ਡਾ. ਗੁਰਬਖ਼ਸ਼ ਸਿੰਘ ਭੰਡਾਲ
ਦਸੰਵਰੀ, ਦਸੰਬਰ ਤੇ ਜਨਵਰੀ ਦਾ ਸੁਮੇਲ। ਦੋਹਾਂ ਦੀ ਅਮਿੱਟ ਨੇੜਤਾ। ਇਕ ਦੂਜੇ ਨੂੰ ਮਿਲਣ ਅਤੇ ਵਿਛੜਣ ਦੀ ਲਗਾਤਾਰਤਾ। ਆਪਸੀ ਸਾਂਝ ਪਾਲਦਿਆਂ ਹੀ ਇਕ ਦੀ ਆਰੰਭਤਾ ਅਤੇ ਦੂਸਰੇ ਦੀ ਸਮਾਪਤੀ ਸਮਾਗਮ।
ਦਸੰਬਰ ਤੇ ਜਨਵਰੀ ਦੇ ਮਿਲਣ ਬਿੰਦੂ ‘ਚੋਂ ਹੁੰਦਾ ਹੈ ਦਸੰਵਰੀ ਦਾ ਆਗਾਜ਼। ਮਿਲਣ-ਰਾਤ ਵਿਚ ਜਸ਼ਨਾਂ ਰਾਹੀਂ ਇਕ ਨੂੰ ਅਲਵਿਦਾ ਅਤੇ ਦੂਸਰੇ ਦੀ ਆਮਦ। ਇਹ ਜਸ਼ਨ-ਜਲੌਅ ਹਰ ਰੰਗ ਨੂੰ ਫਿੱਕਾ ਕਰਦੇ। ਜਸ਼ਨਾਂ ‘ਚ ਮਧਮ ਪੈ ਜਾਂਦੀ ਪਿਛਲੇ ਸਾਲ ਦੀਆਂ ਦੁਸ਼ਵਾਰੀਆਂ ਅਤੇ ਅਸਫ਼ਤਾਵਾਂ ਦੀ ਕਸਕ। ਕਠਿਆਈਆਂ ਤੇ ਪੀੜਾ, ਆਪਣਿਆਂ ਦੇ ਮੋਢੇ ਲੱਗ ਰੋਂਦੀਆਂ ਦਿਲ ਦੀ ਵੇਦਨਾ। ਕਿਸੇ ਦੀ ਖੇੜਿਆਂ ਵਿਚੋਂ ਖੁਦ ਦੀ ਖੁਸ਼ੀ ਨੂੰ ਨਵੇਂ ਅਰਥ ਦੇਣ ਦੀ ਕੀਮਤੀ ਕਵਾਇਦ। ਦਸੰਬਰ ਅਤੇ ਜਨਵਰੀ ਜਦ ਦਸੰਵਰੀ ਦਾ ਰੂਪ ਵਟਾਉਂਦੇ ਤਾਂ ਸਮਿਆਂ ਦੀ ਸਰਦਲ ‘ਤੇ ਇਕ ਸਾਲ ਦੇ ਬੀਤਣ ਦਾ ਜਸ਼ਨ ਮਨਾਉਂਦੇ ਅਤੇ ਦੂਸਰੇ ਦੇ ਸ਼ੁਭ-ਅਰੰਭ ਦੀ ਆਰਤੀ ਗਾਉਂਦੇ।
ਇਕ ਪਲ੍ਹ ਦੇ ਅੰਤਰ ਵਿਚ ਦਸੰਬਰ ਦਾ ਜਨਵਰੀ ‘ਚ ਤਬਦੀਲ ਹੋਣਾ, ਬਹੁਤ ਕੁਝ ਤਬਦੀਲ ਕਰ ਦਿੰਦਾ। ਰੁੱਤ ਦੀ ਇਕਸਾਰਤਾ ਹੁੰਦਿਆਂ ਵੀ ਬਹੁਤ ਕੁਝ ਵਖਰੇਵਾਂ ਦੋਹਾਂ ਦੇ ਹਿੱਸੇ ਆਉਂਦਾ। ਇਸ ਵੱਖਰੇਵੇਂ ਕਾਰਨ ਹੀ ਦੋਵੇਂ ਮਹੀਨੇ ਆਪੋ-ਆਪਣੀ ਵਿਲੱਖਣਤਾ ਨੂੰ ਜਿਊਂਦੇ।
ਦਸੰਬਰ ਸਾਲ ਦਾ ਆਖਰੀ ਮਹੀਨਾ, ਪੂਰੇ ਸਾਲ ਦੀਆਂ ਕੀਰਤੀਆਂ, ਕਾਰਨਾਮਿਆਂ ਦੀ ਤਫ਼ਸੀਲ ਅਤੇ ਦਸਤਾਵੇਜ਼ੀ ਤਸਵੀਰ। ਕੀਤੀਆਂ ਖ਼ੁਨਾਮੀਆਂ, ਕੁਤਾਹੀਆਂ ਦਾ ਕੱਚਾ-ਚਿੱਠਾ। ਜਨਵਰੀ, ਆਉਣ ਵਾਲੇ ਸਮੇਂ ਦੀਆਂ ਤਰਜ਼ੀਹਾਂ ਅਤੇ ਤਮੰਨਾਵਾਂ ਨੂੰ ਭਵਿੱਖੀ ਤਰਤੀਬ ਤੇ ਨਵੀਂ ਤਕਬੀਰ ਨਾਲ ਤਕਦੀਰ ਨੂੰ ਨਵੀਆਂ ਮਸਤਕ ਰੇਖਾਵਾਂ ਨਾਲ ਸਜਾਉਣਾ ਅਤੇ ਭਵਿੱਖ ਦੀ ਝੋਲੀ ਵਿਚ ਕੁਝ ਨਵਾਂ ਨਰੋਇਆ ਪਾਉਣਾ।
