ਕਿਹਾ : ਗੱਲ-ਗੱਲ ’ਤੇ ਪ੍ਰਦਰਸ਼ਨ ਨਾ ਕਰਨ ਕਿਸਾਨ ਜਥੇਬੰਦੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ’ਚ ਇਕ ਪ੍ਰੋਗਰਾਮ ਦੌਰਾਨ ਸੂਬੇ ਦੇ ਕਿਸਾਨਾਂ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਸੂਬੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਗੱਲ-ਗੱਲ ਪ੍ਰਦਰਸ਼ਨ ਨਾ ਕਰਿਆ ਕਰਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੰਘੇ ਦਿਨੀਂ ਬਟਾਲਾ ’ਚ ਇਕ ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਨਾੜ ਨੂੰ ਲਗਾਈ ਗਈ ਅੱਗ ਵਿਚ ਸੜਨ ਕਾਰਨ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਉਨ੍ਹਾਂ ਪੁੱਛਿਆ ਕਿ ਕਿਸਾਨ ਜਥੇਬੰਦੀਆਂ ਨੇ ਸੜ ਕੇ ਮਰਨ ਵਾਲੇ ਨੌਜਵਾਨ ਦੇ ਹੱਕ ਵਿਚ ਧਰਨਾ ਕਿਉਂ ਨਹੀਂ ਲਗਾਇਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਥਾਂ-ਥਾਂ ’ਤੇ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ। ਉਨ੍ਹਾਂ ਪੁੱਛਿਆ ਕਿ ਹੁਣ ਧਰਨਾ ਲਗਾਉਣ ਵਾਲੇ ਕਿਸਾਨ ਆਗੂ ਕਿੱਥੇ ਹਨ, ਜੋ ਕਹਿ-ਕਹਿ ਕੇ ਨਾੜ ਨੂੰ ਅੱਗ ਲਗਵਾਉਂਦੇ ਹਨ। ਇਸ ਨੂੰ ਦੇਖ ਕੇ ਇਸ ਤਰ੍ਹਾਂ ਲਗਦਾ ਹੈ ਕਿ ਪੰਜਾਬ ਦੇ ਕਿਸਾਨ ਆਪਣੇ ਵਾਤਾਵਰਣ ਨੂੰ ਠੀਕ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਪੰਜਾਬ ਸਰਕਾਰ ਦਾ ਸਾਥ ਦੇਣ ਦਾ ਹਰ ਮਸਲੇ ਦਾ ਹੱਲ ਨਿਕਲ ਆਉਂਦਾ ਹੈ। ਪ੍ਰੰਤੂ ਇਸ ਤਰ੍ਹਾਂ ਲਗਦਾ ਹੈ ਕਿ ਪੰਜਾਬ ਦੇ ਕਿਸਾਨ ਤਾਂ ਸਰਕਾਰ ਨੂੰ ਹਰਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਹਿਲਾਂ ਜੇਕਰ ਕਿਸੇ ਜਥੇਬੰਦੀ ਵੱਲੋਂ ਧਰਨਾ ਲਗਾਇਆ ਜਾਂਦਾ ਸੀ ਤਾਂ ਉਸ ਪਿੱਛ ਕੋਈ ਕਾਰਨ ਹੁੰਦਾ ਸੀ ਪ੍ਰੰਤੂ ਅੱਜ ਕੱਲ੍ਹ ਤਾਂ ਧਰਨਾ ਲਗਾਉਣ ਲਈ ਜਗ੍ਹਾ ਦੇਖੀ ਜਾਂਦੀ ਹੈ ਕਾਰਨ ਨਹੀਂ। ਜਿੱਥੇ ਜਗ੍ਹਾ ਮਿਲੀ ਉਥੇ ਹੀ ਚਾਦਰਾਂ ਵਿਛਾ ਕੇ ਧਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਮੰਗਾਂ ਬਾਰੇ ਬਾਅਦ ਵਿਚ ਸੋਚਿਆ ਜਾਂਦਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿਕਾਸ ਲਈ ਸਮੂਹ ਪੰਜਾਬੀਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …