(ਕਿਸ਼ਤ ਦੂਜੀ)
ਚੰਗਾ ਸਾਹਿਤ ਸਮਾਜ ਲਈ ਸ਼ੀਸ਼ੇ ਵਰਗਾ : ਡਾ. ਡੀ.ਪੀ. ਸਿੰਘ
ਮੁਲਾਕਾਤ ਕਰਤਾ
ਸ਼੍ਰੀਮਤੀ ਮੀਨਾ ਸ਼ਰਮਾ
ਪੰਜਾਬ ਯੂਨੀਵਰਸਿਟੀ ਐਸ. ਐਸ.ਜੀ. ਰਿਜ਼ਨਲ ਸੈਂਟਰ, ਹੁਸ਼ਿਆਰਪੁਰ
ਮੀਨਾ ਸ਼ਰਮਾ : ਸਰ! ਭੌਤਿਕ ਵਿਗਿਆਨੀ ਅਤੇ ਸਾਹਿਤਕਾਰ ਦਾ ਸੁਮੇਲ ਬੜਾ ਵਿਲੱਖਣ ਹੈ। ਆਪ ਦੀ ਸਖ਼ਸ਼ੀਅਤ ਅੰਦਰ ਵਿਗਿਆਨੀ ਅਤੇ ਲੇਖਕ ਹਮੇਸ਼ਾਂ ਸਮਾਂਤਰ (parallel) ਕਾਰਜ਼ਸ਼ੀਲ ਰਹਿੰਦੇ ਹਨ ਜਾਂ ਸਮੇਂ-ਦਰ-ਸਮੇਂ ਕੋਈ ਇਕ ਵਧੇਰੇ ਭਾਰੂ (dominating) ਵੀ ਹੋ ਜਾਂਦਾ ਹੈ?
ਡਾ. ਸਿੰਘ : ਮੈਂ ਮੂਲ ਰੂਪ ਵਿਚ ਵਿਗਿਆਨ ਦਾ ਵਿਦਿਆਰਥੀ ਹਾਂ ਜਿਸ ਨੂੰ ਸੁਭਾਗ ਵੱਸ ਵਿਗਿਆਨ ਅਧਿਆਪਨ ਕਾਰਜ ਕਰਨ ਦਾ ਮੌਕਾ ਵੀ ਪ੍ਰਾਪਤ ਹੋਇਆ। ਵਿਗਿਆਨ ਦੇ ਹੈਰਾਨੀ ਭਰੇ ਤੇ ਦਿਲਚਸਪ ਭੇਤ, ਆਮ ਲੋਕਾਂ ਨਾਲ ਸਾਂਝਾ ਕਰਨ ਲਈ, ਪੰਜਾਬ ਦਾ ਵਾਸੀ ਹੋਣ ਕਾਰਣ, ਮਾਂ-ਬੋਲੀ ਪੰਜਾਬੀ ਦੀ ਵਰਤੋਂ ਨਾਲ ਸੰਚਾਰ ਕਾਰਜ ਕੀਤੇ।
ਮੇਰੀਆਂ ਸਾਰੀਆਂ ਰਚਨਾਵਾਂ ਵਿਗਿਆਨ ਦੇ ਵਿਭਿੰਨ ਪਹਿਲੂਆਂ ਨੂੰ ਜਨ-ਸਾਧਾਰਣ/ਬੱਚਿਆਂ ਨਾਲ ਸਾਂਝਾ ਕਰਨ ਦਾ ਉਪਰਾਲਾ ਹੀ ਹਨ। ਇੰਝ ਮੇਰੇ ਕੇਸ ਵਿਚ ਭੌਤਿਕ ਵਿਗਿਆਨੀ ਹੋਣਾ ਤੇ ਸਾਹਿਤਕਾਰ ਹੋਣਾ, ਇਕੋ ਸਿੱਕੇ ਦੇ ਦੋ ਪਹਿਲੂ ਹਨ। ਹਾਂ, ਜੋ ਲਗਭਗ ਸਮਾਂਤਰ ਹੀ ਕਾਰਜ਼ਸ਼ੀਲ ਰਹਿੰਦੇ ਹਨ। ਇਹ ਵੀ ਸੱਚ ਹੈ ਕਿ ਭੌਤਿਕ ਵਿਗਿਆਨ ਸੰਬੰਧਤ ਖੋਜ ਕਾਰਜ ਕਰਦੇ ਹੋਏ, ਮਨ ਉਪਰ ਗੰਭੀਰ ਅਕਾਦਮਿਕਤਾ ਭਾਰੂ ਹੁੰਦੀ ਹੈ ਤੇ ਸਾਹਿਤ ਰਚਣਾ ਕਾਰਜਾਂ ਵੇਲੇ, ਤੱਥਾਂ ਦੇ ਨੇੜੇ ਤੇੜੇ ਰਹਿੰਦੇ ਹੋਏ, ਸਰਲਤਾ ਅਤੇ ਜਨ-ਸਾਧਾਰਣ/ਬੱਚਿਆਂ ਦੇ ਮਾਨਸਿਕ ਪੱਧਰ ਦਾ ਧਿਆਨ ਰੱਖਣਾ ਪੈਂਦਾ ਹੈ। ઠ
ਮੀਨਾ ਸ਼ਰਮਾ : ਡਾ. ਸਾਹਿਬ !ਆਪ ਦੀ ਪਕੜ੍ਹ ਜਿੰਨੀ ਇਕ ਵਿਗਿਆਨੀ ਦੇ ਤੌਰ ‘ਤੇ ਸਮਰਥ ਹੈ, ਓਨੀ ਹੀ ਲੇਖਕ ਦੇ ਰੂਪ ਵਿਚ ਵੀ ਹੈ, ਪਰ ਆਪਣੇ ਨਿੱਜੀ ਵਿਚਾਰ ਦੱਸੋ ਕਿ ਆਪ ਨੂੰ ਦੋਨਾਂ ਵਿਚੋਂ ਕਿਹੜਾ ਰੂਪ ਵੱਧ ਪਸੰਦ ਹੈ ਅਤੇ ਕਿਉਂ?
ਡਾ. ਸਿੰਘ: ਮੀਨਾ ਜੀ! ਆਪ ਦੀ ਕਦਰਦਾਨੀ ਲਈ ਧੰਨਵਾਦ। ਮਨੁੱਖ ਹਮੇਸ਼ਾਂ ਹੀ ਕੁਦਰਤੀ ਵਰਤਾਰਿਆਂ ਦੇ ਭੇਦ ਜਾਨਣ ਲਈ ਉਤਸਕ ਰਿਹਾ ਹੈ। ਵਿਗਿਆਨੀ ਕੁਦਰਤ ਦੇ ਅਜਬ ਭੇਦਾਂ ਨੂੰ ਮਨੁੱਖੀ ਸਮਝ ਦੇ ਦਾਇਰੇ ਵਿਚ ਲਿਆਉਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਮੈਂ ਮੂਲ ਰੂਪ ਵਿਚ ਵਿਗਿਆਨ ਦਾ ਵਿਦਿਆਰਥੀ/ਖੋਜਕਾਰ ਹਾਂ, ਜੋ ਆਪਣੇ ਲੇਖਣ ਕਾਰਜਾਂ ਰਾਹੀਂ ਵਿਗਿਆਨ ਦੇ ਗੁਹਜ਼ ਭੇਦਾਂ ਨੂੰ ਜਨ-ਸਾਧਾਰਣ ਨਾਲ ਸਾਂਝਾ ਕਰਨ ਲਈ ਯਤਨਸ਼ੀਲ ਹਾਂ। ਲੇਖਣੀ ਇਕ ਮਾਧਿਅਮ ਹੈ ਜਿਸ ਦੀ ਵਰਤੋਂ ਨਾਲ ਵਿਗਿਆਨ ਸੰਚਾਰ ਸੰਭਵ ਹੈ। ਇੰਝ ਵਿਗਿਆਨੀ ਤੇ ਲੇਖਕ ਦੋਨੋਂ ਹੀ ਰੂਪ ਆਪਣੀ ਸਾਰਥਿਕਤਾ ਰੱਖਦੇ ਹਨ। ਜਿਥੇ ਵਿਗਿਆਨ ਪ੍ਰਤੀ ਲਗਾਉ ਮੇਰੀ ਵਿਗਿਆਨਕ ਮਨੋਵਿਰਤੀ ਦਾ ਆਧਾਰ ਹੈ, ਉਥੇ ਇਸੇ ਲਗਾਉ ਦਾ ਪ੍ਰਗਟਾ ਮੈਂ ਆਪਣੇ ਲੇਖਣ ਕਾਰਜਾਂ ਵਿਚ ਦੇਖਦਾ ਹਾਂ। ਇੰਝ ਵਿਗਿਆਨੀ ਤੇ ਲੇਖਕ ਇਕੋ ਸਿੱਕੇ ਦੇ ਦੋ ਪਾਸੇ (sides) ਹਨ, ਇਕ ਦੂਜੇ ਦੇ ਪੂਰਕ। ਇਸ ਲਈ ਮੈਨੂੰ ਦੋਨੋਂ ਰੂਪ ਹੀ ਪਸੰਦ ਹਨ। ਪਰ ਸ਼ਾਇਦ ਵਿਗਿਆਨੀ ਵਾਲਾ ਰੂਪ ਥੋੜ੍ਹਾ ਵਧੇਰੇ ਕਿਉਂ ਕਿ ਇਹ ਰੂਪ ਉਤਸੁਕਤਾ ਦੀ ਨਵੀਂ ਤੇ ਸੱਜਰੀ ਪੂਰਤੀ ਦੇ ਵਧੇਰੇ ਨਜ਼ਦੀਕ ਹੁੰਦਾ ਹੈ।
ਮੀਨਾ ਸ਼ਰਮਾ : ਸਰ ! ਕੀ ਤੁਸੀਂ ਲੇਖ/ਨਿਬੰਧ ਤੋਂ ਇਲਾਵਾ ਹੋਰਨਾਂ ਸਾਹਿਤਕ ਵਿਧਾਵਾਂ ਵਿਚ ਵੀ ਕਲਮਕਾਰੀ ਕੀਤੀ ਹੈ?
ਡਾ. ਸਿੰਘ: ਮੈਂ ਬੇਸ਼ਕ ਲੇਖ/ਨਿਬੰਧ ਵਿਧਾ ਨਾਲ ਕਲਮਕਾਰੀ ਸ਼ੁਰੂ ਕੀਤੀ ਤੇ ਮੇਰੀਆਂ ਬਹੁਤੀਆਂ ਕਿਤਾਬਾਂ ਇਸੇ ਵਿਧੀ ਵਿਚ ਹਨ। ਪਰ ਸਮੇਂ ਨਾਲ ਮੇਰੀ ਦਿਲਚਸਪੀ ਕਹਾਣੀ ਰਚਨਾ ਕਾਰਜਾਂ ਵੱਲ ਹੋ ਗਈ। ਮੈਂ ਇਸ ਵਿਧਾ ਵਿਚ ਆਮ ਪਾਠਕਾਂ ਲਈ ਦੋ ਪੁਸਤਕਾਂ ਲਿਖੀਆ ਹਨ ”ਭਵਿੱਖ ਦੀ ਪੈੜ” ਅਤੇ ”ਸਮੇਂ ਦੇ ਵਹਿਣ”। ਬਾਲਾਂ ਲਈ ਕਹਾਣੀ ਵਿਧਾ ਰਾਹੀਂ ਵਿਗਿਆਨ ਦਾ ਗਿਆਨ ਪ੍ਰਸਾਰ ਕਰਨ ਦੇ ਯਤਨ ਵੀ ਕੀਤੇ ਹਨ। ਕਹਾਣੀ ਵਿਧਾ ਦੀ ਵਰਤੋਂ ਕਰਦੇ ਹੋਏ ਬੱਚਿਆਂ ਲਈ ਮੈਂ ਚਾਰ ਪੁਸਤਕਾਂ ”ਸਤਰੰਗ”, ”ਰੋਬਟ, ਮਨੁੱਖ ਅਤੇ ਕੁਦਰਤ”, ”ਧਰਤੀਏ ਰੁਕ ਜਾ” ਅਤੇ ”ਪੰਜਾਬ ਦੇ ਦਰਿਆ” ਦੀ ਰਚਨਾ ਕੀਤੀ ਹੈ। ਪਿਛਲੇ ਦਿਨ੍ਹੀਂ ਪੰਜਾਬੀ ਵਿਚ ਬਾਲ-ਨਾਟਕਾਂ ਦੇ ਖੇਤਰ ਵਿਚ ਵੀ ਹੱਥ-ਅਜਮਾਈ ਕੀਤੀ ਹੈ। ਇਸ ਖੇਤਰ ਵਿਚ ਮੇਰੇ 12 ਨਾਟਕ, ਪਰਵਾਸੀ ਵੀਕਲੀ ਅਖਬਾਰ, ਕੈਨੇਡਾ, ਜਾਗਰਣ (ਪੰਜਾਬੀ), ਜਲੰਧਰ, ਤੇ ਪੰਖੜੀਆਂ ਮੈਗਜ਼ੀਨ, ਮੁਹਾਲੀ ਵਿਚ ਛਪੇ ਹਨ। ਇਹ ਨਾਟਕ, ਸ਼ਾਹਮੁਖੀ ਲਿਪੀ ਵਿਚ ਪਕਿਸਤਾਨ ਤੋਂ ਛੱਪਦੇ ਬਾਲ ਸਾਹਿਤ ਮੈਗਜ਼ੀਨ ”ਪੰਖੇਰੂ” ਵਿਚ, 2017-18 ਦੌਰਾਨ ਲਗਾਤਾਰ ਛੱਪਦੇ ਰਹੇ ਹਨ। ਇਸ ਵਿਧਾ ਵਿਚ ਮੇਰੀ ਕਿਤਾਬ ”ਸਤਰੰਗੀ ਪੀਂਘ ਤੇ ਹੋਰ ਨਾਟਕ” ਸ਼ਾਹਮੁੱਖੀ ਲਿੱਪੀ ਵਿਚ ਅਦਾਰਾ ਪੰਜਾਬੀ ਬਾਲ ਅਦਬੀ ਬੋਰਡ, ਲਾਹੌਰ, ਪਾਕਿਸਤਾਨ ਤੋਂ ਛਪਾਈ ਅਧੀਨ ਹੈ ਤੇ ਇਹ ਕਿਤਾਬ ਦਾ ਪ੍ਰਕਾਸ਼ਨ ਇਸੇ ਸਾਲ ਹੋਣ ਦੀ ਆਸ ਹੈ। ਹਿਮਾਚਲ ਦੇ ਪਹਾੜੀ ਖੇਤਰ ਦੀਆਂ ਸੈਰਗਾਹਾਂ, ਧਾਰਮਿਕ ਤੇ ਇਤਹਾਸਿਕ ਸਥੱਲਾਂ ਦੀ ਯਾਤਰਾ ਸੰਬੰਧੀ ਸਫ਼ਰਨਾਮਾ ਵੀ ਲਿਖਿਆ, ਜੋ ਸੰਨ 1997 ਦੌਰਾਨ ਨਵਾਂ ਜ਼ਮਾਨਾ ਅਖ਼ਬਾਰ, ਜਲੰਧਰ ਨੇ ਪੰਜਾਬੀ ਵਿਚ ਅਤੇ ਸ਼ਿਵਾਲਿਕ ਪ੍ਰਤਿੱਕਾ, ਮਹਿਤਪੁਰ, ਊਨਾ ਨੇ ਹਿੰਦੀ ਵਿਚ ਲਗਾਤਾਰ 15 ਕਿਸ਼ਤਾਂ ਵਿਚ ਛਾਪਿਆ। ਇਸ ਤੋਂ ਇਲਾਵਾ ਵਿਗਿਆਨ ਅਤੇ ਧਾਰਮਿਕ ਵਿਸ਼ਿਆਂ ਸੰਬੰਧਤ ਮੇਰੀਆਂ ਕੁਝ ਕਵਿਤਾਵਾਂ ਵੀ ਪ੍ਰਕਾਸ਼ਿਤ ਹੋਈਆਂ ਹਨ। ਇਸ ਵਿਧਾ ਵਿਚ ਅਜੇ ਮੇਰੀ ਕੋਈ ਕਿਤਾਬ ਨਹੀਂ ਛਪੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪ੍ਰਕਾਸ਼ਿਤ ਕੀਤੇ ਗਏ ਚਿਲਡਰਨ ਇੰਨਸਾਈਕਲੋਪਿਡੀਆ ਲਈ ਵੀ ਲਗਭਗ ਦੋ ਦਰਜਨ ਐਂਟਰੀਜ਼ ਲਿਖੀਆਂ ਹਨ। ਵਿਗਿਆਨ ਸੰਬੰਧਤ ਪਾਠ-ਪੁਸਤਕਾਂ ਦੇ ਅੰਗਰੇਜ਼ੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਾਰਜ਼ ਵੀ ਕੀਤੇ ਹਨ। ਵਿਗਿਆਨ ਤੇ ਧਰਮ ਦੇ ਖੇਤਰ ਸੰਬੰਧਤ, ਵਿਭਿੰਨ ਵਿਦਵਾਨਾਂ ਦੀਆਂ ਲਗਭਗ 15 ਕਿਤਾਬਾਂ ਦੇ ਰਿਵਿਊ ਵੀ ਲਿਖੇ ਹਨ। ਕਈ ਲੇਖਕਾਂ ਦੀਆਂ ਕਿਤਾਬਾਂ ਦੇ ਮੁੱਖਬੰਧ ਲਿਖਣ ਦਾ ਵੀ ਮਾਣ ਹਾਸਿਲ ਹੋਇਆ ਹੈ।
ਮੀਨਾ ਸ਼ਰਮਾ: ਤੁਹਾਡੇ ਵਿਚਾਰ ਅਨੁਸਾਰ ਵਿਗਿਆਨਕ ਖੋਜ ਅਤੇ (ਪੰਜਾਬੀ ਪਰਿਪੇਖ ਦੀ) ਸਾਹਿਤਕ ਖੋਜ ਵਿਚ ਕੀ ਅੰਤਰ ਹੈ?