ਦਸੰਬਰ ਬੀਤ ਚੁਕਿਆ ਵਕਤ, ਬੀਤੇ ਦੀਆਂ ਯਾਦਾਂ ਦੀ ਰੰਗਲੀ ਫੁੱਲਕਾਰੀ ਲੈ, ਆਖ਼ਰੀ ਅਲਵਿਦਾਈ ਲਈ ਹੱਥ ਹਿਲਾਉਂਦਾ ਜਦ ਕਿ ਜਨਵਰੀ ਨਵੀਆਂ ਆਸਾਂ ਤੇ ਵਿਸ਼ਵਾਸ਼ ਨਾਲ ਨਵੀਆਂ ਬੁਲੰਦਗੀਆਂ ਦਾ ਮਾਣਮੱਤਾ ਹਰਫ਼ ਬਣਨ ਲਈ ਆਉਣ ਵਾਲੇ ਸਮੇਂ ਨੂੰ ਖੁਸ਼-ਆਮਦੀਦ ਕਹਿੰਦਿਆਂ ਹੱਥ ਹਿਲਾਉਂਦਾ।
ਦਸੰਬਰ ਸਾਲ ਦੇ ਬੀਤਣ ਦਾ ਆਖਰੀ ਲਮਾਹ ਜਦ ਕਿ ਜਨਵਰੀ ਨਵੇਂ ਸਾਲ ਦੇ ਚੜਨ ਦੀ ਸ਼ਗਨੀ ਸ਼ੁਰੂਆਤ। ਦਸੰਬਰ ਪੈ ਰਹੀਆਂ ਤ੍ਰਿਕਾਲਾਂ, ਡੁੱਬ ਰਿਹਾ ਸੂਰਜ ਅਤੇ ਉਤਰ ਰਹੀ ਰਾਤ ਦੀ ਖੁਮਾਰੀ ਜਦ ਕਿ ਜਨਵਰੀ ਨਵੇਂ ਸਾਲ ਨੂੰ ਚਾਵਾਂ ਤੇ ਸੱਧਰਾਂ ਨਾਲ ਜੀ ਆਇਆਂ ਕਹਿਣ ਦੀ ਤਿਆਰੀ। ਸਰਘੀ ਦਾ ਆਮਦ ਵੇਲਾ, ਪਹੁ-ਫੁਟਾਲੇ ਦੀ ਆਸ ‘ਚ ਪੂਰਬ ਵੰਨੀਂ ਲੱਗੀਆਂ ਅੱਖੀਆਂ। ਨਵੇਂ ਸੂਰਜ ਦੀ ਪਹਿਲੀ ਕਿਰਨ ਦੀ ਨਵੀਆਂ ਸੰਭਾਵਨਾਵਾਂ ਸੰਗ ਦਰ ‘ਤੇ ਦਿੱਤੀ ਦਸਤਕ।
ਦਸੰਬਰ ਬੀਤ ਚੁੱਕੇ ਗਿਆਰਾਂ ਮਹੀਨਿਆਂ ਵਿਚ ਲਏ ਅਤੇ ਪੂਰੇ ਹੋਏ ਸੁਪਨਿਆਂ ਦੀ ਪੂਰਤੀ ਦਾ ਜਸ਼ਨ ਜਦ ਕਿ ਜਨਵਰੀ ਨੈਣਾਂ ਵਿਚ ਸਜਾਏ ਸੰਦਲੀ ਸੁਪਨਿਆਂ ਦੀ ਰਾਂਗਲੀ ਤਸ਼ਬੀਹ ਜਿਸਨੇ ਬਨਣਾ ਹੈ ਆਉਣ ਵਾਲੇ ਵਕਤ ਦੀ ਤਰਜ਼ੀਹ।
ਦਸੰਬਰ ਦਾ ਜਨਵਰੀ ਵਿਚ ਤਬਦੀਲ ਹੋਣ ਲਈ ਸਿਰਫ਼ ਇਕ ਪਲ ਦਾ ਵਕਫ਼ਾ। ਅੱਜ ਦਾ ਹੋ ਜਾਣਾ ਕੱਲ ਜਦ ਕਿ ਜਨਵਰੀ ਨੂੰ ਦਸੰਬਰ ਤੱਕ ਪਹੁੰਚਣ ਲਈ ਲੱਗ ਜਾਂਦੇ ਨੇ ਗਿਆਰਾਂ ਮਹੀਨੇ।
ਦਸੰਬਰ ਤੋਂ ਜਨਵਰੀ ਤੱਕ ਦਾ ਸਫਰ ਮਿਲਣ-ਮੇਲਾ, ਇਕ ਦੂਜੇ ਨੂੰ ਗਲੇ ਲਗਾਉਣ ਦੀ ਅਦਾਅ, ਆਪਸੀ ਗਲਵਕੜੀ ਵਿਚੋਂ ਆਉਂਦੀ ਮਹਿਕ ਨੂੰ ਸਾਹਾਂ ‘ਚ ਵਸਾਉਣਾ ਅਤੇ ਇਕ ਦੂਜੇ ਤੋਂ ਜਿੰਦ ਨੂੰ ਘੋਲ ਘੁਮਾਉਣਾ ਜਦ ਕਿ ਜਨਵਰੀ ਤੋਂ ਦਸੰਬਰ ਦਾ ਫ਼ਾਸਲਾ, ਵਿੱਛੜਨ ਦੀ ਰੁੱਤ ਦੀ ਆਮਦ। ਵਿਛੋੜੇ ਦੀ ਇਸ ਲੰਮੀਂ ਉਡੀਕ ਵਿਚ ਬਹੁਤ ਕੁਝ ਬਦਲ ਜਾਂਦਾ। ਰੁੱਤਾਂ, ਮੌਸਮ, ਮਹੀਨੇ, ਦਿਨ ਤੇ ਤਕਦੀਰਾਂ ਅਤੇ ਇਹਨਾਂ ਦੇ ਬਦਲਣ ਨਾਲ ਮਨੁੱਖੀ ਸੋਚ ਵਿਚ ਆਇਆ ਬਦਲਾਅ, ਮਨੁੱਖ ਨੂੰ ਵੀ ਬਦਲ ਦਿੰਦਾ। ਬਦਲਾਅ ਜਦ ਉਸਾਰੂ ਹੁੰਦਾ ਤਾਂ ਵਿਛੋੜੇ ਵਿਚੋਂ ਵੀ ਵਿਸਮਾਦ ਪੈਦਾ ਹੁੰਦਾ ਪਰ ਜਦ ਇਹ ਬਦਲਾਅ ਸਵੈ-ਮਾਰੂ ਹੁੰਦਾ ਤਾਂ ਵਿਛੋੜੇ ਵਿਚੋਂ ਵੀ ਵਖਤ ਦੀ ਵਹਿੰਗੀ ਢੋਣ ਲਈ ਮਜ਼ਬੂਰ ਹੋਣਾ ਪੈਂਦਾ।
ਦਸੰਬਰ ਵਿਚ ਅੰਤਰੀਵ ‘ਚ ਝਾਤੀ ਮਾਰ ਕੇ ਖੁਦ ਵਿਚੋਂ ਖੁਦ ਨੂੰ ਪਛਾਣੀਏ। ਖੁਦ ਦੀ ਫੋਲਾ-ਫਰਾਲੀ ਵਿਚੋਂ ਚੰਗਿਆਈਆਂ ਨੂੰ ਤਰਾਸ਼ ਅਤੇ ਬੁਰਿਆਈ ਨੂੰ ਨਕਾਰ, ਜਨਵਰੀ ਦੀ ਸਰਦਲ ‘ਤੇ ਪੈਰ ਧਰਾਂਗੇ ਤਾਂ ਨਵਾਂ ਸਾਲ, ਜਨਵਰੀ ਦੇ ਦਰਾਂ ਵਿਚ ਪਾਣੀ ਡੋਲੇਗਾ ਅਤੇ ਤੇਲ ਚੋਅ ਕੇ ਸ਼ਗਨ ਵੀ ਮਨਾਵੇਗਾ ਕਿਉਂਕਿ ਚੰਗਿਆਈ ਨੇ ਜਨਵਰੀ ਅਤੇ ਆਉਣ ਵਾਲੇ ਵਕਤਾਂ ਨੂੰ ਨਵੇਂ ਨਕਸ਼ ਬਖਸ਼ਣੇ ਹੁੰਦੇ।
ਦਸੰਬਰ ਘੱਟ ਰਹੇ ਦਿਨਾਂ ਦਾ ਬਿੰਬ, ਰਾਤ ਦੇ ਲੰਮੇਰੇ ਹੋਣ ਦੀ ਨਿਸ਼ਾਨੀ, ਚਾਨਣ ਤੋਂ ਦੂਰ ਜਾਂਦੀਆਂ ਪੈੜਾਂ ਅਤੇ ਹਨੇਰਿਆਂ ਵੰਨੀਂ ਤੁੱਰਨ ਦੀ ਕਾਹਲ ਜਦ ਕਿ ਜਨਵਰੀ, ਦਿਨਾਂ ਦਾ ਵੱਧਣਾ, ਰੌਸ਼ਨ ਰਾਹਾਂ ਨੂੰ ਤੁਹਾਡੇ ਨਵੇਂ ਕਰਦਾ, ਰਾਤ ਦਾ ਅੰਧੇਰਾ ਆਪਣੀ ਸਫ਼ ਸਮੇਟਣ ਦੇ ਆਹਰ ‘ਚ, ਦਿਨ ਦਾ ਵਾਧਾ ਸਮੇਂ ਦਾ ਧੰਨਭਾਗ।
ਦਸੰਬਰ ਵਿਚ ਠੰਢ ਦਾ ਕਹਿਰ। ਧੂੰਦਾਂ-ਗੁਬਾਰਾਂ ਦੀ ਤਰਾਸਦੀ ਰਾਹਾਂ ਤੇ ਰਸਤਿਆਂ ‘ਤੇ ਫੈਲਦੀ। ਕੁੰਗੜੇ ਜਿਸਮਾਂ ‘ਚ ਸੁੰਗੜ ਜਾਂਦੇ ਚਾਅ। ਜਨਵਰੀ ਨਾਲ ਆਉਂਦੀ ਲੋਹੜੀ ਦੀ ਰੁੱਤ, ਨਿੱਘ ਤੇ ਰੌਸ਼ਨੀ ਲੈ ਕੇ ਭਾਵਨਾਵਾਂ ਨੂੰ ਗਰਮਾਉਂਦੀ ਅਤੇ ਚਾਵਾਂ ਦੀ ਝੋਲੀ ਵਿਚ ਨਿੱਘੇ ਪਲ੍ਹਾਂ ਦੀਆਂ ਰਿਊੜੀਆਂ ਪਾਉਂਦੀ। ਸੂਹੇ ਚਿਹਰਿਆਂ ਦਾ ਜਲਾਲ ਹੈ ਜਨਵਰੀ ਦਾ ਕਮਾਲ। ਇਸ ਕਮਾਲਤਾ ਕਾਰਨ ਹੀ ਲੋਹੜੀ ਦੇ ਦੁਆਲੇ ਪੈਂਦੀ ਧਮਾਲ। ਖੁਸ਼ੀਆਂ ਤੇ ਖੇੜਿਆਂ ਦੀ ਸੱਤਵਰਗੀ ਆਭਾ ਵਿਚ ਨਿੱਖਰਦਾ ਏ ਵਿਹੜਾ। ਨਵੇਂ ਵਿਆਹ ਜਾਂ ਨਵ-ਜਨਮੇ ਦੀ ਬੱਚੇ ਦੀਆਂ ਖੁਸ਼ੀਆਂ ਨੂੰ ਸੰਗਤੀ ਰੂਪ ਵਿਚ ਮਨਾਉਣ ਲਈ ਹਰੇਕ ਨੂੰ ਹੁੰਦੀ ਜਨਵਰੀ ਦੀ ਉਡੀਕ ਅਤੇ ਦਸੰਬਰ ਦੇ ਜਲਦੀ ਤੋਂ ਜਲਦੀ ਬੀਤ ਜਾਣ ਦੀ ਦੁਆ।
