84 ‘ਚ ਸਿੱਖਾਂ ਨਾਲ ਜੋ ਵਾਪਰਿਆ ਬੜਾ ਦੁੱਖਦਾਈ ਸੀ : ਅਬਦੁੱਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਜਨਾਬ ਫਾਰੂਕ ਅਬਦੁੱਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਪਰਿਕਰਮਾ ਕਰਦੇ ਸਮੇਂ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਪ੍ਰਕਰਮਾ ਵਿਚ ਸਥਿਤ ਇਤਿਹਾਸਕ ਅਸਥਾਨਾਂ ਦੇ ਇਤਿਹਾਸ ਦੀ ਜਾਣਕਾਰੀ ਲਈ। ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈ ਸਾਂਝੀਵਾਲਤਾ ਦੇ ਇਸ ਮੁਕੱਦਸ ਅਸਥਾਨ ‘ਤੇ ਜ਼ਿੰਦਗੀ ਵਿਚ ਜਾਣੇ ਅਨਜਾਣੇ ਵਿਚ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗਣ ਆਇਆ ਹਾਂ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ 1984 ਵਿਚ ਸਿੱਖਾਂ ਨਾਲ ਜੋ ਵਾਪਰਿਆ ਉਹ ਬਹੁਤ ਹੀ ਦੁੱਖਦਾਈ ਸੀ ਜਿਸ ‘ਤੇ ਮਲ੍ਹਮ ਲਗਾਉਣੀ ਸੌਖੀ ਨਹੀਂ, ਪਰ ਫਿਰ ਵੀ ਅੰਦਰ ਧੁੱਖਦੀ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਰਗਾ ਕੋਈ ਹੋਰ ਮੁਲਕ ਨਹੀਂ ਜਿੱਥੇ ਸਾਰੇ ਧਰਮਾਂ ਦੇ ਲੋਕ ਵੱਸਦੇ ਹੋਣ।ਉਨ੍ਹਾਂ ਕਿਹਾ ਕਿ ਹਰ ਧਰਮ ਸਤਿਕਾਰਯੋਗ ਹੈ ਤੇ ਸਾਨੂੰ ਸਭ ਨੂੰ ਆਪਸੀ ਭਾਈਚਾਰਜ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਮੌਕੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਜਨਾਬ ਫਾਰੁਖ਼ ਅਬਦੁੱਲਾ ਨੂੰ ਸਿਰੋਪਾਓ, ਲੋਈ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ ਤੇ ਜਸਵਿੰਦਰ ਸਿੰਘ ਜੱਸੀ ਸੂਚਨਾ ਅਧਿਕਾਰੀ ਵੀ ਮੌਜੂਦ ਸਨ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …