ਕਿਹਾ, ਨਵੀਂ ਸਰਕਾਰ ਕੋਲੋਂ ਵੀ ਗਲਤੀ ਹੋ ਜਾਂਦੀ ਹੈ, ਇਸ ਨੂੰ ਸੁਧਾਰ ਲਵਾਂਗੇ
ਜਲੰਧਰ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਚੱਲ ਰਹੇ ਕਲੇਸ਼ ਦੇ ਚੱਲਦਿਆਂ ਨਵੇਂ ਬਣੇ ਮੰਤਰੀ ਪਰਗਟ ਸਿੰਘ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿਣਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਨਰਾਜ਼ਗੀ ਦਾ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਨਵੀਂ ਸਰਕਾਰ ਕੋਲੋਂ ਵੀ ਗਲਤੀ ਹੋ ਜਾਂਦੀ ਹੈ, ਆਪਸ ਵਿਚ ਮਿਲ ਬੈਠ ਕੇ ਇਸ ਨੂੰ ਸੁਧਾਰ ਲਵਾਂਗੇ। ਪਰਗਟ ਸਿੰਘ ਨੇ ਦਾਅਵਾ ਕੀਤਾ ਕਿ ਸਿੱਧੂ ਪਾਰਟੀ ਛੱਡ ਕੇ ਨਹੀਂ ਜਾ ਰਹੇ। ਪਰਗਟ ਸਿੰਘ ਦੀ ਇਸ ਗੱਲ ਨੂੰ ਇਸ ਕਰਕੇ ਅਹਿਮ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਪਰਗਟ ਸਿੰਘ ਦੇ ਕਰੀਬੀਆਂ ਵਿਚੋਂ ਇਕ ਹਨ। ਪਰਗਟ ਸਿੰਘ ਮੰਤਰੀ ਬਣਨ ਤੋਂ ਬਾਅਦ ਜਲੰਧਰ ਪਹੁੰਚੇ ਅਤੇ ਸਰਕਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਪਰਗਟ ਸਿੰਘ ਨੇ ਕਿਹਾ ਕਿ ਇਕ ਕਮੇਟੀ ਬਣਾਈ ਜਾ ਰਹੀ ਹੈ, ਇਸ ਵਿਚ ਕਾਂਗਰਸ ਦੇ ਜਨਰਲ ਸਕੱਤਰ, ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼ਾਮਲ ਹੋਣਗੇ। ਜੋ ਨਵੇਂ ਅਤੇ ਪੁਰਾਣੇ ਸਾਰੇ ਫੈਸਲਿਆਂ ’ਤੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਮੀ ਲੱਗੀ ਤਾਂ ਉਸ ਨੂੰ ਦੂਰ ਕਰ ਲਿਆ ਜਾਵੇਗਾ।