ਸੰਗਰੂਰ ਸੈਟੇਲਾਈਟ ਸੈਂਟਰ ਵੀ ਭਲਕੇ ਮੋਦੀ ਵੱਲੋਂ ਰਾਸ਼ਟਰ ਨੂੰ ਕੀਤਾ ਜਾਵੇਗਾ ਸਮਰਪਿਤ
ਫਿਰੋਜ਼ਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਫਰਵਰੀ ਨੂੰ ਫਿਰੋਜ਼ਪੁਰ ’ਚ 100 ਬਿਸਤਰਿਆਂ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਜਦਕਿ ਸੰਗਰੂਰ ਸਥਿਤ ਪੀਜੀਆਈ ਦੇ 300 ਬਿਸਤਰਿਆਂ ਵਾਲਾ ਸੈਟੇਲਾਈਟ ਸੈਂਟਰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਰਾਜਕੋਟ ਤੋਂ ਵਰਚੂਅਲੀ ਇਨ੍ਹਾਂ ਦੋਵੇਂ ਸਮਾਗਮਾਂ ਵਿਚ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵੇਂ ਪ੍ਰੋਜੈਕਟਾਂ ਦਾ ਐਲਾਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਕੀਤਾ ਗਿਆ ਸੀ। ਸੰਗਰੂਰ ’ਚ 300 ਬਿਸਤਰਿਆਂ ਵਾਲਾ ਪ੍ਰੋਜੈਕਟ ਪੂਰਾ ਹੋ ਚੁੱਕਿਆ ਹੈ ਜਦਕਿ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ’ਚ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਕੰਮ ਫਿਲਹਾਲ ਪੈਂਡਿੰਗ ਹੈ। ਧਿਆਨ ਰਹੇ ਕਿ ਜਦੋਂ 5 ਫਰਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਪੀਜੀਆਈ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਫਿਰੋਜ਼ਪੁਰ ਜਾ ਰਹੇ ਸਨ ਤਾਂ ਕੁੱਝ ਕਾਰਨਾਂ ਦੇ ਚਲਦਿਆਂ ਉਨ੍ਹਾਂ ਨੂੰ ਰਸਤੇ ਵਿਚੋਂ ਵਾਪਸ ਨਵੀਂ ਦਿੱਲੀ ਪਰਤਣਾ ਪਿਆ ਸੀ।