸਲੀਕੇ ਨਾਲ ਸਜਿਆ ਫਰਨੀਚਰ ਤੇ ਪਿਛਲੇ ਬੈਕਯਾਰਡ ਵਲ ਖੁੱਲ੍ਹਦੀ ਖਿੜਕੀ ਉਸ ਨੂੰ ਕਿੰਨੀ ਚੰਗੀ ਲੱਗਦੀ ਸੀ, ਉਹ ਵੀ ਕੀ ਕਰਦੀ ਦਿਨ ਭਰ ਕੰਮ ਦੀ ਥਕਾਨ ਅਤੇ ਕੂਲੀਗਸ ਵਲੋਂ ਮਿਲਿਆ ਸਟ੍ਰੈਸ ਰੋਜ ਦੀ ਵਰਕ ਫਾਈਲਸ ਤੇ ਟਾਈਮ ਸ਼ੀਟਸ ਭਰਦਿਆਂ ਕਿੰਨਾ ਥੱਕ ਜਾਂਦੀ ਸੀ। ਮਾਮ ਨੂੰ ਕੀ ਪਤਾ ਇਸ ਕਾਰਪੋਰੇਟ ਕਲਚਰ ਦਾ। ਕਿਨ੍ਹਾ ਪ੍ਰੈਸ਼ਰ ਹੈ, ਟਾਈਮ ਲਾਈਨਸ ਰੋਜ ਦੇ ਟਾਰਗੇਟਸ ਮੀਟ ਕਰਨਾ। ਨਵੀਂ ਜੌਬ, ਵਰਕਲੋਡ ਤੋ ਹਰ ਵੇਲੇ ਅਜੀਬ ਜਿਹੇ ਦਬਾਉ ਥਲੇ ਰਹਿਣਾ। ਉਪਰੋਂ ਦੋਸਤਾਂ ਦਾ ਪਰੈਸ਼ਰ ਹੋਰ ਕਿੰਨਾਂ ਹੀ ਕੁੱਛ। ਪੇਰੈਂਟਸ ਕਦੇ ਨਹੀਂ ਸਮਝ ਸਕਦੇ। ਉਹਨਾਂ ਨੂੰ ਲੱਗਦਾ ਹੈ ਕੇ ਅਸੀਂ ਵਿਹਲੇ ਹੀ ਬਹਿ ਕੇ ਆ ਜਾਂਦੇ ਹਾਂ। ਸੋਹਣੇ ਦਫ਼ਤਰ ਤੇ ਆਹ ਸੋਹਣੀਆਂ ਡਰੈਸਾਂ ਪਾ ਜਿਵੇਂ ਅਸੀਂ ਤਾਂ ਫਨ (ਮਜਾ) ਹੀ ਕਰਦੇ ਹਾਂ ਸਾਰਾ ਦਿਨ। ਉਸ ਉਪਰੋਂ ਆਹ ਦੋ ਘੰਟਿਆਂ ਦੀ ਕਮਊਟਇੰਗ। ਹਾਂ ਸੱਚ ਮੇਰੀ ਕਾਰ ਤਾਂ ਗੋ ਸਟੇਸ਼ਨ ‘ਤੇ ਹੀ ਖੜ੍ਹੀ ਹੈ। ਉਸ ਬਾਰੇ ਤੇ ਮੈਂ ਅਜੇ ਸੋਚਿਆ ਹੀ ਨਹੀਂ। ਚਲੋ ਕਲ ਦੇਖਾਂਗੇ। ਅੱਜੇ ਸੋਚਾਂ ਵਿਚ ਡੁੱਬੀ ਹੀ ਸੀ ਕੇ ਲਿਲੀ ਵੀ ਖਟ ਖਟ ਕਰਦੀ ਆ ਗਈ।
”ਹਾਇ ਰੀਤ, ਵਹਾਟ ਏ ਪਲੈਂਸਟ ਸਰਪਰਾਇਜ਼, ਯੂ ਆਰ ਸਟੇਇੰਗ ਵਿਦ ਮੀ ਟੂਡੇ।”
ਉਹ ਆਪਣੀ ਹੀ ਮਸਤੀ ਵਿਚ ਬੋਲੀ ਜਾ ਰਹੀ ਸੀ। ਅਚਾਨਕ ਉਸਦੀ ਨਿਗਾਹ ਰੀਤ ਦੇ ਵੱਡੇ ਹੈਂਡ ਬੈਗ ‘ਤੇ ਪਈ ਤੇ ਹੈਰਾਨ ਹੋ ਕੇ ਪੁੱਛਣ ਲੱਗੀ ”ਆਰ ਯੂ ਗੋਇੰਗ ਸਮਵੇਅਰ।”
‘ਨੋ, ਆਈ ਲੈਫਟ ਦਾ ਹਾਉਸ’ ਰੀਤ ਨੇ ਜਿਵੇਂ ਲਿਲੀ ਦੀ ਉਤਸੁਕਤਾ ਜਗਾ ਦਿਤੀ।
‘ਵਹਾਟ ਹੈਪਨਡ’
”ਨਥਿੰਗ, ਆਈ ਡਿਸਾਈਡਿਡ ਟੂ ਮੂਵ ਆਊਟ।”
ਲਿਲੀ ਹੈਰਾਨ ਸੀ ਕੇ ਅਚਾਨਕ ਰੀਤ ਨੂੰ ਕੀ ਹੋ ਗਿਆ। ਕੱਲ੍ਹ ਪਾਰਟੀ ਤੋਂ ਬਾਅਦ ਰੀਤ ਉਸਦੇ ਵਾਰ ਵਾਰ ਕਹਿਣ ‘ਤੇ ਵੀ ਉਸ ਕੋਲ ਨਹੀਂ ਸੀ ਰਹੀ ਪਰ ਅੱਜ ਘਰ ਹੀ ਛੱਡ ਆਈ ਹੈ। ਰੀਤ ਨੂੰ ਫਿਰ ਕਲ ਵਾਲੀਆਂ ਘਟਨਾਵਾਂ ਇਕ ਇਕ ਕਰਕੇ ਚੇਤੇ ਆਉਣ ਲੱਗੀਆਂ, ਕੱਲ੍ਹ ਸ਼ਾਮ ਜਦੋਂ ਪੰਜ ਵਜੇ ਕੰਮ ਛੱਡਿਆ। ਛੇਅ ਵਜੇ ਤੋਂ ਸੱਤ ਵਜੇ ਤੱਕ ਉਹ ਤੇ ਲਿਲੀ ਸਾਹਮਣੇ ਵਾਲੇ ਕਾਫੀ ਹਾਊਸ ਵਿਚ ਬੈਠੀਆਂ ਰਹੀਆਂ ਤੇ ਸੱਤ ਵਜੇ ਯੂਨੀਅਨ ਸਟੇਸ਼ਨ ‘ਤੇ ਬਣੇ ਵਾਸ਼ਰੂਮ ਵਿਚ ਸ਼ਾਮ ਦੀ ਪਾਰਟੀ ਲਈ ਤਿਆਰ ਹੋਈਆਂ ਸਨ। ਪਾਰਟੀ ਰਾਤ ਅੱਠ ਵਜੇ ਸ਼ੁਰੂ ਹੋਣੀ ਸੀ ਤੇ ਘਰ ਵਾਪਸ ਜਾ ਕੇ ਆਉਣ ਨਾਲ ਬਹੁਤ ਸਮਾਂ ਖਰਾਬ ਹੋਣਾ ਸੀ ਅਤੇ ਥਕਾਵਟ ਵਾਧੂ ਦੀ ਹੋ ਜਾਣੀ ਸੀ। ਉਹਨਾਂ ਯੂਨੀਅਨ ਸਟੇਸ਼ਨ ਦੇ ਵਾਸ਼ਰੂਮ ਵਿਚ ਹੀ ਕਪੜੇ ਬਦਲੇ, ਤਿਆਰ ਹੋ ਕੇ ਉਹ ਹੋਟਲ ਪਲਾਜ਼ਾ ਵਿਚ ਪਹੁੰਚੀਆਂ ਸਨ। ਅੱਠ ਵਜੇ ਤਕ ਪਾਰਟੀ ਵਿਚ ਕੋਈ ਵੀ ਨਹੀਂ ਆਇਆ ਸੀ। ਜਿਵੇਂ ਕਿ ਹਮੇਸ਼ਾ ਹੁੰਦਾ ਹੈ, ਦਸ ਕੁ ਵਜੇ ਤੇ ਪਾਰਟੀ ਸ਼ੁਰੂ ਹੋਈ। ਸਾਰੇ ਮੈਨੇਜ਼ਰਸ ਤੇ ਪਾਰਟਨਰਸ ਕੋਈ ਗਿਆਰਾਂ ਕੁ ਵਜੇ ਡਿਨਰ ਕਰ ਕੇ ਚਲੇ ਗਏ ਪਰ ਸਾਰੇ ਯੰਗ ਇਮਪਲੋਈਜ ਅਤੇ ਕੋਓ-ਅਪ ਵਾਲੇ ਮੁੰਡੇ ਕੁੜੀਆਂ ਲਈ ਤੇ ਪਾਰਟੀ ਉਹਨਾਂ ਦੇ ਜਾਣ ਦੇ ਬਾਅਦ ਸ਼ੁਰੂ ਹੋਈ ਸੀ। ਹੱਸਦੇ ਖੇਡਦਿਆਂ, ਡਾਂਸ ਕਰਦਿਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਰਾਤ ਦਾ ਡੇਢ ਵੱਜ ਗਿਆ ਸਕੀ। ਮਾਮ ਦੀਆਂ ਦਸ ਕਾਲਸ ਮਿਸ ਹੋ ਚੁੱਕੀਆਂ ਸਨ। ਡਾਂਸ ਫਲੋਰ ‘ਤੇ ਫੋਨ ਕੌਣ ਕੋਲ ਰੱਖਦਾ ਹੈ। ਮਾਮ ਸਮੱਝਦੀ ਹੀ ਨਹੀਂ। ਡੈਡ ਕਿਨ੍ਹੇ ਕੂਲ ਹਨ। ਮਾਮ ਉਹੀ ਦਕਿਆਨੂਸੀ। ਮੈਨੂੰ ਮੋਮ ‘ਤੇ ਬਹੁਤ ਗੁੱਸਾ ਆਇਆ ਸੀ। ਜਦੋਂ ਵੀ ਫਨ ਕਰਦੇ ਹੋਵੋ, ਦੋਸਤਾਂ ਨਾਲ ਬਾਹਰ ਹੋਵੋ, ਮੈਸੇਜ ‘ਤੇ ਮੈਸੇਜ, ਕਿੱਥੇ ਹੋ? ਕਦੋਂ ਆઠਰਹੇ ਹੋ?ਕੌਣ ਕੌਣ ਨਾਲ ਹੈ? ਐਨੋਓਇ ਕਰੀ ਜਾਣਗੇ। ਮੈਂ ਤੇ ਹੁਣ ਫੋਨ ਚੁੱਕਦੀ ਹੀ ਨਹੀਂ ਪਰ ਮੈਸੇਜ ਕਰ ਕਰ ਕੇ ਬੈਡ ਫੀਲ ਕਰਵਾਉਂਦੇ ਰਹਿੰਦੇ ਹਨ। ਜਿਵੇਂ ਮੈਂ ਕੋਈ ਗੁਨਾਹ ਕਰ ਰਹੀ ਹੋਵਾਂ।
ਲਿਲੀ ਦੇ ਪੇਰੈਂਟਸ ਕਿੰਨੇ ਚੰਗੇ ਹਨ ਕੁੱਛ ਨਹੀਂ ਕਹਿੰਦੇ ”ਪਹਿਲਾਂ ਓਹ ਆਪਦੇ ਬੁਆਇਫਰੈਂਡ ਨਾਲ ਰਹਿੰਦੀ ਸੀ, ਜਦੋਂ ਦਾ ਬਰੇਕ-ਅਪ ਹੋਇਆ ਤੇ ਹੁਣ ਆਹ ਨਵੀਂ ਰੂਮ ਮੇਟ ਐਡਾ ਮਿਲ ਗਈ। ਰੀਤ ਬਿਲਕੁਲ ਭੁਲ ਗਈ ਸੀ ਕੇ ਲਿਲੀ ਉਸਨੂੰ ਕੁੱਛ ਪੁੱਛ ਰਹੀ ਹੈ। ਉਹ ਫਿਰ ਆਪਣੇ ਖਿਆਲਾਂ ਵਿਚ ਡੁੱਬ ਗਈ ਸੀ।
”ਮਾਈ ਮੋਮ, ਸੀ ਡਸ ਨੋਟ ਅੰਡਰਸਟੈਂਡ ਮੀ।
ਸ਼ੀ ਇਜ਼ ਸੋ ਅਨੋਇੰਗ” ਉਸ ਹੋਲੀ ਜਿਹੀ ਕਿਹਾ। ਲਿਲੀ ਖਿੜਖਿੜਾ ਕੇ ਹੱਸ ਪਈ।
”ਦਿਸ ਇਜ਼ ਦਾ ਰੀਜ਼ਨ ਯੂ ਲੈਫਟ ਯੁਅਰ ਹਾਊਸ”
ਉਸ ਦਾ ਹਾਸਾ ਨਹੀਂ ਸੀ ਰੁਕ ਰਿਹਾ।
”ਯੂ ਨੋ ਆਈ ਵਾਸ ਜਸਟ ਐਟੀਨ, ਵੈਹਨ ਮਾਈ ਮਾਮ ਟੋਲਡ ਮੀ ਟੂ ਲੀਵ ਦਾ ਹਾਉਸ” ਬੀਕਾਸ ਆਈ ਵਾਟੰਡ ਟੂ ਲਿਵ ਵਿਦ ਮਾਈ ਬਵਾਇਫਰੈ੬ਡ, ਬਟ ਇਟਸ ਵੇਰੀ ਹਾਰਡ – ਯੂ ਆਰ ਲੱਕੀ ਯੂ ਹੈਵ ਆ ਨਾਈਸ ਫੈਮਿਲੀ।
ਉਸ ਜਿਵੇਂ ਸਮਝਾਉਣਾ ਚਾਹਿਆ।
ਨਹੀਂ ਉਹ ਮੈਨੂੰ ਸਮਝਦੀ ਨਹੀਂ – ਰੀਤ ਨੇ ਫਿਰ ਜ਼ੋਰ ਦੇ ਕੇ ਆਖਿਆ। ਬੰਦਾ ਕੰਮ ਤੇ ਪੜ੍ਹਾਈ ਤੋਂ ਟੈਂਨਸ ਹੋਇਆ ਘਰ
ਜਾਂਦਾ ਹੈ ਪਰ ਮੇਰੀ ਮਾਮ ਬਸ ਸਵਾਲ ਤੇ ਸਵਾਲ ਪੁੱਛੀ ਜਾਂਦੀ ਹੈ।
‘ਆਈ ਵਾਂਟ ਮਾਈ ਸਪੇਸ, ਨੋ ਪਰਾਈਵੇਸੀ ਦੇਅਰ’
ਔਕੇ, ਓ- ਕੇ ਲਿਲੀ ਨੇ ਗਲ ਨੂੰ ਮੁਕਾਉਂਦਿਆਂ ਕਿਹਾ।
‘ਸੋ ਵਟਸ ਯੁਅਰ ਪਲੈਨ ਨਾਓ।’
ਮੈਂ ਵੀ ਅਪਾਰਟਮੈਂਟ ਕਿਰਾਏ ‘ਤੇ ਲੈਣਾ ਹੈ, ਰੀਤ ਨੇ ਜਿਵੇਂ ਫੈਸਲਾ ਸੁਣਾਇਆ।
ਤੇਰੇ ਕੋਲ ਐਡਵਾਂਸ ਮਨੀ ਹੈ, ਤੇ ਰੂਮ ਮੇਟ?
ਰੂਮ ਮੇਟ ਕਿਸ ਲਈ – ਰੀਤ ਨੇ ਪੁੱਛਿਆ?
”ਯੂ ਕੈਂਨਟ ਅਫੋਰਡ ਐਲੋਨ’ ਬਹੁਤ ਮਹਿੰਗਾ ਹੈ ਉਸ ਸਮਝਾਉਣਾ ਚਾਹਿਆ।
ਲੀਜ਼ ਬਾਰੇ ઠਸੋਚਿਆ ਹੈ। ਨਾਲੇ ਇਕ ਮਹੀਨਾ ਤਾਂ ਲਗ ਹੀ ਜਾਏਗਾ। ਇਸ ਸਬ ਕਾਸੇ ਵਿਚ
‘ਇਕ ਮਹੀਨਾ’ ਰੀਤ ਹੈਰਾਨ ਹੋ ਕੇ ਬੋਲੀ।
ਹਾਂ ਤੇ ਹੋਰ ਕੀ?
ਇਕ ਮਹੀਨੇ ਲਈ ਤੂੰ ਹੋਟਲ ਵਿਚ ਠਹਿਰ ਸਕਦੀ ਹੈ। ਲਿਲੀ ਨੇ ਸਲਾਹ ਦਿੱਤੀ।
ਹੋਟੇਲ, ਹੋਟੇਲ ਸ਼ਬਦ ਸੁਣ ਰੀਤ ਕੁਝ ਸੋਚਣ ਲਗ ਪਈ।
ਮਾਮ ਨੂੰ ਚੰਗਾ ਨਹੀਂ ਲੱਗੇਗਾ।
ਵੈਸੇ ਮਾਮ ਐਨੀ ਵੀ ਬੁਰੀ ਨਹੀਂ ਹੈ।
ਬਸ ਥੋੜ੍ਹਾ ਪਰੇਸ਼ਾਨ ਕਰਦੀ ਹੈ। ਕਦੇ ਕਦੇ ਸ਼ਕ ਕਰਦੀ ਹੈ। ਐਵੇਂ ਹੀ ਵਾਧੂ ਸਵਾਲ ਜਿਹੇ ਕਰ ਕਰ ਕੇ ਤੰਗ ਕਰਦੀ ਹੈ ਪਰ ਬੁਰੀ -ਨਹੀਂ ਬੁਰੀ ਤਾਂ ਬਿਲਕੁਲ ਨਹੀਂ ਹੈ।
ਕਾਸ਼ ਥੋੜੀ ਸਮਝਦਾਰ ਹੋ ਜਾਏ।
ਸੋਚ ਉਹ ਮਨ ਹੀ ਮਨ ਹੱਸ ਪਈ।
ਮਾਮ ਦੇ ਬਾਰੇ ਸੋਚਦਿਆਂ ਉਸਦਾ ਧਿਆਨ ਫਿਰ ਕੱਲ੍ਹ ਦੀ ਪਾਰਟੀ ਵਲ ਚਲਾ ਗਿਆ। ਜਦੋਂ ਰਾਤ ਦੇ ਡੇਢ ਕੁ ਵਜੇ ਪਾਰਟੀ ਖਤਮ ਹੋਈ ਤੇ ਆਫਿਸ ਦਾ ਭਾਰਾ ਬੈਗ, ਜਿਸ ਵਿਚ ਉਸਦਾ ਵਰਕ ਲੈਪਟਾਪ, ਐਸਕਟਰਾ ਸਕਰੀਨ, ਦਿਨ ਵਾਲੇ ਕੱਪੜਿਆਂ ਨਾਲ ਤੁੰਨਿਆ ਹੈਂਡਬੈਗ। ਲਗਭਗ 15 ਪੌਂਡ ਭਾਰਾ ਹੋਵੇਗਾ ਉਸ ਦਾ ਬੈਗ ਕਿਵੇਂ ਮੋਢੇ ‘ਤੇ ਚੁੱਕੀ ਪਲਾਜਾ ਹੋਟਲ ਤੋਂ ਬਾਹਰ ਆਈ ਸੀ। ਲਿਲੀ ਨੇ ਤਾਂ ਆਵਦੇ ਇਕ ਕੁਲੀਗ ਕੋਲੋਂ ਲਿਫਟ ਲੈ ਲਈ ਸੀ ਪਰ ਰੀਤ ਦਾ ਦਿਲ ਨਹੀਂ ਕੀਤਾ ਕਿ ਉਹ ਅੱਧੀ ਰਾਤ ਕਿਸੇ ਕੋਲੋਂ ਇੰਝ ਲਿਫਟ ਲਵੇ। ਨਾਲੇ ਮੋਮ ਨੂੰ ਵੀ ਚੰਗਾ ਨਹੀਂ ਸੀ ਲੱਗਣਾ ਕੇ ਉਹ ਕਿਸੇ ਨਾਲ ਇੰਜ ਕਾਰ ਵਿਚ ਆਈ ਹੈ। ਉਸ ਉਬੇਰ ਲਈ ਕਈ ਵਾਰ ਕਾਲ ਕੀਤੀ ਪਰ ਡਾਉਨ ਟਾਊਨ ਤੋਂ ਕੈਲਡੇਨ ਜਾਣ ਲਈ ਕੋਈ ਤਿਆਰ ਨਹੀਂ ਸੀ, ਰਾਤ ਦੇ ਦੋ ਵਜੇ। ਮੋਮ ਨੂੰ ਕੀ ਪਤਾ, ਕਿੰਨਾ ਸਟਰੈਸ ਹੁੰਦਾ ਹੈ ਉਸ ਵੇਲੇ ਆਪਣੀਆਂ ਮੁਸ਼ਕਲਾਂ ਨਾਲ ਜੂਝਦਿਆਂ ਅਤੇ ਘਰ ਜਾ ਕੇ ਜਵਾਬ ਤਲਬੀ ਲਈ। ਮੋਢੇ ਉਪਰ 15 ਪੌਂਡ ਭਾਰਾ ਬੈਗ ਚੁੱਕੀ ਉਹ ਯੂਨੀਅਨ ਸਟੇਸ਼ਨ ਪਹੁੰਚੀ। ਮੋਢਾ ਟੁੱਟਣ ਵਾਲਾ ਹੋ ਗਿਆ ਸੀ। ਪਾਰਟੀ ਵਿਚ ਪੀਤਾ ਵਾਈਨ ਦਾ ਗਲਾਸ ਤਾਂ ਕਦੋਂ ਦਾ ਉਤਰ ਚੁੱਕਿਆ ਸੀ। ਤਿੰਨ ਵਜੇ ਦੇ ਕਰੀਬ ਉਹ ਗੋ ਬਸ ਸਟਾਪ ਤੋਂ ਆਪਣੀ ਗੱਡੀ ਕੱਢ ਜਦੋਂ ਘਰ ਪਹੁੰਚੀ ਤੇ ਸਵੇਰ ਦੇ ਸਾਢੇ ਤਿੰਨ ਵੱਜ ਚੁੱਕੇ ਸਨ। ਠੰਡ ਤੇ ਥਕਾਨ ਨਾਲ ਉਸ ਦਾ ਬੁਰਾ ਹਾਲ ਸੀ। ਦਰਵਾਜ਼ਾ ਖੋਲਦਿਆਂ ਹੀ ਜਦੋਂ ਘਰ ਅੰਦਰ ਵੜੀ ਤੇ ਮੋਢੇ ‘ਤੇ ਲੱਦਿਆ ਭਾਰਾ ਬੈਗ ਉਸ ਥੱਲੇ ਸੁੱਟ ਦਿੱਤਾ। ਜਿਸ ਦੇ ਖੜਕੇ ਤੋਂ ਮਾਮ ਨੇ ਪਤਾ ਨਹੀਂ ਕੀ ਕੀ ਸੀਨ ਸਿਰਜ ਲਏ ਸਨ ਤੇ ਆਪਣੇ ਹੀ ਕਿਆਸ ਲਗਾ ਲਗਾ ਕੇ ਪਰੇਸ਼ਾਨ ਹੁੰਦੀ ਰਹੀ। ਮੈਂ ਤਾਂ ਪਹਿਲਾਂ ਹੀ ਖਿੱਝੀ ਪਈ ਸਾਂ ਤੇ ਮਾਮ ਉਪਰੋਂ ਹੀ ਰੀਤ ਰੀਤ ਆਖ ਅਵਾਜ਼ਾਂ ਮਾਰੀ ਜਾਣ। ਜਿਵੇਂ ਪਹਿਲਾਂ ਉਥੇ ਹਾਜ਼ਰੀ ਭਰਨੀ ਜਰੂਰੀ ਹੋਵੇ।
ਰੀਤ ਇਕੋ ਪਲ ਵਿਚ ਹੀ ਕਿੰਨ੍ਹਾ ਕੁੱਝ ਸੋਚ ਗਈ। ਗੁੱਸਾ ਤੇ ਪਹਿਲਾਂ ਦਾ ਹੀ ਬਹੁਤ ਸੀ ਪਰ ਮਾਮ ਦੇ ਇੰਟਰੋਗੇਟ ਕਰਨ ਤੇ ਸਬ ਕੁਝ ਉਹਨਾਂ ਉਪਰ ਨਿਕਲ ਗਿਆ।
ਨਾਲੇ ਇਹ ਕਿਹੜਾ ਪਹਿਲੀ ਵਾਰੀ ਸੀ। ਉਹ ਹਮੇਸ਼ਾ ਹੀ ਇੰਜ ਕਰਦੇ ਹਨ। ਸਾਡੀ ਕਿਸੇ ਗੱਲ ‘ਤੇ ਯਕੀਨ ਹੀ ਨਹੀਂ ਕਰਦੇ। ਅੱਜ ਮੈਨੂੰ ਗੁੱਸਾ ਆ ਗਿਆ ਤੇ ਮੈਂ ਵੀ ਬਹੁਤ ਕੁੱਝ ਸੁਣਾ ਦਿੱਤਾ। ਰੀਤ ਨੂੰ ਜਿਵੇਂ ਕੁਝ ਪਛਤਾਵਾ ਜਿਹਾ ਵੀ ਸੀ।
ਸਵੇਰੇ ਵੀ ਮੈਨੂੰ ਪਤਾ ਸੀ, ਮਾਮ ਕੁੱਛ ਵੱਡਾ ਸੀਨ ਕਿਰਏਟ ਕਰਨਗੇ ਸੋ ਮੈਂ ਉਹਨਾਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਘਰ ਛੱਡਣ ਦਾ ਐਲਾਨ ਕਰ ਦਿੱਤਾ।
‘ਇਟਸ ਨਾਟ ਜਸਟ ਟੂਡੇ, ਐਵਰੀਡੇ ਦੀ ਸੇਮ ਸਟੋਰੀ ਹੈ। ਰੀਤ ਬੁੜ ਬੁੜਾ ਰਹੀ ਸੀ। ਪਰ ਘਰ ਛੱਡਣਾ ਵੀ ਕਿਹੜਾ ਸੌਖਾ ਹੈ। ਐਨੇ ਖਰਚੇ ਤੇ ਕੰਮ, ਸਫਾਈ, ਭਾਂਡੇ, ਨਾ ਬਾਬਾ ਨਾ। ਮੈਂ ਨਹੀਂ ਕਰ ਸਕਦੀ।
‘ਹੁਣ ਕੀ ਕਰਾਂ?’
ਰੀਤ ਨੇ ਜਿਵੇਂ ਆਪਣੇ ਆਪ ਨੂੰ ਸਵਾਲ ਕੀਤਾ।
ਸਵੇਰ ਦਾ ਫੋਨ ਵੀ ਬੰਦ ਕਰ ਰਖਿਆ ਸੀ। ਉਸ ਦਾ ਜੀਅ ਕੀਤਾ ਕਿ ਮੋਮ ਨਾਲ ਗਲ ਕਰੇ, ਮਾਮ ਦੇ ਹੱਥ ਦੀ ਗਰਮ ਗਰਮ ਚਾਹ ਮਿਲ ਜਾਵੇ। ਉਸਨੂੰ ਆਪਣੇ ਘਰ ਮਾਮ ਡੈਡ ਤੇ ਨਵੀ ਦੀ ਯਾਦ ਆਉਣ ਲਗ ਪਈ। ਉਸ ਨੇ ਫੋਨ ਦਾ ਸਵਿਚ ਔਨ ਕੀਤਾ। ਕਿਨੇ ਹੀ ਮੈਸੇਜ, ਵਾਈਸਮੇਲ ਰਿਕਾਰਡ ਹੋਏ ਪਏ ਸਨ। ਮਾਮ ਵਾਰ ਵਾਰ ਉਸ ਨੂੰ ਘਰ ਆਉਣ ਲਈ ਤਾਕੀਦ ਕਰ ਰਹੀ ਸੀ। ਉਸਨੇ ਘੜੀ ਵਿਚ ਹੀ ਸਾਰੇ ਮੈਸੇਜ ਪੜ੍ਹ ਲਏ। ਰਾਤ ਦੇ ਨੌਂ ਵੱਜ ਚੁੱਕੇ ਸਨ। ਉਸ ਮਾਮ ਨੂੰ ਕਾਲ ਕੀਤੀ। ਉਧਰੋਂ ਘਬਰਾਈ ਤੇ ਫਿਕਰ ਭਰੀ ਹੈਲੋ ਦੀ ਆਵਾਜ ਆਈ। ‘ਆਈ ਐਮ ਸਾਰੀ ਮਾਮ।’
ਰੀਤ ਦੀ ਭਿੱਜੀ ਜਿਹੀ ਆਵਾਜ ਸੀ, ਐਮ ਕਮਿੰਗ ਹੋਮ – ਉਸ ਡਾਢੇ ਮੋਹ ਨਾਲ ਕਿਹਾ।
ੲ ੲ ੲ

Check Also

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਕੈਬਨਿਟ ਦਾ ਗਠਨ

25 ਮੈਂਬਰੀ ਵਜ਼ਾਰਤ ‘ਚ ਭਾਰਤੀ ਮੂਲ ਦੀ ਲਿਜ਼ਾ ਨੰਦੀ ਸਣੇ ਰਿਕਾਰਡ 11 ਮਹਿਲਾਵਾਂ ਸ਼ਾਮਲ ਲੰਡਨ …