ਇਸਲਾਮਾਬਾਦ/ਬਿਊਰੋ ਨਿਊਜ਼ : ਅਲ ਕਾਦਿਰ ਟਰੱਸਟ ਮਾਮਲੇ ’ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 2 ਹਫਤਿਆਂ ਲਈ ਜ਼ਮਾਨਤ ਮਿਲ ਗਈ ਹੈ। ਅੱਜ ਸ਼ੁੱਕਰਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਨੂੰ ਕੁੱਝ ਸ਼ਰਤ ਦੇ ਤਹਿਤ ਇਹ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਇਹ ਵੀ ਹੁਕਮ ਦਿੱਤੇ ਕਿ ਇਮਰਾਨ ਨੂੰ 17 ਮਈ ਤੱਕ ਕਿਸੇ ਵੀ ਮਾਮਲੇ ਵਿਚ ਗਿ੍ਰਫਤਾਰ ਨਾ ਕੀਤਾ ਜਾਵੇ। ਇਸ ਤੋਂ ਪਹਿਲਾਂ ਜਿਵੇਂ ਹੀ ਹਾਈ ਕੋਰਟ ’ਚ ਸੁਣਵਾਈ ਸ਼ੁਰੂ ਹੋਈ ਤਾਂ ਅਦਾਲਤ ਦੇ ਬਾਹਰ ਹੰਗਾਮਾ ਸ਼ੁਰੂ ਹੋ ਗਿਆ। ਸੁਣਵਾਈ ਦੌਰਾਨ ਇਮਰਾਨ ਖਾਨ ਦੇ ਸਮਰਥਕ ਵਕੀਲਾਂ ਨੇ ਵੀ ਕੋਰਟ ਅੰਦਰ ਹੰਗਾਮਾ ਕਰ ਦਿੱਤਾ, ਜਿਸ ਕਾਰਨ ਜੱਜ ਸੁਣਵਾਈ ਵਿਚਾਲੇ ਛੱਡ ਕੇ ਚਲੇ ਗਏ ਅਤੇ ਕਾਫ਼ੀ ਦੇਰ ਮਗਰੋਂ ਜਦੋਂ ਮਾਹੌਲ ਸ਼ਾਂਤ ਹੋਇਆ ਤਾਂ ਕਾਰਵਾਈ ਮੁੜ ਸ਼ੁਰੂ ਕੀਤੀ ਗਈ। ਧਿਆਨ ਰਹੇ ਲੰਘੀ ਦੇਰ ਰਾਤ ਸੁਪਰੀਮ ਕੋਰਟ ਨੇ ਅਲ ਕਾਦਿਰ ਟਰੱਸਟ ਮਾਮਲੇ ’ਚ ਇਮਰਾਨ ਖਾਨ ਦੀ ਗਿ੍ਰਫ਼ਤਾਰੀ ਨੂੰ ਗੈਰਕਾਨੂੰਨੀ ਦੱਸਿਆ ਸੀ ਅਤੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ। ਕੋਰਟ ਨੇ ਇਮਰਾਨ ਖਾਨ ਨੂੰ ਅੱਜ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਹੋ ਕੇ ਆਪਣੀ ਜ਼ਮਾਨਤ ਕਰਵਾਉਣ ਲਈ ਵੀ ਕਿਹਾ ਸੀ। ਉਧਰ ਤੋਸ਼ਾਖਾਨਾ ਮਾਮਲੇ ’ਚ ਵੀ ਇਮਰਾਨ ਖਾਨ ਨੂੰ ਰਾਹਤ ਮਿਲ ਗਈ ਹੈ। ਇਸਲਾਮਾਬਾਦ ਹਾਈ ਕੋਰਟ ਟ੍ਰਾਇਲ ਕੋਰਟ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਮਾਮਲੇ ’ਚ ਕ੍ਰਿਮੀਨਲ ਟ੍ਰਾਇਲ ਦੀ ਇਜਾਜ਼ਤ ਮੰਗੀ ਸੀ, ਜਿਸ ਦੇ ਖਿਲਾਫ਼ ਇਮਰਾਨ ਖਾਨ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ। ਹਾਈ ਕੋਰਟ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਇਸ ਮਾਮਲੇ ’ਤੇ ਸੈਸ਼ਨ ਕੋਰਟ ਸੁਣਵਾਈ ਨਹੀਂ ਕਰੇਗਾ।