ਦਸੰਬਰ ਅਤੇ ਜਨਵਰੀ ਮਹੀਨਿਆਂ ਵਿਚ ਇਕੋ ਜਹੇ ਦਿਨ ਪਰ ਇਕ ਪੁਰਾਣੇ ਸਾਲ ਦਾ ਆਖ਼ਰੀ ਮਹੀਨਾ ਜਦ ਕਿ ਦੂਸਰਾ ਨਵੇਂ ਸਾਲ ਦਾ ਪਹਿਲਾ ਮਹੀਨਾ। ਦੋਹਾਂ ਵਿਚ ਕੜਾਕੇ ਦੀ ਸਰਦੀ। ਦਸੰਬਰ ਵਿਚ ਸਰਦੀ ਤੋਂ ਰਾਹਤ ਦੀ ਨਾ-ਉਮੀਦੀ ਜਦ ਕਿ ਜਨਵਰੀ ਵਿਚ ਠੰਢ ਤੋਂ ਮਿਲਣ ਵਾਲੀ ਰਾਹਤ ਦੀ ਆਸ ਜੋ ਮਨ ਨੂੰ ਭਰ ਦਿੰਦੀ ਕੋਸੇ ਅਹਿਸਾਸਾਂ ਸੰਗ।
ਦਸੰਬਰ, ਸਿੱਖਾਂ ਲਈ ਸੋਗ ਦਾ ਮਹੀਨਾ। ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਸੂਰੂ ਹੋ ਕੇ ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੜਣਾ। ਸਰਹਿੰਦ ਵਿਚ ਛੋਟੇ ਸਾਹਿਬਾਜ਼ਾਦਿਆਂ ਨੂੰ ਨੀਂਹਾਂ ਵਿਚ ਚਿੱਣ ਕੇ ਸ਼ਹੀਦ ਕਰਨਾ ਅਤੇ ਮਾਤਾ ਗੁਜਰੀ ਜੀ ਦੀ ਦਾ ਅਕਾਲ ਚਲਾਣਾ। ਵੱਡੇ ਸਾਹਿਬਜ਼ਾਦਿਆਂ ਦਾ ਚਮਕੌਰ ਦੀ ਜੰਗ ਵਿਚ ਸੈਂਕੜੇ ਸਿੱਖਾਂ ਸਮੇਤ ਸ਼ਹੀਦ ਹੋਣਾ। ਗੁਰੂ ਗੋਬਿੰਦ ਸਿੰਘ ਜੀ ਵਲੋਂ ਸ਼ਹਾਦਤਾਂ ਦੇ ਨਵੇਂ ਕੀਰਤੀਮਾਨ ਸਥਾਪਤ ਕਰਨ ਤੋਂ ਬਾਅਦ ਵੀ ਪ੍ਰਭੂ ਦੇ ਭਾਣੇ ਵਿਚ ਰਹਿੰਂਦਿਆਂ ਇਹ ਕਹਿਣਾ, ”ਮਿਤ੍ਰ ਪਿਆਰੇ ਨੂੰ, ਹਾਲੁ ਮੁਰੀਦਾ ਦਾ ਕਹਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭਠ ਖੇੜਿਆ ਦਾ ਰਹਣਾ”। ઠਇਹ ਸੰਤ ਸਿਪਾਹੀ ਦੀ ਉਚਤਮ ਮਾਨਸਿਕ ਅਵਸਥਾ ਦਾ ਚਿੱਤਰਨ ਏ ਜਿਸਨੂੰ ਸਮਝਣ ਤੋਂ ਆਕੀ ਹੋਏ, ਅਸੀਂ ਗੁੰਮਨਾਮੀ ਹੰਢਾ ਰਹੇ ਹਾਂ। ਸਿੱਖ ਇਤਿਹਾਸ ਵਿਚ ਦਸੰਬਰ ਅਤੇ ਸ਼ਹਾਦਤ ਦਾ ਗੂੜਾ ਸਬੰਧ। ਇਹ ਵੇਦਨਾ ਹਰ ਸਿੱਖ ਹਿਰਦੇ ਵਿਚ ਅੱਥਰੂਆਂ ਦੀ ਬਰਸਾਤ ਕਰਦੀ। ਪਰ ਦੁਖ ਹੁੰਦਾ ਜਦ ਸੋਗ-ਸਮਾਗਮਾਂ ਵੀ ਰਾਜਸੀ ਜਸ਼ਨ ਬਣ ਜਾਂਦੇ। ਜਨਵਰੀ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ-ਜਸ਼ਨਾਂ ਨੂੰ ਮੁਖਾਤਬ। ਬੜਾ ਲੰਮਾ ਪੈਂਡਾ ਕਰਨਾ ਪਿਆ ਸੀ ਗੁਰੂ ਜੀ ਨੂੰ ਜਨਮ ਤੋਂ ਲੈ ਕੇ ਸ਼ਹਾਦਤਾਂ ਦੀ ਵਿਰਾਸਤ ਤੀਕ ਦਾ। ਜਨਮ ਤੋਂ ਸ਼ਹਾਦਤ ਤੀਕ ਦਾ ਸਫ਼ਰ ਹੈ ਜਨਵਰੀ ਤੋਂ ਦਸੰਬਰ ਤੀਕ ਦਾ ਜਿਸ ਵਿਚ ਸਿੱਖਾਂ ਨੂੰ ਰੱਤ ਲਿਬੜੇ ਵਰਕਿਆਂ ਰਾਹੀਂ ਇਤਿਹਾਸ ਸਿਰਜਣ ਲਈ, ਖੂਨ ਦੀਆਂ ਨਦੀਆਂ ਵਹਾਉਣੀਆਂ ਪਈਆਂ ਅਤੇ ਜੁਲਮ ਦੀ ਸ਼ੂਕਦੀਆਂ ਨਦੀਆਂ ਨੂੰ ਵੀ ਚੀਰਿਆ।
