ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਤੇ ਹੱਤਿਆ ਅਤੇ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਦੇਣ ਦਾ ਫ਼ੈਸਲਾ ਸੂਬੇ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਲਿਆ ਜਾਵੇਗਾ। ਇੱਥੇ ਇਕ ਮੀਡੀਆ ਕਾਨਫ਼ਰੰਸ ਵਿਚ ਖੱਟਰ ਨੇ ਕਿਹਾ ਕਿ ਜਿਸ ਦਾ ਹੱਕ ਬਣਦਾ ਹੈ ਉਹ ਪੈਰੋਲ ਮੰਗ ਸਕਦਾ ਹੈ। ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਪੁੱਛੇ ਜਾਣ ‘ਤੇ ਕਿ ਜੇ ਡੇਰਾ ਮੁਖੀ ਨੂੰ ਪੈਰੋਲ ਮਿਲਣ ਮਗਰੋਂ ਹਿੰਸਾ ਹੋਈ ਤਾਂ ਕੌਣ ਜ਼ਿੰਮੇਵਾਰ ਹੋਵੇਗਾ, ਖੱਟਰ ਨੇ ਕਿਹਾ ਕਿ ਆਪਣੇ ਵੱਲੋਂ ਸਿੱਟੇ ਕੱਢਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੋਈ ਫ਼ੈਸਲਾ ਅਜੇ ਨਹੀਂ ਲਿਆ ਗਿਆ। ਰਾਮ ਰਹੀਮ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਹੈ। ਉਸ ਨੂੰ ਬਲਾਤਕਾਰ ਦੇ ਦੋ ਕੇਸਾਂ ਤੇ ਇਕ ਪੱਤਰਕਾਰ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਸਜ਼ਾ ਸੁਣਾਈ ਗਈ ਸੀ। ਡੇਰਾ ਮੁਖੀ ਨੇ 42 ਦਿਨ ਦੀ ਪੈਰੋਲ ਮੰਗੀ ਹੈ। ਕਈ ਹੋਰ ਕੇਸਾਂ ਵਿਚ ਡੇਰਾ ਮੁਖੀ ਖ਼ਿਲਾਫ਼ ਸੁਣਵਾਈ ਚੱਲ ਰਹੀ ਹੈ। ਜੇਲ੍ਹ ਸੁਪਰਡੈਂਟ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਡੇਰਾ ਮੁਖੀ ਦਾ ਵਿਹਾਰ ਚੰਗਾ ਹੈ ਤੇ ਉਸ ਨੇ ਕੋਈ ਨੇਮ ਨਹੀਂ ਤੋੜਿਆ। ਇਸ ਤੋਂ ਪਹਿਲਾਂ ਸਿਰਸਾ ਦੇ ਡੀਸੀ ਅਸ਼ੋਕ ਕੁਮਾਰ ਗਰਗ ਨੇ ਕਿਹਾ ਕਿ ਪ੍ਰਕਿਰਿਆ ਚੱਲ ਰਹੀ ਹੈ, ਰੈਵੇਨਿਊ ਤੇ ਪੁਲਿਸ ਵਿਭਾਗ ਤੋਂ ਰਿਪੋਰਟ ਮੰਗੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੈਰੋਲ ਅਰਜ਼ੀ ਨਾਲ ਕਾਨੂੰਨੀ, ਪ੍ਰਸ਼ਾਸਕੀ ਤੇ ਹੋਰ ਪ੍ਰਕਿਰਿਆ ਵੀ ਜੁੜੀ ਹੋਈ ਹੈ। ਅੰਤਿਮ ਪ੍ਰਵਾਨਗੀ ਡਿਵੀਜ਼ਨਲ ਕਮਿਸ਼ਨਰ ਵੱਲੋਂ ਦਿੱਤੀ ਜਾਵੇਗੀ ਤੇ ਸਰਕਾਰ ਲੋੜ ਪੈਣ ‘ਤੇ ਸੁਝਾਅ ਦੇਵੇਗੀ। ਪਰਿਵਾਰ ਨੇ ਕੀਤੀ ਡੇਰਾ ਮੁਖੀ ਨਾਲ ਮੁਲਾਕਾਤ : ਡੇਰਾ ਮੁਖੀ ਨਾਲ ਉਨ੍ਹਾਂ ਦੇ ਵਕੀਲ ਨੇ ਜੇਲ੍ਹ ਵਿਚ ਮੁਲਾਕਾਤ ਕੀਤੀ। ਵਕੀਲ ਨੇ ਅਦਾਲਤ ਵਿਚ ਵਿਚਾਰ ਅਧੀਨ ਮਾਮਲੇ ਬਾਰੇ ਡੇਰਾ ਮੁਖੀ ਨਾਲ ਚਰਚਾ ਕੀਤੀ ਤੇ ਪੈਰੋਲ ਪ੍ਰਕਿਰਿਆ ਬਾਰੇ ਵੀ ਦੱਸਿਆ। ਪਰਿਵਾਰ ਨੇ ਵੀ ਡੇਰਾ ਮੁਖੀ ਨੂੰ ਪੈਰੋਲ ਮਿਲਣ ਬਾਰੇ ਭਰੋਸਾ ਜਤਾਇਆ ਹੈ। ਸੋਮਵਾਰ ਨੂੰ ਡੇਰਾ ਮੁਖੀ ਦੀ ਮਾਂ, ਪੁੱਤਰ, ਧੀ ਤੇ ਜਵਾਈ ਨੇ ਜੇਲ੍ਹ ਵਿਚ ਉਸ ਨਾਲ ਮੁਲਾਕਾਤ ਕੀਤੀ।
ਭਾਜਪਾ ਦੇ ਡੇਰਾ ਮੁਖੀ ਵੱਲ ਝੁਕਾਅ ਨੇ ਅਕਾਲੀਆਂ ਨੂੰ ਸੋਚੀਂ ਪਾਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨਾਲ ਸਾਂਝ ਭਿਆਲੀ ਪਾ ਕੇ ਚੋਣਾਂ ਲੜਨ ਦੇ ਸੁਫਨੇ ਨੂੰ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ। ਭਾਜਪਾ ਦੀ ਨਵੀਂ ਚੋਣ ਨੀਤੀ ਨੇ ਅਕਾਲੀਆਂ ਨੂੰ ਸੋਚੀਂ ਪਾ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਡੇਰਾ ਸਿਰਸਾ ਵੱਲ ਵਧਦਾ ਝੁਕਾਅ ਸਿਆਸੀ ਤੌਰ ‘ਤੇ ਵੱਡੀ ਚੁਣੌਤੀ ਬਣ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਮੰਨਿਆ ਹੈ ਕਿ ਭਾਜਪਾ ਵੱਲੋਂ ਹਰਿਆਣਾ ਦੀਆਂ ਆਗਾਮੀ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਉੱਤੇ ਰਿਹਾਅ ਕਰਨ ਦੀ ਰਣਨੀਤੀ ਅਕਾਲੀ ਦਲ ਲਈ ਪੰਜਾਬ ਦੀ ਸਿਆਸਤ ਵਿਚ ਭਾਰੀ ਪੈ ਸਕਦੀ ਹੈ। ਇਸ ਲਈ ਗੁਆਂਢੀ ਸੂਬੇ ਵਿਚ ਚੋਣ ਸਮਝੌਤਾ ਹੁਣ ਸੋਚ ਵਿਚਾਰ ਤੋਂ ਬਾਅਦ ਹੀ ਕੀਤਾ ਜਾਵੇਗਾ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …