Breaking News
Home / ਨਜ਼ਰੀਆ / ਸਾਡੀ ਨਵੀਂ ਪਨੀਰੀ ਤੇ ਨੈਤਿਕ ਮੁੱਲ

ਸਾਡੀ ਨਵੀਂ ਪਨੀਰੀ ਤੇ ਨੈਤਿਕ ਮੁੱਲ

ਡਾ. ਜਤਿੰਦਰ ਕੌਰ ਰੰਧਾਵਾ
ਦੁਨੀਆਂ ਦੇ ਹੋਰ ਮੁਲਖ਼ਾਂ ਵਾਂਗ ਸਾਡੇ ਪੰਜਾਬੀ ਅਤੇ ਕੈਨੇਡੀਅਨ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ। ਉਹ ਉਹਨਾਂ ਦੀ ਬਿਹਤਰੀ, ਬਿਹਤਰ ਭਵਿੱਖ, ਚੰਗੀ ਵਿਦਿਆ, ਉਹਨਾਂ ਦੇ ਚੰਗੇ ਕੈਰੀਅਰ ਤੇ ਖ਼ਾਸ ਕਰਕੇ ਚੰਗੇ ਇਨਸਾਨ ਹੋਣ ਦੀ ਕਾਮਨਾ ਕਰਦੇ ਹਨ। ਉੱਚੀ ਤੋਂ ਉੱਚੀ ਵਿੱਦਿਆ, ਮਹਿੰਗੀਆਂ ਵਸਤਾਂ ਅਤੇ ਵਿੱਤ ਤੋਂ ਬਾਹਰਾ ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਚੀਜ਼ਾਂ ਉਹਨਾਂ ਲਈ ਮੁਹੱਈਆ ਕਰਨ ਵਿਚ ਸਦਾ ਤੱਤਪਰ ਰਹਿੰਦੇ ਹਨ। ਕੁਝ ਮਾਪੇ ਤਾਂ ਬੱਚਿਆਂ ਦੇ ਮੂੰਹੋਂ ਨਿਕਲ਼ਿਆ ਹਰ ਵਾਕ ਅਤੇ ਰੀਝ ਪੂਰੀ ਕਰਨਾ ਆਪਣਾ ਧਰਮ ਸਮਝਦੇ ਹਨ। ਫਿਰ ਕਿੱਥੇ ਕੀ ਕਮੀ ਰਹਿ ਗਈ ਜੋ ਸਾਡੇ ਬਹੁਤੇ ਬੱਚੇ ਉਹਨਾਂ ਉਚਾਈਆਂ ਜਾਂ ਮੁਕਾਮਾਂ ਨੂੰ ਹਾਸਿਲ ਕਰਨ ਵਿਚ ਪਿਛੜ ਰਹੇ ਹਨ ਜੋ ਅਸੀਂ ਮਾਪੇ ਜਾਂ ਸ਼ੁਭ ਚਿੰਤਕ ਉਹਨਾਂ ਲਈ ਚਾਹੁੰਦੇ ਹਾਂ ਜਾਂ ਤੁਸੀਂ ਇੰਝ ਵੀ ਕਹਿ ਸਕਦੇ ਹੋ ਕਿ ਜਿਹੜੇ ਨੈਤਿਕ ਮਿਆਰ ਜਾਂ ਚੰਗੇ ਇਨਸਾਨ ਬਨਾਉਣ ਦੀ ਸਾਡੀ ਚਾਹਤ ਸੀ ਉਸਤੇ ਕਿੰਨੇ ਕੁ ਬੱਚੇ ਖ਼ਰੇ ਉੱਤਰ ਰਹੇ ? ਅਸੀਂ ਆਪਣੇ ਘਰਾਂ ਵਿਚ, ਆਲ਼ੇ-ਦੁਆਲ਼ੇ ਵਿਚ, ਸਕੂਲਾਂ ਵਿਚ ਵੇਖਦੇ ਹਾਂ ਕਿ ਸਾਡੇ ਬਹੁਤੇ ਬੱਚੇ ਗ਼ੈਰ ਜ਼ਿੰਮੇਵਾਰ, ਲਾਪਰਵਾਹ, ਹੇਠਲੇ ਪੱਧਰ ਦੀ ਸੈਲਫ ਅਸਟੀਮ, ਆਲਸੀ, ਸੰਘਰਸ਼ ਅਤੇ ਥੋੜ੍ਹੀ ਬਹੁਤੀ ਔਖਿਆਈ ਤੋਂ ਹੀ ਭੱਜ ਖਲੌਣ ਵਾਲੇ, ਲੈਸ ਮੋਟੀਵੇਟਡ, ਕੋਈ ਨਿਸ਼ਾਨਾ ਨਹੀਂ, ਸਿਰਫ਼ ਮਜ਼ਾ (Fun Seeker) ਚਾਹੁਣਾ ਹੀ ਉਹਨਾਂ ਦਾ ਉਦੇਸ਼ ਹੈ। ਇਵੇਂ ਇਹ ਕਿਉਂ ਹੋ ਰਿਹਾ ਹੈ। ਕਿਥੇ ਕਮੀ ਹੈ ਸਾਡੀ ਸਾਂਭ ਸੰਭਾਲ਼ ਵਿਚ ਸਾਡੀ ਵਿਦਿਅਕ ਪ੍ਰਣਾਲੀ ਵਿਚ, ਸਾਡੇ ਸੋਸ਼ਲ ਸਿਸਟਮ ਵਿਚ ਜਾਂ ਕੈਨੇਡੀਅਨ (Government system for Kids) ਸਰਕਾਰੀ ਸਿਸਟਮ ਵਿਚ ਜੋ ਬਚਿਆਂ ਅਤੇ ਉਹਨਾਂ ਦੇ ਵਿਕਾਸ ਲਈ ਉਲੀਕਿਆ ਗਿਆ ਹੈ ਕੀ ਵਾਕਿਆ ਹੀ ਉਹ ਬੱਚਿਆਂ ਤੇ ਵਿਕਾਸ ਹਿਤ ਕੰਮ ਕਰ ਰਿਹਾ ਹੈ ਜਾਂ ਨਹੀਂ? ਕਿਤੇ ਬੱਚੇ ਇਸਦੀ ਸ਼ਹਿ ਤੇ ਹੋਰ ਵਿਗੜ ਤੇ ਨਹੀਂ ਰਹੇ। ਸ਼ਾਇਦ ‘ਵਿਗੜ’ ਸ਼ਬਦ ਇਥੇ ਵਰਤਣ ਯੋਗ ਨਹੀਂ। ਅਸੀਂ ਕਰ ਹੀ ਨਹੀਂ ਸਕਦੇ।
ਮੈਂ ਇਥੇ ਸਾਰਿਆਂ ਬੱਚਿਆਂ ਦੀ ਗੱਲ ਨਹੀਂ ਕਰ ਰਹੀ। ਕੁਝ ਬੱਚੇ ਬਹੁਤ ਹੁਸ਼ਿਆਰ, ਜ਼ਿਮੇਵਾਰ ਅਤੇ ਆਪਣੇ ਨਿਸ਼ਾਨੇ ਵਲ ਨਿਰੰਤਰ ਯਤਨਸ਼ੀਲ ਹਨ। ਉਹਨਾਂ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹਨ। ਚਾਹੇ ਉਹ ਰਾਜਨੀਤਿਕ ਖੇਤਰ ਹੋਵੇ, ਵਿਗਿਆਨ ਖੇਤਰ ਹੋਵੇ ਜਾਂ ਵਪਾਰਕ ਅਦਾਰੇ, ਪੰਜਾਬੀਆਂ ਨੇ ਬਹੁਤ ਮੱਲਾਂ ਮਾਰੀਆਂ ਹਨ ਪਰ ਅਜੇ ਵੀ ਸਾਡੇ ਬਹੁਗਿਣਤੀ ਬੱਚੇ ਜੋ ਕੈਨੇਡਾ ਵਿਚ ਪੈਦਾ ਹੋਏ ਹਨ, ਸਵੈ ਵਿਸ਼ਵਾਸੀ ਅਤੇ ਬਹੁਤੇ ਇੱਛਕ (ambitious) ਨਹੀਂ। ਉਹਨਾਂ ਨੂੰ ਅਗਾਂਹ ਵੱਧਣ, ਆਪਣੇ ਟੀਚੇ ਲਈ ਮਰ ਮਿਟਣ ਦੀ ਕੋਈ ਇੱਛਾ ਨਹੀਂ। ਸਿਰਫ਼ ਪੈਸੇ ਬਣਾਉਣ ਤਕ ਦਾ ਮੰਤਵ ਹੈ, ਬਸ ਪੈਸੇ ਕਮਾਉ ਤੇ ਸ਼ੁਗਲ ਕਰੋ। ਕਿੱਥੇ ਕਮੀ ਹੈ? ਸਾਡੇ ਸੋਸ਼ਲ ਅਤੇ ਸਰਕਾਰੀ ਢਾਂਚੇ ਵਿਚ, ਜਿੱਥੇ ਜ਼ਿੰਦਗੀ ਸਿਰਫ਼ ਪੈਸੇ ਅਤੇ ਸ਼ੁਗਲ ਮੇਲੇ ਦੇ ਦੁਆਲੇ ਹੀ ਘੁੰਮਦੀ ਹੈ ਉੱਥੇ ਇਹ ਬੱਚੇ ਨਾ ਮਾਪਿਆਂ ਦੀ ਗੱਲ ਸੁਣਨ ਲਈ ਤਿਆਰ ਹਨ ਤੇ ਨਾ ਅਧਿਆਪਕਾਂ ਦੀ। ਸਾਡੇ ਪਾਲਣ ਪੋਸ਼ਣ ਕਰਨ ਵਿਚ ਕਿੱਥੇ ਕੁਤਾਹੀਆਂ ਹਨ ਜੋ ਅਸੀਂ ਸਮਾਜ ਨੂੰ ਚੰਗੀ ਪਨੀਰੀ ਦੇਣ ਵਿਚ ਅਸਮਰੱਥ ਹੋ ਰਹੇ ਹਾਂ? ਇਹਨਾਂ ਦੇ ਕਾਰਨਾਂ ‘ਤੇ ਝਾਤ ਪਾਉਣੀ, ਵਿਚਾਰਨਾ ਤੇ ਹੱਲ ਕੱਢਣਾ ਮੇਰੇ ਇਸ ਪਰਚੇ ਦਾ ਵਿਸ਼ਾ ਹੈ।
ਬੱਚੇ ਦੇ ਮੁੱਢਲੇ ਵਿਕਾਸ ਵਿਚ ਸਭ ਤੋਂ ਪਹਿਲਾ ਯੋਗਦਾਨ ਮਾਪਿਆਂ ਦਾ ਹੈ। ਮੈਂ ਥੋੜ੍ਹੇ ਦਿਨ ਪਹਿਲਾਂ ਇੰਟਰਨੈਟ ‘ਤੇ ਟਿਮ ਐਲਮੋਅਰ (Tim Elmore) ਦਾ ਲੇਖ ਪੜ੍ਹਿਆ ਜਿਸ ਵਿਚ ਬੱਚਿਆਂ ਦੀ ਪਰਵਰਿਸ਼ ਸਬੰਧੀ ਮਾਪਿਆਂ ਦੀਆਂ ਤਿੰਨ ਮੁੱਖ ਗਲਤੀਆਂ ਦੀ ਚਰਚਾ ਕੀਤੀ ਗਈ ਹੈ ਅਤੇ ਫੇਰ ਉਹਨਾਂ ਦੇ ਹੱਲ ਬਾਰੇ ਬਹੁਤ ਚੰਗੇ ਸੁਝਾਅ ਦਿੱਤੇ ਗਏ ਹਨ। ਟਿਮ ਦਸਦਾ ਹੈ ਕੇ ਸਾਡੀ ਹੱਦੋਂ ਵੱਧ ਹਿਫ਼ਾਜ਼ਤੀ ਪ੍ਰਵਿਰਤੀ (Over Protection) ਅਤੇ ਹੱਦੋਂ ਵੱਧ ਲਾਡ ਪਿਆਰ (Over Connection) ਸਾਡੇ ਬੱਚਿਆਂ ਨੂੰ ਮਹੱਤਵਾਕਾਂਕਸ਼ੀ (Ambitious) ਨਹੀਂ ਬਨਣ ਦਿੰਦੇ। ਅਸੀਂ ਉਹਨਾਂ ਵਿਚ ਆਤਮ ਵਿਸ਼ਵਾਸ ਹੀ ਨਹੀਂ ਪੈਦਾ ਹੋਣ ਦਿੰਦੇ, ਉਹਨਾਂ ਲਈ ਹਰ ਕੰਮ ਉਹਨਾਂ ਦੇ ਕਹਿਣ ਤੋਂ ਪਹਿਲਾਂ ਹਾਜ਼ਰ ਅਤੇ ਤਿਆਰ ਹੁੰਦਾ ਹੈ। ਸਾਡੇ ਬਹੁਤੇ ਪੇਰੈਂਟਸ ਬੱਚਿਆਂ ਨੂੰ ਸਕੂਲ ਛੱਡ ਕੇ ਆਉਂਦੇ ਹਨ, ਲੈ ਕੇ ਆਉਂਦੇ ਹਨ। ਕਈ ਮਾਵਾਂ ਤੇ ਲੰਚ ਟਾਈਮ ਲਈ ਘਰੋਂ ਗਰਮ ਖਾਣਾ ਬਣਾ ਕੇ ਲੈ ਜਾਂਦੀਆਂ ਹਨ, ਕਾਰ ਵਿਚ ਹੀ ਖਵਾਉਂਦੀਆਂ ਹਨ ਫਿਰ ਛੁੱਟੀ ਹੋਣ ‘ਤੇ ਲੈਣ ਜਾਂਦੀਆਂ ਹਨ। ਬਹੁਤ ਛੋਟੇ ਬੱਚਿਆਂ ਲਈ ਤਾਂ ਇਹ ਠੀਕ ਹੈ ਪਰ ਮੈਂ ਇਹ ਵਿਹਾਰ ਅੱਠ ਤੋਂ ਦਸ ਗਰੇਡ ਤਕ ਦੇ ਬੱਚਿਆਂ ਨਾਲ ਵੀ ਹੁੰਦਾ ਦੇਖਿਆ ਹੈ। ਘਰ ਭਾਵੇਂ ਸਕੂਲ ਤੋਂ ਅੱਧਾ ਕਿਲੋਮੀਟਰ ਵੀ ਦੂਰ ਨਾ ਹੋਵੇ ਪਰ ਮਾਪੇ ਹਮੇਸ਼ਾ ਬੱਚਿਆਂ ਨੂੰ ਕਾਰ ਵਿਚ ਛੱਡਦੇ ਅਤੇ ਲਿਜਾਂਦੇ ਹਨ। ਉਸ ਤੋਂ ਬਾਅਦ ਘਰ ਆਉਂਦੇ ਸੋਕਰ ਕਲਾਸ ਵਿਚ ਲੈ ਕੇ ਜਾਂਦੇ ਹਨ, ਫਿਰ ਸਵਿਮਿੰਗ ਕਲਾਸ, ਟਿਊਸ਼ਨ ਕਲਾਸ ਜਾਂ ਭੰਗੜਾ ਕਲਾਸ ਕੁਝ ਹੋਰ ਤੇ ਕੁਝ ਹੋਰ। ਇਹਨਾਂ ਸਭ ਕਾਸੇ ਵਿਚ ਵਿਚਕਾਰ ਬੱਚਾ ਇੰਨਾ ਮਸ਼ਰੂਫ ਕਰ ਦਿੱਤਾ ਜਾਂਦਾ ਹੈ ਕਿ ਉਸਦਾ ਦਿਮਾਗ਼ ਸੋਚਣ ਸਮਝਣ ਜਾਂ ਵਿਗਸਣ ਜੋਗੀ ਵਿਹਲ ਹੀ ਨਹੀਂ ਲੱਭ ਸਕਦਾ ਤੇ ਹੌਲ਼ੀ ਹੌਲ਼ੀ ਦਿਮਾਗ ਸੁਸਤ ਹੋਣਾ ਸ਼ੁਰੂ ਕਰ ਦੇਂਦਾ ਹੈ ਤੇ ਬੱਚਾ ਕੁਝ ਸੋਚਣਾ ਜਾਂ ਸਮਝਣਾ ਹੀ ਨਹੀਂ ਚਾਹੁੰਦਾ ਕਿਉਂਕਿ ਉਸਨੂੰ ਇਕ ਨਿਰਧਾਰਤ ਕੀਤਾ ਹੋਇਆ ਕੰਮ ਨਿਭਾਉਣ ਦੀ ਐਨੀ ਕੁ ਆਦਤ ਪੈ ਜਾਂਦੀ ਹੈ ਕਿ ਬੱਚਾ ਕੋਈ ਫੈਸਲਾ ਲੈ ਹੀ ਨਹੀਂ ਸਕਦਾ ਤੇ ਉਸਦਾ ਆਤਮ ਵਿਸ਼ਵਾਸ ਘਟਣਾ ਸ਼ੁਰੂ ਹੋ ਜਾਂਦਾ ਹੈ ਜਾਂ ਬਹੁਤੀ ਸਖ਼ਤੀ ਵਿਚ ਉਹ ਬਾਗ਼ੀ ਵੀ ਹੋ ਜਾਂਦਾ ਹੈ। ਆਪਣੇ ਵਲੋਂ ਮਾਪੇ ਇਹ ਸੋਚਦੇ ਹਨ ਕਿ ਬੱਚਾ ਅਸੀਂ ਬਹੁਤ ਬਿਜ਼ੀ ਕੀਤਾ ਹੋਇਆ ਹੈ ਤੇ ਉਹ ਮਾੜੇ ਪ੍ਰਭਾਵ ਤੋਂ ਬਚਿਆ ਰਹੇਗਾ ਪਰ ਹੁੰਦਾ ਇਸ ਤੋਂ ਬਿਲਕੁਲ ਉਲਟ ਹੈ ਇਹ ਹੱਦੋਂ ਵੱਧ ਹਿਫ਼ਾਜ਼ਤ ਅਤੇ ਹੱਦੋਂ ਵੱਧ ਲਾਡ ਪਿਆਰ ਉਹਨਾਂ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਬਹੁਤ ਵੱਡੀ ਰੁਕਾਵਟ ਬਣ ਜਾਂਦਾ ਹੈ। ਇਹ ਸਿਰਫ਼ ਸਾਡੇ ਪੰਜਾਬੀ ਮਾਪਿਆਂ ਦੀ ਹੀ ਆਦਤ ਨਹੀਂ ਸਗੋਂ ਹੋਰਾਂ ਕੈਨੇਡੀਅਨ ਮਾਪਿਆਂ ਦੀ ਵੀ ਇਹੀ ਆਦਤ ਹੈ। ਜਿਵੇਂ ਕਿ ਥੋੜ੍ਹੇ ਦਿਨ ਪਹਿਲਾਂ ਪਾਲ ਵੈਲਿਚ (Paul Wallich) ਨਾਮ ਦੇ ਇਕ ਪਿਤਾ ਬਾਰੇ ਪੜ੍ਹਨ ਦਾ ਮੌਕਾ ਮਿਲ਼ਿਆ ਜਿਸਨੇ ਇਕ ਛੋਟਾ ਜਿਹਾ ਖਿਡੋਣਾ ਹੈਲੀਕਾਪਟਰ ਆਪਣੇ ਸਕੂਲ ਜਾਣ ਵਾਲੇ ਬੱਚੇ ਦੇ ਪਿੱਛੇ ਲਗਾ ਦਿੱਤਾ ਜਿਸ ਉਪਰ ਕੈਮਰਾ ਲਗਿਆ ਹੋਇਆ ਸੀ ਤਾਂ ਕਿ ਉਸ ਨੂੰ ਆਪਣੇ ਬੱਚੇ ਦੇ ਠੀਕ ਠਾਕ ਸਕੂਲ ਪਹੁੰਚਣ ਦੀ ਖ਼ਬਰ ਸਾਰ ਮਿਲ਼ਦੀ ਰਹੇ। ਇਹ ਹੱਦੋਂ ਵੱਧ ਹਿਫ਼ਾਜ਼ਤ ਤੇ ਬੇਵਿਸ਼ਵਾਸੀ ਬੱਚੇ ਨੂੰ ਕਿਧਰ ਨੂੰ ਲੈ ਕੇ ਜਾਂਦੀ ਹੈ? ਅਸੀਂ ਸਹਿਜੇ ਹੀ ਅਨੁਮਾਨ ਲਗਾ ਸਕਦੇ ਹਾਂ। ਪਾਲ ਵੈਲਿਚ ਨੇ ਮਾਪਿਆਂ ਦੀ ਇਸ ਪ੍ਰਕਿਰਿਆ ਨੂੰ ‘ਹੈਲੀਕਾਪਟਰ ਪੇਰੈਂਟਸ’ ਦਾ ਨਾਮ ਦਿੱਤਾ ਹੈ।
ਦੂਜੀ ਸ਼ਰੇਣੀ ਆਉਂਦੀ ਹੈ ਅਜਿਹੇ ਮਾਪਿਆਂ ਦੀ ਜਿਹਨਾਂ ਕੋਲ਼ ਪਹਿਲੀ ਸ਼੍ਰੇਣੀ ਦੇ ਪੇਰੈਂਟਸ ਵਾਂਗ ਬੱਚਿਆਂ ਨੂੰ ਦੇਣ ਲਈ ਪੂਰਾ ਵਕਤ ਨਹੀਂ ਪਰ ਉਹ ਹੋਰ ਸੁਵਿਧਾਵਾਂ ਵੀਡੀਉ ਗੇਮਜ਼, ਪ੍ਰਾਈਵੇਟ ਸਕੂਲ, ਟਿਊਸ਼ਨ ਕਲਾਸਜ਼ ਜਾਂ ਹੋਰ ਕੀਮਤੀ ਤੋਹਫ਼ੇ ਦੇ ਦੇ (ਆਈ-ਪੈਡ, ਮੋਬਾਈਲ ਆਦਿ) ਘਰ ਵਿਚ ਹੀ ਬਿਜ਼ੀ ਰੱਖਣਾ ਚਾਹੁੰਦੇ ਹਨ ਪਰ ਬੱਚੇ ਇਹਨਾਂ ਵੀਡੀਉ ਗੇਮਾਂ ਤੇ ਹਿੰਸਕ ਖੇਡਾਂ ਖੇਡਦੇ ਹਨ ਤੇ ਇਕੱਲੇਪਣ ਦੇ ਸ਼ਿਕਾਰ ਹੋ ਕੇ ਸਮਾਜ, ਪੇਰੈਂਟਸ ਅਤੇ ਹੋਰਨਾਂ ਸਾਥੀਆਂ ਤੋਂ ਦੂਰੀ ਬਣਾ ਲੈਂਦੇ ਹਨ ਜੋ ਫਿਰ ਬੁਰਾਈਆਂ ਦੀ ਜੜ੍ਹ ਬਣ ਜਾਂਦੀ ਹੈ ਜਾਂ ਥੋੜ੍ਹੇ ਵੱਡੇ ਹੋਣ ਤੇ ਉਹ ਜ਼ਿਆਦਾ ਵਕਤ ਘਰੋਂ ਬਾਹਰ ਬਿਤਾਉਣਾ ਸ਼ੁਰੂ ਕਰ ਦਿੰਦੇ ਹਨ।
ਤੀਸਰੀ ਸ਼੍ਰੇਣੀ ਉਹਨਾਂ ਮਾਪਿਆਂ ਦੀ ਹੈ ਜੋ ਸਭ ਕੁਝ ਜੁਟਾਉਣ ਲਈ ਜਦੋ ਜਹਿਦ ਵਿਚ ਬੱਚਿਆਂ ਵਲ ਪੂਰਾ ਧਿਆਨ ਹੀ ਨਹੀਂ ਦੇ ਸਕਦੇ। ਦਿਨ ਰਾਤ ਦੀਆਂ ਸ਼ਿਫਟਾਂ ਵਿਚ ਰੁਝੇ ਇਹ ਮਾਪੇ ਚਾਹ ਕੇ ਵੀ ਬੱਚਿਆਂ ਦਾ ਪੂਰਾ ਖ਼ਿਆਲ ਨਹੀਂ ਰੱਖ ਸਕਦੇ। ਉਹਨਾਂ ਦੀਆਂ ਕੋਮਲ ਰੁਚੀਆਂ, ਸੁਭਾਵਕ ਲੋੜਾਂ ਅਤੇ ਭਾਵੁਕ ਜ਼ਰੂਰਤਾਂ ਨੂੰ ਨਾ ਸਮਝਦੇ ਹੋਏ ਉਹਨਾਂ ਦੇ ਜਜ਼ਬਾਤ, ਸੰਪੂਰਨ ਵਿਕਾਸ ਵਿਚ ਸਹਾਈ ਨਹੀਂ ਹੋ ਸਕਦੇ। ਅਗਲੀ ਸ਼੍ਰੇਣੀ ਉਹਨਾਂ ਮਾਪਿਆਂ ਦੀ ਹੈ ਜੋ ਆਪਸੀ ਲੜਾਈ ਝਗੜੇ, ਘਰੇਲੂ ਹਿੰਸਾ ਵਿਚ ਗ੍ਰਸਤ ਹਨ ਤੇ ਉਹਨਾਂ ਦਾ ਅਸਰ ਸਿੱਧੇ ਜਾਂ ਅਸਿੱਧੇ ਰੂਪ ਵਿਚ ਬੱਚਿਆਂ ‘ਤੇ ਪੈਂਦਾ ਹੈ ਤੇ ਉਹ ਬੀਮਾਰ ਮਾਨਸਿਕਤਾ ਦੇ ਸ਼ਿਕਾਰ ਹੋ ਜਾਂਦੇ ਹਨ।
ਅਸੀਂ ਬੱਚਿਆਂ ਨੂੰ ਲੈ ਕੇ ਹਮੇਸ਼ਾ ਡਰੇ ਰਹਿੰਦੇ ਹਾਂ ਇਹ ਨਾ ਕਰੋ, ਉਹ ਨਾ ਕਰੋ, ਡਿਗ ਪਵੋਗੇ, ਸੱਟ ਲੱਗ ਜਾਏਗੀ, ਧੁੱਪ ਲੱਗ ਜਾਏਗੀ, ਥੱਕ ਜਾਉਗੇ। ਹਰ ਜਗ੍ਹਾ ਉਹਨਾਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਹਾਂ ਤਾਂ ਕਿ ਉਹਨਾਂ ਨੂੰ ਕੋਈ ਕਸ਼ਟ ਨਾ ਹੋਵੇ, ਕੋਈ ਛੋਟੀ ਜਿੰਨੀ ਵੀ ਔਖਿਆਈ ਨਾਂ ਰਹੇ। ਫਿਰ ਉਹ ਨਿਡੱਰ, ਆਤਮ ਵਿਸ਼ਵਾਸੀ ਤੇ ਸੰਘਰਸ਼ਸ਼ੀਲ ਕਿਵੇਂ ਬਣਨਗੇ? ਉਹ ਹਮੇਸ਼ਾ ਆਸਾਨ ਚੀਜ਼ਾਂ ਦੀ ਖੋਜ ਵਿਚ ਹੀ ਰਹਿਣਗੇ। ਅਸੀਂ ਕਿਸੇ ਵੀ ਤਰ੍ਹਾਂ ਨਾਲ਼ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਥੋੜ੍ਹਾ ਵੀ ਉਚਾਟ ਹੋਵੇ ਤੇ ਜੇ ਉਸਦੇ ਸਕੋਰ ਘੱਟ ਹਨ ਤਾਂ ਵੀ ਅਸੀਂ ਜਾ ਕੇ ਟੀਚਰ ਨਾਲ ਪੰਗਾ ਲੈਂਦੇ ਹਾਂ ਕਿ ਸਾਡੇ ਬੱਚੇ ਨੂੰ ਸੀ-ਸਕੋਰ ਨਹੀਂ ਦੇਣਾ। ਕਿਤੇ ਉਸਦੇ ਸਵੈਮਾਣ ਨੂੰ ਚੋਟ ਨਾ ਪਹੁੰਚੇ।
ਯੂਰੋਪ ਦੇ ਮਨੋਵਿਗਿਆਨੀਆਂ ਨੇ ਖੋਜ ਕੀਤੀ ਹੈ ਕੇ ਜਿਹੜਾ ਬੱਚਾ ਬਾਹਰ ਨਹੀਂ ਖੇਡਿਆ, ਜਿਹਨੇ ਖੇਡਦਿਆਂ ਗੋਡੇ ਨਹੀਂ ਛਿਲਾਏ, ਕੋਈ ਲੱਤ ਬਾਂਹ ਦੀ ਹੱਡੀ ਨਹੀਂ ਤੁੜਵਾਈ ਤਾਂ ਉਸ ਨੂੰ ਹਮੇਸ਼ਾ ਨਿੱਕੀ ਨਿੱਕੀ ਗੱਲ ਤੋਂ ਖ਼ਤਰਾ ਅਤੇ ਡਰ ਲੱਗਿਆ ਹੀ ਰਹੇਗਾ। ਸੱਚ ਇਹ ਹੈ ਕਿ ਜਦ ਬੱਚਾ ਡਿੱਗਦਾ ਹੈ, ਸੱਟ ਖਾਂਦਾ ਹੈ ਤੇ ਫਿਰ ਖੜ੍ਹਾ ਹੁੰਦਾ ਹੈ, ਉਹੀ ਬੱਚਾ ਤਾਕਤਵਰ ਤੇ ਹਿੰਮਤੀ ਵੀ ਹੁੰਦਾ ਹੈ। ਜਿਸ ਬੱਚੇ ਦਾ ਕਦੀ ਦਿਲ ਪ੍ਰੇਮ ਵਿਚ ਨਹੀਂ ਟੁੱਟਾ ਉਹ ਕਦੀ ਭਾਵੁਕਤਾ ਵਿਚ ਪ੍ਰੌੜ ਹੋ ਹੀ ਸਕਦਾ। ਇਹ ਕੁਝ ਕਿਸੇ ਵੀ ਰਿਸ਼ਤੇ ਦੀ ਮਜ਼ਬੂਤੀ ਲਈ ਜ਼ਰੂਰੀ ਹੈ, ਜ਼ਿੰਦਗੀ ਦਾ ਦਰਦ, ਸਿਹਤ ਦਾ ਅਤੇ ਅੱਗੇ ਵਧਣ ਦਾ ਜ਼ਰੂਰੀ ਹਿੱਸਾ ਹੈ।
ਦੂਸਰਾ ਇਕ ਹੋਰ ਜ਼ਰੂਰੀ ਪਹਿਲੂ ਕਿ ਅਸੀਂ ਹਰ ਖੇਤਰ ਵਿਚ ਬੱਚਿਆਂ ਲਈ ਸੁਰਖ਼ਿਆ ਕਵਚ ਬਣਨਾ ਚਾਹੁੰਦੇ ਹਾਂ, ਚਾਹੇ ਉਹ ਖੇਡ ਦਾ ਮੈਦਾਨ ਹੋਵੇ, ਬੱਚੇ ਦੀ ਦੋਸਤਾਂ ਨਾਲ ਕੋਈ ਅਣ-ਬਣ ਹੋਵੇ, ਕਿਸੇ ਨਿਜੀ ਭਾਵੁਕ ਰਿਸ਼ਤੇ ਵਿਚ ਕੋਈ ਖਟਾਸ ਜਾਂ ਬਰੇਕਅੱਪ ਹੋਵੇ ਤੇ ਭਾਵੇਂ ਸਕੂਲ ਵਿਚ ਗਰੇਡਜ਼ ਜਾਂ ਸਕੋਰਜ਼ ਦਾ ਮਾਮਲਾ ਹੋਵੇ। ਬਹੁਤੀਆਂ ਮਾਵਾਂ ਸਕੂਲ ਜਾ ਕੇ ਵੀ ਅਧਿਆਪਕ ਨਾਲ਼ ਨੰਬਰਾਂ ਲਈ ਨੈਗੋਸ਼ਿਏਟ ਕਰਦੀਆਂ ਹਨ।
ਹਾਰਵਰਡ ਯੂਨੀਵਰਸਿਟੀ ਦਾ ਐਡਮਿਸ਼ਨ ਕਾਊਂਸਲਰ ਇਕ ਵਾਰ ਵਿਦਿਆਰਥੀ ਨੂੰ ਸਵਾਲ ਕਰ ਰਿਹਾ ਸੀ ਜਦੋਂ ਉਸ ਨੇ ਨੋਟਿਸ ਕੀਤਾ ਕਿ ਬੱਚਾ ਉਸ ਨਾਲ ਅੱਖ ਮਿਲ਼ਾ ਕਿ ਗੱਲ ਕਰਦਾ ਤੇ ਫਿਰ ਥੱਲੇ ਵੇਖਣ ਲਗ ਪੈਂਦਾ ਹੈ। ਕਾਊਂਸਲਰ ਨੇ ਸੋਚਿਆ ਕਿ ਸ਼ਾਇਦ ਉਸਦੀ ਮਾਂ ਨੇ ਸਿਖਾਇਆ ਹੋਵੇ ਕਿ ਵੱਡਿਆਂ ਨਾਲ਼ ਗੱਲ ਕਰਨ ਤੋਂ ਬਾਅਦ ਨੀਵੀਂ ਪਾ ਕੇ ਰੱਖਣੀ ਹੈ। ਉਸ ਕਾਊਂਸਲਰ ਨੂੰ ਕਾਫ਼ੀ ਦੇਰ ਬਾਅਦ ਪਤਾ ਲੱਗਾ ਕਿ ਉਸ ਵਿਦਿਆਰਥੀ ਨੇ ਆਪਣਾ ਫੋਨ ਆਨ ਕੀਤਾ ਹੋਇਆ ਸੀ ਤੇ ਕਾਊਂਸਲਰ ਨੂੰ ਕੇਵਲ ਉਹ ਉੱਤਰ ਦੇ ਰਿਹਾ ਸੀ ਜੋ ਉਸਦੀ ਮਾਂ ਪਿੱਛੋ ਟੈਕਸਟ ਕਰ ਰਹੀ ਸੀ। ਇਸੇ ਤਰ੍ਹਾਂ ਹੋਰ ਕਈ ਗੱਲਾਂ ਹਨ ਜੋ ਮਾਪੇ ਵਿਚਾਰਦੇ ਨਹੀਂ ਕਿ ਉਹ ਬੱਚਿਆਂ ਦੇ ਜੀਵਨ ਵਿਚ ਇਹ ਹੱਦੋਂ ਵੱਧ ਹਿਫ਼ਾਜ਼ਤ ਅਤੇ ਹੱਦੋਂ ਵੱਧ ਲਾਡ ਪਿਆਰ ਰਾਹੀਂ ਉਹਨਾਂ ਦਾ ਕਿੰਨਾ ਨੁਕਸਾਨ ਕਰ ਰਹੇ ਹਨ। ਜਾਂ ਫਿਰ ਕਈ ਮਾਪੇ ਬੱਚਿਆਂ ‘ਤੇ ਯਕੀਨ ਹੀ ਨਹੀਂ ਕਰਦੇ, ਠੀਕ ਗ਼ਲਤ ਦਾ ਫ਼ਰਕ ਹੀ ਨਹੀਂ ਸਮਝਾਉਂਦੇ, ਜ਼ਬਰਦਸਤੀ ਚੀਜ਼ਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਲੋੜ ਤੋਂ ਵੱਧ ਸਖ਼ਤੀ ਕਰਦੇ ਹਨ, ਕੁਝ ਸਮਝਾਉਣ ਲਈ ਪੱਖ ਸਪਸ਼ਟ ਨਹੀਂ ਕਰਦੇ।
ਇਹ ਤਾਂ ਸੀ ਬੱਚਿਆਂ ਦੇ ਮੁਢਲੇ ਵਿਕਾਸ ਤੇ ਮਾਪਿਆਂ ਦੇ ਰੋਲ ਦੀ ਗੱਲ, ਇਸ ਤੋਂ ਬਾਅਦ ਵਾਰੀ ਆਉਂਦੀ ਹੈ ਬਾਹਰਲੇ ਵਾਤਾਵਰਣ ਦੀ, ਘਰ ਤੋਂ ਬਾਹਰ ਬੱਚਾ ਕਾਫ਼ੀ ਸਮਾਂ ਗੁਜ਼ਾਰਦਾ ਹੈ, ਦੋਸਤਾਂ ਮਿੱਤਰਾਂ ਨਾਲ ਸਮਾਂ ਬਤੀਤ ਕਰਦਾ ਹੈ, ਸਕੂਲ ਜਾਂਦਾ ਹੈ, ਹੋਰ ਸਮਾਜਿਕ ਸਮੂਹਾਂ ਵਿਚ ਵਿਚਰਦਾ ਹੈ। ਉਥੋਂ ਬੱਚਾ ਕੀ ਸਿੱਖਦਾ ਹੈ? ਉਸਦੀ ਸੰਗਤ ਕਿਹੋ ਜਿਹੇ ਲੋਕਾਂ ਨਾਲ ਹੈ ਤੇ ਮਾਹੌਲ ਕਿਹੋ ਜਿਹਾ ਹੈ? ਇਹ ਸਭ ਕੁਝ ਬੱਚੇ ਤੇ ਪ੍ਰਭਾਵ ਛੱਡਦਾ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਕੈਨੇਡਾ ਇਕ ਬਹੁ ਸਭਿਆਚਾਰਕ ਮੁਲਖ਼ ਹੈ। ਭਿੰਨ ਭਿੰਨ ਤਰ੍ਹਾਂ ਦੇ ਲੋਕ, ਵੱਖੋ ਵੱਖਰੇ ਕਿਸਮ ਦੇ ਕਲਚਰ, ਸੋਚ ਅਤੇ ਪਹਿਰਾਵਾ। ਇਸ ਸਥਿਤੀ ਵਿਚ ਅਸੀਂ ਕਦੇ ਵੀ ਬੱਚਿਆਂ ਨੂੰ ਸਥਾਨਕ ਵਾਤਾਵਰਣ ਤੋਂ ਬਚਾ ਕੇ ਨਹੀਂ ਪਾਲ਼ ਸਕਦੇ। ਉਹਨਾਂ ‘ਤੇ ਸਥਾਨਕ ਪ੍ਰਭਾਵ ਪੈਣੇ ਹੀ ਪੈਣੇ ਹਨ। ਪਰ ਅਸੀਂ ਉਹਨਾਂ ਨੂੰ ਸੰਤੁਲਨ ਬਣਾ ਕੇ ਚੱਲਣ ਦੀ ਸਿਖਿਆ ਦੇ ਸਕਦੇ ਹਾਂ, ਇਹ ਸਿਖਿਆ ਕਿਵੇਂ ਤੇ ਕਦੋਂ ਦੇਣੀ ਹੈ ਇਹੀ ਸੋਚਣ ਦਾ ਵਿਸ਼ਾ ਹੈ। ਅਸੀਂ ਆਪ ਸ਼ਾਮ ਨੂੰ ਪਾਰਟੀਆਂ ਕਰੀਏ, ਡਰਿੰਕਸ ਕਰੀਏ ਬਾਹਰ ਜਾ ਕੇ ਸਮਾਜ ਵਿਚ ਮੁਕਤ ਵਿਚਰੀਏ ਤੇ ਬੱਚਿਆਂ ਤੋਂ ਆਸ ਰੱਖੀਏ ਕਿ ਉਹ ਹੋਰਨਾਂ ਸਭਿਆਚਾਰਾਂ ਦੇ ਬੱਚਿਆਂ ਤੋਂ ਦੂਰੀ ਬਣਾ ਕੇ ਰੱਖਣ, ਉਹਨਾਂ ਦੀ ਰੰਗਤ ਵਿਚ ਨਾਂ ਰੰਗੇ ਜਾਣ ਇਹ ਕਿਸੇ ਵੀ ਸੂਰਤ ਵਿਚ ਸੰਭਵ ਨਹੀਂ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਇਸ ਮੁਲਖ਼ ਵਿਚ ਪੈਦਾ ਹੋਏ ਹਨ, ਇਹਨਾਂ ਬੱਚਿਆਂ ਨਾਲ ਖੇਡੇ ਮੱਲੇ ਤੇ ਵੱਡੇ ਹੋਏ ਹਨ, ਉਹ ਨਹੀਂ ਸਮਝਦੇ ਹਨ ਕਿ ਇਹਨਾਂ ਬਾਕੀ ਕਮਿਊਨਿਟੀਜ਼ ਦੇ ਬੱਚਿਆਂ ਤੇ ਉਹਨਾਂ ਦੇ ਬੱਚਿਆਂ ਵਿਚ ਕੀ ਫ਼ਰਕ ਹੈ, ਇਸ ਲਈ ਸਾਨੂੰ ਹੀ ਸੰਤੁਲਨ ਬਣਾ ਕੇ ਚਲਣਾ ਪੈਣਾ ਹੈ ਤੇ ਉਹਨਾਂ ਲਈ ਚੰਗੇ ਰੋਲ ਮਾਡਲ ਬਨਣਾ ਪੈਣਾ ਹੈ। ਜੋ ਅਸੀਂ ਉਹਨਾਂ ਕੋਲੋਂ ਚਾਹੁੰਨੇ ਹਾਂ ਪਹਿਲਾਂ ਆਪ ਉਹ ਬਣ ਕੇ ਵਿਖਾਉਣਾ ਪੈਣਾ ਹੈ। ਇਹ ਬੱਚੇ ਸਿਰਫ਼ ਭਾਸ਼ਣਾਂ ਦੇ ਯਕੀਨ ਨਹੀਂ ਕਰਦੇ। ਤਰਕ ਨਾਲ਼ ਗੱਲ ਸਮਝਦੇ ਹਨ।
ਬੱਚਿਆਂ ਦੇ ਮਾਨਸਿਕ, ਸਰੀਰਕ ਅਤੇ ਭਾਵੁਕ ਬਦਲਾਉ ਦੇ ਨਾਲ਼ ਨਾਲ਼ ਉਹਨਾਂ ਦਾ ਸੁਭਾ ਵੀ ਬਦਲਦਾ ਹੈ, ਉਹਨਾਂ ਦੀ ਸੋਚ ਵੀ ਬਦਲਦੀ ਹੈ, ਪਹਿਲੇ ਪੰਜ ਸਾਲ ਤੁਸੀਂ ਜੋ ਸਿਖਾਉ ਬੱਚਾ ਸਿੱਖੀ ਜਾਂਦਾ ਹੈ, ਮਾਪੇ ਅਤੇ ਟੀਚਰ ਉਸਦੇ ਰੋਲ ਮਾਡਲ ਹੁੰਦੇ ਹਨ ਉਹ ਸੁਣਦਾ ਹੈ ਤੇ ਮੰਨਦਾ ਹੈ। ਪੰਜ ਤੋਂ ਅੱਠ ਸਾਲ ਤੱਕ ਉਹ ਬਾਹਰ ਜਾਣਾ, ਪਸੰਦ ਨਾ ਪਸੰਦ ਕਰਨਾ, ਜ਼ਿੱਦ ਕਰਨੀ ਅਤੇ ਜਵਾਬ ਦੇਣੇ ਸਿੱਖ ਜਾਂਦਾ ਹੈ। ਪਰ ਹਾਲੇ ਵੀ ਉਸਨੂੰ ਇਕ ਤਰ੍ਹਾਂ ਦਾ ਡਰ ਹੁੰਦਾ ਹੈ ਤੇ ਡਰ ਅਧੀਨ ਉਹ ਗੱਲ ਮੰਨ ਲੈਂਦਾ ਹੈ ਪਰ 9 ਸਾਲ ਤੋਂ ਬਾਅਦ ਉਹ ਕਿਸ਼ੋਰ ਅਵਸਥਾ ਵਲ ਵੱਧਦਾ ਹੈ ਤੇ ਬਾਹਰਲੇ ਮਿੱਤਰ ਪੀਅਰ-ਪਰੈਸ਼ਰ, ਉਹਨਾਂ ਦੀ ਸੋਚ, ਕੂਲ ਬਨਣ ਦਾ ਫੰਡਾ, ਬਾਗੀਪੁਣਾ ਉਸ ਉੱਤੇ ਹਾਵੀ ਹੋਣ ਲੱਗਦਾ ਹੈ। ਹੁਣ ਨਾ ਉਹ ਟੀਚਰ ਦੀ ਗੱਲ ਸੁਣਦਾ ਹੈ ਤੇ ਨਾ ਮਾਪਿਆਂ ਦੀ। ਹੁਣ ਜਾਨਣ ਦੀ ਲੋੜ ਹੈ ਕਿ ਇਹ (ਪੀਅਰ-ਪਰੈਸ਼ਰ) ਕੀ ਹੈ। ਉਸਦਾ ਬੱਚਿਆਂ ‘ਤੇ ਕੀ ਪ੍ਰਭਾਵ ਹੈ, ਇਸ ਉਮਰੇ ਤਣਾਉ ਬੱਚਿਆਂ ਨੂੰ ਕਿਨ੍ਹਾਂ ਹੈ, ਘਰ ਪਰਿਵਾਰ ਦੀ ਸੋਚ ਅਨੁਸਾਰ ਚਲਣਾ ਬਾਹਰ ਜਿਸ ਸਮਾਜ ਵਿਚ ਉਹ ਵਿਚਰਦਾ ਹੈ ਉਸ ਵਿਚ ਰਹਿਣਾ ਉਸਦੇ ਲਈ ਤਣਾਉ ਦਾ ਕਾਰਣ ਬਣ ਜਾਂਦਾ ਹੈ। ਪੜ੍ਹਾਈ ਦਾ ਪਰੈਸ਼ਰ, ਸਕੋਰਜ਼ ਦੀ ਟੈਨਸ਼ਨ, ਮਾਪਿਆਂ ਨੂੰ ਜਵਾਬ-ਬਾਹਰਲੇ ਮਾਹੌਲ ਵਿਚ ਜਗ੍ਹਾ ਬਣਾਈ ਰੱਖਣੀ ਕੋਈ ਆਸਾਨ ਕੰਮ ਨਹੀਂ ਹੁੰਦਾ। ਉਸਦੇ ਉਪਰ ਕਿਸ਼ੋਰ ਅਵਸਥਾ ਹੋਣ ਕਾਰਣ ਮਾਨਸਿਕ ਅਤੇ ਸਰੀਰਕ ਬਦਲਾਉ ਆਪਣਾ ਅਸਰ ਦਿਖਾਉਂਦੇ ਹਨ। ਇਥੋਂ ਦੇ ਕਲਚਰਜ਼ ਦਾ ਮੁਕਤ ਵਾਤਾਵਰਣ ਉਹਨਾਂ ਦੇ ਆਪਸੀ ਸਬੰਧ, ਸਮਾਜਿਕ ਪ੍ਰਭਾਵ, ਰਿਸ਼ਤੇ, ਭਾਵੁਕ ਲੋੜਾਂ ਆਪਣਾ ਵੱਖਰਾ ਹੀ ਪ੍ਰਭਾਵ ਛੱਡਦੀਆਂ ਹਨ।
ਇਸ ਦੇ ਇਲਾਵਾ ਬੱਚੇ ਟੈਕਨਾਲੋਜੀ ਦੇ ਅੰਧਾ ਧੁੰਧ ਇਸਤੇਮਾਲ ਕਾਰਣ ਵੀ ਕਈ ਤਰ੍ਹਾਂ ਦੀਆਂ ਅਲਾਮਤਾਂ ਦੇ ਸ਼ਿਕਾਰ ਹੁੰਦੇ ਹਨ। ਇੰਟਰਨੈਟ ਜਿੱਥੇ ਸਾਡੇ ਗਿਆਨ ਵਿਚ ਵਾਧਾ ਕਰਦਾ ਹੈ ਉਥੇ ਅੰਟ ਸ਼ੰਟ ਅਤੇ ਅਸ਼ਲੀਲ ਸਾਈਟਸ ਸਾਡੇ ਬੱਚਿਆਂ ਦੇ ਦਿਮਾਗ਼ ਤੇ ਗੰਦਾ ਅਸਰ ਪਾਉਂਦੀਆਂ ਹਨ। ਵਕਤ ਤੋਂ ਪਹਿਲਾਂ ਸੈਕਸ ਸਿਖਿਆ ਅਤੇ ਲੋੜ ਤੋਂ ਜ਼ਿਆਦਾ ਖੁੱਲ੍ਹਾ ਵਾਤਾਵਰਣ ਵਿਦਿਆਰਥੀਆਂ ਦੇ ਮਨਾਂ ਵਿਚ ਵਿਕਾਰ ਪੈਦਾ ਕਰਦਾ ਹੈ। ਪੀਅਰ-ਪਰੈਸ਼ਰ, ਵੱਖੋ ਵੱਖਰੇ ਕਲਚਰਜ਼ ਉਹਨਾਂ ਦੀਆਂ ਆਪੋ ਆਪਣੀਆਂ ਰਵਾਇਤਾਂ, ਰਸਮੋ-ਰਿਵਾਜ ਬੱਚੇ ਇਹ ਤੈਅ ਹੀ ਨਹੀਂ ਕਰ ਸਕਦੇ ਕਿ ਜੋ ਚੀਜ਼ ਸਾਡੇ ਲਈ ਬੁਰੀ ਹੈ ਉਹ ਉਹਨਾਂ ਲਈ ਠੀਕ ਕਿਵੇਂ ਹੈ? ਸੋ ਸਾਡੇ ਬੱਚੇ ਬਾਗ਼ੀ ਹੋ ਜਾਂਦੇ ਹਨ। ਉਹ ਸੋਚਦੇ ਹਨ ਸਾਡੇ ਮਾਪੇ ਸਾਡੇ ਤੇ ਖਾਮਖਾਹ ਦੇ ਬੰਧਨ ਲਾਉਂਦੇ ਹਨ ਜੋ ਨਿਰਮੂਲ ਹਨ।
ਹੁਣ ਵਾਰੀ ਆਉਂਦੀ ਹੈ, ਕੈਨੇਡੀਅਨ ਸੋਸ਼ਲ ਸਿਸਟਮ ਦੀ ਅਤੇ ਸਰਕਾਰੀ ਚਾਈਲਡ ਕੇਅਰ ਐਜੰਸੀਜ਼ ਦੀ ਜੋ ਬੱਚਿਆਂ ਦੇ ਮਾਨਸਿਕ, ਭਾਵੁਕ ਅਤੇ ਡਰ ਮੁਕਤ ਵਿਕਾਸ ਲਈ ਬਣਾਈਆਂ ਗਈਆਂ ਹਨ। ਇਹਨਾਂ ਦਾ ਕੰਮ ਚਾਈਲਡ ਅਬਊਜ਼ ਨੂੰ ਰੋਕਣਾ ਅਤੇ ਬੱਚਿਆਂ ਦੇ ਚਹੁਮੁਖੀ ਵਿਕਾਸ ਲਈ ਸਹਾਈ ਹੋਣਾ ਹੈ। ਪਰ ਕਈ ਵਾਰ ਸਾਡੇ ਬੱਚੇ ਇਹਨਾਂ ਐਜੰਸੀਆਂ ਨੂੰ ਹਥਿਆਰ ਵਜੋਂ ਵਰਤਦੇ ਹਨ। ਤੁਸੀਂ ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ, ਜ਼ਰਾ ਜਿਹਾ ਵੀ ਰੋਕਣ ਟੋਕਣ ਤੇ ਉਹ 911 ਡਾਇਲ ਕਰ ਦਿੰਦੇ ਹਨ। ਇਥੋਂ ਤਕ ਹੀ ਬਸ ਨਹੀਂ ਗਵਾਂਢੀ ਜਾਂ ਹੋਰ ਕੋਈ ਕੋਲ਼ੋਂ ਲੰਘਦਾ ਹੋਇਆ ਵੀ ਤੁਹਾਡੀ ਤਿਊੜੀ ਦੇਖ ਕੇ ਕੈਸ਼ (CAS) ਨੂੰ ਕਾਲ ਕਰ ਦਿੰਦਾ ਹੈ ਤੇ ਮਜਬੂਰਨ ਮਾਪੇ ਹੱਥ ਖੜ੍ਹੇ ਕਰ ਦਿੰਦੇ ਹਨ। ਅੰਕੜੇ ਦਸਦੇ ਹਨ ਕਿ ਕੈਸ਼ ਨੂੰ ਜਾਣ ਵਾਲੀਆਂ ਰਿਪੋਰਟਾਂ 60% ਝੂਠੀਆਂ ਹੁੰਦੀਆਂ ਹਨ। ਬੱਚਿਆਂ ਨੂੰ ਆਪਣੇ ਇਹਨਾਂ ਹੱਕਾਂ ਬਾਰੇ ਪੂਰਾ ਪਤਾ ਹੈ ਪਰ ਆਪਣੇ ਕਰਤਵਾਂ ਬਾਰੇ ਉਹ ਅਨਜਾਣ ਹਨ ਕਿਉਂਕਿ ਉਹ ਸੁਨਣਾ ਹੀ ਨਹੀਂ ਚਾਹੁੰਦੇ। ਇਹੀ ਹਾਲ ਸਕੂਲਾਂ ਵਿਚ ਹੈ। ਕੈਸ਼ ਦਾ ਹਊਆ ਏਨਾ ਵੱਡਾ ਹੈ ਕਿ ਅਧਿਆਪਕ ਆਪਣੀ ਨੌਕਰੀ ਨੂੰ ਬਚਾਈ ਰੱਖਣ ਲਈ ਅਤੇ ਵਾਧੂ ਦੇ ਤਣਾਉ ਤੋਂ ਬਚਣ ਲਈ ਬੱਚਿਆਂ ਦੀਆਂ ਗਲਤੀਆਂ, ਅਨੁਸ਼ਾਸਨ ਹੀਣਤਾ ਅਤੇ ਨਿਘਾਰ ਪ੍ਰਤੀ ਅੱਖਾਂ ਮੀਟੀ ਰੱਖਦਾ ਹੈ ਕਿਉਂਕਿ ਠੀਕ ਨੂੰ ਠੀਕ ਤੇ ਗ਼ਲਤ ਨੂੰ ਗ਼ਲਤ ਕਹਿਣ ਦੀ ਪੂਰਣ ਅਜ਼ਾਦੀ ਅਧਿਆਪਕਾਂ ਨੂੰ ਵੀ ਨਹੀਂ। ਅਧਿਆਪਕ ਹੋਣ ਦੇ ਨਾਤੇ ਇਹ ਬਾਰੀਕੀਆਂ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਹਾਂ। ਕਈ ਵਾਰ ਤੁਸੀਂ ਆਪਣੇ ਸਾਹਮਣੇ ਗਲਤ ਗੱਲਾਂ ਹੁੰਦੇ ਦੇਖ ਰਹੇ ਹੁੰਦੇ ਹੋ, ਪਰ ਤੁਸੀਂ ਕਈ ਵਾਰ ਕੁਝ ਵੀ ਨਹੀਂ ਕਰ ਸਕਦੇ। ਪਿਆਰ ਨਾਲ ਕਿਹਾ ਇਹ ਮੰਨਦੇ ਨਹੀਂ, ਗੁੱਸੇ ਨਾਲ਼ ਤੁਸੀਂ ਰੋਕ ਨਹੀਂ ਸਕਦੇ, ਸਖ਼ਤੀ ਤੁਸੀਂ ਕਰ ਨਹੀਂ ਸਕਦੇ। ਗ਼ਲਤ ਤੇ ਸਹੀ ਵਿਚ ਇਕ ਬਾਰੀਕ ਜਿਹਾ ਫ਼ਰਕ ਹੁੰਦਾ ਹੈ ਪਰ ਕਈ ਵਾਰ ਤੁਸੀਂ ਸ਼ਾਬਦਿਕ ਅਰਥਾਂ ਅਨੁਸਾਰ ਨਿਖੇੜ ਹੀ ਨਹੀਂ ਸਕਦੇ।