ਦਸੰਬਰ ਵਿਚ ਈਸਾਈ ਧਰਮ ਦੇ ਪੈਰੋਕਾਰ ਕਰਾਈਸਟ ਜੀਸਸ ਦੇ ਜਨਮ ਦਿਨ ਨੂੰ ਕ੍ਰਿਸਮਿਸ ਡੇ ਵਜੋਂ ਦੁਨੀਆਂ ਭਰ ਵਿਚ ਮਨਾਉਂਦੇ। ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ ਈਸਾਈ ਮੱਤ ਜੋ ਅੱਜ ਕੱਲ੍ਹ ਬਾਕੀ ਧਰਮਾਂ ਵਾਂਗ ਹੀ ਵੱਖ-ਵੱਖ ਫਿਰਕਿਆਂ ਵਿਚ ਵੰਡਿਆ ਹੋਇਆ ਹੈ। ਈਸਾਈਆਂ ਲਈ ਇਸ ਦਿਨ ਦੀ ਉਡੀਕ ਵਿਚ ਸਾਲ ਬੜਾ ਲੰਬਾ ਹੋ ਜਾਂਦਾ। ਦਸੰਬਰ ਚੜ੍ਹਦੇ ਸਾਰ ਹੀ ਉਹਨਾਂ ਦੇ ਘਰਾਂ ਤੇ ਅਦਾਰਿਆਂ ਵਿਚ ਮੇਲੇ ਵਰਗੀਆਂ ਰੌਣਕਾਂ ਅਤੇ ਮਹਿਫ਼ਲਾਂ ਦਾ ਰੰਗ ਤਾਰੀ ਹੁੰਦਾ।
ਦਸੰਬਰ ਸਾਲ ਭਰ ਮਿਲੀਆਂ ਅਮਾਨਤਾਂ ਲਈ ਸ਼ੁਕਰਗੁਜਾਰੀ ਦਾ ਸਮਾਂ ਜਦ ਕਿ ਜਨਵਰੀ ਨਵੀਆਂ ਉਪਲਬਧੀਆਂ ਅਤੇ ਸਿਰਲੇਖਾਂ ਦੀ ਆਸ-ਅਰਦਾਸ।
ਦਸੰਬਰ ਬੀਤੇ ਦੀਆਂ ਗਲਤੀਆਂ ਵਿਚੋਂ ਸਿੱਖਣਾ, ਇਹਨਾਂ ਨੂੰ ਨਕਾਰਨਾ, ਸੁਧਾਰਨਾ ਅਤੇ ਪਿੰਡੇ ਹੰਢਾਈ ਜਿੱਲਤ-ਜ਼ਹਾਲਤ ਵਿਚੋਂ ਖੁਦ ਨੂੰ ਪਾਕ ਕਰਨਾ ਜਦ ਕਿ ਜਨਵਰੀ ਗਲਤੀਆਂ ਨੂੰ ਗੁਣ ਵਿਚ ਤਬਦੀਲ ਕਰ, ਗੁਣਾਆਤਮਿਕ ਕੀਰਤੀਮਾਨਾਂ ਦਾ ਹਾਣੀ ਬਣਨਾ।
ਦਸੰਬਰ, ਦਕਿਆਨੂਸੀ ਸੋਚਾਂ, ਵਹਿਮਾਂ-ਭਰਮਾਂ ਅਤੇ ਸੋਗੀ ਸੁਪਨਿਆਂ ਨੂੰ ਦਫ਼ਨਾਉਣ-ਵੇਲਾ ਜਦ ਕਿ ਜਨਵਰੀ ਨਵੇਂ ਸੁਪਨਿਆਂ ਦੀ ਤਾਮੀਰਦਾਰੀ ਲਈ ਨਵੀਂ ਸੋਚ ਦਾ ਆਗਮਨ। ਸੁਪਨ-ਰੰਗਤਾ ਅਤੇ ਸੁਪਨ-ਪ੍ਰਵਾਜ਼ ਦਾ ਪੈਗ਼ਾਮ ਲੈ ਕੇ, ਜਨਵਰੀ ਦੇ ਪਹਿਲੇ ਪਲ ਦੀ ਤੁਹਾਡੇ ਮਸਤਕ ‘ਤੇ ਦਸਤਕ।
ਦਸੰਵਰੀ ਸਮੇਂ ਦੀ ਨਿਰੰਤਰਤਾ ਦਾ ਪ੍ਰਮਾਣ ਅਤੇ ਵਕਤ ਦੀ ਪਹਿਚਾਣ। ਇਸਦੀ ਲਗਾਤਾਰਤਾ ਦੀ ਬਰਕਰਾਰੀ ਹੀ ਮਨੁੱਖ ਦਾ ਵਕਤ ਸਿਰ ਕੀਤਾ ਹੋਇਆ ਅਹਿਸਾਨ ਜਿਸਦੀ ਵੱਖਰੀ ਏ ਸ਼ਾਨ।
