Home / ਪੰਜਾਬ / ਗੁਰਨਾਮ ਸਿੰਘ ਚੜੂਨੀ ਨੇ ਦਿੱਤਾ ਸਪੱਸ਼ਟੀਕਰਨ

ਗੁਰਨਾਮ ਸਿੰਘ ਚੜੂਨੀ ਨੇ ਦਿੱਤਾ ਸਪੱਸ਼ਟੀਕਰਨ

ਕਿਸੇ ਵੀ ਸਿਆਸੀ ਸਰਗਰਮੀ ਵਿੱਚ ਸ਼ਾਮਲ ਨਾ ਹੋਣ ਦਾ ਦਿੱਤਾ ਭਰੋਸਾ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਸੰਯੁਕਤ ਕਿਸਾਨ ਮੋਰਚੇ ਵਿੱਚ ਬਣੇ ਫੁੱਟ ਦੇ ਆਸਾਰ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਸਪੱਸ਼ਟੀਕਰਨ ਦਿੱਤੇ ਜਾਣ ਨਾਲ ਖ਼ਤਮ ਹੋ ਗਏ। ਚੜੂਨੀ ਨੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਸ਼ਨਿਚਰਵਾਰ ਨੂੰ ਆਪਣੀ ਨਿੱਜੀ ਸਮਰੱਥਾ ਤਹਿਤ ਸਿਆਸੀ ਮੀਟਿੰਗ ਸੱਦੀ ਸੀ ਅਤੇ ਇਸ ਮੁਲਾਕਾਤ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਦੀ ਤਾਲਮੇਲ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਹ ਅੰਦੋਲਨ ਦੌਰਾਨ ਭਵਿੱਖ ‘ਚ ਕਿਸੇ ਵੀ ਸਿਆਸੀ ਮੀਟਿੰਗ ‘ਚ ਸ਼ਾਮਲ ਨਹੀਂ ਹੋਣਗੇ। ‘ਮੈਂ ਸੰਯੁਕਤ ਕਿਸਾਨ ਮੋਰਚੇ ਨਾਲ ਸੀ, ਹਾਂ ਅਤੇ ਰਹਾਂਗਾ।’ ਕਮੇਟੀ ਨੇ ਸਪੱਸ਼ਟੀਕਰਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਚੜੂਨੀ ਦੇ ਬਿਆਨ ਨਾਲ ਹੁਣ ਵਿਵਾਦ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ, ”ਇਤਿਹਾਸਕ ਅੰਦੋਲਨ ਜਿਸ ਮੋੜ ‘ਤੇ ਹੈ, ਉਸ ਵਿੱਚ ਏਕਤਾ ਅਤੇ ਅਨੁਸ਼ਾਸਨ ਸਭ ਤੋਂ ਉਪਰ ਹੈ।” ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਕੋਈ ਵੀ ਜਥੇਬੰਦੀ ਜਾਂ ਪਾਰਟੀ ਆਪਣੇ ਆਪ ਇਸ ਅੰਦੋਲਨ ਦੀ ਹਮਾਇਤ ਕਰਨ ਲਈ ਆਜ਼ਾਦ ਹੈ ਪਰ ਅੰਦੋਲਨ ਦਾ ਸਿੱਧੇ ਤੌਰ ‘ਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਚੜੂਨੀ ਦੇ ਸਿਆਸੀ ਪਾਰਟੀਆਂ ਦੇ ਕਥਿਤ ਸੰਪਰਕ ਵਿੱਚ ਹੋਣ ਦੇ ਲੱਗੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਸੀ ਜਿਸ ਨੇ ਤਿੰਨ ਦਿਨਾਂ ‘ਚ ਰਿਪੋਰਟ ਦੇਣੀ ਸੀ ਪਰ ਉਸ ਤੋਂ ਪਹਿਲਾਂ ਹੀ ਵਿਵਾਦ ਖ਼ਤਮ ਹੋ ਗਿਆ।

Check Also

ਮਨਪ੍ਰੀਤ ਬਾਦਲ ਦੇ ਕਰੀਬੀ ਜਗਰੂਪ ਸਿੰਘ ‘ਆਪ’ ਵਿਚ ਸ਼ਾਮਲ

ਜਗਰੂੁਪ ਸਿੰਘ ਨੂੰ ਬਣਦਾ ਸਨਮਾਨ ਦਿਆਂਗੇ : ਜਰਨੈਲ ਸਿੰਘ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਵਿੱਤ ਮੰਤਰੀ …