ਜਸਵੰਤ ਸਿੰਘ ‘ਅਜੀਤ’
ਲੰਬੇ ਚਲ ਰਹੇ ਲਾਕਡਾਊਨ ਨੇ ਮਨੁਖ ਨੂੰ ਘਰਾਂ ਵਿੱਚ ਬੰਦ ਕਰਕੇ ਰਖ ਦਿਤਾ ਹੈ। ਨਾ ਤੁਸੀਂ ਕਿਸੇ ਨੂੰ ਮਿਲਣ ਜਾ ਸਕਦੇ ਹੋ ਤੇ ਹੀ ਕੋਈ ਤੁਹਾਨੂੰ ਮਿਲਣ ਲਈ ਆ ਸਕਦਾ ਹੈ। ਇਸ ਇਕਲ ਵਿੱਚ ਜੀਵੀ ਜਾ ਰਹੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਕਿ ਦਿਮਾਗ ਵਿੱਚ ਪੁਰਾਣੀਆਂ ਯਾਦਾਂ ਦੀਆਂ ਪਰਤਾਂ ਇੱਕ-ਇੱਕ ਕਰ ਖੁਲ੍ਹ ਤੁਹਾਡੇ ਸਾਹਮਣੇ ਅਣ-ਦਿਖਦੇ ਪਰਦੇ ਪੁਰ ਸਜੀਵ ਹੋ ਕੇ ਨਚਣ ਲਗ ਪੈਣ। ਬਸ, ਇਹੋ ਗਲ ਮੇਰੇ ਨਾਲ ਹੋਈ। ਇਨ੍ਹਾਂ ਦਿਨਾਂ ਵਿੱਚ ਖੁੱਲ੍ਹ ਰਹੀਆਂ ਯਾਦਾਂ ਦੀ ਪਰਤਾਂ ਵਿੱਚੋਂ ਅੱਜ ਇੱਕ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ।
ਵਰ੍ਹਾ 2004, ਦਾ ਸੀ, ਜਿਸ ਵਿੱਚ ਸਿੱਖ ਜਗਤ ਵਲੋਂ ਤਿੰਨ ਸ਼ਤਾਬਦੀਆਂ, ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੰਜਵੀਂ ਅਵਤਾਰ ਸ਼ਤਾਬਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਅਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ, ਮਨਾਈਆਂ ਗਈਆਂ ਸਨ। ਇਨ੍ਹਾਂ ਸ਼ਤਾਬਦੀਆਂ ਨੂੰ ਆਪਸੀ ਸਹਿਯੋਗ ਨਾਲ ਮੰਨਾਉਣ ਲਈ ਪ੍ਰੋਗਰਾਮਾਂ ਦੀ ਰੂਪ-ਰੇਖਾ ਉਲੀਕਣ ਵਾਸਤੇ, ਇਸੇ ਵਰ੍ਹੇ (2004) ਦੇ ਅਰੰਭ ਵਿੱਚ ਦਿੱਲੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਦੀ ਇਕ ਸਾਂਝੀ ਬੈਠਕ ਹੋਈ। ਇਸ ਬੈਠਕ ਵਿੱਚ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ, ਜਥੇਦਾਰ ਗੁਰਚਰਨ ਸਿੰਘ ਟੋਹੜਾ ਅਤੇ ਸਕੱਤਰ, ਮਨਜੀਤ ਸਿੰਘ ਕਲਕੱਤਾ, (ਜੋ ਅੱਜ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹੋਏ ਹਨ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਪ੍ਰਹਿਲਾਦ ਸਿੰਘ ਚੰਢੋਕ (ਇਹ ਵੀ ਇਸ ਸੰਸਾਰ ਨੂੰ ਤਿਆਗ ਗਏ ਹੋਏ ਹਨ) ਅਤੇ ਜਨਰਲ ਸਕੱਤਰ ਹਰਭਜਨ ਸਿੰਘ ਮਠਾਰੂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਦੋਹਾਂ ਧਿਰਾਂ ਦੀਆਂ ਕੁਝ ਵਿਸ਼ੇਸ਼ ਪ੍ਰਮੁਖ ਸ਼ਖਸੀਅਤਾਂ ਨੇ ਵੀ ਇਸ ਬੈਠਕ ਵਿੱਚ ਹਿੱਸਾ ਲਿਆ ਸੀ।
ਇਸ ਬੈਠਕ ਵਿੱਚ ਦੋਹਾਂ ਧਿਰਾਂ ਵਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਅਤੇ ਦਿੱਤੇ ਗਏ ਸੁਝਾਵਾਂ ਦੇ ਆਧਾਰ ਤੇ ਪ੍ਰੋਗਰਾਮਾਂ ਦੀ ਜੋ ਰੂਪ-ਰੇਖਾ ਤਿਆਰ ਕੀਤੀ ਗਈ, ਉਸਦੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਕਲਕੱਤਾ ਨੇ ਦਸਿਆ ਕਿ ਜਿਵੇਂ ਕਿ 1975 ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ, ਦੋਹਾਂ ਕਮੇਟੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਆਪਸੀ ਸਹਿਯੋਗ ਨਾਲ ਮਨਾਈ ਸੀ, ਉਸੇ ਤਰ੍ਹਾਂ ਹੀ ਇਹ ਤਿੰਨੇ ਸ਼ਤਾਬਦੀਆਂ ਵੀ ਉਨ੍ਹਾਂ ਵਲੋਂ ਮਿਲ-ਜੁਲ ਕੇ ਆਪਸੀ ਸਹਿਯੋਗ ਨਾਲ ਮਨਾਈਆਂ ਜਾਣਗੀਆਂ।
ਮਨਜੀਤ ਸਿੰਘ ਕਲਕੱਤਾ ਨੇ ਦਸਿਆ ਕਿ ਇਸ ਸਬੰਧੀ ਹੋਈ ਸਾਂਝੀ ਬੈਠਕ ਵਿੱਚ ਪ੍ਰੋਗਰਾਮਾਂ ਦੀ ਜੋ ਰੂਪ-ਰੇਖਾ ਉਲੀਕੀ ਗਈ ਹੈ, ਉਸ ਅਨੁਸਾਰ ਇਕ ਤਾਂ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਤਕ ਚੇਤਨਾ ਮਾਰਚ ਦਾ ਆਯੋਜਨ ਕੀਤਾ ਜਾਇਗਾ। ਇਸਤੋਂ ਬਿਨਾਂ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀਆਂ ਕੈਸਿਟਾਂ ਤਿਆਰ ਕਰਵਾ ਕੇ ਵੰਡੀਆਂ ਜਾਣਗੀਆਂ। ਗੁਰੂ ਸਾਹਿਬ ਦੇ ਜੀਵਨ, ਕਾਰਜਾਂ ਅਤੇ ਬਾਣੀ ਪੁਰ ਅਧਾਰਤ ਪੰਜ ਸੈਮੀਨਾਰ ਆਯੋਜਿਤ ਕਰਨ ਦੇ ਨਾਲ ਹੀ ਇਸ ਸਬੰਧ ਵਿੱਚ ਪੰਜ ਪੁਸਤਕਾਂ ਵੀ ਛਾਪੀਆਂ ਜਾਣਗੀਆਂ।
ਉਨ੍ਹਾਂ ਹੋਰ ਦਸਿਆ ਕਿ ਇਸ ਮੌਕੇ ਤੇ ਪੰਜ ਸੌ ਨੌਜਵਾਨਾਂ ਦਾ ਇਕ ਜਥਾ ਤਿਆਰ ਕੀਤਾ ਜਾਇਗਾ, ਜਿਸਦੇ ਮੈਂਬਰ ਗਰੁਪਾਂ ਦੇ ਰੂਪ ਵਿੱਚ ਪਿੰਡ-ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਗੇ। ਸਿੱਖ ਧਰਮ ਅਤੇ ਇਤਿਹਾਸ ਨਾਲ ਸਬੰਧਤ ਫਿਲਮਾਂ ਵਿਖਾ ਕੇ ਨੌਜਵਾਨਾਂ ਨੂੰ ਸਿੱਖੀ ਵਿਰਸੇ ਨਾਲ ਜੁੜੇ ਰਹਿਣ ਲਈ ਉਤਸਾਹਿਤ ਕਰਨਗੇ ਅਤੇ ਵਿਰਸੇ ਨਾਲੋਂ ਟੁੱਟ ਚੁਕਿਆਂ ਨੂੰ ਪ੍ਰੇਰ ਕੇ ਮੁੜ ਵਿਰਸੇ ਨਾਲ ਜੋੜਨਗੇ।
ਮਨਜੀਤ ਸਿੰਘ ਕਲਕੱਤਾ ਨੇ ਦਸਿਆ ਜਿਨ੍ਹਾਂ ਹੋਰ ਪ੍ਰੋਗਰਾਮਾਂ ਬਾਰੇ ਸਹਿਮਤੀ ਹੋਈ, ਉਨ੍ਹਾਂ ਅਨੁਸਾਰ ਸਾਰੇ ਖਾਲਸਾ ਸਕੂਲਾਂ ਅਤੇ ਖਾਲਸਾ ਕਾਲਜਾਂ ਵਿੱਚ ਗੁਰਮਤਿ ਕੇਂਦਰ ਸਥਾਪਤ ਕੀਤੇ ਜਾਣਗੇ ਅਤੇ ਸਿੱਖ ਇਤਿਹਾਸ ਅਤੇ ਧਰਮ ਨਾਲ ਸਬੰਧਤ ਸੀਰੀਅਲ ਤਿਆਰ ਕਰਵਾ ਕੇ ਵੱਖ-ਵੱਖ ਟੀਵੀ ਚੈਨਲਾਂ ਪੁਰ ਪ੍ਰਸਾਰਤ ਕਰਵਾਏ ਜਾਣਗੇ, ਤਾਂ ਜੋ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਤੇ ਸਿੱਖਾਂ ਵਲੋਂ ਮਾਨਵਤਾ ਦੀਆਂ ਕਦਰਾਂ-ਕੀਮਤਾਂ ਦੀ ਰਖਿਆ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਸਾਰਾ ਸੰਸਾਰ ਜਾਣੂ ਹੋ ਸਕੇ ਅਤੇ ਵਿਸ਼ਵ-ਭਰ ਵਿੱਚ ਸਿੱਖਾਂ ਦਾ ਮਾਣ-ਸਤਿਕਾਰ ਵੱਧ ਸਕੇ। ਇਸਤੋਂ ਬਿਨਾਂ ਇਹ ਫੈਸਲਾ ਵੀ ਕੀਤਾ ਗਿਆ ਕਿ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ, – ਸਿੰਘ ਸਭਾਵਾਂ, ਸੋਸਾਇਟੀਆਂ ਆਦਿ ਦਾ ਸਹਿਯੋਗ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਬੰਧ ਵਿੱਚ ਸਮਾਗਮਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰ ਉਸਦੇ ਸਰਬ-ਸਾਂਝੇ ਸੰਦੇਸ਼ ਨੂੰ ਸੰਸਾਰ ਭਰ ਵਿੱਚ ਪ੍ਰਚਾਰਨ ਤੇ ਪਹੁੰਚਾਣ ਦੇ ਉਪਰਾਲੇ ਕੀਤੇ ਜਾਣਗੇ।
ਉਨ੍ਹਾਂ ਦਸਿਆ ਕਿ ਇਸਤੋਂ ਇਲਾਵਾ ਦਸ ਹਜ਼ਾਰ ਸਿੱਖ ਨੌਜਵਾਨਾਂ ਦਾ ਇਕ ਇਕੱਠ ਕਰਕੇ ਉਨ੍ਹਾਂ ਨੂੰ ਸਿੱਖੀ ਰਹਿਤ, ਬਾਣੀ ਅਤੇ ਬਾਣੇ ਦੀ ਮਹਤੱਤਾ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਇਆ ਜਾਇਗਾ। ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਬੀਆਂ, ਜਿਨ੍ਹਾਂ ਨੇ ਭਵਿਖ ਦੀ ਪੀੜੀ ਦੀ ਸੰਭਾਲ ਕਰਨੀ ਹੈ ਅਤੇ ਲੜਕਿਆਂ ਜਿਨ੍ਹਾਂ ਨੇ ਭਵਿਖ ਦਾ ਵਾਰਸ ਬਣਨਾ ਹੈ, ਦੇ ਗੁਰਮਤਿ ਕੈਂਪ ਲਾਏ ਜਾਣਗੇ। ਸੰਗਤਾਂ ਨੂੰ ਹਰ ਮਹੀਨੇ ਦੀ ਪੰਜ ਤਾਰੀਖ ਨੂੰ ਅਨੰਦਪੁਰ ਸਾਹਿਬ ਤੋਂ ਪਰਿਵਾਰ ਵਿਛੋੜੇ, ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਾਹਿਬ ਦੀ ਯਾਤਰਾ ਕਰਵਾਉਣ ਅਤੇ ਉਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਉਪਲਬੱਧ ਕਰਵਾਉਣ ਦੇ ਪ੍ਰਬੰਧ ਕੀਤੇ ਜਾਣਗੇ।
ਉਸ ਬੈਠਕ ਵਿੱਚ ਕੁਝ ਹੋਰ ਵੀ ਪ੍ਰੋਗਰਾਮ ਉਲੀਕੇ ਗਏ, ਜਿਨ੍ਹਾਂ ਅਨੁਸਾਰ ਦਿੱਲੀ, ਮੁੰਬਈ, ਕਲਕੱਤਾ ਅਤੇ ਨਾਗਪੁਰ ਤੋਂ ਇਲਾਵਾ ਵਿਦੇਸ਼ਾਂ ਵਿੱਚ ਅਜਿਹੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਦਾ ਵਾਤਾਵਰਣ ਪੂਰਣ ਰੂਪ ਸਿੱਖੀ ਦਾ ਸਿਰਜਿਆ ਗਿਆ ਹੋਵੇਗਾ। ਦੇਸ ਦੇ ਵੱਖ-ਵੱਖ ਹਿਸਿਆਂ ਵਿੱਚ ਵਸ ਰਹੇ ਅਤੇ ਅਣਗੋਲੇ ਕੀਤੇ ਗਏ ਹੋਏ, ਗੁਰੂ ਨਾਨਕ ਨਾਮ ਲੇਵਾਵਾਂ ਨੂੰ ਪੰਥ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣਗੇ ਅਤੇ ਬਾਣੀ ਦੇ ਸ਼ੁਧ ਉਚਾਰਣ ਦੀ ਸਿਖਿਆ ਦੇਣ ਦੇ ਵਿਸ਼ੇਸ਼ ਉਪਰਾਲੇ ਹੋਣਗੇ।
ਡਾ. ਜਸਪਾਲ ਸਿੰਘ (ਸਾਬਕਾ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵਲੋਂ ਦਿਤੇ ਗਏ ਸੁਝਾਵ ਅਨੁਸਾਰ ਦੋ-ਪੜਾਵੀ, ਘਟ ਸਮੇਂ ਦੇ ਅਤੇ ਲੰਮੇਂ ਸਮੇਂ ਦੇ ਵੱਖ-ਵੱਖ ਪ੍ਰੋਗਰਾਮ ਉਲੀਕਣ ਦਾ ਫੈਸਲਾ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਤਾਬਦੀਆਂ ਦੀ ਗਲ ਕੇਵਲ ਗੁਰਮੁਖੀ ਵਿੱਚ ਹੀ ਨਾ ਹੋਵੇ। ਬਾਣੀ ਦੇ ਸੰਦੇਸ਼ ਨੂੰ ਸਰਬ-ਵਿਆਪੀ ਬਣਾਉਣ ਲਈ ਸੰਸਾਰ ਦੀਆਂ ਹੋਰ ਭਾਸ਼ਾਵਾਂ ਵਿੱਚ ਵੀ, ਉਸਨੂੰ ਭਾਵ-ਅਰਥਾਂ ਸਹਿਤ ਛਾਪ ਕੇ ਵੰਡਿਆ ਜਾਏ। ਇਸੇ ਉਦੇਸ਼ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਤੇ ਸਕੂਲ ਆਫ ਲੈਗੁਏਜੇਜ਼ ਦੀ ਵੀ ਸਥਾਪਨਾ ਕੀਤੀ ਜਾਏ। ਉਨ੍ਹਾਂ ਇਹ ਸੁਝਾਉ ਵੀ ਦਿੱਤਾ ਕਿ ਸਾਹਿਬਜ਼ਾਦਿਆਂ ਦੇ ਨਾਂ ਤੇ ਚਾਰ ਸਕੂਲ ਕਾਇਮ ਕੀਤੇ ਜਾਣ ਅਤੇ ਮਾਤਾ ਗੁਜਰੀ ਜੀ ਦੇ ਨਾਂ ਤੇ ਇਕ ਅਜਿਹੀ ਇੰਸਟੀਚਿਊਟ ਕਾਇਮ ਕੀਤੀ ਜਾਏ, ਜਿਸ ਰਾਹੀਂ ‘ਸਿੱਖ ਧਰਮ ਵਿੱਚ ਇਸਤ੍ਰੀ ਦੇ ਸਥਾਨ’ ਦੇ ਸੰਦੇਸ਼ ਨੂੰ ਸੰਸਾਰ ਭਰ ਵਿੱਚ ਪ੍ਰਚਾਰਿਆ ਜਾ ਸਕੇ। ਇਹ ਵੀ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਇਕ ‘ਇੰਟਰ ਫੇਥ’ ਸੰਸਥਾ ਦੀ ਸਥਾਪਨਾ ਕੀਤੀ ਜਾਏ। ਖਾਲਸਾ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਦੇ ੧੫-੧੫ ਦਿਨਾਂ ਕੈਂਪ ਲਾਏ ਜਾਣ, ਜਿਨ੍ਹਾਂ ਵਿੱਚ ਸਿੱਖੀ ਜੀਵਨ ਜਾਚ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਬਾਰੇ ਜਾਣਕਾਰੀ ਦਿਤੀ ਜਾਏ।
ਇਨ੍ਹਾਂ ਸਾਰੇ ਫੈਸਲਿਆਂ ਅਤੇ ਉਲੀਕੇ ਗਏ ਪ੍ਰੋਗਰਾਮਾਂ ਪੁਰ ਅਮਲ ਕਰਨ ਲਈ ਵੱਖ-ਵੱਖ ਕਮੇਟੀਆਂ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ, ਜਿਨ੍ਹਾਂ ਦਾ ਕੇਂਦਰੀ ਕਮੇਟੀ ਦੇ ਨਾਲ ਸੰਪਰਕ ਕਾਇਮ ਰਹੇਗਾ।
ਇਸ ਮੌਕੇ ਤੇ ਜ. ਗੁਰਚਰਨ ਸਿੰਘ ਟੌਹੜਾ, ਜੋ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖੀ ਨੂੰ ਕੇਵਲ ਬਾਹਰੋਂ ਵਿਰੋਧੀਆਂ ਤੋਂ ਹੀ ਨਹੀਂ. ਸਗੋਂ ਅੰਦਰੋਂ ਆਪਣਿਆਂ ਵਲੋਂ ਵੀ ਚੁਨੌਤੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਜਿਥੇ ਕਿ ਸਿੱਖੀ ਦੀਆਂ ਜੜਾਂ ਹਨ, ਵਿੱਚ ਹੀ ਸਿੱਖੀ ਨੂੰ ਢਾਹ ਲਗ ਰਹੀ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਜਿਨ੍ਹਾਂ ਨੇ ਸਿੱਖੀ ਪ੍ਰਤੀ ਵਚਨਬੱਧਤਾ ਨਿਭਾਹੁਣੀ ਸੀ, ਉਨ੍ਹਾਂ ਦੇ ਹੀ ਬੱਚੇ ਪਤਿਤ ਹੋ ਗਏ ਹਨ। ਉਨ੍ਹਾਂ ਦਸਿਆ ਕਿ ਸਿੱਖੀ ਦੀ ਭਾਵਨਾ ਤਾਂ ਹੈ, ਪ੍ਰੰਤੂ ਦਾੜ੍ਹੀ ਕੇਸ ਨਹੀਂ ਹਨ, ਜੋ ਕਿ ਬਹੁਤ ਚਿੰਤਾ ਦੀ ਗਲ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਵਿਦਿਆਰਥੀਆਂ ਰਾਹੀਂ ਹੀ ਪਤਿਤ-ਪੁਣੇ ਵਿਰੁਧ ਲਹਿਰ ਪੈਦਾ ਕਰ ਕੇ ਇਸਨੂੰ ਠਲ੍ਹ ਪਾਈ ਜਾ ਸਕਦੀ ਹੈ। ਅਤੇ ਅੰਤ ਵਿੱਚ: ਇਨ੍ਹਾਂ ਕੀਤੇ ਗਏ ਫੈਸਲਿਆਂ ਪੁਰ ਕਿਤਨਾ-ਕੁ ਅਮਲ ਹੋਇਆ ਇਹ ਤਾਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀ ਹੀ ਦਸ ਸਕਦੇ ਹਨ। ਪਰ ਇਤਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜੇ ਇਨ੍ਹਾਂ ਫੈਸਲਿਆਂ ਪੁਰ ਇਮਾਨਦਾਰੀ ਨਾਲ ਅਮਲ ਕੀਤਾ ਜਾਂਦਾ ਤਾਂ ਅੱਜ ਪੰਜਾਬ ਵਿੱਚ ਸਿੱਖੀ ਨਾਲੋਂ ਟੁੱਟਦੇ ਜਾ ਰਹੇ ਨੌਜਵਾਨਾਂ ਦੀਆਂ ਜੋ ਡਾਰਾਂ ਵੇਖਣ ਨੂੰ ਮਿਲ ਰਹੀਆਂ ਹਨ, ਉਹ ਨਾ ਮਿਲਦੀਆਂ ਅਤੇ ਨਾ ਹੀ ਇਸਦੀ ਹਵਾ ਪੰਜਾਬੋਂ ਬਾਹਰ ਵਲ ਵਧਣੀ ਸ਼ੁਰੂ ਹੋ ਸਕਦੀ।