Breaking News
Home / ਭਾਰਤ / ਰਾਮ ਰਹੀਮ ਦੀ ਜੇਲ੍ਹ ਯਾਤਰਾ ਨੂੰ ਹੋ ਗਏ ਦੋ ਸਾਲ

ਰਾਮ ਰਹੀਮ ਦੀ ਜੇਲ੍ਹ ਯਾਤਰਾ ਨੂੰ ਹੋ ਗਏ ਦੋ ਸਾਲ

ਦਾੜ੍ਹੀ ਹੋ ਗਈ ਹੈ ਚਿੱਟੀ ਅਤੇ ਚਿਹਰੇ ਤੋਂ ਰੌਣਕ ਹੋਈ ਗਾਇਬ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟਦੇ ਹੋਏ ਨੂੰ ਦੋ ਸਾਲ ਹੋ ਗਏ ਹਨ ਤੇ ਉਸ ਦੀ ਸਜ਼ਾ ਤੀਸਰੇ ਸਾਲ ਵਿਚ ਪ੍ਰਵੇਸ਼ ਹੋ ਗਈ ਹੈ। ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ 25 ਅਗਸਤ 2017 ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਪੰਚਕੂਲਾ ਸੀ.ਬੀ.ਆਈ. ਅਦਾਲਤ ਤੋਂ ਸਿੱਧਾ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ। ਜਦੋਂ ਉਸ ਨੂੰ ਜੇਲ੍ਹ ਭੇਜਣ ਲਈ ਹਿਰਾਸਤ ਵਿਚ ਲਿਆ ਗਿਆ ਤਾਂ ਪੰਚਕੂਲਾ ਤੇ ਸਿਰਸਾ ਸਮੇਤ ਅਨੇਕਾਂ ਸਥਾਨਾਂ ‘ਤੇ ਹਿੰਸਕ ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਵਿਚ ਦਰਜਨਾਂ ਲੋਕ ਮਾਰੇ ਗਏ ਸਨ। ਡੇਰਾ ਮੁਖੀ ਨੂੰ ਸੀ.ਬੀ.ਆਈ. ਅਦਾਲਤ ਨੇ ਸੁਨਾਰੀਆ ਜੇਲ੍ਹ ਵਿਚ ਅਦਾਲਤ ਲਗਾ ਕੇ 20 ਸਾਲ ਦੀ ਸਜ਼ਾ ਸੁਣਾਈ ਸੀ, ਉਦੋਂ ਤੋਂ ਉਹ ਜੇਲ੍ਹ ‘ਚ ਹੀ ਬੰਦ ਹੈ। ਇਸ ਸਜ਼ਾ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਨੂੰ ਸਿਰਸਾ ਦੇ ਪੱਤਰਕਾਰ ਛਤਰਪਤੀ ਹੱਤਿਆ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਅਦਾਲਤ ਨੇ ਇਹ ਵੀ ਕਿਹਾ ਕਿ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਮਿਲੀ 20 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਛਤਰਪਤੀ ਹੱਤਿਆ ਮਾਮਲੇ ਦੀ ਸਜ਼ਾ ਸ਼ੁਰੂ ਹੋਵੇਗੀ।
ਡੇਰਾ ਮੁਖੀ ਦੇ ਜੇਲ੍ਹ ਜਾਂਦਿਆਂ ਹੀ ਇਹ ਵੀ ਚਰਚਾ ਸ਼ੁਰੂ ਹੋ ਗਈ ਸੀ ਕਿ ਰਾਮ ਰਹੀਮ ਆਪਣੇ ਸਥਾਨ ‘ਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਗੱਦੀ ਸੌਂਪઠਸਕਦਾ ਹੈ, ਪਰ ਉਹ ਆਪਣੇ ਸਥਾਨ ‘ਤੇ ਕਿਸੇ ਹੋਰ ਨੂੰ ਡੇਰੇ ਦੀ ਗੱਦੀ ਸ””ੌਂਪਣ ਦੇ ਮੂਡ ਵਿਚ ਨਹੀਂ ਹੈ। ਇਸ ਦੌਰਾਨ ਡੇਰਾ ਮੁਖੀ ਨੇ 2-3 ਵਾਰ ਪੈਰੋਲ ਲੈਣ ਦਾ ਵੀ ਯਤਨ ਕੀਤਾ, ਪਰ ਸਫ਼ਲਤਾ ਨਹੀਂ ਮਿਲੀ। ਪਹਿਲਾਂ ਤਾਂ ਡੇਰਾ ਮੁਖੀ ਨੇ ਆਪਣੀ ਇਕ ਕਥਿਤ ਮੂੰਹਬੋਲੀ ਬੇਟੀ ਦੀ ਸ਼ਾਦੀ ਦੇ ਨਾਮ ‘ਤੇ ਪੈਰੋਲ ਲੈਣ ਲਈ ਅਦਾਲਤ ਵਿਚ ਅਰਜ਼ੀ ਲਗਾਈ, ਪਰ ਅਦਾਲਤ ਦਾ ਰੁੱਖ ਦੇਖਦੇ ਹੋਏ ਇਸ ਨੂੰ ਵਾਪਸ ਲੈ ਲਿਆ ਗਿਆ।
ਇਸ ਤੋਂ ਬਾਅਦ ਡੇਰਾ ਮੁਖੀ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਖੇਤੀ ਦੇ ਨਾਮ ‘ਤੇ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਸੀ, ਪਰ ਮਾਮਲਾ ਵਿਵਾਦਤ ਹੋਣ ਤੋਂ ਬਾਅਦ ਡੇਰਾ ਮੁਖੀ ਨੇ ਖ਼ੁਦ ਹੀ ਆਪਣੇ ਪਰਿਵਾਰ ਤੇ ਵਕੀਲਾਂ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਆਪਣੀ ਪੈਰੋਲ ਦੀ ਅਰਜ਼ੀ ਵਾਪਸ ਲੈ ਲਈ। ਅਜੇ ਕੁਝ ਦਿਨ ਪਹਿਲਾਂ ਹੀ ਗੁਰਮੀਤ ਰਾਮ ਰਹੀਮ ਦੀ ਪਤਨੀ ਨੇ ਹਾਈਕੋਰਟ ਵਿਚ ਅਰਜੀ ਦੇ ਕੇ ਰਾਮ ਰਹੀਮ ਦੀ ਮਾਤਾ ਦਾ ਇਲਾਜ ਡੇਰਾ ਪ੍ਰਮੁੱਖ ਦੀ ਮੌਜੂਦਗੀ ਵਿਚ ਕਰਵਾਉਣ ਦੇ ਨਾਮ ‘ਤੇ ਪੈਰੋਲ ਦੀ ਮੰਗ ਕੀਤੀ ਸੀ। ਇਸ ਅਰਜੀ ‘ਤੇ ਅਦਾਲਤ ਨੇ ਸੁਨਾਰੀਆ ਜੇਲ੍ਹ ਦੇ ਮੁਖੀ ਨੂੰ 5 ਦਿਨਾਂ ਦੇ ਅੰਦਰ ਫੈਸਲਾ ਲੈਣ ਨੂੰ ਕਿਹਾ। ਜੇਲ੍ਹ ਮੁਖੀ ਨੇ ਇਸ ਅਰਜ਼ੀ ‘ਤੇ ਡਿਪਟੀ ਕਮਿਸ਼ਨਰ ਸਿਰਸਾ ਤੋਂ ਰਿਪੋਰਟ ਮੰਗੀ ਤੇ ਡਿਪਟੀ ਕਮਿਸ਼ਨਰ ਨੇ ਡਾਕਟਰਾਂ ਦੇ ਪੈਨਲ ਤੋਂ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਦੀ ਸਿਹਤ ਦੀ ਜਾਂਚ ਕਰਵਾ ਕੇ ਪੁਲਿਸ ਤੋਂ ਕਾਨੂੰਨ ਵਿਵਸਥਾ ਸਬੰਧੀ ਰਿਪੋਰਟ ਲੈ ਕੇ ਜੇਲ੍ਹ ਮੁਖੀ ਨੂੰ ਭਿਜਵਾ ਦਿੱਤੀ। ਰਿਪੋਰਟ ਮਿਲਦੇ ਹੀ ਜੇਲ੍ਹ ਮੁਖੀ ਨੇ ਪੈਰੋਲ ਦੀ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ। 2 ਸਾਲ ਪਹਿਲਾਂ ਰਾਮ ਰਹੀਮ ਜਦੋਂ ਸੁਨਾਰੀਆ ਜੇਲ੍ਹ ਆਇਆ ਸੀ ਤਾਂ ਉਸ ਦੀ ਦਾੜ੍ਹੀ ਤੇ ਸਿਰ ਦੇ ਸਾਰੇ ਵਾਲ ਕਾਲੇ ਸੀ, ਪਰ ਜੇਲ੍ਹ ਵਿਚ ਦਾੜੀ ਰੰਗਣ ਦਾ ਮੌਕਾ ਨਾ ਮਿਲਣ ਕਾਰਨ ਹੁਣ ਦਾੜ੍ਹੀ ਲਗਪਗ ਪੂਰੀ ਤਰ੍ਹਾਂ ਚਿੱਟੀ ਹੋ ਗਈ ਹੈ ਤੇ ਰੰਗ ਵੀ ਚਿੱਟੇ ਤੋਂ ਪੱਕਾ ਕਣਕ ਵਰਗਾ ਹੋ ਗਿਆ ਹੈ। ਜੇਲ੍ਹ ਵਿਚ ਰਾਮ ਰਹੀਮ ਨੇ ਆਪਣਾ ਸਮਾਂ ਸਬਜ਼ੀਆਂ ਦੀ ਖੇਤੀ ਕਰਨ, ਉਸ ਦੀ ਗੁਡਾਈ ਕਰਨ, ਉਨ੍ਹਾਂ ਨੂੰ ਪਾਣੀ ਦੇਣ ਤੇ ਸਬਜੀਆਂ ਲਈ ਕਿਆਰੀਆਂ ਤਿਆਰ ਕਰਨ ਵਿਚ ਗੁਜਾਰਿਆ ਹੈ।
ਰਾਮ ਰਹੀਮ ਦਾ ਵਜ਼ਨ ਵੀ 105 ਕਿੱਲੋ ਤੋਂ ਘਟ ਕੇ 90 ਕਿੱਲੋ ਦੇ ਆਸਪਾਸ ਰਹਿ ਗਿਆ ਹੈ ਜਦਕਿ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੀ ਸਥਿਰ ਰਹਿਣ ਲੱਗੇ ਹਨ। ਉਸਦੀ ਦਾੜ੍ਹੀ ਦੀ ਸਫੈਦ ਹੋਣ ਲੱਗ ਪਈ ਹੈ ਅਤੇ ਉਸਦੇ ਚਿਹਰੇ ਤੋਂ ਰੌਣਕ ਗਾਇਬ ਹੋ ਗਈ ਹੈ।
ਡੇਰਾ ਮੁਖੀ ਦੀ ਪੈਰੋਲ ਦੀ ਅਰਜ਼ੀ ਹੋਈ ਖਾਰਜ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਲਾਤਕਾਰ ਦੇ ਦੋਸ਼ੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨ ਦੀ ਮੰਗ ਕਰਨ ਵਾਲੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ। ਇਹ ਅਰਜ਼ੀ ਰਾਮ ਰਹੀਮ ਦੀ ਪਤਨੀ ਵਲੋਂ ਦਾਇਰ ਕੀਤੀ ਗਈ ਸੀ। ਧਿਆਨ ਰਹੇ ਕਿ ਰਾਮ ਰਹੀਮ ਨੂੰ ਜੇਲ੍ਹ ਦੀ ਹਵਾ ਖਾ ਰਹੇ ਨੂੰ ਦੋ ਸਾਲ ਦਾ ਸਮਾਂ ਹੋ ਚੁੱਕਾ ਹੈ। 25 ਅਗਸਤ 2017 ਨੂੰ ਰਾਮ ਰਹੀਮ ਨੂੰ ਪੰਚਕੂਲਾ ਦੀ ਸੀਬੀਆਈ ਨੇ ਦੋਸ਼ੀ ਕਰਾਰ ਦਿੱਤਾ ਸੀ ਅਤੇ 28 ਅਗਸਤ 2017 ਨੂੰ ਸਜ਼ਾ ਸੁਣਾ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਡੇਰਾ ਮੁਖੀ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਲਾਈ ਸੀ, ਪਰ ਜਸਟਿਸ ਸੁਰਿੰਦਰ ਗੁਪਤਾ ਨੇ ਉਸ ਦੀ ਜ਼ਮਾਨਤ ਅਰਜ਼ੀ ਸੁਣਨ ਤੋਂ ਇਨਕਾਰ ਕਰ ਦਿੱਤਾ।

Check Also

ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਖਾਰਜ

ਸੁਪਰੀਮ ਕੋਰਟ ਨੇ ਕਿਹਾ : ਅਸੀਂ ਇਸ ਵਿਚ ਦਖਲ ਨਹੀਂ ਦੇ ਰਹੇ ਨਵੀਂ ਦਿੱਲੀ/ਬਿਊਰੋ ਨਿਊਜ਼ …