ਸਾਹਿਤ ਨਾਲ ਜੁੜੀਆਂ ਰੁਚੀਆਂ ਦਾ ਆਨੰਦ ਵੀ ਮਾਣ ਰਹੇ ਨੇ ਲੋਕ
ਨਵੀਂ ਦਿੱਲੀ : ਕਿਸਾਨੀ ਸੰਘਰਸ਼ ਦੇ ਪ੍ਰਤੀਕ ਬਣੇ ਦਿੱਲੀ ਦੇ ਮੋਰਚਿਆਂ ਵਿੱਚ ਸਾਹਿਤਕ ਰੁਚੀਆਂ ਰੱਖਣ ਵਾਲਿਆਂ ਲਈ ਵੀ ਬੜਾ ਕੁਝ ਹੈ। ਖਾਸ ਕਰਕੇ ਟਿਕਰੀ ਅਤੇ ਸਿੰਘੂ ਬਾਰਡਰ ਉੱਤੇ ਲਾਇਬ੍ਰੇਰੀਆਂ ਬਣ ਚੁੱਕੀਆਂ ਹਨ। ਜੰਗੀ ਕਿਤਾਬ ਘਰ, ਭਗਤ ਸਿੰਘ ਲਾਇਬ੍ਰੇਰੀ, ਇਨਕਲਾਬੀ ਸਾਹਿਤ ਅਤੇ ਖੱਬੇ ਪੱਖੀ ਸਾਹਿਤ ਸਮੇਤ ਦਲਿਤ ਚੇਤਨਾ ਨਾਲ ਜੁੜਿਆ ਸਾਹਿਤ ਵੀ ਆਰਜ਼ੀ ਲਾਇਬ੍ਰੇਰੀਆਂ ਵਿੱਚੋਂ ਮਿਲ ਜਾਂਦਾ ਹੈ। ਪੰਜਾਬੀ ਸਾਹਿਤ ਨਾਲ ਜੁੜੀਆਂ ਕਿਤਾਬਾਂ ਵੀ ਪੜ੍ਹਨ ਨੂੰ ਮਿਲ ਰਹੀਆਂ ਹਨ। ਟਿਕਰੀ ‘ਚ ਤਰਕਸ਼ੀਲ ਸਾਹਿਤ ਦੇ ਨਾਲ-ਨਾਲ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਦੇ ਵੀ ਲੰਗਰ ਲਾਏ ਗਏ ਹਨ। ਸਾਹਿਤਕਾਰ ਵੀ ਆਪਣੀ ਹਾਜ਼ਰੀ ਲਵਾ ਰਹੇ ਹਨ। ਸਿੰਘੂ ‘ਚ ਪੰਜਾਬੀ ਸਾਹਿਤ ਸਭਾ ਦਿੱਲੀ ਸਮੇਤ ਹੋਰ ਸੰਸਥਾਵਾਂ ਨੇ ਆਪਣਾ ਯੋਗਦਾਨ ਸਾਹਿਤਕ ਰੁਚੀਆਂ ਵਾਲਿਆਂ ਦੀ ਮਦਦ ਕਰਕੇ ਪਾਇਆ ਜਾ ਰਿਹਾ ਹੈ। ਹਿੰਦੀ ਅਤੇ ਅੰਗਰੇਜ਼ੀ ‘ਚ ਵੀ ਇਨਕਲਾਬੀ ਸਾਹਿਤ ਨਾਲ ਜੁੜੀਆਂ ਕਿਤਾਬਾਂ ਇਥੇ ਮਿਲ ਰਹੀਆਂ ਹਨ। ਦਲਿਤ ਸਾਹਿਤ ਦਾ ਸਟਾਲ ਸਿੰਘੂ ਬਾਰਡਰ ‘ਤੇ ਲਾਇਆ ਗਿਆ ਹੈ। ਤਾਰਾ ਫੀਡ ਵੱਲੋਂ ਵਾਟਰ ਪਰੂਫ ਟੈਂਟ ਲਾ ਕੇ ਸਾਹਿਤਕ ਕਿਤਾਬਾਂ ਲਈ ਸਟਾਲ ਦਿੱਤਾ ਗਿਆ ਹੈ।
ਭਗਤ ਸਿੰਘ ਦੀਆਂ ਹੱਥ ਲਿਖਤਾਂ ਨਾਲ ਸਬੰਧਤ ਪੁਸਤਕ ਲੋਕ ਅਰਪਿਤ
ਨਵੀਂ ਦਿੱਲੀ : ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਤੇ ਟਰਾਲੀ ਟਾਈਮਜ਼ ਦੇ ਮੁੱਖ ਦਫ਼ਤਰ ‘ਚ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ ਆਦਿ ਸੂਬਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਦੀਆਂ ਮਹਿਲਾ ਆਗੂਆਂ ਵੱਲੋਂ ‘ਸ਼ਹੀਦ ਭਗਤ ਸਿੰਘ ਦੀਆਂ ਹੱਥ ਲਿਖਤਾਂ’, ਜੋ ਚਿੱਠੀਆਂ ਅਤੇ ਹੋਰ ਲੇਖ ਹਨ, ਪੁਸਤਕ ਦਾ ਦੂਸਰਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ। ਇਹ ਪੁਸਤਕ ਗੁਰਿੰਦਰ ਸਿੰਘ ਨੀਟਾ ਮਾਛੀਕੇ ਦੁਆਰਾ ਸੰਪਾਦਿਤ ਹੈ। ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਇਹ ਪੁਸਤਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਲਿਖਤਾਂ ਦਾ ਵਡਮੁੱਲਾ ਦਸਤਾਵੇਜ਼ ਹੈ। ਇਸ ਦੌਰਾਨ ਇਹ ਪੁਸਤਕ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਟਿਕਰੀ ਬਾਰਡਰ ‘ਤੇ ਕਿਸਾਨਾਂ ਨੂੰ ਮੁਫ਼ਤ ਵੰਡੀ ਗਈ।