ਮੰਨ ਲਓ ਤੁਹਾਡੇ ਸਾਹਮਣੇ ਦੋ ਬੱਚੇ ਬੁਰੀ ਤਰ੍ਹਾਂ ਲੜ ਰਹੇ ਹਨ, ਇਕ ਬਹੁਤ ਤਕੜਾ ਤੇ ਸਰੀਰ ਪੱਖੋਂ ਕਾਫ਼ੀ ਤਾਕਤਵਰ ਹੈ, ਦੂਜਾ ਕੁਝ ਕਮਜ਼ੋਰ ਤਬੀਅਤ ਦਾ ਹੈ। ਤੁਸੀਂ ਕੀ ਕਰੋਗੇ ਜਾਂ ਤਾਂ ਵਿਚ ਜਾ ਕੇ ਕੁੱਟ ਖਾਓ ਕਿਉਂਕਿ ਤਗੜੇ ਨੂੰ ਤੁਸੀਂ ਜ਼ੋਰ ਨਾਲ ਪਰੇ ਨਹੀਂ ਕਰੇ ਸਕਦੇ, ਤੁਹਾਨੂੰ ਉਸ ਬੱਚੇ ਨੂੰ ਹੱਥ ਲਾਉਣ ਦੀ ਵੀ ਇਜਾਜ਼ਤ ਨਹੀਂ। ਉਸਨੂੰ ਉਥੇ ਹੀ ਇਸੇ ਸਥਿਤੀ ਵਿਚ ਛੱਡ ਕੇ ਸੁਪਰਵਾਈਜ਼ਰ ਨੂੰ ਰਿਪੋਰਟ ਕਰੋ ਜਾਂ ਪੁਲਿਸ ਕਾਲ ਕਰੋ, ਤਦ ਤਕ ਕੁਝ ਵੀ ਹੋ ਸਕਦਾ ਹੈ ਤੇ ਤੁਸੀਂ ਮੂਕ ਦਰਸ਼ਕ ਬਣ ਕੇ ਖੜ੍ਹੇ ਰਹਿਣਾ ਹੈ। ਜਿਵੇਂ ਕਿ ਬਹੁਤੇ ਅਧਿਆਪਕ ਡਰ ਦੇ ਮਾਰੇ ਕਰਦੇ ਹਨ। ਨਹੀਂ ਤਾਂ ਤੁਹਾਡੀ ਆਪਣੀ ਨੌਕਰੀ ਤੇ ਖ਼ਤਰਾ ਮੰਡਰਾ ਸਕਦਾ ਹੈ। ਇਹੋ ਜਿਹੀ ਹੀ ਹਾਲਤ ਕੁਝ ਹੋਰ ਮਾਮਲਿਆਂ ਵਿਚ ਅਧਿਆਪਕ ਦੀ ਹੈ। ਬੱਚੇ ਸੁਭਾਅ ਤੋਂ ਹੀ ਸ਼ਰਾਰਤੀ ਹਨ। ਪਿੱਛੇ ਜਿਹੇ ਇਕ ਸਕੂਲ ਦੇ ਵਾਸ਼ਰੂਮ ਵਿਚ ਕੋਈ ਬੱਚਾ ਰੋਜ਼ ਲਾਈਟਰ ਨਾਲ ਪੇਪਰ ਨੂੰ ਅੱਗ ਲਗਾ ਲਗਾ ਕੇ ਖਿਲਾਰਦਾ ਸੀ। ਕੁਛ ਬੱਚਿਆਂ ਨੂੰ ਪਤਾ ਸੀ ਪਰ ਦੱਸਦੇ ਨਹੀਂ ਸਨ। ਅਸਲ ਵਿਚ ਇਕ ਗਰੁੱਪ ਮਿਲ ਕੇ ਇਹ ਕੰਮ ਕਰ ਰਿਹਾ ਸੀ। ਪ੍ਰਿੰਸੀਪਲ ਦੀ ਜ਼ਿੰਮੇਵਾਰੀ ਸੀ ਕਿ ਅਜਿਹੇ ਵਿਦਿਆਰਥੀਆਂ ਨੂੰ ਫੜਿਆ ਜਾਵੇ ਤੇ ਅਨੁਸ਼ਾਸਨ ਦੀ ਕਾਰਵਾਈ ਕੀਤੀ ਜਾਵੇ ਪਰ ਸਵਾਲ ਇਹ ਸੀ ਕਿ ਬੱਚੇ ਫੜੇ ਕਿਵੇਂ ਜਾਣ। ਵਾਸ਼ਰੂਮ ਵਿਚ ਕੋਈ ਕੈਮਰੇ ਨਹੀਂ ਲਗਾਏ ਜਾ ਸਕਦੇ। ਕਾਰੀਡੋਰ ਵਿਚ ਤਾਂ ਹੁੰਦੇ ਹਨ ਪਰ ਕੇਬਿਨਜ਼ ਵਿਚ ਨਹੀਂ ਹੁੰਦੇ। ਬੱਚਿਆਂ ਨੂੰ ਪਤਾ ਸੀ, ਇਸੇ ਗੱਲ ਦਾ ਫਾਇਦਾ ਉਠਾਇਆ ਜਾ ਰਿਹਾ ਸੀ। ਸਕੂਲ ਦੀ ਬਿਲਡਿੰਗ ਅਤੇ ਜਾਨ-ਮਾਲ ਨੂੰ ਵੀ ਖ਼ਤਰਾ ਹੋ ਸਕਦਾ ਸੀ ਪਰ ਬੱਚਿਆਂ ਲਈ ਇਹ ਇਕ ਸ਼ਰਾਰਤ ਹੀ ਸੀ। ਉਹ ਨਤੀਜਿਆਂ ਤੋਂ ਅਨਜਾਣ ਸਨ। ਖ਼ੈਰ ਸ਼ੱਕ ਦੇ ਆਧਾਰ ਤੇ ਬੱਚਿਆਂ ਦੀ ਤਲਾਸ਼ੀ ਲਈ ਗਈ, ਉਹਨਾਂ ਦੇ ਬੈਗ ਫਰੋਲੇ ਗਏ ਅਤੇ ਪੁੱਛ ਪੜਤਾਲ ਕੀਤੀ ਗਈ। ਅਗਲੇ ਦਿਨ ਪੇਰੈਂਟਸ ਅਤੇ ਕੈਸ਼ ਦੇ ਏਜੰਟ ਹਾਜ਼ਿਰ ਸਨ। ਪ੍ਰਿੰਸੀਪਲ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਗ਼ੈਰ ਉਸਦੀ ਮਨਸ਼ਾ ਜਾਣੇ, ਸੰਦਰਭ ਜਾਣੇ ਪੇਰੈਂਟਸ, ਐਜੰਸੀ ਅਤੇ ਅਕਾਦਮਿਕ ਅਦਾਰੇ ਉਸਦੇ ਖ਼ਿਲਾਫ ਸਨ।
ਹੁਣ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਪੇਰੈਂਟਸ ਅਤੇ ਅਧਿਆਪਕਾਂ ਦਾ ਤਾਲਮੇਲ, ਅੰਡਰਸਟੈਂਡਿੰਗ ਬੱਚਿਆਂ ਦੇ ਹਿੱਤ ਲਈ ਕਿੰਨੀ ਕੁ ਜ਼ਰੂਰੀ ਹੈ। ਬੱਚੇ ਮਾਪਿਆਂ ਸਾਹਮਣੇ ਹੋਰ ਤੇ ਬਾਹਰ ਵੱਖਰਾ ਰੂਪ ਰੱਖਦੇ ਹਨ। ਕਈ ਵਾਰੀ ਸਾਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਹੁੰਦਾ। ਇਹੀ ਹਾਲ ਬੱਚਿਆਂ ਦੀ ਅਸੈਸਮੈਂਟ/ਰਿਪੋਰਟਸ ਕਾਰਡ ਅਤੇ ਸਕੋਅਰਜ਼ ਲਈ ਵੀ ਅੜਿਕਾ ਬਣਦਾ ਹੈ। ਕਿਸੇ ਵੀ ਵਿਦਿਆਰਥੀ ਦੇ ਕੀਤੇ ਕੰਮ ਨੂੰ, ਵਿਚਾਰਾਂ ਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ ਹਾਂ ਵਿਕਾਸ ਲਈ ਰਾਵਾਂ ਜ਼ਰੂਰ ਦੇ ਸਕਦੇ ਹੋ ਪਰ ਮੁੱਢੋਂ ਨਕਾਰ ਨਹੀਂ ਸਕਦੇ। ਬੱਚੇ ਨੂੰ ਤੁਸੀਂ ਫੇਲ੍ਹ ਨਹੀਂ ਕਰ ਸਕਦੇ, ਇਸ ਗੱਲ ਦਾ ਵੀ ਫ਼ਾਇਦਾ ਕੁਝ ਬੱਚੇ ਲੈਂਦੇ ਹਨ। ਚੰਗਾ ਸੁਨਣਾ ਤੇ ਸਿੱਖਣਾ ਨਹੀਂ ਚਾਹੁੰਦੇ। ਹਰ ਵਕਤ ਬਾਹਰ ਖੇਡਣਾ ਜਾਂ ਪ੍ਰੋਜੈਕਟਰ ਤੇ ਮਨਪਸੰਦ ਵਿਸ਼ੇ ਜਾਂ ਕਈ ਵਾਰ ਫਿਲਮਾਂ ਦੇਖਣ ਦੀ ਜ਼ਿੱਦ ਕਰਦੇ ਹਨ। ਜੋ ਟੀਚਰ ਮੰਨ ਜਾਂਦੇ ਹਨ ਉਹ ਕੂਲ ਟੀਚਰ ਅਤੇ ਦੂਸਰੇ ਰਿਊਡ ਟੀਚਰ ਹਨ। ਹੌਲ਼ੀ ਹੌਲ਼ੀ ਉਹ ਆਪਣੇ ਪੇਰੈਂਟਸ ਸਾਹਮਣੇ ਗਾਹੇ ਬਗਾਹੇ ਆ ਕੇ ਸ਼ਿਕਾਇਤ ਕਰਦੇ ਹਨ ਤੇ ਕਈ ਵਾਰ ਦਿੱਤੇ ਸਕੋਰਜ਼ ਲਈ ਵੀ ਕਾਫ਼ੀ ਸਵਾਲ ਜਵਾਬ ਕਰਦੇ ਹਨ, ਉਹਨਾਂ ਲਈ ਉਹਨਾਂ ਦਾ ਬੱਚਾ ਹੀ ਸਹੀ ਹੁੰਦਾ ਹੈ। ਇਸ ਤਰ੍ਹਾਂ ਉਹ ਆਪੇ ਹੀ ਆਵਦੇ ਬੱਚੇ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਰੋੜਾ ਬਣਦੇ ਹਨ ਤੇ ਬੱਚੇ ਨੂੰ ਸੱਚ, ਝੂਠ ਅਤੇ ਗ਼ਲਤ ਵਿਚਲਾ ਫ਼ਰਕ ਸਮਝਾਉਣ ਵਿਚ ਅਸਰਮਰੱਥ ਹੋ ਜਾਂਦੇ ਹਨ। ਇਹਨਾਂ ਕੈਸ਼ ਵਰਗੀਆਂ ਏਜੰਸੀਆਂ ਦਾ ਡਰ ਮਾਪੇ ਅਤੇ ਟੀਚਰ ਦੋਨਾਂ ਨੂੰ ਡਰਾ ਕੇ ਰੱਖਦਾ ਹੈ ਤੇ ਕਈ ਵਾਰ ਇਸਦਾ ਨੁਕਸਾਨ ਵੀ ਹੋ ਜਾਂਦਾ ਹੈ। ਟੁੱਟਦੇ ਪਰਿਵਾਰ, ਘਰੇਲੂ ਹਿੰਸਾ, ਪੈਸੇ ਲਈ ਦੌੜ, ਮਾਪਿਆਂ ਦਾ ਜਾਗਰੂਕ ਨਾ ਹੋਣਾ, ਅਧਿਆਪਕਾਂ ਦਾ ਪੇਸ਼ੇ ਪ੍ਰਤੀ ਉਤਸ਼ਾਹਤ ਨਾ ਹੋਣਾ, ਸਿਰਫ਼ ਡਿਊਟੀ ਵਜਾਉਣੀ (ਵਜ੍ਹਾ ਕੋਈ ਵੀ ਹੋਵੇ) ਮਾਪਿਆਂ ਦੀ ਬੇਲੋੜੀ ਹਿਫ਼ਾਜ਼ਤ ਤੇ ਅੰਨ੍ਹੀ ਮਮਤਾ, ਸਿਸਟਮ ਦਾ ਗ਼ਲਤ ਪ੍ਰਯੋਗ ਆਦਿ ਕਈ ਅਜਿਹੇ ਕਾਰਣ ਹਨ ਜੋ ਬੱਚਿਆਂ ਦੀ ਸ਼ਖ਼ਸੀਅਤ ਨੂੰ ਪੂਰਣ ਵਿਕਸਿਤ ਨਹੀਂ ਹੋਣ ਦਿੰਦੇ ਤੇ ਸਾਡੇ ਘਰਾਂ ਵਿਚ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਨੈਤਿਕ ਮੁੱਲ, ਚੰਗੀਆਂ ਕਦਰਾਂ ਕੀਮਤਾਂ ਬਾਰੇ ਗਿਆਨ ਨਹੀਂ ਦਿੱਤਾ ਜਾਂਦਾ। ਮਾਪੇ ਜਦੋਂ ਆਪ ਹੀ ਇਹਨਾਂ ਕਦਰਾਂ ਕੀਮਤਾਂ ਦੀ ਪਰਵਾਹ ਨਹੀਂ ਕਰਦੇ ਤਾਂ ਬੱਚਿਆਂ ਨੂੰ ਕਿਵੇਂ ਸਮਝਾ ਸਕਦੇ ਹਨ। ਮਨ ਮਰਜ਼ੀ ਕਰਨ ਦੀ ਖੁੱਲ੍ਹ ਅਤੇ ਪੂਰਨ ਅਜ਼ਾਦੀ ਦਾ ਸੰਕਲਪ ਚੰਗੇ ਜਾਂ ਮੰਦੇ ਕਿਰਦਾਰ ਦੀ ਪ੍ਰਵਾਹ ਨਹੀਂ ਕਰਦਾ। ਜਿਸ ਦਾ ਜੋ ਜੀ ਕਰਦਾ, ਕਰੀ ਜਾਂਦਾ ਹੈ, ਧਰਮ, ਕਰਮ ਦੀ ਰੁਚੀ ਘਟ ਰਹੀ ਹੈ; ਰੱਬ ਦਾ, ਸਮਾਜ ਦਾ ਤੇ ਵੱਡਿਆਂ ਦਾ ਡਰ ਨਹੀਂ ਰਿਹਾ। ਕੁਝ ਗ਼ਲਤ ਨਹੀਂ, ਜ਼ਿੰਦਗੀ ਸਿਰਫ਼ ਇਕ ਵਾਰ ਹੀ ਮਿਲਦੀ ਹੈ, ਖੁੱਲ੍ਹ ਕੇ ਜੀਓ ਵਰਗੀਆਂ ਕਹਾਵਤਾਂ ਨੇ ਜੀਵਨ ਨਿਰੰਕੁਸ਼ ਕਰ ਦਿੱਤਾ ਹੈ ਤੇ ਆਪ ਹੁੱਦਰੀਆਂ ਹੋਣ ਲਗ ਪਈਆਂ ਹਨ ਅਤੇ ਨੈਤਿਕਤਾ ਦਾ ਮਿਆਰ ਵੀ ਹੇਠਾਂ ਜਾਣ ਲੱਗ ਪਿਆ ਹੈ। ਬੱਚੇ ਵਿਚਾਰੇ ਵੀ ਤਾਂ ਸਾਡੇ ਪੂਰਨਿਆਂ ‘ਤੇ ਹੀ ਚਲਣਗੇ। ਆਉ ਸਾਰੇ ਮਿਲ਼ ਕੇ ਅਨੁਸ਼ਾਸਿਤ ਤੇ ਉੱਚਾ ਜੀਵਨ ਜੀਵੀਏ ਤਾਂ ਜੋ ਸਾਡੀ ਆਉਣ ਵਾਲੀ ਪਨੀਰੀ ਲਈ ਪ੍ਰੇਰਣਾ ਸ੍ਰੋਤ ਬਣੀਏ ਤੇ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਈਏ।
ਸੰਪਰਕ : 001-647-982-2390

Check Also

ਕਰੋਨਾ ਦੀ ਵੈਕਸੀਨ ਕੋਈ ਵੀ ਹੋਵੇ ਲਵਾਓ, ਸਭ ਫਾਇਦੇ ਮੰਦ ਹਨ

ਡਾ. ਬਲਜਿੰਦਰ ਸਿੰਘ ਸੇਖੋਂ (905 781 1197) ਬੀਤੇ ਸਾਲ ਤੋਂ ਚੱਲ ਰਹੀਕਰੋਨਾਦੀਬਿਮਾਰੀਕਾਰਨ, ਕਰੋਨਾਵਾਇਰਸ ਕੀ ਹੈ, …