13.2 C
Toronto
Sunday, September 21, 2025
spot_img
Homeਦੁਨੀਆਜਾਪਾਨ ਦੇ ਵਫ਼ਦ ਵੱਲੋਂ ਪਵਿੱਤਰ ਵੇਈਂ ਦਾ ਦੌਰਾ

ਜਾਪਾਨ ਦੇ ਵਫ਼ਦ ਵੱਲੋਂ ਪਵਿੱਤਰ ਵੇਈਂ ਦਾ ਦੌਰਾ

ਵੇਈਂ ਦੀ ਸਫਾਈ ਦੇ ਪ੍ਰਾਜੈਕਟ ਨੂੰ ਵਾਤਾਵਰਨ ਤੇ ਮਨੁੱਖਤਾ ਲਈ ਮਹੱਤਵਪੂਰਨ ਦੱਸਿਆ
ਜਲੰਧਰ/ਬਿਊਰੋ ਨਿਊਜ਼ : ਜਾਪਾਨ ਤੋਂ ਆਏ 31 ਮੈਂਬਰੀ ਵਫਦ ਨੇ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਵੇਈਂ ਦਾ ਦੌਰਾ ਕੀਤਾ ਤੇ ਇਸਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ।
ਜਾਪਾਨੀ ਵਫਦ ਨੂੰ ਇਸ ਵੇਈਂ ਦਾ ਪ੍ਰਦੂਸ਼ਣ ਦੂਰ ਕਰਕੇ ਇਸਦੀ ਸਫ਼ਾਈ ਕਰਨ ਅਤੇ ਪਾਣੀ ਸਾਫ਼ ਕਰਨ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ, ਜਿਸ ਮਗਰੋਂ ਉਨ੍ਹਾਂ ਇਸ ਪ੍ਰਾਜੈਕਟ ਨੂੰ ਵਾਤਾਵਰਨ ਤੇ ਮਨੁੱਖਤਾ ਲਈ ਬਹੁਤ ਹੀ ਮਹੱਤਵਪੂਰਨ ਕਦਮ ਦੱਸਿਆ।
ਚਾਰ ਘੰਟਿਆਂ ਤੱਕ ਪਵਿੱਤਰ ਵੇਈਂ ‘ਤੇ ਰਹੇ ਇਸ ਵਫਦ ਨੇ ਸਿੱਖ ਇਤਿਹਾਸ, ਨਿਰਮਲਾ ਪੰਥ ਤੇ ਪਾਣੀ ਦੇ ਕੁਦਰਤੀ ਸਰੋਤਾਂ ਬਾਰੇ ਜਾਣਿਆ। ਇਸ ਵਫ਼ਦ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ। ਵਫ਼ਦ ਦੇ ਮੈਂਬਰਾਂ ਨੇ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਆ ਕੇ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਪੂਰੀ ਦੁਨੀਆਂ ਨੂੰ ਸਰਬੱਤ ਦੇ ਭਲੇ ਦਾ ਸੁਨੇਹਾ ਇੱਥੋਂ ਹੀ ਦਿੱਤਾ ਗਿਆ।
ਵਫ਼ਦ ਦਾ ਸਵਾਗਤ ਸੰਤ ਸੁਖਜੀਤ ਸਿੰਘ ਨੇ ਕੀਤਾ। ਵਫਦ ਵਿੱਚ ਆਏ ਮੇਗਨਮੀ ਮੁਰਾਮਤਸੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਫ਼ਦ ਨਾਲ ਕਈ ਦੇਸ਼ਾਂ ਦਾ ਦੌਰਾ ਕੀਤਾ ਗਿਆ ਹੈ। ਪਰ ਪਵਿੱਤਰ ਵੇਈਂ ਕਿਨਾਰੇ ਆ ਕੇ ਜੋ ਸਕੂਨ ਤੇ ਕੁਦਰਤ ਦਾ ਦ੍ਰਿਸ਼ ਦੇਖਣ ਨੂੰ ਮਿਲਿਆ ਹੈ, ਬਹੁਤ ਹੀ ਵਿਲੱਖਣ ਹੈ। ਇਹ ਜਥਾ ਯੋਗੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ, ਜਿਥੇ ਉਨ੍ਹਾਂ ਵੇਈਂ ਕਿਨਾਰੇ ਜਪੁ ਜੀ ਸਾਹਿਬ ਦਾ ਪਾਠ ਸਰਵਣ ਕੀਤਾ। ਇਸ ਮਗਰੋਂ ਯੋਗੀ ਅਮਨਦੀਪ ਨੇ ਜਥੇ ਨੂੰ ਵੇਈਂ ਦੇ ਇਤਿਹਾਸ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂ ਕਰਵਾਇਆ।

 

RELATED ARTICLES
POPULAR POSTS