Breaking News
Home / ਭਾਰਤ / ਮੰਤਰੀ ਮੰਡਲ ਦੇ ਫੈਸਲੇ : ਗੰਨਾ ਕਿਸਾਨਾਂ ਨੂੰ ਤੋਹਫਾ, ਮਿਲੇਗੀ 6268 ਕਰੋੜ ਰੁਪਏ ਦੀ ਬਰਾਮਦ ਸਬਸਿਡੀ

ਮੰਤਰੀ ਮੰਡਲ ਦੇ ਫੈਸਲੇ : ਗੰਨਾ ਕਿਸਾਨਾਂ ਨੂੰ ਤੋਹਫਾ, ਮਿਲੇਗੀ 6268 ਕਰੋੜ ਰੁਪਏ ਦੀ ਬਰਾਮਦ ਸਬਸਿਡੀ

75 ਨਵੇਂ ਮੈਡੀਕਲ ਕਾਲਜ ਖੁੱਲ੍ਹਣਗੇ, ਕੋਲ ਮਾਈਨਿੰਗ ‘ਚ 100 ਫੀਸਦੀ ਅਤੇ ਡਿਜੀਟਲ ਮੀਡੀਆ ਵਿਚ 26 ਫੀਸਦੀ ਐਫਡੀਆਈ ‘ਤੇ ਵੀ ਲੱਗੀ ਮੋਹਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿਚ ਗੰਨਾ ਕਿਸਾਨਾਂ ਦੇ ਹਿੱਤਾਂ ਵਿਚ ਵੱਡਾ ਫੈਸਲਾ ਲਿਆ ਗਿਆ। ਬੈਠਕ ਪਿੱਛੋਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ 60 ਲੱਖ ਟਨ ਖੰਡ ਦੀ ਬਰਾਮਦ ਲਈ 6268 ਕਰੋੜ ਰੁਪਏ ਦੀ ਬਰਾਮਦ ਸਬਸਿਡੀ ਦੇਣ ਦਾ ਪ੍ਰਸਤਾਵ ਪ੍ਰਵਾਨ ਕਰ ਲਿਆ ਹੈ। ਇਹ ਗੰਨਾ ਕਿਸਾਨਾਂ ਲਈ ਇਕ ਤੋਹਫਾ ਹੈ। ਜਾਵੜੇਕਰ ਨੇ ਕਿਹਾ ਕਿ ਮੰਤਰੀ ਮੰਡਲ ਨੇ ਸਾਲ 2019-20 ਲਈ ਖੰਡ ਮਿੱਲਾਂ ਨੂੰ ਖੰਡ ਦੀ ਬਰਾਮਦ ਕਰਨ ਲਈ 10448 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਸਬਸਿਡੀ ਦੇਣ ਦੀ ਪ੍ਰਵਾਨਗੀ ਦਿੱਤੀ ਹੈ। ਭਾਰਤ ਕੋਲ ਕੁੱਲ 162 ਲੱਖ ਟਨ ਖੰਡ ਦਾ ਸਟਾਕ ਹੈ। ਇਸ ਵਿਚੋਂ 40 ਲੱਖ ਟਨ ਬਫਰ ਸਟਾਕ ਹੈ। 60 ਲੱਖ ਟਨ ਖੰਡ ਬਰਾਮਦ ਕੀਤੀ ਜਾਵੇਗੀ। ਖੰਡ ਦੀ ਬਰਾਮਦ ‘ਤੇ ਮਿਲਣ ਵਾਲੀ ਸਬਸਿਡੀ ਕਿਸਾਨਾਂ ਨੂੰ ਉਨ੍ਹਾਂ ਦੇ ਵਾਧਾ ਸਟਾਕ ਨੂੰ ਘੱਟ ਕਰਨ ਵਿਚ ਮੱਦਦ ਦੇਵੇਗੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 2022 ਤੱਕ 75 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਛੋਟੇ-ਵੱਡੇ ਹਰ ਤਰ੍ਹਾਂ ਦੀ ਕਾਂਟਰੈਕਟ ਮੈਨੂਫੈਕਚਰਿੰਗ ‘ਤੇ 100 ਫੀਸਦੀ ਐਫਡੀਆਈ ਦੀ ਪ੍ਰਵਾਨਗੀ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਧ ਤੋਂ ਵੱਧ ਐਫਡੀਆਈ ਲਿਆਉਣ ਬਾਰੇ ਯਤਨ ਕਰ ਰਹੀ ਹੈ। ਮਾਈਨਿੰਗ ਦੇ ਖੇਤਰ ਵਿਚ 100 ਫੀਸਦੀ ਐਫਡੀਆਈ ਬਾਰੇ ਫੈਸਲਾ ਹੋਇਆ ਹੈ। ਮੰਤਰੀ ਮੰਡਲ ਨੇ ਸੀਡੀਆਰਆਈ ਲਈ ਇਕ ਕੌਮਾਂਤਰੀ ਗਠਜੋੜ ਦੀ ਸਥਾਪਨਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਮੋਦੀ 23 ਸਤੰਬਰ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਪੌਣ ਪਾਣੀ ਸਿਖਰ ਸੰਮੇਲਨ ਦੌਰਾਨ ਸੀਡੀਆਰਆਈ ਦਾ ਸ਼ੁਭ ਆਰੰਭ ਕਰਨਗੇ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …