Breaking News
Home / ਨਜ਼ਰੀਆ / ਵਿਸ਼ਵ ਪੰਜਾਬੀ ਸਭਾ ਕੈਨੇਡਾ ਤੇ ਭਾਸ਼ਾ ਵਿਭਾਗ ਮੋਹਾਲੀ ਵੱਲੋਂ ਪੁਆਧੀ ਲੇਖਕਾਂ ਦਾ ਸਨਮਾਨ

ਵਿਸ਼ਵ ਪੰਜਾਬੀ ਸਭਾ ਕੈਨੇਡਾ ਤੇ ਭਾਸ਼ਾ ਵਿਭਾਗ ਮੋਹਾਲੀ ਵੱਲੋਂ ਪੁਆਧੀ ਲੇਖਕਾਂ ਦਾ ਸਨਮਾਨ

ਪੁਆਧੀ ਬੋਲੀ ‘ਚ ਮਾਹਰਾਂ ਨੇ ਕੀਤੇ ਖੋਜ ਪੱਤਰ ਪੇਸ਼, ਵਿਸ਼ਵ ਪੰਜਾਬੀ ਕਾਨਫੰਰਸ ‘ਚ ਪੁਆਧੀ ਦਾ ਪਰਚਾ ਹੋਵੇਗਾ ਸ਼ਾਮਲ : ਡਾ ਕਥੂਰੀਆ
ਲੇਖਕਾਂ ਦੇ ਸਨਮਾਨ ਨਾਲ ਉੱਪ ਬੋਲੀਆਂ ਨੂੰ ਵੱਡਾ ਮਾਣ ਮਿਲਿਆ: ਡਾ ਬੋਹਾ
ਐੱਸਏਐੱਸ ਨਗਰ : ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਭਾਸ਼ਾ ਵਿਭਾਗ ਮੋਹਾਲੀ ਦੇ ਸਹਿਯੋਗ ਨਾਲ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁਆਧੀ ਲੇਖਕਾਂ ਦਾ ਸਨਮਾਨ ਸਮਾਰੋਹ ਕਰਵਾਇਆ। ਇਸ ਦੌਰਾਨ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵੱਖ-ਵੱਖ ਸਿਨਫ਼ਾ ਦੇ 8 ਲੇਖਕਾਂ ਤੇ ਕਵੀਆਂ ਨਕਦ ਰਾਸ਼ੀ ਤੇ ਸਨਮਾਨ-ਚਿੰਨ੍ਹ ਭੇਟ ਕੀਤੇ। ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਦਵਿੰਦਰ ਬੋਹਾ, ਨਾਵਲਕਾਰ ਜਸਬੀਰ ਮੰਡ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਹਾਜ਼ਰੀ ਭਰੀ। ਪ੍ਰੋਗਰਾਮ ਦਾ ਰਸਮੀ ਆਗਾਜ਼ ਬੀਬੀ ਪਰਮਜੀਤ ਕੌਰ ਲਾਂਡਰਾਂ ਤੇ ਚੰਡੀਗੜ੍ਹ ਦੇ ਪ੍ਰਧਾਨ ਸਤਵਿੰਦਰ ਸਿੰਘ ਧੜਾਕ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਹੋਇਆ ਉਪਰੰਤ ਆਪਣੇ ਸੰਬੋਧਨ ਵਿਚ ਡਾ.ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਜੇਕਰ ਕੈਨੇਡਾ ਤੇ ਹੋਰ ਬਾਹਰਲੇ ਮੁਲਕਾਂ ਦੀ ਵੱਡੀ ਤਰੱਕੀ ਪਿੱਛੇ ਉਹਨਾਂ ਦੇਸ਼ਾਂ ਦੀ ਭਾਸ਼ਾ ਦਾ ਯੋਗਦਾਨ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਜ਼ਿਆਦਾਤਰ ਉਥੋਂ ਦੀਆਂ ਆਪਣੀਆਂ ਭਾਸ਼ਾਵਾਂ ਵਿਚ ਹੀ ਸਾਰਾ ਕੰਮ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਭਾਸ਼ਾ ਤਦ ਹੀ ਜਿਉਂਦੀ ਰਹਿ ਸਕਦੀ ਹੈ ਜੇਕਰ ਉਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚੇ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਆਉ ਮਿਲ ਕੇ ਸਾਰੇ ਆਪਣੀ ਮਾਂ ਬੋਲੀ ਪੰਜਾਬੀ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਪੁਆਧੀ ਭਾਸ਼ਾ ਲਈ ਇਹ ਉਪਰਾਲਾ ਕੀਤਾ ਗਿਆ ਇਸ ਤਰ੍ਹਾਂ ਪੰਜਾਬੀ ਦੀਆਂ ਹੋਰ ਉਪ ਭਾਸ਼ਾਵਾਂ ਦੁਆਬੀ, ਮਲਵਈ, ਮਾਝੀ, ਪੋਠੋਹਾਰੀ ਲਈ ਵੀ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੈਨੇਡਾ ਵਿਖੇ ਜੂਨ 2024 ਵਿਚ ਹੋ ਰਹੀ ਵਿਸ਼ਵ ਪੰਜਾਬੀ ਕਾਂਨਫਰੰਸ ਵਿਸ਼ਾ ਉਪ ਭਾਸ਼ਾ ਪੁਆਧੀ ਦਾ ਪਰਚਾ ਪੇਸ਼ ਕਰਵਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਪੁਆਧੀ ਭਾਸ਼ਾ ਦੇ ਨਾਮਵਰ ਲੇਖਕਾਂ/ਕਵੀਆਂ ਡਾ.