ਡਾ. ਸਿੰਘ: ਵਿਗਿਆਨਕ ਸਿਧਾਂਤ ਅਤੇ ઠਪ੍ਰੇਖਣ ਕਾਰਜ, ਵਿਗਿਆਨਕ ਖੋਜ ਦੇ ਦੋ ਥੰਮ ਹਨ। ਵਿਗਿਆਨਕ ਖੋਜ ਕਰਨ ਦੇ ਦੋ ਢੰਗ ਹਨ। ਇਕ ਢੰਗ ਹੈ ਸਿਧਾਂਤਕ ਪੜਚੋਲ ਤੇ ਦੂਸਰਾ ਹੈ ਪੁਸ਼ਟੀਯੋਗ ਪ੍ਰੇਖਣ ਕਾਰਜ। ਅਜਿਹੀ ਖੋਜ ਦੀ ਸਿਧਾਂਤਕ ਪੜਚੋਲ, ਕੁਦਰਤੀ ਜਾਂ ਸਮਾਜਿਕ ਵਰਤਾਰਿਆਂ ਦੀਆਂ ਮੂਲ ਧਾਰਨਾਵਾਂ, ਉਨ੍ਹਾਂ ਦੇ ਆਪਸੀ ਸੰਬੰਧਾਂ ਦੀ ਪਛਾਣ ਅਤੇ ਨਿਰਮਾਣ ਨਾਲ ਸੰਬੰਧਤ ਹੁੰਦੀ ਹੈ। ਇਨ੍ਹਾਂ ਮੂਲ ਧਾਰਨਾਵਾਂ ਵਿਚਲਾ ਸੰਬੰਧ ਹੀ ਵਿਗਿਆਨਕ ਸਿਧਾਂਤਾਂ ਦਾ ਜਨਮਦਾਤਾ ਬਣਦਾ ਹੈ। ਜਦ ਕਿ ਪ੍ਰੇਖਣ ਕਾਰਜ, ਸਿਧਾਂਤਕ ਸੰਕਲਪਾਂ ਅਤੇ ਸੰਬੰਧਾਂ ਦੇ ਜਾਂਚ ਤੇ ਮੁਲਾਂਕਣ ਕਾਰਜਾਂ ਨਾਲ ਸੰਬੰਧਿਤ ਹੁੰਦੇ ਹਨ। ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਸਿਧਾਂਤ, ਵਾਸਤਵਿਕਤਾ ਦਾ ਸਹੀ ਚਿੱਤਰਣ ਕਰਨ ਵਿਚ ਕਿੰਨ੍ਹੇ ਕੁ ਸਮਰਥ ਹਨ। ਪ੍ਰੇਖਣ ਕਾਰਜ ਹੀ ਸਮੇਂ ਨਾਲ ਵਧੇਰੇ ਉੱਤਮ ਸਿਧਾਂਤਾਂ ਦੇ ਜਨਮਦਾਤਾ ਬਣਦੇ ਹਨ। ਵਿਗਿਆਨਕ ਖੋਜ ਇਕ ਨਿਯਮਤ ਵਿਧੀ ਦੀ ਵਰਤੋਂ ਕਰਦੇ ਹੋਏ ਦੋ ਰੂਪਾਂ ਵਿਚ ਕਾਰਜਸ਼ੀਲ ਨਜ਼ਰ ਆਉਂਦੀ ਹੈ, ਇਕ ਰੂਪ ਹੈ – ਪ੍ਰੇਰਕ (inductive) ਖੋਜ , ਜੋ ਪ੍ਰੇਖਣ ਦੁਆਰਾ ਪ੍ਰਾਪਤ ਹੋਏ ਤੱਥਾਂ ਤੋਂ ਸਿਧਾਂਤਾਂ ਦੇ ਘੜ੍ਹਣ ਦਾ ਕੰਮ ਕਰਦੀ ਹੈ। ਦੂਸਰਾ ਰੂਪ ਹੈ – ਵਿਯੋਜਕ (deductive) ਖੋਜ, ਜਿਸ ਦਾ ਕੰਮ ਨਵੇਂ ਪ੍ਰੇਖਣਾਂ ਦੀ ਵਰਤੋਂ ਕਰਦੇ ਹੋਏ ਪਹਿਲੋਂ ਸਥਾਪਿਤ ਸਿਧਾਂਤਾਂ ਦੀ ਜਾਂਚ ਕਰਨਾ ਹੁੰਦਾ ਹੈ। ਤਾਂ ਜੋ ਉਨ੍ਹਾਂ ਸਿਧਾਂਤਾਂ ਨੂੰ ਹੋਰ ਵਧੇਰੇ ਦਰੁਸਤ ਰੂਪ ਦਿੱਤਾ ਜਾ ਸਕੇ। ਵਿਗਿਆਨਕ ਖੋਜ ਵਿਚ, ਵਿਗਿਆਨਕ ਵਿਧੀ ਦੀ ਵਰਤੋਂ ਕਰਦੇ ਹੋਏ ਅਸੀਂ ਕਿਸੇ ਨਵੇਂ ਪਦਾਰਥ, ਸੂਤਰ, ਸਿਧਾਂਤ ਜਾਂ ਕਾਢ ਦੀ ਭਾਲ ਕਰਦੇ ਹਾਂ।ઠ
ਪੰਜਾਬੀ ਪਰਿਪੇਖ ਦੀ ਸਾਹਿਤਕ ਖੋਜ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਸਾਹਿਤਕ ਖੋਜ ਦੀ ਗੱਲ ਕਰਨੀ ਹੋਵੇਗੀ। ਸਾਹਿਤਕ ਖੋਜ ਦਾ ਭਾਵ ਹੈ ਕਿ ਕਿਸੇ ਵੀ ਸਾਹਿਤਕ ਰਚਨਾ ਵਿਚੋਂ ਨਵੇਂ ਮਹੱਤਵਪੂਰਣ ਤੱਥਾਂ ਦੀ ਭਾਲ ਕਰਨੀ, ਮੌਜੂਦਾ ਜਾਣਕਾਰੀ ਦੀ ਨਵੇਂ ਢੰਗ ਨਾਲ ਵਿਆਖਿਆ ਕਰਨੀ ਅਤੇ ਇਸ ਵਿਆਖਿਆ ਦੀ ਤਰਕ ਅਧਾਰਿਤ ਚਰਚਾ ਕਰਨੀ। ਸਾਹਿਤਕ ਖੋਜ ਦੇ ਤਿੰਨ ਢੰਗ ਹਨ। ਪਹਿਲੇ ਢੰਗ ਅਨੁਸਾਰ, ਇਕ ਸਾਹਿਤਕ ਖੋਜੀ, ਕਿਸੇ ਵੀ ਸਾਹਿਤਕ ਰਚਨਾ ਦੇ ਵਿਸ਼ੇ (thesis) ਜਾਂ ਪ੍ਰਸੰਗ ਦੀ ਪ੍ਰੋੜਤਾ ਲਈ ਪ੍ਰਮਾਣਾਂ ਦੀ ਭਾਲ ਕਰਦਾ ਹੈ, ਤੇ ਆਪਣੀ ਖੋਜ ਉਪਰੰਤ ਲੇਖਕ ਦੇ ਵਿਚਾਰਾਂ ਵਿਚ ਵਧਾਅ ਦਾ ਕਾਰਣ ਬਣਦਾ ਹੈ। ਦੂਸਰਾ ਢੰਗ ਹੈ ਕਿ ਅਜਿਹਾ ਖੋਜੀ ਰਚਨਾ ਵਿਚਲੇ ਪ੍ਰਸੰਗ ਦੀ ਵਿਰੋਧਤਾ ਲਈ ਸਬੂਤਾਂ ਦੀ ਭਾਲ ਕਰਦਾ ਹੈ ਅਤੇ ਲੇਖਕ ਦੇ ਵਿਚਾਰਾਂ ਦੇ ਵਿਰੋਧ ਵਿਚ ਤਰਕਪੂਰਣ ਦਲੀਲ ਪੇਸ਼ ਕਰਦਾ ਹੈ। ਤੀਸਰਾ ਢੰਗ ਇਹ ਹੈ ਕਿ ਸਾਹਿਤਕ ਖੋਜੀ, ਰਚਨਾ ਦੇ ਪ੍ਰਸੰਗ ਦੇ ਨਾ ਤਾਂ ਹੱਕ ਵਿਚ ਤੇ ਨਾ ਹੀ ਵਿਰੋਧਤਾ ਵਿਚ ਤੱਥ ਭਾਲਦਾ ਹੈ ਸਗੋਂ ਉਹ ਇਸ ਪ੍ਰਸੰਗ ਦੇ ਸੰਬੰਧ ਵਿਚ ਬਿਲਕੁਲ ਹੀ ਨਵੇਂ ਸਕੰਲਪ ਜਾਂ ਵਿਚਾਰਾਂ ਨੂੰ ਪੇਸ਼ ਕਰਦਾ ਹੈ। ਅਜਿਹੇ ਖੋਜ ਕਾਰਜਾਂ ਵਿਚ ਇਹ ਮਹੱਤਵਪੂਰਣ ਹੁੰਦਾ ਹੈ ਕਿ ਜਾਂਚ ਹੇਠਲੀ ਸਾਹਿਤਕ ਰਚਨਾ ਸੰਬੰਧਤ ਕੁਝ ਵਿਸ਼ੇਸ਼ ਵਿਚਾਰ ਪ੍ਰਗਟ ਕੀਤੇ ਜਾਣ, ਕਿਸੇ ਖਾਸ ਮੁੱਦੇ ਉੱਤੇ ਤਰਕਪੂਰਣ ਦਲੀਲ ਪੇਸ਼ ਕੀਤੀ ਜਾਵੇ। ਪੰਜਾਬੀ ਪਰਿਪੇਖ ਦੀ ਸਾਹਿਤਕ ਖੋਜ ਵਿਚ ਵੀ ਅਜਿਹਾ ਵਾਪਰਣਾ ਲਾਜ਼ਮੀ ਹੁੰਦਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਪੰਜਾਬੀ ਸਾਹਿਤਕ ਰਚਨਾਵਾਂ ਵਿਚ ਅਜਿਹੀ ਖੋਜ ਪੰਜਾਬੀ ਲੋਕਾਂ ਦੇ ਸਮਾਜਿਕ, ਸਭਿਆਚਾਰਕ, ਆਰਥਿਕ, ਇਤਹਾਸਿਕ, ਰਾਜਨੀਤਕ, ਧਾਰਮਿਕ, ਵਿਗਿਆਨਕ ਜਾਂ ਵਾਤਾਵਰਣੀ ਵਿਸ਼ਿਆਂ ਆਦਿ ਨਾਲ ਲਗਾਉ ਵਾਲੀ ਹੋ ਸਕਦੀ ਹੈ।ઠ
ਮੀਨਾ ਸ਼ਰਮਾ : ਆਪ ਭਾਰਤੀ/ ਪੰਜਾਬੀ ਯੂਨੀਵਰਸਿਟੀਆਂ ਵਿਚ ਹੋ ਰਹੇ ਖੋਜ ਕਾਰਜਾਂ ਬਾਰੇ ਕੀ ਟਿੱਪਣੀ ਦੇਣਾ ਚਾਹੋਗੇ? ਕੋਈ ਸੁਝਾਓ ਵੀ ਜ਼ਰੂਰ ਦਿਉ।
ਡਾ. ਸਿੰਘ : ਭਾਰਤ ਅਤੇ ਪੰਜਾਬ ਵਿਚ ਸਾਹਿਤਕ ਤੇ ਖੋਜ ਕਾਰਜਾਂ ਦੀ ਪ੍ਰੰਪਰਾ ਪ੍ਰਾਚੀਨ ਕਾਲ ਤੋਂ ਹੀ ਹੈ। ਜਿਸ ਦੇ ਫਲਸਰੂਪ ਭਾਰਤੀ ਵਿਰਸਾ ਵੇਦਾਂ, ਪੁਰਾਣਾਂ, ਅਤੇ ਗ੍ਰੰਥਾਂ ਦੀ ਹੌਂਦ ਨਾਲ ਸਰਸ਼ਾਰ ਹੈ। ਅਜੋਕੇ ਸਮੇਂ ਵਿਚ ਵੀ ਅਜਿਹੀ ਪਰੰਪਰਾ ਕਾਇਮ ਹੈ। ਅੱਜ ਭਾਰਤ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਅੰਦਰ ਵਿਭਿੰਨ ਵਿਸ਼ਿਆਂ ਸੰਬੰਧਤ ਅਹਿਮ ਖੋਜ ਕਾਰਜ ਕੀਤੇ ਜਾ ਰਹੇ ਹਨ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਵਿਦਿਅਕ ਤੇ ਸਿਖਲਾਈ ਖੇਤਰਾਂ ਵਿਚ ਵੱਡਾ ਵਿਕਾਸ ਹੋਇਆ ਹੈ। ਅਨੇਕ ਰਾਸ਼ਟਰੀ ਖੋਜ ਪ੍ਰਯੋਗਸਲਾਵਾਂ ਅਤੇ ਆਈ. ਆਈ.ਟੀਜ਼. ਦੀ ਸਥਾਪਨਾ ਕੀਤੀ ਗਈ। ਖੇਤੀਬਾੜੀ ਯੂਨੀਵਰਸਿਟੀਆਂ ਦੀ ਸਥਾਪਨਾ ਹੋਈ। ਡੀਫੈਂਸ ਰੀਸਰਚ ਅਤੇ ਵਿਕਾਸ ਸੰਸਥਾਵਾਂ, ਨਿਊਕਲੀ ਖੋਜ ਤੇ ਪੁਲਾੜੀ ਖੋਜ ਸੰਸਥਾਵਾਂ, ਸਾਇੰਸ, ਆਰਟਸ, ਇੰਜਨੀਅਰਿੰਗ ਅਤੇ ਟੈਕਨੀਕਲ ਵਿਸ਼ਿਆਂ ਸੰਬੰਧਤ ਸੈਂਕੜੇ ਯੂਨੀਵਰਸਿਟੀਆਂ ਦੀ ਸਥਾਪਨਾ ਹੋਈ ਹੈ। ਪਿਛਲੇ ਸਾਲਾਂ ਦੌਰਾਨ, ਇਨ੍ਹਾਂ ਸੰਸਥਾਵਾਂ ਵਿਖੇ ਕੀਤੇ ਗਏ ਖੋਜ ਕਾਰਜਾਂ ਦੀ ਬਦੌਲਤ ઠਹੀ ਅੱਜ ਭਾਰਤ ਦਾ ਸ਼ੁਮਾਰ ਵਿਕਾਸਸ਼ੀਲ ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ।
ਭਾਰਤ ਅਨੇਕ ਖੇਤਰਾਂ ਵਿਚ ਸਵੈ-ਨਿਰਭਰ ਹੋ ਚੁੱਕਾ ਹੈ। ਨਿਊਕਲੀ ਊਰਜਾ, ਪੁਲਾੜੀ ਖੋਜ, ਖੇਤੀਬਾੜੀ ਕਾਰਜਾਂ, ਅਤੇ ਸਾਫ਼ਟ ਵੇਅਰ ਇੰਜਨੀਅਰਿੰਗ ਵਿਚ ਭਾਰਤੀ ਖੋਜਕਾਰਾਂ ਨੇ ਵੱਡਾ ਨਾਮਣਾ ਖੱਟਿਆ ਹੈ। ਇਨ੍ਹਾਂ ਖੋਜਾਂ ਦੀ ਬਦੌਲਤ, ਭਾਰਤੀ ਤੇ ਪੰਜਾਬੀ ਸਾਹਿਤ ਰਚਨਾ ਕਾਰਜਾਂ ਵਿਚ ਵੱਡਾ ਵਿਕਾਸ ਹੋਇਆ ਹੈ। ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਪਿਛਲੇ ਦਿਨ੍ਹੀਂ ਅਖਬਾਰਾਂ ਤੇ ਹੋਰ ਸੰਚਾਰ ਸਾਧਨਾਂ ਰਾਹੀਂ ਪੰਜਾਬੀ ਸਾਹਿਤ ਦੇ ਖੋਜ ਥੀਸਿਸਾਂ ਵਿਚ ਸਾਹਿਤਕ ਚੋਰੀ (plagiarism) ਦੀਆਂ ਗੱਲਾਂ ਵੀ ਸੁਨਣ ਨੂੰ ਮਿਲੀਆਂ ਹਨ। ਜੋ ਇਕ ਬਹੁਤ ਹੀ ਗਲਤ ਵਰਤਾਰਾ ਹੈ। ਸਾਨੂੰ ਸਾਰਿਆਂ ਨੂੰ ਅਜਿਹੇ ਗਲਤ ਵਰਤਾਰੇ ਪ੍ਰਤੀ ਸੁਚੇਤ ਹੋਣ ਦੀ ਅਹਿਮ ਲੋੜ ਹੈ। ਸਾਹਿਤਕਾਰ ਤਾਂ ਸਮਾਜ ਲਈ ਨੈਤਿਕਤਾ ਦਾ ਮਾਡਲ ਹੁੰਦੇ ਹਨ। ਚੰਗਾ ਸਾਹਿਤ ਸਮਾਜ ਲਈ ਸ਼ੀਸ਼ੇ ਦਾ ਕੰਮ ਕਰਦਾ ਹੈ। ਚੰਗਿਆਈ ਬੁਰਾਈ ਦਾ ਅੰਤਰ ਦੱਸਦਾ ਹੈ। ਇਸ ਲਈ ਸਾਹਿਤਕ ਖੋਜੀਆਂ ਦੀ ਇਹ ਅਹਿਮ ਜੁੰਮੇਵਾਰੀ ਬਣ ਜਾਂਦੀ ਹੈ ਕਿ ਉਹ ਸਮਾਜ ਵਿਚ ਸਹੀ ਕਦਰਾਂ ਕੀਮਤਾਂ ਦੇ ਪ੍ਰਸਾਰ ਦਾ ਸਾਧਨ ਬਨਣ।
ਮੀਨਾ ਸ਼ਰਮਾ : ਆਪ ਦੀਆਂ ਪੁਸਤਕਾਂ ਦੇ ਪ੍ਰਮੱਖ ਸਰੋਕਾਰ ਵਾਤਾਵਰਣ ਸੰਕਟ ਅਤੇ ਸੰਭਾਵੀ ਨਤੀਜਿਆਂ ਨਾਲ ਸੰਬੰਧਤ ਹਨ। ਕੀ ਸਮਾਜ ਨੂੰ ਇਸ ਪ੍ਰਤੀ ਚੇਤੰਨ ਕਰਨ ਲਈ ਪੁਸਤਕਾਂ ਦੇ ਨਾਲ-ਨਾਲ ਕੁਝ ਹੋਰ ਵੀ ਕੀਤਾ ਜਾ ਸਕਦਾ ਹੈ?
ਡਾ. ਸਿੰਘ : ਇਹ ਗੱਲ ਬਿਲਕੁਲ ਠੀਕ ਹੈ ਕਿ ਮੇਰੀਆਂ ਪੁਸਤਕਾਂ ਦੇ ਪ੍ਰਮੱਖ ਸਰੋਕਾਰ ਵਾਤਾਵਰਣ ਸੰਕਟ ਅਤੇ ਸੰਭਾਵੀ ਨਤੀਜਿਆਂ ਨਾਲ ਸੰਬੰਧਤ ਹਨ। ਸਮਾਜ ਨੂੰ ਇਸ ਪ੍ਰਤੀ ਚੇਤੰਨ ਕਰਨ ਲਈ ਮੈਂ ਅਨੇਕ ਹੋਰ ਸਾਧਨਾਂ ਦੀ ਵੀ ਵਰਤੋਂ ਕੀਤੀ ਹੈ। ਜਿਵੇਂ ਕਿ ਮੈਂ ਅਖਬਾਰਾਂ, ਮੈਗਜੀਨਾਂ, ਇੰਟਰਨੈੱਟ, ਰੇਡੀਓ, ਟੇਲੀਵਿਯਨ ਅਤੇ ਯੂਟਿਊਬ ਦੀ ਵਰਤੋਂ ਨਾਲ ਅਜਿਹੀ ਜਾਣਕਾਰੀ ਆਮ ਲੋਕਾਂ ਤਕ ਪਹੁੰਚਾਣ ਦੇ ਸਫ਼ਲ ਯਤਨ ਕੀਤੇ ਹਨ। ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੁਆਰਾ ਸੰਨ 1992 ਤੋਂ ਸੰਨ 2003 ਦੌਰਾਨ ਵਿਗਿਆਨ ਤੇ ਵਾਤਾਵਰਣ ਸੰਬੰਧਤ ਪੰਜਾਬ ਭਰ ਵਿਚ ਕੀਤੀਆਂ ਗਈਆਂ ਅਨੇਕ ਵਰਕਸ਼ਾਪਸ ਵਿਚ ਮੈਂ ਰਿਸੋਰਸ ਪਰਸਨ ਦਾ ਰੋਲ ਨਿਭਾਇਆ ਹੈ। ਨੈਸ਼ਨਲ ਇੰਵਾਰਨਮੈਂਟ ਅਵੇਅਰਨੈੱਸ ਕੰਪੈਂਨ ਤਹਿਤ ਪੰਜਾਬ ਸਟੇਟ ਕੌਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੇ ਅੋਫੀਸ਼ੀਅਲ ਓਵਜ਼ਰਵਰ ਵਜੋਂ ਸੰਨ 1997 ਤੋਂ ਸੰਨ 2001 ਤਕ ਰੋਪੜ ਜ਼ਿਲ੍ਹੇ ਵਿਖੇ ਵਾਤਵਰਣੀ ਸੁਰੱਖਿਅਣ ਕਾਰਜਾਂ ਲਈ ਕੰਮ ਕਰ ਰਹੀਆਂ ਗੈਰ-ਸਰਕਾਰੀ ਸੰਸਥਾਵਾਂ (ਜਿਵੇਂ ਕਿ ਅਰਪਨ ਸੰਸਥਾ, ਨੰਗਲ; ਐੱਚ. ਆਰ. ਡੀ. ਸੈਂਟਰ, ਸੈਣੀ ਮਾਜਰਾ; ਐਸ.ਡਬਲਿਊ.ਆਰ.ਡੀ. ਸੈਂਟਰ, ਨੂਰਪੁਰ ਬੇਦੀ; ਸ਼ਿਵਾਲਿਕ ਕਾਲਜ ਆਫ ਫਾਰਮੇਸੀ, ਨੰਗਲ ਆਦਿ) ਦੇ ਕੰਮ ਕਾਰ ਦੇ ਨਿਰੀਖਣ ਦਾ ਕਾਰਜ ਭਾਰ ਵੀ ਨਿਭਾਇਆ ਹੈ।ઠ
ਸੰਨ 1994 ਤੋਂ ਸੰਨ 1999 ਦੇ ਅਰਸੇ ਦੌਰਾਨ ਜ਼ਿਲ੍ਹਾ ਵਾਤਾਵਰਣ ਕਮੇਟੀ, ਰੋਪੜ ਦੇ ਮੈਂਬਰ ਵਜੋਂ ਨੰਗਲ/ਰੋਪੜ ਇਲਾਕੇ ਦੀਆਂ ਵਾਤਾਵਰਣੀ ਸਮੱਸਿਆਵਾਂ ਨੂੰ ਸਰਕਾਰ ਤਕ ਪਹੁੰਚਾਣ ਦਾ ਅਹਿਮ ਰੋਲ ਅਦਾ ਕੀਤਾ ਹੈ। ਇਸੇ ਸਮੇਂ ਦੌਰਾਨ ਭਾਰਤ ਸਰਕਾਰ ਦੁਆਰਾ ਰੋਪੜ ਜ਼ਿਲੇ ਲਈ ਸਥਾਪਿਤ ਇੰਨਵਾਇਰਨਮੈਂਟ ਬ੍ਰਿਗੇਡ (ਵਾਤਾਵਰਣੀ ਵਾਹਿਣੀ) ਦਾ ਮੈਂਬਰ ਵੀ ਰਿਹਾ ਹਾਂ। ਜਿਸ ਦੇ ਫਲਸਰੂਪ ਵਾਤਾਵਰਣੀ ਸੁਰੱਖਿਅਣ ਸੰਬੰਧੀ ਗਿਆਨ ਵਾਧੇ ਲਈ ਰਾਸ਼ਟਰੀ ਅਤੇ ਰਾਜ ਪੱਧਰ ਦੀਆਂ ਵਾਤਾਵਰਣੀ ਵਰਕਸ਼ਾਪਸ ਵਿਚ ਭਾਗ ਲੈਣ ਦਾ ਮੌਕਾ ਮਿਲਿਆ।
ਮੇਰੀ ਇਸ ਸਮੇਂ ਦੀ ਵਿਲੱਖਣ ਪ੍ਰਾਪਤੀ ਇਹ ਰਹੀ ਹੈ ਕਿ ਨੰਗਲ ਵਿਖੇ ਮੌਜੂਦ ਵੈੱਟਲੈਂਡ ਦਾ ਕੇਸ ਰਾਜ ਪੱਧਰ ਉੱਤੇ ਪ੍ਰਵਾਨਿਤ ਕਰਵਾਉਣ ਤੋਂ ਇਲਾਵਾ, ਰਾਸ਼ਟਰੀ ਪੱਧਰ ਉਤੇ ਇਸ ਦੀ ਪ੍ਰਵਾਨਗੀ ਲਈ ਕੇਸ ਨੂੰ ਸਰਕਾਰੀ ਚੈਨਲ ਰਾਹੀਂ ਸੁਯੋਗ ਕਾਰਵਾਈ ਕਰਨ/ਕਰਵਾਉਣ ਲਈ ਯਥਾਯੋਗ ਯੋਗਦਾਨ ਪਾਇਆ। ਅੱਜ ਮੈਂਨੂੰ ਮਾਣ ਹੈ ਕਿ ਨੰਗਲ ਵੈੱਟਲੈਂਡ ਨੂੰ ਰਾਸ਼ਟਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਹੋ ਚੁੱਕੀ ਹੈ ਅਤੇ ਇਸ ਦਾ ਸ਼ੁਮਾਰ ਰਾਮਸਰ ਲਿਸਟ ਵਿਚ ਕੀਤਾ ਜਾ ਰਿਹਾ ਹੈ। ਸੱਤ ਸੋ ਏਕੜ ਵਿਚ ਫੈਲੀ ਇਹ ਵੈੱਟਲੈਂਡ ਹਰ ਸਾਲ ਹਜ਼ਾਰਾਂ ਪਰਵਾਸੀ ਪੰਛੀਆਂ ਦੀ ਰਿਹਾਇਸ਼ਗਾਹ ਬਣਦੀ ਹੈ। ਇਸੇ ਤਰ੍ਹਾਂ ਮੈਂ ਨੰਗਲ ਵਿਖੇ ਫੈਕਟਰੀਆਂ ਅਤੇ ਭੱਠਿਆਂ ਤੋਂ ਪੈਦਾ ਹੋਏ ਹਵਾਈ ਪ੍ਰਦੂਸ਼ਣ, ਸਤਲੁਜ ਵਿਚ ਗੈਰਕਾਨੂੰਨੀ ਤੌਰ ਉੱਤੇ ਸੁੱਟੀ ਜਾ ਰਹੀ ਸਲੱਰੀ ਦੇ ਮਸਲੇ, ਰੋਪੜ੍ਹ ਜ਼ਿਲੇ ਵਿਚ ਨਜਾਇਜ਼ ਤੌਰ ਉੱਤੇ ਕੀਤੀ ਜਾ ਰਹੀ ਪਹਾੜ-ਮਾਇਨਿੰਗ, ਰੋਪੜ ਵੈੱਟਲੈਂਡ ਵਿਖੇ ਥਰਮਲ ਪਾਵਰ ਪਲਾਂਟ ਦੀ ਸਲੱਰੀ ਦੇ ਪ੍ਰਦੂਸ਼ਣ ਅਤੇ ਕੀਰਤਪੁਰ-ਆਨੰਦਪੁਰ ਸਾਹਿਬ ਸੜਕ ਦੇ ਚੌੜਾ ਕਰਨ ਦੌਰਾਨ ਕੱਟੇ ਗਏ ਰੁੱਖਾਂ ਦੀ ਭਰਪਾਈ ਕਰਨ ਲਈ ਨਵੇਂ ਰੁੱਖ ਲਾਉਣ ਦੀ ਅਹਿਮ ਲੋੜ ਪੂਰਤੀ ਲਈ ਸਰਕਾਰ ਤਕ ਆਵਾਜ਼ ਪਹੁੰਚਾਉਣ ਵਿਚ ਆਪਣਾ ਯੋਗਦਾਨ ਪਾਇਆ।ઠ
ਇਸ ਤੋਂ ਇਲਾਵਾ ਸਰਕਾਰੀ ਸ਼ਿਵਾਲਿਕ ਕਾਲਜ, ਨੰਗਲ; ਸ਼ਿਵਾਲਿਕ ਕਾਲਜ ਆਫ਼ ਫਾਰਮੇਸੀ, ਨੰਗਲ; ਗਲੋਬਲ ਕਾਲਜ ਆਫ ਫਾਰਮੇਸੀ, ਕਾਹਨਪੁਰ ਖੂਹੀ; ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਨੰਗਲ, ਅਤੇ ਰੋਪੜ ਜ਼ਿਲੇ ਦੇ ਅਨੇਕ ਹੋਰ ਸਕੂਲਾਂ ਵਿਚ ઠਵੀ ਸੰਨ 1995 ਤੋਂ ਸੰਨ 2008 ਦੇ ਅਰਸੇ ਦੌਰਾਨ ਵਾਤਾਵਰਣੀ ਚੇਤਨਾ ਪ੍ਰਸਾਰ ਲਈ ਅਨੇਕ ਪ੍ਰੋਗ੍ਰਾਮਾਂ ਦੇ ਆਯੋਜਨ ਅਤੇ ਸਫਲਤਾਪੂਰਨ ਸੰਪਨਤਾ ਵਿਚ ਅਹਿਮ ਯੋਗਦਾਨ ਪਾਇਆ। ਸਰਕਾਰੀ ਕਾਲਜ, ਨੰਗਲ ਅਤੇ ਸਰਕਾਰੀ ਕਾਲਜ, ਰੌਪੜ ਅਤੇ ਨੰਗਲ ਇਲਾਕੇ ਦੇ ਕਈ ਸਕੂਲਾਂ ਵਲੋਂ ਸਮੇਂ ਸਮੇਂ ਲਗਾਏ ਜਾਂਦੇ ਐੱਨ ਐੱਸ ਐੱਸ ਕੈਂਪਾਂ ਵਿਚ ਵਿਗਿਆਨ ਤੇ ਵਾਤਾਵਰਣੀ ਵਿਸ਼ਿਆ ਬਾਰੇ ਜਾਣਕਾਰੀ ਕੈਂਪਰਜ਼ ਨਾਲ ਸਾਂਝੀ ਕੀਤੀ।
ਵਾਤਾਵਰਣੀ ઠਸੈਮੀਨਾਰਾਂ, ਵਾਤਾਵਰਣੀ ਚੇਤਨਾ ਰੈਲੀਆਂ, ਵਾਤਾਵਰਣੀ ਲੇਖ ਰਚਨਾ ਅਤੇ ਚਿੱਤਰਕਾਰੀ ਮੁਕਾਬਲਿਆ ਦੇ ਆਯੋਜਨਾਂ ਲਈ ਕਾਰਜ ਕੀਤੇ। ਇਨ੍ਹਾਂ ਦਿਨ੍ਹਾਂ ਵਿਚ ਹੀ ਵਾਤਾਵਰਣ ਸਾਂਭ ਸੰਭਾਲ ਸੰਬੰਧੀ ਮੇਰਾ ਨਾਟਕ ”ਰੁੱਖ, ਮਨੁੱਖ ਅਤੇ ਵਾਤਾਵਰਣ” ਨੈਸ਼ਨਲ ਪਬਲਿਕ ਸਕੂਲ, ਪੱਸੀਵਾਲ ਦੇ ਵਿਦਿਆਰਥੀਆਂ ਵਲੋਂ ਆਪਣੇ ਸਾਲਾਨਾ ਸਮਾਗਮ ਵਿਚ ਖੇਡਿਆ ਗਿਆ। ਜੋ ਵਾਤਾਵਰਣੀ ਗਿਆਨ ਪ੍ਰਸਾਰ ਕਾਰਜਾਂ ਲਈ ਕਾਫੀ ਮਕਬੂਲ ਹੋਇਆ। ਅਨੇਕ ਸਰਕਾਰੀ, ਗੈਰਸਰਕਾਰੀ ਤੇ ਸਵੈ-ਸੇਵੀ ਸੰਸਥਾਵਾਂ ਨੂੰ ਵਣ-ਮਹਾਂ ਉਤਸਵ ਅਤੇ ਵਿਸ਼ਵ ਵਾਤਾਵਰਣੀ ਦਿਵਸ ਮਨਾਉਣ ਲਈ ਉਤਸ਼ਾਹਿਤ ਕੀਤਾ ਅਤੇ ਅਜਿਹੇ ਕਾਰਜਾਂ ਦੀ ਸੰਪਨਤਾ ਵਿਚ ਯੋਗਦਾਨ ਪਾਇਆ। ਇਸੇ ਸਮੇਂ ਦੌਰਾਨ ਬਾਲਾਂ ਵਿਚ ਵਿਗਿਆਨਕ ਤੇ ਵਾਤਾਵਰਣੀ ਚੇਤਨਾ ਦੇ ਵਿਕਾਸ ਲਈ, ਬਾਲ-ਰਸਾਲੇ ”ਨਿੱਕੀਆਂ ਕਰੂੰਬਲਾਂ” ਦੇ ਸੰਪਾਦਕ ਬਲਜਿੰਦਰ ਮਾਨ ਮਾਹਿਲਪੁਰ ਦੇ ਸੱਦੇ ਉੱਤੇ ਸਹਿ-ਸੰਪਾਦਕ ਵਜੋਂ ”ਵਿਗਿਆਨ ਵਿਸ਼ੇਸ਼ ਅੰਕ” ਅਤੇ ”ਵਾਤਾਵਰਣੀ ਵਿਸ਼ੇਸ਼ ਅੰਕ” ਪ੍ਰਕਾਸ਼ਨ ਵਿਚ ਅਹਿਮ ਯੋਗਦਾਨ ਪਾਇਆ। ਇਸ ਤਰ੍ਹਾਂ ਸਪਸ਼ਟ ਹੀ ਹੋ ਜਾਂਦਾ ਹੈ ਕਿ ਕਿਤਾਬਾਂ ਤੋਂ ਇਲਾਵਾ ਅਨੇਕ ਹੋਰ ਖੇਤਰ ਹਨ ਜਿਨ੍ਹਾਂ ਵਿਚ ਕੋਈ ਵੀ ਵਿਅਕਤੀ ਆਪਣਾ ਯਥਾਯੋਗ ਯੋਗਦਾਨ ਪਾ ਸਕਦਾ ਹੈ।
(ਚੱਲਦਾ)