ਇਸ ਪ੍ਰੋਜੈਕਟ ਨੂੰ ਖਰੀਦਣ ਲਈ 12 ਪਾਰਟੀਆਂ ਆਈਆਂ ਅੱਗੇ
ਚੰਡੀਗੜ੍ਹ : ਗੋਇੰਦਵਾਲ ਸਾਹਿਬ ‘ਚ 540 ਮੈਗਾਵਾਟ ਦਾ ਨਿੱਜੀ ਥਰਮਲ ਪਾਵਰ ਪਲਾਂਟ ਹੁਣ ਨਿਲਾਮ ਹੋਵੇਗਾ। ਇਸ ਥਰਮਲ ਪਲਾਂਟ ਨੂੰ ਚਲਾਉਣ ਵਾਲੀ ਕੰਪਨੀ ਜੀ.ਵੀ.ਕੇ. ਪਾਵਰ ਕਾਰਪੋਰੇਟ ਨੇ ਦੀਵਾਲੀਆ ਪ੍ਰਕਿਰਿਆ ਅਪਣਾ ਲਈ ਹੈ। ਫਿਲਹਾਲ ਮੰਨਣਾ ਹੈ ਕਿ ਇਸ ਪੂਰੀ ਪ੍ਰਕਿਰਿਆ ਨਾਲ ਬਿਜਲੀ ਦੀ ਉਪਲਬਧਤਾ ‘ਤੇ ਕੋਈ ਅਸਰ ਨਹੀਂ ਪਵੇਗਾ। ਜੋ ਵੀ ਇਸ ਬੋਲੀ ਨੂੰ ਜਿੱਤੇਗਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨਾਲ ਹੋਏ ਐਗਰੀਮੈਂਟ ਦੇ ਅਨੁਸਾਰ ਸਮਝੌਤਾ ਜਾਰੀ ਰਹੇਗਾ।
ਮਿਲੀ ਜਾਣਕਾਰੀ ਅਨੁਸਾਰ ਇਸ ਪ੍ਰੋਜੈਕਟ ਨੂੰ ਖਰੀਦਣ ਲਈ 12 ਪਾਰਟੀਆਂ ਅੱਗੇ ਆਈਆਂ ਹਨ। ਜਿਨ੍ਹਾਂ ਵਿਚ ਪੀਐਸਪੀਸੀਐਲ ਵੀ ਸ਼ਾਮਲ ਹੈ। ਖਰੀਦ ਦੇ ਲਈ ਬੋਲੀ 15 ਜੂਨ ਤੱਕ ਭੇਜਣ ਲਈ ਕਿਹਾ ਗਿਆ ਹੈ। ਇਸ ਸਬੰਧੀ ਬੋਲੀ ਵਿਚ ਹਿੱਸਾ ਲੈਣ ਲਈ ਪੰਜਾਬ ਸਰਕਾਰ ਨੇ ਇਕ ਕਮੇਟੀ ਬਣਾਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣੀ ਕੈਬਨਿਟ ਸਬ-ਕਮੇਟੀ ਨੇ ਇਸ ਪ੍ਰਾਈਵੇਟ ਥਰਮਲ ਨੂੰ ਖਰੀਦਣ ਲਈ ਪੰਜਾਬ ਦੇ ਹਿੱਤਾਂ ਦੇ ਪੱਖ ਤੋਂ ਨਫੇ-ਨੁਕਸਾਨ ਦੇਖਣ ਲਈ ਇੱਕ ਮੀਟਿੰਗ ਵੀ ਕੀਤੀ ਹੈ। ਕੈਬਨਿਟ ਸਬ-ਕਮੇਟੀ ਖਰੀਦ ਪ੍ਰਕਿਰਿਆ, ਭਵਿੱਖ ਦੀਆਂ ਬਿਜਲੀ ਲੋੜਾਂ ਆਦਿ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਇਸ ਬਾਰੇ ਵਿੱਤ ਦੇ ਪ੍ਰਬੰਧ ਅਤੇ ਕਾਨੂੰਨੀ ਮਸ਼ਵਰੇ ਵੀ ਲਏ ਜਾ ਰਹੇ ਹਨ।
2016 ‘ਚ ਚਾਲੂ ਹੋਇਆ ਸੀ ਥਰਮਲ
ਗੋਇੰਦਵਾਲ ਸਾਹਿਬ ‘ਚ ਥਰਮਲ ਪਲਾਂਟ ਅਪਰੈਲ 2016 ਵਿਚ ਚਾਲੂ ਹੋਇਆ ਸੀ। ਇਸ ਥਰਮਲ ਦੀ ਸਮਰੱਥਾ 540 ਮੈਗਾਵਾਟ ਦੀ ਹੈ। ਪ੍ਰਾਈਵੇਟ ਸੈਕਟਰ ਦਾ ਪਹਿਲਾਂ ਵਣਾਂਵਾਲੀ ਥਰਮਲ ਪਲਾਂਟ 2013 ਵਿਚ ਚਾਲੂ ਹੋਇਆ। ਇਸ ਦੇ ਤਿੰਨ ਯੂਨਿਟਾਂ ਦੀ ਸਮਰੱਥਾ 1980 ਮੈਗਾਵਾਟ ਹੈ। 2014 ਵਿਚ ਚਾਲੂ ਹੋਏ ਰਾਜਪੁਰਾ ਥਰਮਲ ਪਲਾਂਟ ਦੀ ਸਮਰੱਥਾ 1400 ਮੈਗਾਵਾਟ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …