Breaking News
Home / Uncategorized / ਸੀਚੇਵਾਲ ਮਾਡਲ ਬਿਹਾਰ ਦੇ ਹਰ ਪਿੰਡ ‘ਚ ਲਾਗੂ ਹੋਵੇਗਾ : ਨਿਤੀਸ਼ ਕੁਮਾਰ

ਸੀਚੇਵਾਲ ਮਾਡਲ ਬਿਹਾਰ ਦੇ ਹਰ ਪਿੰਡ ‘ਚ ਲਾਗੂ ਹੋਵੇਗਾ : ਨਿਤੀਸ਼ ਕੁਮਾਰ

ਸੰਤ ਸੀਚੇਵਾਲ ਨੂੰ 25-26 ਫਰਵਰੀ ਨੂੰ ਪਟਨਾ ਸਾਹਿਬ ਨੂੰ ਆਉਣ ਦਾ ਦਿੱਤਾ ਸੱਦਾ
ਜਲੰਧਰ/ਬਿਊਰੋ ਨਿਊਜ਼
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਥਾਪਿਤ ਮਾਡਲ ਨੂੰ ਬਿਹਾਰ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਵੱਡੀ ਚੁਣੌਤੀ ਹੈ ਤੇ ਸੀਚੇਵਾਲ ਮਾਡਲ ਨੇ ਉਨ੍ਹਾਂ ਨੂੰ ਇਸ ਚੁਣੌਤੀ ਵਿਰੁੱਧ ਨਵਾਂ ਰਾਹ ਦਿਖਾਇਆ ਹੈ। ਉਨ੍ਹਾਂ ਸੀਚੇਵਾਲ ਤੇ ਸੁਲਤਾਨਪੁਰ ਲੋਧੀ ਦੇ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ ਤੇ ਸੰਤ ਸੀਚੇਵਾਲ ਵੱਲੋਂ ਪ੍ਰਦੂਸ਼ਿਤ ਪਾਣੀਆਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਦੇ ਤਜਰਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਸੀਚੇਵਾਲ ਸੰਤ ਹੀ ਨਹੀਂ, ਸਗੋਂ ਇੱਕ ਕਰਮਯੋਗੀ ਹਨ।
ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਗੰਗਾ ਕਿਨਾਰੇ ਅਤੇ ਪਟਨਾ ਸਾਹਿਬ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਆਏ ਹਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ 14 ਸਾਲ ਤੋਂ ਵੱਧ ਦਾ ਸਮਾਂ ਗੁਜ਼ਾਰਿਆ ਸੀ। ਨਿਤੀਸ਼ ਕੁਮਾਰ ਨੇ ਸੰਤ ਸੀਚੇਵਾਲ ਨੂੰ 25 ਤੇ 26 ਫਰਵਰੀ ਨੂੰ ਪਟਨਾ ਸਾਹਿਬ ਆਉਣ ਦਾ ਸੱਦਾ ਦਿੱਤਾ ਜਿੱਥੇ ਵਾਤਾਵਰਣ ਨਾਲ ਸਬੰਧਤ ਕੌਮਾਂਤਰੀ ਕਾਨਫਰੰਸ ਹੋ ਰਹੀ ਹੈ। ਬਿਹਾਰ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸਾਲ ਬਿਹਾਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੱਕੀਆਂ ਗਲੀਆਂ ਤੇ ਨਾਲੀਆਂ ਬਣਾਉਣ ਦੀ ਸਕੀਮ ਸ਼ੁਰੂ ਕੀਤੀ ਸੀ ਪਰ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਸੀ ਲੱਭ ਰਿਹਾ। ਇਸੇ ਦੌਰਾਨ ਪਟਨਾ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਉਨ੍ਹਾਂ ਦੀ ਇੱਕ ਮੀਟਿੰਗ ਸੰਤ ਸੀਚੇਵਾਲ ਨਾਲ ਹੋਈ ਸੀ ਤਾਂ ਉਨ੍ਹਾਂ ਨੇ ਇਸ ਸਮੱਸਿਆ ਦਾ ਹੱਲ ਦੱਸਦਿਆਂ ਪੰਜਾਬ ਆਉਣ ਦਾ ਸੱਦਾ ਦਿੱਤਾ ਸੀ।
ਸੰਤ ਸੀਚੇਵਾਲ ਵੱਲੋਂ ਸੰਗਤ ਦੇ ਸਹਿਯੋਗ ਨਾਲ 160 ਕਿਲੋਮੀਟਰ ਲੰਬੀ ਕਾਲੀ ਵੇਈਂ ਨੂੰ ਪੁਨਰ ਜੀਵਤ ਕੀਤੇ ਜਾਣ ਦੀ ਪ੍ਰਸ਼ੰਸਾ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ ਕਿ ਨਦੀਆਂ ਦੇ ਵਹਿਣ ਹਮੇਸ਼ਾਂ ਵਗਦੇ ਰਹਿਣੇ ਚਾਹੀਦੇ ਹਨ। ਨਿਤੀਸ਼ ਕੁਮਾਰ ਨੇ ਕਿਹਾ ਉਹ ਆਪਣੇ ਨਾਲ ਸੂਬੇ ਦੇ ਸਿੰਜਾਈ ਮੰਤਰੀ ਰਜੀਵ ਰੰਜਨ, ਮੁੱਖ ਸਕੱਤਰ, ਸਿੰਜਾਈ ਵਿਭਾਗ ਦੇ ਪ੍ਰਮੁੱਖ ਸਕੱਤਰ, ਸਾਬਕਾ ਮੁੱਖ ਸਕੱਤਰ ਜੀ.ਐਸ ਕੰਗ ਤੇ ਹੋਰ ਉਚ ਅਧਿਕਾਰੀਆਂ ਨੂੰ ਲੈ ਕੇ ਆਏ ਹਨ, ਜਿਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਚੰਗੀ ਤਰ੍ਹਾਂ ਨਾਲ ਘੋਖਿਆ ਹੈ। ਇਸ ਮੌਕੇ ਪਿੰਡ ਦੀ ਸਰਪੰਚ ਰਜਵੰਤ ਕੌਰ ਤੇ ਪੰਚਾਇਤ ਵੱਲੋਂ ਨਿਤੀਸ਼ ਕੁਮਾਰ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਨਿਤੀਸ਼ ਕੁਮਾਰ ਨੇ ਰੇਲਵੇ ਸ਼ਟੇਸ਼ਨ ਸੁਲਤਾਨਪੁਰ ਵਿੱਚ ਲੱਗਿਆ ਟਰੀਟਮੈਂਟ ਦੇਖਿਆ। ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ ਤੇ ਸੰਤ ਸੀਚੇਵਾਲ ਨੇ ਕਿਸ਼ਤੀ ਰਾਹੀਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਪਵਿੱਤਰ ਵੇਈਂ ਦੇ ਪਾਣੀ ਨੂੰ ਨੇੜੇ ਤੋਂ ਦਿਖਾਇਆ। ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਸਵੱਛਤਾ ਮੁਹਿੰਮ ‘ਤੇ ਟਿੱਪਣੀ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ ਕਿ ਗੰਗਾ ਦਾ ਵਹਾਅ ਲਗਾਤਾਰ ਰਹਿਣਾ ਜ਼ਰੂਰੀ ਹੈ। ਗੰਗਾ ਦੀ ਸਫ਼ਾਈ ਲਈ ਇੱਕਲੀ ਸਵੱਛਤਾ ਮੁਹਿੰਮ ਹੀ ਕਾਫ਼ੀ ਨਹੀਂ ਹੈ, ਸਗੋਂ ਗੰਗਾ ਦਾ ਵਹਿਣਾ ਬਹੁਤ ਜ਼ਰੂਰੀ ਹੈ ਜਿਸ ਵਿੱਚ ਕੋਈ ਅੜਿੱਕਾ ਨਾ ਹੋਵੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਗੰਗਾ ਵਿੱਚ ਥਾਂ-ਥਾਂ ‘ਤੇ ਡੈਮ ਬਣਾ ਕੇ ਪਾਣੀ ਵਾਲੇ ਜਾਹਾਜ਼ ਚਲਾਉਣ ਦੇ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ। ਇਸ ਮੌਕੇ ਸੰਤ ਦਇਆ ਸਿੰਘ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਪਾਲ ਸਿੰਘ ਲੋਹੀਆਂ ਵਾਲੇ, ਸੰਤ ਗੁਰਚਰਨ ਸਿੰਘ ਪੰਡਵਾਂ ਵਾਲੇ ਤੇ ਸੰਤ ਸੁਖਜੀਤ ਸਿੰਘ ਆਦਿ ਹਾਜ਼ਰ ਸਨ।
ਬਿਹਾਰ ਦੇ ਲੋਕਾਂ ਨੂੰ ਮਿਲ ਕੇ ਖੁਸ਼ ਹੋਏ ਨਿਤੀਸ਼
ਜਲੰਧਰ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੀਚੇਵਾਲ ਤੇ ਸੁਲਤਾਨਪੁਰ ਦੇ ਦੌਰੇ ਦੌਰਾਨ ਬਿਹਾਰ ਦੇ ਲੋਕਾਂ ਨੂੰ ਮਿਲਣ ਸਮੇਂ ਬਾਗ਼ੋਬਾਗ਼ ਹੋ ਗਏ। ਇਤਫ਼ਾਕ ਵਜੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਿਰਮਲ ਕੁਟੀਆ ਵਿੱਚ ਪੁਹੰਚੇ ਤਾਂ ਕੁਟੀਆ ਵਿੱਚ ਚੱਲ ਰਹੇ ਨਵਾਂ ਨਨਕਾਣਾ ਸਕੂਲ ਦਾ ਪ੍ਰਿੰਸੀਪਲ ਭੂਸ਼ਣ ਵੀ ਇੱਕ ਬਿਹਾਰੀ ਸੀ, ਜੋ ਕਿ ਹੁਣ ਪੱਗ ਬੰਨ ਰਿਹਾ ਹੈ ਤੇ ਪੂਰਨ ਸਿੱਖ ਬਣਿਆ ਹੋਇਆ ਹੈ। ਨਿਤੀਸ਼ ਕੁਮਾਰ ਨੂੰ ਮਿਲਣ ਤੋਂ ਬਾਅਦ ਪ੍ਰਿੰਸੀਪਲ ਭੂਸ਼ਣ ਨੇ ਦੱਸਿਆ ਕਿ 15 ਸਾਲ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਟਾਹਲੀ ਦੇ ਰੁੱਖ ਹੇਠ ਨਵਾਂ ਨਨਕਾਣਾ ਸਕੂਲ ਚਲਾਇਆ ਸੀ, ਜਿਸ ਵਿੱਚ ਬਿਹਾਰ ਅਤੇ ਉਤਰ ਪ੍ਰਦੇਸ਼ ਤੋਂ ਆਏ ਪਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਸ਼ੁਰੂ ਕੀਤਾ ਸੀ। 2008 ਵਿੱਚ ਡਾ. ਏ.ਪੀ.ਜੇ ਅਬਦੁਲ ਕਲਾਮ ਨੇ ਇਨ੍ਹਾਂ ਬੱਚਿਆਂ ਲਈ ਸਕੂਲ ਦੀ ਇਮਾਰਤ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ 2004 ਵਿੱਚ ਬਿਹਾਰੀ ਬੱਚਿਆਂ ਨਾਲ ਇਹ ਸਕੂਲ ਪਵਿੱਤਰ ਵੇਈਂ ਕਿਨਾਰੇ ਸ਼ੁਰੂ ਕੀਤਾ ਗਿਆ।
ਵਾਤਾਵਰਨ ਲਈ ਸੀਚੇਵਾਲ ਦੇ ਯੋਗਦਾਨ ਤੋਂ ਹੈਰਾਨ ਹਾਂ : ਨਿਤੀਸ਼
ਨਿਤੀਸ਼ ਕੁਮਾਰ ਨੇ ਦੱਸਿਆ ਕਿ ਬਿਹਾਰ ਸੀਚੇਵਾਲ ਮਾਡਲ ਨੂੰ ਅਪਣਾਉਣ ਜਾ ਰਿਹਾ ਹੈ। ਅੱਜ ਜੇਕਰ ਅਸੀਂ ਆਪਣੇ ਮੰਤਰੀ ਅਤੇ ਵੱਡੇ ਅਧਿਕਾਰੀਆਂ ਨਾਲ ਆਏ ਹਾਂ ਤਾਂ ਸਿਰਫ ਇਸ ਮਾਡਲ ਨੂੰ ਸਮਝਣ ਅਤੇ ਬਿਹਾਰ ਜਾ ਕੇ ਇਸ ਨੂੰ ਅਪਣਾਉਣ ਲਈ। ਮੈਂ ਹੈਰਾਨ ਹਾਂ ਕਿ ਕਿਸ ਤਰ੍ਹਾਂ ਸੀਚੇਵਾਲ ਨੇ ਬਗੈਰ ਸਰਕਾਰੀ ਮੱਦਦ ਦੇ ਵਾਤਾਵਰਣ ਵਿਚ ਏਨਾ ਵੱਡਾ ਯੋਗਦਾਨ ਦਿੱਤਾ ਹੈ। ਨਿਤੀਸ਼ ਨੇ ਕਿਹਾ ਕਿ ਬਿਹਾਰ ਦੇ ਪਿੰਡਾਂ ਵਿਚ ਨਾਲੀਆਂ ਅਤੇ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਅਸੀਂ ਹਰ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਵਿਚ ਇਸ ਮਾਡਲ ਨੂੰ ਅਪਣਾਉਣਾ ਚਾਹੁੰਦੇ ਹਾਂ। ਤਾਂ ਕਿ ਟਰੀਟਮੈਂਟ ਪਲਾਂਟ ਨਾਲ ਸਾਫ ਹੋਏ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਸਕੇ। ਪਟਨਾ ਗੰਗਾ ਕਿਨਾਰੇ ਵਸਿਆ ਹੈ। ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਉਹਨਾਂ ਗੰਗਾ ਨੂੰ ਸਾਫ ਕਰਨ ਦੀ ਗੱਲ ਹੀ ਕੀਤੀ ਹੈ।
ਦੂਜੇ ਸੂਬਿਆਂ ਲਈ ਮਿਸਾਲ ਬਣਿਆ ‘ਸੀਚੇਵਾਲ ਮਾਡਲ’
ਦੇਸੀ ਤਕਨੀਕ ਨਾਲ ਪਾਇਆ ਸੀਵਰੇਜ ਦੇਸ਼ ਭਰ ਵਿਚ ‘ਸੀਚੇਵਾਲ ਮਾਡਲ’ ਨਾਲ ਮਸ਼ਹੂਰ ਹੋਇਆ
ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਦਾ ਕਹਿਣਾ ਹੈ ਕਿ ਅੱਜ ਪੂਰੇ ਦੇਸ਼ ਵਿਚ ਪਾਣੀ ਨੂੰ ਬਚਾਉਣ ਲਈ ਸਾਰਥਿਕ ਉਪਰਾਲੇ ਕਰਨ ਦੀ ਜ਼ਰੂਰਤ ਹੈ ਤਾਂ ਜੋ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਇਸ ਮਹਾਨ ਕਾਰਜ ਲਈ ਦੇਸ਼ ਵਿਦੇਸ਼ ਦੀ ਸੰਗਤ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਸਾਰੇ ਇਸ ਉਦਮ ਵਿਚ ਆਪਣਾ ਬਣਦਾ ਹਿੱਸਾ ਪਾਈਏ ਤੇ ਦੇਸ਼ ਦੇ ਵਾਤਾਵਰਣ ਤੇ ਪਾਣੀ ਨੂੰ ਬਚਾਈਏ।
ਸੁਲਤਾਨਪੁਰ ਲੋਧੀ : ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋ ਦੇਸੀ ਤਕਨੀਕ ਅਪਣਾ ਕੇ ਪਿੰਡ ਸੀਚੇਵਾਲ ਵਿਚ ਪਾਇਆ ਗਿਆ ਸੀਵਰੇਜ ਅਤੇ ਫਿਰ ਉਸ ਗੰਦੇ ਪਾਣੀ ਨੂੰ ਸਾਫ ਕਰਕੇ ਖੇਤੀ ਨੂੰ ਲਗਾਉਣ ਦਾ ਖੋਜਿਆ ਗਿਆ ਤਰੀਕਾ ਇਸ ਵੇਲੇ ਪੂਰੀ ਦੁਨੀਆ ਵਿਚ ਸੀਚੇਵਾਲ ਮਾਡਲ ਦੇ ਨਾਂ ਨਾਲ ਮਸ਼ਹੂਰ ਹੋ ਚੁੱਕਾ ਹੈ। ਇਸ ਤਕਨੀਕ ਕਾਰਨ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਚਤ ਹੋ ਰਹੀ ਹੈ, ਉਥੇ ਇਸ ਪਾਣੀ ਨੂੰ ਖੇਤਾਂ ਵਿਚ ਸਿੰਚਾਈ ਵਾਸਤੇ ਵਰਤੋਂ ਵਿਚ ਲਿਆਉਣ ਨਾਲ ਫਸਲਾਂ ਨੂੰ ਖਾਦ ਪਾਉਣ ਦੀ ਲੋੜ ਹੀ ਨਹੀਂ ਰਹਿੰਦੀ। ਸੀਚੇਵਾਲ ਮਾਡਲ ਤਹਿਤ ਸ਼ਹਿਰਾਂ ਤੇ ਪਿੰਡਾਂ ਦੇ ਬੇਹੱਦ ਗੰਦੇ ਤੇ ਕੈਮੀਕਲ ਵਾਲੇ ਸੀਵਰੇਜ਼ ਦੇ ਪਾਣੀ ਨੂੰ ਸਾਫ ਕਰਕੇ ਮੁੜ ਵਰਤੋਂ ਵਿਚ ਲਿਆਉਣ ਨਾਲ ਵਾਤਾਵਰਨ ਵੀ ਸਾਫ ਤੇ ਸਵੱਛ ਬਣਦਾ ਹੈ ਅਤੇ ਵੱਡੀਆਂ ਵੱਡੀਆਂ ਮੋਟਰਾਂ ਲਗਾ ਕੇ ਧਰਤੀ ਹੇਠੋਂ ਪਾਣੀ ਕੱਢਣ ਵਿਚ ਵੀ ਵੱਡੀ ਕਮੀ ਆਵੇਗੀ। ਇਸ ਵੇਲੇ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਹਰ ਪਿੰਡ ਦੇ ਸ਼ਹਿਰ ਵਿਚ ਸੀਚੇਵਾਲ ਨੂੰ ਅਪਣਾ ਕੇ ਜਿੱਥੇ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕਦੀ ਹੈ, ਉਥੇ ਕਰੋੜਾਂ ਅਰਬਾਂ ਰੁਪਏ ਦੀ ਬਚਤ ਵੀ ਹੋ ਸਕਦੀ ਹੈ। ਇਸ ਵੇਲੇ ਵਾਤਾਵਰਨ ਦੇ ਪੱਖੋਂ ਪੰਜਾਬ ਬੜੇ ਹੀ ਗੰਭੀਰ ਤੇ ਡੂੰਘੇ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਪੰਜਾਬ ਦੇ ਪੌਣ ਪਾਣੀ ਵਿਚ ਜ਼ਹਿਰਾਂ ਘੁਲ ਰਹੀਆਂ ਹਨ ਤੇ ਪੰਜਾਬ ਦੀ ਆਬੋ ਹਵਾ ਬਹੁਤ ਖਰਾਬ ਹੁੰਦੀ ਜਾ ਰਹੀ ਹੈ। ਪੰਜਾਬ ਦੇ ਪਾਣੀ ਦਾ ਹਵਾ ਤੋਂ ਵੀ ਮਾੜਾ ਹਾਲ ਹੋ ਗਿਆ ਹੈ। ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ।
ਹੁਣ ਪੂਰੀ ਦੁਨੀਆ ਵਿਚ ਵਾਤਾਵਰਣ ਪ੍ਰੇਮੀ ਦੇ ਤੌਰ ‘ਤੇ ਜਾਣੇ ਜਾਂਦੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਨੂੰ ਪਾਣੀ ਦੇ ਸੰਕਟ ‘ਚੋਂ ਕੱਢਣ ਦਾ ਬਹੁਤ ਹੀ ਸਰਲ ਤੇ ਸਸਤਾ ਤਰੀਕਾ ਦੱਸਿਆ ਹੈ, ਜਿਸ ਨਾਲ ਪੰਜਾਬ ਨੂੰ ਪਾਣੀ ਨਾਲ ਜੂਝ ਰਹੇ ਸੰਕਟ ਵਿਚੋਂ ਕੱਢਿਆ ਜਾ ਸਕਦਾ ਹੈ। ਇਕ ਛੋਟੇ ਜਿਹੇ ਪਿੰਡ ਵਿਚ 18 ਸਾਲ ਪਹਿਲਾਂ ਇਕ ਦੇਸੀ ਤਕਨੀਕ ਨਾਲ ਪਾਇਆ ਗਿਆ ਸੀਵਰੇਜ ਦੇਸ਼ ਭਰ ਵਿਚ ‘ਸੀਚੇਵਾਲ ਮਾਡਲ’ ਨਾਲ ਮਸ਼ਹੂਰ ਹੋ ਗਿਆ। ‘ਸੀਚੇਵਾਲ ਮਾਡਲ’ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ ਤਾਂ ਹੀ ਅਸੀਂ ਪਾਣੀ ਦੇ ਇਸ ਖਤਰਨਾਕ ਸੰਕਟ ‘ਚੋਂ ਬਾਹਰ ਆ ਸਕਦੇ ਹਾਂ।
ਹਰ ਇਕ ਮਿੰਟ ‘ਚ ਦੋ ਭਾਰਤੀਆਂ ਦੀ ਪ੍ਰਦੂਸ਼ਣ ਨਾਲ ਹੁੰਦੀ ਹੈ ਮੌਤ
ਪਟਨਾ ਤੇ ਨਵੀਂ ਦਿੱਲੀ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਨਵੀਂ ਦਿੱਲੀ : ਭਾਰਤ ਵਿਚ ਦਿਨੋ-ਦਿਨ ਹਵਾ ਵਿਚ ਹੋਰ ਜ਼ਹਿਰ ਘੁਲਦਾ ਜਾ ਰਿਹਾ ਹੈ। ਇਸ ਦਾ ਅਸਰ ਏਨਾ ਖਤਰਨਾਕ ਹੋ ਗਿਆ ਹੈ ਕਿ ਹਵਾ ਪ੍ਰਦੂਸ਼ਣ ਨਾਲ ਹਰ ਮਿੰਟ ਵਿਚ ਦੋ ਭਾਰਤੀਆਂ ਦੀ ਮੌਤ ਹੋ ਜਾਂਦੀ ਹੈ। ਇਕ ਅਧਿਐਨ ਮੁਤਾਬਕ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਕਈ ਭਾਰਤ ਦੇ ਸ਼ਹਿਰ ਸ਼ਾਮਲ ਹਨ। ਪੀਐਮ 2.5 ਦੇ ਪੱਧਰ ਦੇ ਲਿਹਾਜ਼ ਨਾਲ ਪਟਨਾ ਤੇ ਨਵੀਂ ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹਨ। ਇਹੀ ਨਹੀਂ ਇਸ ਵਿਚ ਕਿਹਾ ਗਿਆ ਹੈ ਕਿ ਪੌਣ-ਪਾਣੀ ਤਬਦੀਲੀ ਮਨੁੱਖ ਦੀ ਸਿਹਤ ਲਈ ਗੰਭੀਰ ਖਤਰਾ ਹਨ। ਡਾਕਟਰੀ ਪੱਤ੍ਰਿਕਾ ਲਾਜੈਂਟ ਦਾ ਅਧਿਐਨ ਹਾਲ ਹੀ ਵਿਚ 48 ਪ੍ਰਮੁੱਖ ਵਿਗਿਆਨੀਆਂ ਨੇ ਜਾਰੀ ਕੀਤਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਉਤਰ ਭਾਰਤ ‘ਚ ਸਮੋਗ ਨਾਲ ਭਾਰੀ ਨੁਕਸਾਨ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਦੇ ਚੱਲਦਿਆਂ ਹਰ ਸਾਲ ਕਰੀਬ 10 ਲੱਖ ਭਾਰਤੀਆਂ ਦੀ ਜਾਨ ਚਲੇ ਜਾਂਦੀ ਹੈ। ਪੀਐਮ 2.5 ਦੇ ਚੱਲਦਿਆਂ ਵਿਸ਼ਵ ਵਿਚ 27 ਤੋਂ 34 ਲੱਖ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ। ਜਦਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਖਣੀ ਏਸ਼ੀਆ ਵਿਚ ਇਹ ਅੰਕੜਾ 16 ਲੱਖ ਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਤੇ ਪੌਣ-ਪਾਣੀ ਤਬਦੀਲੀ ਦੇ ਕਾਰਨ ਆਪਸ ਵਿਚ ਜੁੜੇ ਹੋਏ ਹਨ। ਇਸ ਲਈ ਇਨ੍ਹਾਂ ਨਾਲ ਇਕੱਠਿਆਂ ਨਿਪਟਣਾ ਪਵੇਗਾ। ਹਵਾ ਪ੍ਰਦੂਸ਼ਣ ਸਭ ਤੋਂ ਘਾਤਕ ਪ੍ਰਦੂਸ਼ਣ ਦੇ ਤੌਰ ‘ਤੇ ਉਭਰਿਆ ਹੈ। ਇਹ ਦੁਨੀਆ ਭਰ ਵਿਚ ਸਮੇਂ ਤੋਂ ਪਹਿਲਾਂ ਮੌਤ ਹੋਣ ਦਾ ਚੌਥਾ ਪ੍ਰਮੁੱਖ ਕਾਰਨ ਹੈ।
ਪੰਜਾਬ ਤੇ ਹਰਿਆਣਾ ਨੇ ਕਿਹਾ, ਪ੍ਰਦੂਸ਼ਣ ਲਈ ਨਹੀਂ ਹਾਂ ਜ਼ਿੰਮੇਵਾਰ
ਨਵੀਂ ਦਿੱਲੀ : ਪੰਜਾਬ ਤੇ ਹਰਿਆਣਾ ਨੇ ਇਕ ਵਾਰ ਫਿਰ ਮੁੜ ਦਿੱਲੀ ਐਨਸੀਆਰ ਵਿਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਆਪਣੇ ‘ਤੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਦੋਵਾਂ ਸੂਬਿਆਂ ਦੇ ਮੁੱਖ ਸਕੱਤਰਾਂ ਨੇ ਕਿਹਾ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਉਹ ਪ੍ਰਦੂਸ਼ਣ ਲਈ ਕਿਥੋਂ ਤੇ ਕਿੰਨੇ ਜ਼ਿੰਮੇਵਾਰ ਹਨ। ਜ਼ਿਕਰਯੋਗ ਹੈ ਕਿ ਦਿੱਲੀ ਐਨਸੀਆਰ ਵਿਚ ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਵਾਰ-ਵਾਰ ਹਰਿਆਣਾ ਤੇ ਪੰਜਾਬ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਂਦਾ ਹੈ।

Check Also

ਅਮਰੀਕਾ ਪੜ੍ਹਨ ਗਏ ਭਾਰਤੀ ਵਿਦਿਆਰਥੀ ਦੀ ਭੇਦਭਰੀ ਮੌਤ

ਪੁਲਿਸ ਨੇ ਮੌਤ ਪਿੱਛੇ ਕਿਸੇ ਸਾਜਿਸ਼ ਤੋਂ ਕੀਤਾ ਇਨਕਾਰ ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਬੋਸਟਨ (ਮਾਸਾਚੂਸੈਟਸ) …