Breaking News
Home / ਪੰਜਾਬ / ‘ਆਪ’ ਦੇ 8 ਵਿਧਾਇਕਾਂ ਨੇ ਹਾਈਕਮਾਂਡ ਖਿਲਾਫ ਕੀਤੀ ਬਗਾਵਤ

‘ਆਪ’ ਦੇ 8 ਵਿਧਾਇਕਾਂ ਨੇ ਹਾਈਕਮਾਂਡ ਖਿਲਾਫ ਕੀਤੀ ਬਗਾਵਤ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਜਦੋਂ ਸੁਖਪਾਲ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਖੋਹ ਕੇ ਦ੍ਰਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾ ਨੂੰ ਦਿੱਤਾ ਤਾਂ ਪਾਰਟੀ ਵਿਚ ਬਗਾਵਤ ਦਾ ਮਾਹੌਲ ਬਣ ਗਿਆ। ਹੁਣ ‘ਆਪ’ ਦੇ 8 ਵਿਧਾਇਕਾਂ ਨੇ ਹਾਈਕਮਾਂਡ ਖਿਲਾਫ ਝੰਡਾ ਚੁੱਕ ਲਿਆ।
ਖਹਿਰਾ ਨੇ ਪਾਰਟੀ ਦੇ 8 ਵਿਧਾਇਕਾਂ ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਹਿੱਸੋਵਾਲ, ਜੈ ਕਿਸ਼ਨ ਰੋੜੀ ਅਤੇ ਰੁਪਿੰਦਰ ਕੌਰ ਰੂਬੀ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਅਸਿੱਧੇ ਢੰਗ ਨਾਲ ਪਾਰਟੀ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਲੰਘੀ ਰਾਤ ਤੋਂ ਹੀ ਖਹਿਰਾ ਆਪਣੇ ਸਮਰਥਕਾਂ ਨਾਲ ਸੰਪਰਕ ਕਰਕੇ ਅਗਲੀ ਰਣਨੀਤੀ ਘੜ ਰਹੇ ਸਨ ਅਤੇ ਉਨ੍ਹਾਂ ਦੀ ਕੋਠੀ ਵਿੱਚ ਕੁਝ ਵਿਧਾਇਕਾਂ ਨੇ ਲੰਮੀ ਮੀਟਿੰਗ ਕਰਕੇ ਪ੍ਰੋਗਰਾਮ ਉਲੀਕਿਆ।
ਇਸ ਦੌਰਾਨ 8 ਵਿਧਾਇਕਾਂ ਨੇ ਹਾਈਕਮਾਂਡ ਨੂੰ ਰੋਸ ਪੱਤਰ ਲਿਖ ਕੇ ਖਹਿਰਾ ਨੂੰ ਵਿਧਾਇਕਾਂ ਦੀ ਸਹਿਮਤੀ ਲਏ ਬਿਨਾ ਹਟਾ ਕੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਉਪਰ ਇਤਰਾਜ਼ ਕਰਦਿਆਂ ਇਸ ਚੋਣ ਨੂੰ ਗੈਰ-ਸੰਵਿਧਾਨਿਕ ਦੱਸਿਆ। ਇਨ੍ਹਾਂ 8 ਵਿਧਾਇਕਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਇਸ ਫੈਸਲੇ ‘ਤੇ ਮੁੜ ਗੌਰ ਕੀਤਾ ਜਾਵੇ।
ਹਾਈਕਮਾਂਡ ਨੇ ਚੀਮਾ ਦੇ ਅਹੁਦੇ ‘ਤੇ ਸਰਬਸੰਮਤੀ ਨਾਲ ਲਗਾਈ ਮੋਹਰ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਨੇ ਸੋਮਵਾਰ ਸ਼ਾਮ ਦਿੱਲੀ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਨਿਯੁਕਤ ਕਰਨ ਦੇ ਫ਼ੈਸਲੇ ਉਪਰ ਸਰਬਸੰਮਤੀ ਨਾਲ ਮੋਹਰ ਲਾ ਦਿੱਤੀ ਹੈ। ‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਈ ਬੈਠਕ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਾਬਕਾ ਇੰਚਾਰਜ ਤੇ ਰਾਜ ਸਭਾ ਮੈਂਬਰ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਇਹ ਫ਼ੈਸਲਾ ਵੀ ਹੋਇਆ ਕਿ ਖਹਿਰਾ ਵੱਲੋਂ ਬਠਿੰਡਾ ਵਿਚ ਸੱਦੀ ਕਨਵੈਨਸ਼ਨ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਹੈ। ਇਹ ਜਾਣਕਾਰੀ ਸਿਸੋਦੀਆ ਅਤੇ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਮੀਟਿੰਗ ਤੋਂ ਬਾਅਦ ਦਿੱਤੀ। ਮੀਟਿੰਗ ਵਿੱਚ ਸਮੂਹ ਜ਼ੋਨ ਪ੍ਰਧਾਨ, 26 ਜ਼ਿਲ੍ਹਾ ਪ੍ਰਧਾਨਾਂ ਵਿੱਚੋਂ 23 ਅਤੇ ਕਿਸਾਨ ਵਿੰਗ ਨੂੰ ਛੱਡ ਕੇ ਬਾਕੀ ਸਾਰੇ ਵਿੰਗਾਂ ਦੇ ਪ੍ਰਧਾਨ ਤੇ ਸਹਿ-ਪ੍ਰਧਾਨ ਸ਼ਾਮਲ ਸਨ। ਭਾਵੇਂ 7 ਵਿਧਾਇਕ ਖਹਿਰਾ ਦੀ ਪਿੱਠ ‘ਤੇ ਖੜ੍ਹੇ ਹਨ ਪਰ ਪਾਰਟੀ ਵਿੱਚੋਂ ਉਨ੍ਹਾਂ ਨੂੰ ਕੋਈ ਸਮਰਥਨ ਨਹੀਂ ਮਿਲ ਸਕਿਆ ਹੈ। ਮੀਟਿੰਗ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਉਪਰ ਤਿੱਖੇ ਹਮਲੇ ਕਰਦਿਆਂ ਫ਼ੈਸਲਾ ਕੀਤਾ ਗਿਆ ਕਿ ਭਵਿੱਖ ਵਿੱਚ ਪਾਰਟੀ ਬੈਂਸ ਭਰਾਵਾਂ ਨਾਲ ਕੋਈ ਸਿਆਸੀ ਸਮਝੌਤਾ ਨਹੀਂ ਕਰੇਗੀ। ਆਗੂਆਂ ਨੇ ਦੋਸ਼ ਲਾਇਆ ਕਿ ਬੈਂਸ ਭਰਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਾਜ਼ਿਸ਼ ‘ਤੇ ‘ਆਪ’ ਦੇ ਕੁਝ ਆਗੂਆਂ ਦੇ ਮੋਢਿਆਂ ਉਪਰ ਬੰਦੂਕ ਰੱਖ ਕੇ ਕੇਜਰੀਵਾਲ ਵਿਰੁੱਧ ਸਿਆਸੀ ਹਮਲੇ ਕਰਦੇ ਆ ਰਹੇ ਹਨ। ਸੂਤਰਾਂ ਅਨੁਸਾਰ ਮੀਟਿੰਗ ਵਿੱਚ ਸਿਸੋਦੀਆ ਨੇ ਸਵਾਲ ਉਠਾਇਆ ਕਿ ਖਹਿਰਾ, ਕੈਪਟਨ ਅਤੇ ਬਾਦਲਾਂ ਵਿਰੁੱਧ ਤਾਂ ਨਿਰੰਤਰ ਬੋਲਦੇ ਰਹਿੰਦੇ ਹਨ ਪਰ ‘ਆਪ’ ਵਿਰੁੱਧ ਬੋਲਣ ਵਾਲੇ ਬੈਂਸ ਭਰਾਵਾਂ ਬਾਰੇ ਉਹ ਖਾਮੋਸ਼ ਕਿਉਂ ਰਹਿਦੇ ਹਨ? ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਸਿਮਰਜੀਤ ਸਿੰਘ ਬੈਂਸ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੂੰ ‘ਪੱਪੂ’ ਕਹਿਣ ਲਈ ਸਮੁੱਚੇ ਦਲਿਤ ਭਾਈਚਾਰੇ ਕੋਲੋਂ ਮੁਆਫ਼ੀ ਮੰਗਣ ਕਿਉਂਕਿ ਉਨ੍ਹਾਂ ਅਜਿਹਾ ਆਖ ਕੇ ਸਮੁੱਚੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ।
15 ਵਿਧਾਇਕਾਂ ਨੇ ਖਹਿਰਾ ਨੂੰ ਬਦਲਣ ਲਈ ਭਰੀ ਹਾਮੀ: ਡਾ. ਬਲਬੀਰ
ਪਟਿਆਲਾ : ਲੋਕ ਇਨਸਾਫ਼ ਪਾਰਟੀ ਦੇ ਆਗੂ ਬੈਂਸ ਭਰਾਵਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਵੀ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਉਣ ਦਾ ਇਕ ਕਾਰਨ ਬਣੀਆਂ। ਇਸ ਤੋਂ ਇਲਾਵਾ ਪਾਰਟੀ ਵਿੱਚ ਕੀਤੀ ਜਾ ਰਹੀ ਅਨੁਸ਼ਾਸਨਹੀਣਤਾ ਵੀ ਉਸ ਦੇ ਵਿਰੋਧ ਵਿੱਚ ਵੱਡਾ ਮੁੱਦਾ ਬਣਿਆ ਹੈ। ਇਹ ਗੱਲ ‘ਆਪ’ ਦੇ ਉਪ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਇਹ ਨਿਰੀ ਅਫ਼ਵਾਹ ਹੈ ਕਿ ਪਾਰਟੀ ਦੀ ਕੇਂਦਰੀ ਹਾਈ ਕਮਾਂਡ ਨੇ ਪੰਜਾਬ ਦੇ ਵਿਧਾਇਕਾਂ ਨੂੰ ਪੁੱਛਿਆ ਨਹੀਂ, ਜਦਕਿ ਪਾਰਟੀ ਦੇ 15 ਵਿਧਾਇਕਾਂ ਨੇ ਲਿਖ ਕੇ ਸੁਖਪਾਲ ਸਿੰਘ ਖਹਿਰਾ ਨੂੰ ਹਟਾਉਣ ਲਈ ਹਾਮੀ ਭਰੀ ਹੈ।
ਕੇਜਰੀਵਾਲ ਨੇ ਬੈਂਸ ਖਿਲਾਫ ਖੋਲ੍ਹਿਆ ਮੋਰਚਾ
ਕਿਹਾ, ਸਿਮਰਜੀਤ ਸਿੰਘ ਬੈਂਸ ਦੀ ਦਲਿਤਾਂ ਪ੍ਰਤੀ ਸੋਚ ਘਟੀਆ
ਨਵੀਂ ਦਿੱਲੀ/ਬਿਊਰੋ ਨਿਊਜ਼ : 2ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਅਰਵਿੰਦ ਕੇਜਰੀਵਾਲ ਨੇ ਮੋਰਚਾ ਖੋਲ੍ਹ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਸਿਮਰਜੀਤ ਬੈਂਸ ਦੀ ਦਲਿਤ ਭਾਈਚਾਰੇ ਪ੍ਰਤੀ ਸੋਚ ਘਟੀਆ ਹੈ, ਉਸ ਨੂੰ ਦਲਿਤ ਭਾਈਚਾਰੇ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਚੇਤੇ ਰਹੇ ਕਿ ਪਿਛਲੇ ਦਿਨੀਂ ਬੈਂਸ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ‘ਪੱਪੂ’ ਕਰਾਰ ਦਿੱਤਾ ਸੀ। ਬੈਂਸ ਨੇ ਹਰਪਾਲ ਸਿੰਘ ਚੀਮਾ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ‘ਆਪ’ ਨੂੰ ‘ਪੱਪੂਆਂ’ ਦੀ ਲੋੜ ਹੈ, ਜੋ ਚੁੱਪ ਚਾਪ ਉਨ੍ਹਾਂ ਦਾ ਹੁਕਮ ਮੰਨਦੇ ਰਹਿਣ। ਆਮ ਆਦਮੀ ਪਾਰਟੀ ਵਿਚ ਪਏ ਘਸਮਾਣ ਲਈ ਵੀ ਸਿਮਰਜੀਤ ਬੈਂਸ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਹਟਾਏ ਜਾਣ ਬਾਰੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਕਾਂਗਰਸ ਦੀ ਸ਼ਰਤ ਪੁਗਾਉਣ ਲਈ ਹੀ ਅਰਵਿੰਦ ਕੇਜਰੀਵਾਲ ਨੇ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਹੈ।
‘ਆਪ’ ਤੇ ਲੋਕ ਇਨਸਾਫ ਪਾਰਟੀ ‘ਚ ਸ਼ੋਸ਼ਲ ਮੀਡੀਆ ‘ਤੇ ਛਿੜੀ ਜੰਗ
ਚਰਚਾ : ਸਿਮਰਜੀਤ ਬੈਂਸ ਕਾਰਨ ਗਈ ਖਹਿਰਾ ਦੀ ਕੁਰਸੀ
ਲੁਧਿਆਣਾ : ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ (ਆਪ) ਵੱਲੋਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕਰਨ ਮਗਰੋਂ ‘ਆਪ’ ਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਿਚਾਲੇ ਸੋਸ਼ਲ ਮੀਡੀਆ ‘ਤੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ‘ਆਪ’ ਵਰਕਰਾਂ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਇੱਕ ਫੋਟੋ ਫੇਸਬੁੱਕ ‘ਤੇ ਵਾਇਰਲ ਕੀਤੀ ਹੈ, ਜਿਸ ਵਿੱਚ ਸੁਖਪਾਲ ਸਿੰਘ ਖਹਿਰਾ, ਵਿਧਾਇਕ ਬੈਂਸ ਤੇ ਸਾਬਕਾ ਸਿਹਤ ਮੰਤਰੀ ਸਤਪਾਲ ਗੁਸਾਈਂ ਦਿਖਾਈ ਦੇ ਰਹੇ ਹਨ। ਇਸ ਫੋਟੋ ‘ਤੇ ਸਾਰਾ ਦਿਨ ਚਰਚਾ ਰਹੀ ਕਿ ਵਿਧਾਇਕ ਬੈਂਸ ਨੇ ਭਾਜਪਾ ਆਗੂ ਨਾਲ ਖਹਿਰਾ ਦਾ ਮੁਲਾਕਾਤ ਕਰਵਾਈ ਹੈ, ਜਿਸ ਨੂੰ ਲੋਕ ਸਭਾ ਚੋਣਾਂ 2019 ਨਾਲ ਜੋੜ ਵੇਖਿਆ ਜਾ ਰਿਹਾ ਹੈ। ਇਸ ਨੂੰ ‘ਆਪ’ ਵਰਕਰ ਆਧਾਰ ਬਣਾ ਰਹੇ ਹਨ ਕਿ ਬੈਂਸ ਕਾਰਨ ਹੀ ਖਹਿਰਾ ਦੀ ਕੁਰਸੀ ਗਈ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਿੱਚ ਜ਼ੁਬਾਨੀ ਜੰਗ ਫੇਸਬੁੱਕ ‘ਤੇ ਜਾਰੀ ਹੈ। ਦੋਵੇਂ ਪਾਰਟੀਆਂ ਦੇ ਵਰਕਰ ਇੱਕ ਦੂਜੇ ਨੂੰ ਫੇਸਬੁੱਕ ‘ਤੇ ਮਾੜਾ ਚੰਗਾ ਕਹਿ ਰਹੇ ਹਨ। ‘ਆਪ’ ਦੇ ਸੋਸ਼ਲ ਮੀਡੀਆ ਦੀ ਦੇਖ-ਰੇਖ ਕਰਨ ਵਾਲੇ ਪੁਨੀਤ ਸਾਹਨੀ ਨੇ ਐਤਵਾਰ ਨੂੰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ‘ਬਹੁਰੂਪੀਆ’ ਲਿਖ ਫੇਸਬੁੱਕ ‘ਤੇ ਪੋਸਟ ਪਾਈ, ਜਿਸ ਵਿੱਚ ਵਿਧਾਇਕ ਬੈਂਸ ਦੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਨਵਜੋਤ ਸਿੰਘ ਸਿੱਧੂ ਨਾਲ ਬਣਾਏ ਮੋਰਚੇ ਦੀਆਂ ਤਸਵੀਰਾਂ ਸਨ।
ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਨੇ ਵੀ ਫੇਸਬੁੱਕ ‘ਤੇ ‘ਆਪ’ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਐਤਵਾਰ ਨੂੰ ਲੋਕ ਇਨਸਾਫ਼ ਪਾਰਟੀ ਦੇ ਵਰਕਰ ਨੇ ਕਈ ਪੋਸਟਾਂ ਪਾਈਆਂ, ਜਿਸ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫ਼ੀ ਮੰਗਣ ਦੇ ਮੁੱਦੇ ਨੂੰ ਪੰਜਾਬੀ ਨਾਲ ਧੋਖਾ ਕਰਾਰ ਦਿੱਤਾ। ਨਾਲ ਹੀ ਲਿਖਿਆ ਹੈ ਕਿ ਕੇਜਰੀਵਾਲ ਨੇ ਬਿਕਰਮ ਮਜੀਠੀਆ ਕੋਲੋਂ ਡਰ ਕੇ ਮੁਆਫ਼ੀ ਮੰਗੀ ਹੈ। ਫੇਸਬੁੱਕ ‘ਤੇ ਇਨ੍ਹਾਂ ਪੋਸਟਾਂ ਦੀ ਛੁੱਟੀ ਵਾਲੇ ਦਿਨ ਕਾਫ਼ੀ ਚਰਚਾ ਰਹੀ। ਲੋਕ ਇਨ੍ਹਾਂ ਨੂੰ ਵਟਸਐਪ ‘ਤੇ ਵੀ ਸ਼ੇਅਰ ਕਰਦੇ ਰਹੇ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …