-1.4 C
Toronto
Thursday, January 8, 2026
spot_img
Homeਪੰਜਾਬਪਿੰਡ ਬਾਦਲ ਵਿੱਚ ਭਜਾ-ਭਜਾ ਕੇ ਕੁੱਟੇ ਸੁਵਿਧਾ ਮੁਲਾਜ਼ਮ

ਪਿੰਡ ਬਾਦਲ ਵਿੱਚ ਭਜਾ-ਭਜਾ ਕੇ ਕੁੱਟੇ ਸੁਵਿਧਾ ਮੁਲਾਜ਼ਮ

logo-2-1-300x105ਅੱਥਰੂ ਗੈਸ ਤੇ ਜਲ ਤੋਪਾਂ ਦੀ ਵਰਤੋਂ; ਡੇਢ ਦਰਜਨ ਜ਼ਖ਼ਮੀ; ਪੁਲਿਸ ਕਮਾਂਡੋ ਦੀ ਲੱਤ ਟੁੱਟੀ
ਲੰਬੀ : ਪਿੰਡ ਬਾਦਲ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਵੱਲ ਵਧਦੇ ਸੈਂਕੜੇ ਸੁਵਿਧਾ ਕਾਮਿਆਂ ਨੂੰ ਪੰਜਾਬ ਪੁਲਿਸ ਨੇ ਛੱਲੀਆਂ ਵਾਂਗ ਕੁੱਟਿਆ। ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰਨ ਲਈ ਦੋ ਘੰਟੇ ਲਗਾਏ, ਜਿਸ ਦੌਰਾਨ ਉਸ ਨੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਬਰਸਾਏ ਅਤੇ ਜਲ ਤੋਪਾਂ ਵਰਤੀਆਂ। ਇਸ ਕਾਰਨ ਗਰਭਵਤੀ ਔਰਤ ਅਤੇ ਇਕ ਅਪਾਹਜ ਸਮੇਤ ਡੇਢ ਦਰਜਨ ਸੁਵਿਧਾ ਕਰਮਚਾਰੀ ਜ਼ਖ਼ਮੀ ਹੋ ਗਏ। ਦੂਜੇ ਪਾਸੇ ਲੱਤ ਟੁੱਟਣ ਕਰਕੇ ਜ਼ਖ਼ਮੀ ਕਮਾਂਡੋ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸੁਵਿਧਾ ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ਼ ਕੀਤੇ ਜਾਣ ਬਾਅਦ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਇਥੇ ਸਟੇਡੀਅਮ ਵਿਚ ਧਰਨੇ ਵਾਲੀ ਜਗ੍ਹਾ ਤੋਂ ਸੁਵਿਧਾ ਕਾਮਿਆਂ ਨੇ ਅਚਾਨਕ ਪਿੰਡ ਬਾਦਲ ਵੱਲ ਵਹੀਰਾਂ ਘੱਤ ਦਿੱਤੀਆਂ। ਥਾਣੇ ਦੀ ਸਟੇਡੀਅਮ ਨਾਲ ਕੰਧ ਲੱਗਦੀ ਹੋਣ ਦੇ ਬਾਵਜੂਦ ਪੁਲਿਸ ਨੂੂੰ ਕਰਮਚਾਰੀਆਂ ਦੇ ਐਕਸ਼ਨ ਦੀ ਸੂਹ ਤੱਕ ਨਾ ਲੱਗੀ। ਸਟੇਡੀਅਮ ਦੇ ਬਾਹਰ ਪੁਲਿਸ ਮੁਲਾਜ਼ਮਾਂ ਅਤੇ ਬੈਰੀਕੇਡਾਂ ਦੇ ਬਾਵਜੂਦ ਸੁਵਿਧਾ ਕਰਮਚਾਰੀ ਅਗਾਂਹ ਵਧ ਗਏ। ਪੁਲਿਸ ਨੇ ਖਿਉਵਾਲੀ ਦੇ ਖੜਕਾ ਚੌਕ ‘ਤੇ ਪੁੱਜੇ ਕਰਮਚਾਰੀਆਂ ‘ਤੇ ਜ਼ੋਰਦਾਰ ਲਾਠੀਚਾਰਜ ਕੀਤਾ। ਸੁਵਿਧਾ ਕਰਮਚਾਰੀਆਂ ਨੇ ਵੀ ਪੁਲਿਸ ‘ਤੇ ਪਥਰਾਅ ਕਰ ਦਿੱਤਾ। ਪੁਲਿਸ ਦਾ ਦੋਸ਼ ਹੈ ਕਿ ਇਸ ਥਾਂ ‘ਤੇ ਸੁਵਿਧਾ ਕਰਮਚਾਰੀਆਂ ਨੇ ਕਮਾਂਡੋ ਵਰਿੰਦਰ ਸਿੰਘ ਦੀ ਲੱਤ ਤੋੜ ਦਿੱਤੀ, ਜਦ ਕਿ ਕਰਮਚਾਰੀਆਂ ਅਨੁਸਾਰ ਪੁਲਿਸ ਜੀਪ ਵਿੱਚ ਚੜ੍ਹਦੇ ਸਮੇਂ ਉਸ ਦੇ ਹੇਠਾਂ ਆਉਣ ਕਰਕੇ ਕਮਾਂਡੋ ਦੀ ਲੱਤ ਟੁੱਟ ਗਈ।

RELATED ARTICLES
POPULAR POSTS