ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨਿੱਜੀ ਦੂਸ਼ਣਬਾਜ਼ੀ ਤੋਂ ਦੂਰ ਰਹਿਣ: ਮੁੱਖ ਮੰਤਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਮੰਗਲਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਬਜਟ ਇਜਲਾਸ ਸਰਕਾਰ ਵਲੋਂ 3 ਦਿਨ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਵਰਚੂਅਲ ਉਦਘਾਟਨਾਂ ‘ਤੇ ਸਵਾਲ ਚੁੱਕੇ।
ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਟੀਵੀ ਤੋਂ ਹੀ ਪਤਾ ਲੱਗਾ ਕਿ ਪੰਜਾਬ ਦੇ ਸ਼ੰਭੂ ਤੋਂ ਸਾਹਨੇਵਾਲ (ਲੁਧਿਆਣਾ) ਤੱਕ 7 ਰੇਲਵੇ ਸਟੇਸ਼ਨਾਂ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ।
ਸੀਐਮ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਜਿਹਾ ਸਿਰਫ ਵਾਹ-ਵਾਹ ਖੱਟਣ ਲਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਕੇਂਦਰ ਸਰਕਾਰ ਨਾਲ ਜੁੜਿਆ ਹੈ ਅਤੇ ਕੇਂਦਰ ਵਰਚੂਅਲ ਉਦਘਾਟਨ ਕਰ ਰਿਹਾ ਹੈ। ਸੀਐਮ ਮਾਨ ਨੇ ਕਿਹਾ ਕਿ ਇਕ ਪਾਸੇ ਰਾਜਪਾਲ ਬੈਠ ਜਾਂਦੇ ਹਨ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਘਾਟਨ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਭਾਜਪਾ ਅਤੇ ਨਰਿੰਦਰ ਮੋਦੀ ਦੇ ਨਾਅਰੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਹ ਸਿਰਫ ਵਾਹ-ਵਾਹ ਬਟੋਰਨ ਲਈ ਹੈ। ਇਸੇ ਦੌਰਾਨ ਭਗਵੰਤ ਮਾਨ ਨੇ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਾਰੇ ਆਗੂਆਂ ਨੂੰ ਸਮਝਾਵਾਂਗੇ ਕਿ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਖਿਲਾਫ ਨਿੱਜੀ ਟਿੱਪਣੀ ਨਾ ਕੀਤੀ ਜਾਵੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਾਮੀ ਲੋਕ ਸਭਾ ਦੇ ਮੱਦੇਨਜ਼ਰ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੂੰ ਨਿੱਜੀ ਦੂਸ਼ਣਬਾਜ਼ੀ ਤੋਂ ਦੂਰ ਰਹਿਣ ਲਈ ਕਿਹਾ।
ਬਜਟ ਇਜਲਾਸ ਦੌਰਾਨ ਸੱਤਾਧਾਰੀ ਤੇ ਵਿਰੋਧੀ ਧਿਰ ਵਿਚਾਲੇ ਨਿੱਜੀ ਚਿੱਕੜ ਉਛਾਲੀ ਨੇ ਸਿਖ਼ਰਾਂ ਵੀ ਛੂਹੀਆਂ ਪਰ ਸਮਾਪਤੀ ਸੁਖਾਵੇਂ ਮਾਹੌਲ ਵਿੱਚ ਹੋਈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੰਗਲਵਾਰ ਨੂੰ ਦੁਪਹਿਰ 12 ਵਜੇ ਬਜਟ ਸੈਸ਼ਨ ਅਣਮਿਥੇ ਸਮੇਂ ਲਈ ਉਠਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਅਗਾਮੀ ਚੋਣਾਂ ਦੌਰਾਨ ਸਿਆਸੀ ਧਿਰਾਂ ਨੂੰ ਨਿੱਜੀ ਤੋਹਮਤਾਂ ‘ਚ ਨਹੀਂ ਪੈਣਾ ਚਾਹੀਦਾ ਅਤੇ ਭਾਸ਼ਣ ਸਿਆਸੀ ਕਾਰਗੁਜ਼ਾਰੀ ਦੇ ਆਧਾਰ ‘ਤੇ ਕੇਂਦਰਤ ਹੋਣੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਅਗਾਮੀ ਚੋਣਾਂ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਦੇ ਚੋਣ ਪ੍ਰੋਗਰਾਮਾਂ ‘ਚ ਕੋਈ ਅੜਿੱਕਾ ਨਹੀਂ ਪੈਣ ਦਿੱਤਾ ਜਾਵੇਗਾ। ਉਨ੍ਹਾਂ ਸਦਭਾਵਨਾ ਵਜੋਂ ਸਰਬ ਪਾਰਟੀ ਮੀਟਿੰਗ ਬੁਲਾਏ ਜਾਣ ਦੀ ਗੱਲ ਵੀ ਰੱਖੀ।
ਭਾਸ਼ਨ ਦੌਰਾਨ ਵਿਰੋਧੀ ਧਿਰਾਂ ਤਰਫ਼ੋਂ ਉਕਸਾਏ ਜਾਣ ਦੇ ਬਾਵਜੂਦ ਮੁੱਖ ਮੰਤਰੀ ਨੇ ਵਿਰੋਧੀ ਸ਼ਬਦਾਂ ਨੂੰ ਖੁੱਲ੍ਹੇ ਮਨ ਨਾਲ ਸਵੀਕਾਰਿਆ।
ਵਿਰੋਧੀ ਧਿਰ ਵੱਲੋਂ ਸੀਏਏ ਦੇ ਮੁੱਦੇ ‘ਤੇ ਰੌਲਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਵੱਲੋਂ ਸਿਆਸੀ ਨੈਤਿਕਤਾ ਕਾਇਮ ਰੱਖੇ ਜਾਣ ਦੇ ਸੱਦੇ ‘ਤੇ ਹੁੰਗਾਰਾ ਭਰਦਿਆਂ ਸਦਨ ਵਿੱਚ ਨਾਗਰਿਕਤਾ ਸੋਧ ਐਕਟ (ਸੀਏਏ) ਦਾ ਮਾਮਲਾ ਚੁੱਕਿਆ। ਉਨ੍ਹਾਂ ਰਮਜ਼ਾਨ ਦੀ ਵਧਾਈ ਦਿੰਦਿਆਂ ਪੰਜਾਬ ਸਰਕਾਰ ਤੋਂ ਉਸ ਦਾ ਨਾਗਰਿਕਤਾ ਸੋਧ ਐਕਟ ‘ਤੇ ਸਟੈਂਡ ਪੁੱਛਿਆ। ਬਾਜਵਾ ਨੇ ਕਿਹਾ ਕਿ ਕੇਂਦਰ ਦੇ ਇਸ ਕਦਮ ਨੂੰ ਅਮਰਿੰਦਰ ਸਰਕਾਰ ਸਮੇਂ ਸਦਨ ਵਿੱਚ ਮਤਾ ਪਾਸ ਕਰਕੇ ਰੱਦ ਕੀਤਾ ਸੀ। ਬਾਜਵਾ ਨੇ ਕਿਹਾ, ”ਜਿਵੇਂ ਨਰਿੰਦਰ ਮੋਦੀ ਦੀ ਸਰਕਾਰ ਸਿਆਸੀ ਲਾਹੇ ਖ਼ਾਤਰ ਪ੍ਰਾਜੈਕਟਾਂ ਦਾ ਸਿਆਸੀਕਰਨ ਕਰ ਰਹੀ ਹੈ, ਉਸੇ ਤਰ੍ਹਾਂ ਸੂਬਾ ਸਰਕਾਰ ਦੇ ਵਜ਼ੀਰ ਵੀ ਉਸੇ ਰਾਹ ‘ਤੇ ਹਨ। ਇਸ ਲਈ ਸੂਬਾ ਸਰਕਾਰ ਸਿਰਫ ਨਸੀਹਤਾਂ ਨਾ ਦੇਵੇ, ਹਕੀਕਤ ‘ਚ ਕੰਮ ਕਰੇ।” ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਵਾ, ਪਰਗਟ ਸਿੰਘ ਅਤੇ ਸੁਖਵਿੰਦਰ ਕੋਟਲੀ ਨੇ ਸੀਟਾਂ ਤੋਂ ਉੱਠ ਕੇ ਰੌਲਾ ਪਾਇਆ ਅਤੇ ਨਾਗਰਿਕਤਾ ਸੋਧ ਐਕਟ ‘ਤੇ ਸਰਕਾਰ ਦਾ ਸਟੈਂਡ ਪੁੱਛਿਆ। ਇਸ ਮੌਕੇ ਧਿਆਨ ਦਿਵਾਊ ਮਤੇ ਪੇਸ਼ ਹੋ ਰਹੇ ਸਨ ਜਿਨ੍ਹਾਂ ਵਿੱਚ ਥੋੜ੍ਹਾ ਵਿਘਨ ਪਿਆ।
Home / ਪੰਜਾਬ / ਲੋਕ ਸਭਾ ਚੋਣਾਂ ‘ਚ ਸਿਆਸੀ ਮਰਿਆਦਾ ਕਾਇਮ ਰੱਖਣ ਦੇ ਸੱਦੇ ਨਾਲ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸਮਾਪਤ
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …