‘ਆਪ’ ਵਿਧਾਇਕ ਦਲਬੀਰ ਟੌਂਗ ਦੇ ਕਾਫਲੇ ਨੂੰ ਰੋਕਣ ਦਾ ਲੱਗਿਆ ਹੈ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਵਾਲੇ ਦਿਨ 10 ਮਈ ਨੂੰ ਸ਼ਾਹਕੋਟ ’ਚ ਹੋਏ ਹੰਗਾਮੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ 12 ਹੋਰ ਵਿਅਕਤੀਆਂ ਖਿਲਾਫ਼ ਵੀ ਸ਼ਾਹਕੋਟ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਧਿਆਨ ਰਹੇ ਕਿ 10 ਮਈ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪਾਈਆਂ ਜਾ ਰਹੀਆਂ ਵੋਟਾਂ ਦੌਰਾਨ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੋਸ਼ ਲਾਇਆ ਸੀ ਕਿ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਜਲੰਧਰ ’ਚ ਘੁੰਮ ਰਹੇ ਸਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਿੰਗ ਵਾਲੇ ਦਿਨ ਬਾਹਰੀ ਜ਼ਿਲ੍ਹੇ ਦਾ ਕੋਈ ਵਿਅਕਤੀ ਜਲੰਧਰ ’ਚ ਨਹੀਂ ਸੀ ਆ ਸਕਦਾ। ਇਸ ਤੋਂ ਬਾਅਦ ‘ਆਪ’ ਵਿਧਾਇਕ ਦੀ ਗੱਡੀ ਨੂੰ ਕਾਂਗਰਸੀ ਵਰਕਰਾਂ ਵੱਲੋਂ ਘੇਰਾ ਪਾ ਲਿਆ ਗਿਆ ਸੀ। ਮੌਕੇ ’ਤੇ ਪੁੱਜੀ ਪੁਲਿਸ ਹਾਲਾਤ ਦੇ ਮੱਦੇਨਜ਼ਰ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਆਪਣੇ ਨਾਲ ਥਾਣੇ ਲੈ ਗਈ ਅਤੇ ਉਸ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਹੁਣ ਵਿਧਾਇਕ ਦਲਬੀਰ ਟੌਂਗ ਦੇ ਡਰਾਈਵਰ ਗਗਨਦੀਪ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਅਤੇ ਹੋਰਨਾਂ ਖਿਲਾਫ਼ ਟੌਂਗ ਦਾ ਕਾਫ਼ਲਾ ਰੋਕਣ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਚਲਦਿਆਂ ਮਾਮਲਾ ਦਰਜ ਕੀਤਾ ਗਿਆ ਹੈ।