ਦਸੰਬਰ, ਡੁੱਬ ਰਹੇ ਸੂਰਜ ਦੀ ਗਹਿਰ ਜਦ ਕਿ ਜਨਵਰੀ, ਚੜ੍ਹਦੇ ਸੂਰਜ ਦੀ ਲਾਲੀ। ਦਸੰਬਰ, ਉਤਰ ਰਹੀ ਰਾਤ ਦੀ ਕਾਹਲ ਜਦ ਕਿ ਜਨਵਰੀ, ਬਨੇਰਿਆਂ ਤੋਂ ਉਤਰ ਰਹੀ ਸਵੇਰ ਦੀ ਮਟਕਵੀਂ ਤੋਰ। ਦਸੰਬਰ, ਅਲਸਾਏ ਪਲਾਂ ਦਾ ਸ਼ੋਰ ਜਦ ਕਿ ਜਨਵਰੀ, ਜਾਗਦੇ ਤੇ ਧੜਕਦੇ ਪਲਾਂ ਦੀ ਲੋਰ। ਦਸੰਬਰ, ਥੱਕੇ ਹੋਏ ਕਦਮਾਂ ਲਈ ਅਰਾਮ ਜਦ ਕਿ ਜਨਵਰੀ, ਨਵੇਲੇ ਕਦਮਾਂ ਦਾ ਨਵੀਆਂ ਪੈੜਾਂ ਉਕਰਨ ਦਾ ਐਲਾਨ। ਦਸੰਬਰ, ਨਿੰਦਰਾਏ ਦੀਦਿਆਂ ਦੇ ਕੋਏ ਜਦ ਕਿ ਜਨਵਰੀ, ਅੱਖਾਂ ਵਿਚ ਜੱਗ ਰਹੇ ਸੂਰਜੀ-ਦੀਵੇ। ਦਸੰਬਰ, ਡਾਇਰੀ ਦੇ ਆਖ਼ਰੀ ਪੰਨੇ ‘ਤੇ ਅਲਵਿਦਾਇਗੀ ਦੀ ਸੋਗੀ ਇਬਾਰਤ ਜਦ ਕਿ ਜਨਵਰੀ, ਨਵੀਂ ਡਾਇਰੀ ‘ਤੇ ਪਹਿਲੇ ਪੰਨੇ ‘ਤੇ ਕਵਿਤਾ ਦੀ ਇਬਾਦਤ। ਦਸੰਬਰ, ਸਾਲ ਦੇ ਪਿੰਡੇ ਤੋਂ ਪੁਰਾਣੇ ਲਿਬਾਸ ਨੂੰ ਉਤਾਰਨ ਦਾ ਅਹਿਸਾਸ ਜਦ ਕਿ ਜਨਵਰੀ, ਨਵੀਂ ਸੋਚ ਦੀ ਪਾਕੀਜ਼ਗੀ ਅਤੇ ਪ੍ਰਤੀਬੱਧਤਾ ਵਿਚ ਗੁੰਨੀ ਨਰੋਈ ਆਸ ਜੋ ਏ ਜੀਵਨ ਦਾ ਯੁੱਗ-ਜਿਉਂਦਾ ਧਰਵਾਸ।
ਦਸੰਬਰ, ਮਾਣੀਆਂ ਸਾਝਾਂ ਤੇ ਦੋਸਤੀਆਂ ਦਾ ਧੰਨਵਾਦ। ਸ਼ੁਕਰਾਨੇ ਲਈ ਮਿੱਤਰਾਂ ਦੀ ਮਿਲਣਧਾਰਾ। ਜਦ ਕਿ ਜਨਵਰੀ, ਪੁਰਾਣੀਆਂ ਸਾਂਝਾਂ ਦੇ ਨਾਲ-ਨਾਲ ਨਵੇਂ ਸਬੰਧਾਂ ਤੇ ਰਿਸ਼ਤਿਆਂ ਨੂੰ ਨਵੀਂ ਤਰਕੀਬ ਅਤੇ ਨਿਵੇਕਲੀ ਅਨੁਪਾਤ ਦੇ ਕੇ, ਇਸ ਵਿਚੋਂ ਸੁਗੰਧਤ ਸਮਿਆਂ ਦੀ ਭਵਿੱਖਬਾਣੀ ਦਾ ਕਿਆਸਿਆ ਸੱਚ।
ਦਸੰਬਰ ਅੰਤ ਹੈ ਸਾਲ ਦਾ ਜਦ ਕਿ ਜਨਵਰੀ ਆਦਿ ਹੈ ਸਾਲ ਦਾ। ਦਸੰਬਰ ਤੇ ਜਨਵਰੀ ਵੱਖ-ਵੱਖ ਹੋ ਕੇ ਵੀ ਇਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ। ਇਹਨਾਂ ਦੀ ਮਿਲਣ-ਰੁੱਤ ਬਾ-ਦਸਤੂਰ ਜਾਰੀ। ਪਰ ਅਸੀਂ ਇਕ ਵਾਰ ਟੁੱਟਣ ਤੋਂ ਬਾਅਦ ਮਿਲਣ ਲਈ ਉਚੇਚ ਕਰਨਾ ਹੀ ਭੁੱਲ ਜਾਂਦੇ। ਚਿਰਾਂ ਦੇ ਵਿਛੜੇ ਮਿੱਤਰਾਂ ਨੂੰ ਮਿਲਣ ਦੀ ਤਮੰਂਨਾ ਮਨ ਵਿਚ ਪਾਲਣਾ, ਤੁਹਾਡਾ ਸੱਜਣਾਂ ਅਤੇ ਜ਼ਿੰਦਗੀ ਪ੍ਰਤੀ ਨਜ਼ਰੀਆ ਹੀ ਬਦਲ ਲਾਵੇਗਾ।
ਦਸੰਬਰ ਤੇ ਜਨਵਰੀ ਨੂੰ ਵੱਖਰਾ ਨਾ ਸਮਝੋ ਸਗੋਂ ਇਸਨੂੰ ਦਸੰਵਰੀ ਦੇ ਰੂਪ ਵਿਚ ਸੋਚ-ਸਮਾਧੀ ਵਿਚ ਧਰੋਗੇ ਤਾਂ ਤੁਹਾਨੂੰ ਇਸਦੇ ਵਖਰੇਵਾਂ ਦੀ ਪੀੜਾ ਨਹੀਂ ਹੋਵੇਗੀ ਸਗੋਂ ਇਹਨਾਂ ਦੇ ਮਿਲਣ ਦਾ ਅਨੂਠਾ ਅਹਿਸਾਸ ਹੋਵੇਗਾ। ਵਿਛੜਨ ਰੁੱਤ ਨਾਲੋਂ ਮਿਲਣ ਰੁੱਤ ਨੂੰ ਕਿਆਸੋ, ਜੀਵਨ-ਨਾਦ ਤੁਹਾਡੀ ਜੀਵਨ-ਬੀਹੀ ਵਿਚ ਅਨਾਦੀ ਸੁਰ ਛੇੜਦਾ ਰਹੇਗਾ।
ਦਸੰਵਰੀ ਸਾਡੇ ਚੇਤਿਆਂ ਵਿਚ ਇਹ ਵੀ ਧਰਦੀ ਕਿ ਸਮੇਂ ਦੀ ਚਾਲ ਨਿਰੰਤਰ ਏ ਅਤੇ ਕਿਸੇ ਵੀ ਥਿਰ ਨਹੀਂ ਰਹਿਣਾ। ਦਸੰਬਰ ਤੋਂ ਬਾਅਦ ਜਨਵਰੀ ਅਤੇ ਫਿਰ ਦਸੰਬਰ ਨੇ ਪਰਤਣਾ ਏ। ਇਸ ਲਈ ਮਿਲਣਾ ਤੇ ਵਿਛੜਨਾ, ਸੂਰਜ ਦਾ ਡੁੱਬਣਾ ਤੇ ਚੜਨਾ, ਰੁੱਤ ਦਾ ਆਉਣਾ ਤੇ ਜਾਣਾ, ਬਹਾਰਾਂ ਤੇ ਪੱਤਝੱੜਾਂ ਦੀ ਫੇਰੀ, ਸੌਣ-ਭਾਦੋਂ ਤੇ ਜੇਠ-ਹਾੜ ਦੇ ਮੌਸਮੀ ਵਰਤਾਰੇ, ਸਰਦੀ ਤੇ ਗਰਮੀ, ਖੁਸੀਆਂ ਤੇ ਖੇੜੇ, ਦੁੱਖ ਤੇ ਸੁੱਖ, ਆਸਾ ਤੇ ਨਿਰਾਸ਼ਾ, ਹਾਸੀ ਤੇ ਉਦਾਸੀ, ਸਕਾਰਤਮਿਕਤਾ ਅਤੇ ਨਕਾਰਤਮਿਕਤਾ, ਹਾਸਲਾਂ ਦੀ ਆਮਦ ਜਾਂ ਅਸਫ਼ਲਤਾਵਾਂ ਦਾ ਆਵਾਗੌਣ, ਪ੍ਰਾਪਤੀਆਂ ਦਾ ਅਹਿਸਾਸ ਜਾਂ ਕੁਝ ਖੁੱਸਣ ਦਾ ਦਰਦ, ਆਦਿ ਵਰਤਾਰਿਆਂ ਨੇ ਸਦੀਵ ਰਹਿਣਾ। ਸਿਰਫ਼ ਲੋੜ ਹੈ ਕਿ ਅਸੀਂ ਜੀਵਨੀ ਰੰਗ-ਬਰੰਗਤਾ ਵਿਚੋਂ ਜੀਵਨ ਤੋਰ ਨੂੰ ਚਿਤਾਰੀਏ ਅਤੇ ਇਸਦੀ ਬਰਕਰਾਰੀ ਲਈ ਸੰਤੁਲਤ ਸੋਚ ਨੂੰ ਜੀਵਨ-ਸ਼ੈਲੀ ਬਣਾਈਏ।
ਦਸੰਵਰੀ, ਦਿਲਾਂ ਨੂੰ ਜੋੜਨ ਲਈ ਦੁਆ। ਭਰਾਤਰੀਭਾਵ ਅਤੇ ਸਮਾਜਿਕ ਸਬੰਧਾਂ ਵਿਚ ਪਕਿਆਈ ਲਈ ਪ੍ਰਾਰਥਨਾ। ਸਭਨਾਂ ਲਈ ਆਸ ਤੇ ਵਿਸ਼ਵਾਸ਼ ਲਈ ਅਰਦਾਸ। ਹਰ ਵਿਹੜੇ ਵਿਚ ਚਾਵਾਂ ਤੇ ਸੱਧਰਾਂ ਦੀ ਭਰਪੂਰਤਾ ਲਈ ਅਰਜ਼ੋਈ। ਬਿਨ-ਛੱਤਿਆਂ ਲਈ ਅੰਬਰੀ ਲੋਈ। ਡਿਗਦੇ ਲਈ ਡੰਗੋਰੀ ਜਹੀ ਸੋਚ। ਬੇਹੋਸ਼ਿਆਂ ਦੇ ਪੱਲੇ ਵਿਚ ਪਾਈ ਜਾਣ ਵਾਲੀ ਹੋਸ਼ ਦੀ ਕਾਮਨਾ।
ਦਸੰਵਰੀ ਨੂੰ ਮੁਖ਼ਾਤਬ ਹੋਣ ਲੱਗਿਆ ਤਾਂ ਬੀਤਿਆ ਸਾਲ ਮੇਰੇ ਸਾਹਵੇਂ ਬਹੁਤ ਸਾਰੇ ਪ੍ਰਸ਼ਨ ਲੈ, ਮੈਂਨੂੰ ਪ੍ਰਸ਼ਨ ਹੀ ਬਣਾ ਗਿਆ;
ਉਦਾਸ ਜਿਹਾ ਹੋਇਆ ਬੀਤਿਆ ਵਰ੍ਹਾ
ਮੈਂਨੂੰ ਮੁਖਾਤਬ ਹੋ ਪੁੱਛਣ ਲੱਗਾ
ਜਰਾ ਕੁ ਦੱਸੀਂ’
ਮਨੁੱਖ ਨੇ
ਅਜੇ ਹੋਰ ਕਿੰਨੇ ਕੁ ਸਾਹਾਂ ਨੂੰ ਦਫਨਾਉਣਾ ਏ
ਕਿੰਨੀ ਕੁ ਜ਼ਹਿਰ ਧਰਤੀ ‘ਚ ਮਿਲਾਉਣਾ ਏ
ਪਲੀਤ ਪਾਣੀਆਂ ਦਾ ਕਿੰਨਾ ਕੁ ਹੋਰ ਹੱਠ ਪਰਖਣਾ ਏ
ਅਤੇ ਹੌਕਾ ਹੌਕਾ ਹੋਈ ਪੌਣ ‘ਚ ਕਿੰਨੀਆਂ ਹੋਰ ਹਿੱਚਕੀਆਂ ਬੀਜਣੀਆਂ ਨੇ
ਜਰਾ ਕੁ ਇਹ ਵੀ ਦੱਸੀਂ ਕਿ
ਆਦਮ-ਜਾਤ ਨੇ ਕਿੰਨੀਆਂ ਕੁ ਦੇ ਸੁਪਨਿਆਂ ਦਾ ਚੀਰ ਹਰਨ ਕਰਨਾ ਏ,
ਕਿੰਨਿਆਂ ਦੇ ਜੀਵਨ-ਮਾਰਗ ਦੇ ਨਾਂ ਕੰਡਿਆਂ ਦਾ ਕਫ਼ਨ ਕਰਨਾ ਏ
ਕਿੰਨਿਆਂ ਨੂੰ ਸੁੱਰਖ-ਰੁੱਤੇ ਕਬਰਾਂ ਦੇ ਹਵਾਲੇ ਕਰਨਾ ਏ
ਤੇ ਕਿੰਨੀਆਂ ਡੰਗੋਰੀਆਂ ਦੀ ਅੱਖ ਵਿਚ ਅੱਥਰੂ ਧਰਨਾ ਏ
ਬੜੀ ਮਿਹਰਬਾਨੀ ਹੋਵੇਗੀ ਜੇ ਇਹ ਵੀ ਦੇਵੇਂ
ਕਿ
ਕਿੰਨੇ ਅੰਬਰਾਂ ਨੂੰ ਗੰਧਲਾ ਕਰਨਾ ਏ
ਕਿੰਨੇ ਸੂਰਜਾਂ ਦੀ ਕੁੱਖ ਵਿਚ ਗ਼ਮ ਧਰਨਾ ਏ
ਕਿੰਨੇ ਤਾਰਿਆਂ ਦੀ ਆਉਧ ਨਾਲ ਖਿਲਵਾੜ ਕਰਨਾ ਏ
ਅਤੇ ਕਿੰਨਿਆਂ ਨੂੰ ਟੁੁੱਟਦੇ ਤਾਰਿਆਂ ਜਹੀ ਮੌਤੇ ਮਾਰਨਾ ਏ।
ਦੱਸੀਂ ਤਾਂ ਸਹੀ ਕਿ
ਕਿੰਨੀਆਂ ਨੇ ਘਰੇ ਕੰਜਕਾਂ ਖੂਆਈਆਂ
ਕਿੰਨੀਆਂ ਨੇ ਕੁੱਖ ਵਿਚਲੀਆਂ ਕੰਜਕਾਂ ਮਾਰ ਮੁਕਾਈਆਂ
ਕਿੰਨੀਆਂ ਨੂੰਹਾਂ ਅਗਨ ਭੇੇਂਟ ਹੋਈਆਂ
ਤੇ ਕਿੰਨੀਆਂ ਪਤੀਆਂ ਹੱਥੋਂ ਜਿਬਾਹ ਹੋਈਆਂ।
ਇਹ ਜਰੂਰ ਦੱਸੀਂ ਕਿ
ਕਿਹੜੇ ਰਿਸ਼ਤਿਆਂ ਵਿਚ ਤਰੇੜਾਂ ਉਗੀਆਂ
ਕਿਹੜੇ ਸਬੰਧਾਂ ਦਾ ਅਨਰਥ ਹੋਇਆ
ਕਿਹੜੇ ਸੰਗੀਆਂ ਨੇ ਆਦਰਾਂ ਨੂੰ ਕੋਹਿਆ
ਅਤੇ ਕਿਹੜਾ ਰਿਸ਼ਤਾ ਹੋਂਦ ਤੋਂ ਹੀ ਮੁਨਕਰ ਹੋਇਆ।
ਹਰ ਵਾਰ
ਨਵਾਂ ਸਾਲ ਮੁਬਾਰਕ ਆਖਣ ਵਾਲਿਆ
ਮੇਰੀ ਹਿੱਕ ‘ਤੇ ਲੱਗੇ ਜਖ਼ਮਾਂ ਦੀ ਤਵਾਰੀਖ਼ ਪੜ੍ਹ।
ਵਾਸਤਾ ਈ!
ਇਸ ਵਾਰ ਕਿਸੇ ਨੂੰ ਪਹਿਲੇ ਸਾਲਾਂ ਵਰਗਾ
‘ਨਵਾਂ ਸਾਲ ਮੁਬਾਰਕ’ ਨਾ ਕਹੀਂ
ਨਾ ਕਹੀਂ
ਕਿਸੇ ਨੂੰ ਨਵਾਂ ਸਾਲ ਮੁਬਾਰਕ।
ਦਸੰਵਰੀ ਦੀ ਦਰਿਆ-ਦਿਲੀ ਨੂੰ ਦਿਲ ਦੇ ਨਾਮ ਕਰਨਾ, ਆਦਮੀਅਤ ਤੇ ਬੰਦਿਆਈ ਨੂੰ ਅਪਨਾਉਣ ਵਿਚ ਤੁਸੀਂ ਪਹਿਲ ਜਰੂਰ ਕਰੋਗੇ।
ਅਜੇਹੀ ਆਸ ਕਰਨਾ, ਕਲਮ ਦਾ ਹੱਕ ਤਾਂ ਹੈ।