ਗੁਰਮੀਤ ਸਿੰਘ ਬੈਦਵਾਨ, ਜਸਵੀਰ ਮੰਡ, ਮਨਮੋਹਨ ਸਿੰਘ ਦਾਊਂ, ਮੋਹਿਨੀ ਤੂਰ, ਸਤੀਸ਼ ਵਿਦਰੋਹੀ, ਚਰਨ ਪੁਆਧੀ, ਲਵਲੀ ਸਲੂਜਾ ਤੇ ਭੁਪਿੰਦਰ ਮਟੌਰੀਆ ਨੂੰ ਪੁਆਧੀ ਭਾਸ਼ਾ ਦੇ ਉਘੇ ਲੇਖਕਾਂ ਨੂੰ ਪ੍ਰਚਾਰ ਤੇ ਪਸਾਰ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ 3100-3100 ਰੁਪਏ ਨਕਦ, ਇੱਕ ਇੱਕ ਫੁਲਕਾਰੀ, ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਦਵਿੰਦਰ ਸਿੰਘ ਸਿੰਘ ਬੋਹਾ ਨੇ ਪੁਆਧੀ ਲੋਕਾਂ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਲੋਕ ਬੜੇ ਮਿਲਣਸਾਰ, ਇਮਾਨਦਾਰ ਤੇ ਭੋਲੇ ਭਾਲੇ ਹਨ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬੀ ਭਾਸ਼ਾ ਦੇ ਨਾਲ ਨਾਲ ਅਸੀਂ ਆਪਣੀਆਂ ਉਪ ਭਾਸ਼ਾਵਾਂ ਨੂੰ ਬਚਾ ਕੇ ਰੱਖੀਏ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਜਿਸ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ ਉਸ ਤੋਂ ਇੰਝ ਜਾਪਦਾ ਹੈ ਕਿ ਪੰਜਾਬੀ ਮਾਂ-ਬੋਲੀ ਦੇ ਪਸਾਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਹੋਰ ਲੰਮੇਰਾ ਹੋਵੇਗਾ। ਇਸ ਦੌਰਾਨ ਡਾ.ਗੁਰਮੀਤ ਸਿੰਘ ਬੈਦਵਾਣ ਨੇ ਪੁਆਧੀ ਬੋਲੀ ਦੀ ਪੰਜਾਬੀ ਸਾਹਿਤ ਨੂੰ ਦੇਣ ਤੇ ਸੰਭਾਵਨਾਵਾਂ ਵਿਸ਼ੇ ਜਦੋਂ ਕਿ ਪ੍ਰਿੰਸੀਪਲ ਲਵਲੀ ਸਲੂਜਾ ਨੇ ‘ਪੁਆਧੀ ਭਾਸ਼ਾ ਦਾ ਲੋਕਯਾਨਿਕ ਪੱਖ’ ਦੇ ਸੰਦਰਭ ਵਿੱਚ ਪਰਚੇ ਪੜ੍ਹੇ। ਗੁਰਮੀਤ ਸਿੰਘ ਬੈਦਵਾਣ ਨੇ ਪੰਜਾਬੀ ਭਾਸ਼ਾ ਤੇ ਉਪ ਭਾਸ਼ਾ ਪੁਆਧੀ ਦੇ ਨਿਕਾਸ ਤੇ ਵਿਕਾਸ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਸ਼ਵ ਪੰਜਾਬੀ ਸਭਾ ਭਾਰਤ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰ, ਵਿਰਸੇ ਤੇ ਪੰਜਾਬੀ ਬੋਲੀ ਨਾਲ ਜੋੜਨਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਪੁਆਧੀ ਬੋਲੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਆਵੇਗੀ। ਕੁੰਜੀਵਤ ਭਾਸ਼ਣ ਸਭਾ ਦੇ ਬਰੈਂਡ ਅੰਬੈਸਡਰ ਬਾਲ ਮੁਕੰਦ ਸ਼ਰਮਾ (ਫਿਲਮੀ ਐਕਟਰ ਤੇ ਕਮੇਡੀ ਕਲਾਕਾਰ) ਨੇ ਦਿੱਤਾ। ਉਹਨਾਂ ਆਪਣੇ ਵਿਚਾਰਾਂ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਉਹਨਾਂ ਪੁਆਧੀ ਬੋਲੀ ਲੇਖਕਾਂ ਨੂੰ ਪਰਚੇ ਭੇਜਣ ਲਈ ਕਿਹਾ। ਸਤਵਿੰਦਰ ਸਿੰਘ ਧੜਾਕ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਚੰਡੀਗੜ੍ਹ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਤੇ ਪਹੁੰਚੇ ਸਾਰੇ ਮਹਿਮਾਨਾਂ ਤੇ ਕਵੀਆਂ ਦਾ ਧੰਨਵਾਦ ਕੀਤਾ। ਪੰਜਾਬੀ ਦੀ ਮਸ਼ਹੂਰ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਤੇ ਜਾਣਕਾਰੀ ਇਕੱਤਰ ਕਰ ਰਹੀ ਹੈ। ਉਹਨਾਂ ਪੰਜਾਬੀ ਨੂੰ ਸਮਰਪਿਤ ਗੀਤ ਵੀ ਪੇਸ਼ ਕੀਤਾ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਟੀਮ ਦੇ ਮੈਂਬਰ ਕੰਵਲਜੀਤ ਸਿੰਘ ਲੱਕੀ ਜਨਰਲ ਸਕੱਤਰ, ਭਾਰਤ, ਗਿਆਨ ਸਿੰਘ ਸਾਬਕਾ ਡੀਪੀ ਆਰਓ, ਅਜੀਤ ਕਮਲ ਸਿੰਘ, ਐਡਵੋਕੇਟ ਸੰਦੀਪ ਸ਼ਰਮਾ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ, ਭਗਤ ਰਾਮ ਰੰਗੜਾ, ਮਨਜੀਤਪਾਲ ਸਿੰਘ, ਪ੍ਰਿੰਸੀ. ਬਹਾਦਰ ਸਿੰਘ ਗੋਸਲ, ਸਾਹਿਬਾ ਜੀਟਨ ਕੌਰ, ਸੋਨੀਆ ਭਾਰਤੀ, ਸੁੰਦਰਪਾਲ ਰਾਜਾਸਾਂਸੀ ਤੇ ਸੁਖਵਿੰਦਰ ਸਿੰਘ ਪਟਿਆਲਾ ਮੌਜੂਦ ਸਨ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਪਹਿਲੀ ਵਰ੍ਹੇਗੰਢ ਮੌਕੇ ਸ਼ਾਮਲ ਹੋਏ ਲੇਖਕਾਂ, ਕਵੀਆਂ ਨੂੰ ਲੋਹੜੀ ਵੰਡੀ ਗਈ। ਭਾਸ਼ਾ ਵਿਭਾਗ , ਮੋਹਾਲੀ ਵੱਲੋਂ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ, ਭਾਰਤ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ 14.01.2024 ਨੂੰ ਬਿਰਧ ਆਸ਼ਰਮ ਬਡਰੁੱਖਾਂ, ਸੰਗਰੂਰ ਵਿਖੇ ਲੋਹੜੀ ਦੇ ਰੰਗ ਬਜ਼ੁਰਗਾਂ ਦੇ ਸੰਗ ਸਮਾਗਮ ਵਿੱਚ ਸ਼ਿਰਕਤ ਕੀਤੀ। ਚੇਅਰਮੈਨ ਸਾਬ੍ਹ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦੇ ਨਾਲ ਨਾਲ ਚੰਗੇ ਸੰਸਕਾਰਾਂ ਅਤੇ ਪਰਿਵਾਰਕ ਮਹੱਤਤਾ ਬਾਰੇ ਵੀ ਜਾਣਕਾਰੀ ਦੇਣੀ ਜ਼ਰੂਰੀ ਹੈ ਤਾਂ ਜੋ ਕਿ ਬਜ਼ੁਰਗ ਆਪਣੇ ਘਰਾਂ ਤੋਂ ਬੇਘਰ ਹੋ ਕੇ ਆਸ਼ਰਮ ਵਿੱਚ ਆਉਣ ਲਈ ਮਜ਼ਬੂਰ ਨਾ ਹੋਣ। ਇਸ ਮੌਕੇ ਤੇ ਉਨ੍ਹਾਂ ਨੇ ਬਿਰਧ ਆਸ਼ਰਮ ਨੂੰ 50,000 ਰੁਪਏ ਅਤੇ ਨਾਲ ਹੀ ਧੀ ਪੰਜਾਬਣ ਮੰਚ ਨੂੰ ਵੀ 51000 ਰੁਪਏ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਦਿੱਤੇ ਗਏ। ਇਸ ਮੌਕੇ ਤੇ ਸ. ਸੁਖਵਿੰਦਰ ਸਿੰਘ ਫੁੱਲ, ਸ. ਹਰਜੀਤ ਸਿੰਘ ਢੀਂਗਰਾ ਅਤੇ ਧੀ ਪੰਜਾਬਣ ਮੰਚ ਦੀ ਸਮੁੱਚੀ ਟੀਮ ਵੱਲੋਂ ਸਭਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ, ਭਾਰਤ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਲੌਂਗੋਵਾਲ, ਸਾਹਿਬਾ ਜੀਟਨ ਕੌਰ ਅਤੇ ਸੋਨੀਆ ਭਾਰਤੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

 

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …