ਨਵੀਂ ਦਿੱਲੀ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਵਿਚ ਤਸ਼ੱਦਦ ਦਾ ਸ਼ਿਕਾਰ ਹੋਏ 700 ਸਿੱਖਾਂ ਨੂੰ ਭਾਰਤ ਲਿਆਂਦਾ ਜਾਵੇਗਾ। ਇਨ੍ਹਾਂ ਦੀ ਵਾਪਸੀ ਕਈ ਜੱਥਿਆਂ ਦੇ ਰੂਪ ਵਿਚ ਹੋਵੇਗੀ। ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਅਮਲ ਵਿਚ ਆਉਣ ਤੋਂ ਬਾਅਦ 26 ਜੁਲਾਈ ਨੂੰ ਸਿੱਖਾਂ ਦਾ ਪਹਿਲਾ ਜੱਥਾ ਅਫ਼ਗਾਨਿਸਤਾਨ ਤੋਂ ਭਾਰਤ ਪਰਤ ਚੁੱਕਾ ਹੈ।ઠ ਭਾਜਪਾ ਦੇ ਕੌਮੀ ਸਕੱਤਰ ਆਰਪੀ ਸਿੰਘ ਨੇ ਦੱਸਿਆ ਕਿ ਪਹਿਲੇ ਜੱਥੇ ਤੋਂ ਬਾਅਦ ਕਰੀਬ 700 ਹੋਰ ਸਿੱਖਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਲਿਆਂਦਾ ਜਾਵੇਗਾ। ਅਫ਼ਗਾਨਿਸਤਾਨ ਸਥਿਤ ਭਾਰਤੀ ਦੂਤਘਰ ਉਨ੍ਹਾਂ ਦੇ ਸੰਪਰਕ ਵਿਚ ਹੈ। ਉਨ੍ਹਾਂ ਵਿਚੋਂ ਬਹੁਤੇ ਸਿੱਖਾਂ ਦੇ ਰਿਸ਼ਤੇਦਾਰ ਤਿਲਕ ਨਗਰ ਵਿਚ ਰਹਿੰਦੇ ਹਨ।ઠਇਸ ਲਈ ਉਨ੍ਹਾਂ ਦੇ ਰਹਿਣ ਦੇ ਪ੍ਰਬੰਧ ਵਿਚ ਵੀ ਕੋਈ ਮੁਸ਼ਕਿਲ ਨਹੀਂ ਹੋਵੇਗੀ। ਭਾਜਪਾ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਖ਼ਤ ਫ਼ੈਸਲੇ ਕਾਰਨ ਹੀ ਅਫ਼ਗਾਨਿਸਤਾਨ ਵਿਚ ਤਸ਼ੱਦਦ ਸਹਿ ਰਹੇ ਸਾਡੇ ਭਰਾਵਾਂ ਨੂੰ ਵਾਪਸ ਲਿਆਂਦਾ ਜਾਣਾ ਸੰਭਵ ਹੋ ਸਕਿਆ ਹੈ।ઠਦੱਸਣਾ ਬਣਦਾ ਹੈ ਕਿ ਅਫ਼ਗਾਨਿਸਤਾਨ ਵਿਚ ਧਾਰਮਿਕ ਤੌਰ ‘ਤੇ ਵਧੀਕੀਆਂ ਦਾ ਸ਼ਿਕਾਰ ਹੋ ਕੇ ਭਾਰਤ ਮੁੜਨ ਵਾਲੇ ਸਿੱਖਾਂ ਦੇ ਪਹਿਲੇ ਜੱਥੇ ਦਾ ਭਾਜਪਾ ਨੇ ਹਵਾਈ ਅੱਡੇ ‘ਤੇ ਸ਼ਾਨਦਾਰ ਸਵਾਗਤ ਕੀਤਾ ਸੀ। ਇਨ੍ਹਾਂ ਦੇ ਰਹਿਣ-ਸਹਿਣ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ।
ਪਾਕਿ ‘ਚ ਸਿੱਖਾਂ ਨੂੰ ਧਮਕਾਉਣ ਦੀਆਂ ਘਟਨਾਵਾਂ ਵਧੀਆਂ
ਨਵੀਂ ਦਿੱਲੀ : ਪਿਛਲੇ ਕੁਝ ਮਹੀਨਿਆਂ ਵਿਚ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ‘ਚ ਸਿੱਖਾਂ ਨੂੰ ਡਰਾਉਣ-ਧਮਕਾਉਣ ਵਰਗੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਪਾਕਿਸਤਾਨ ਵਿਚ ਸਿੱਖ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾਉਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਇਹ ਸਭ ਕੁਝ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਪਾਕਿਸਤਾਨ ਸਰਕਾਰ ਨੇ ਸਿੱਖਾਂ ਨੂੰ ਲੁਭਾਉਣ ਲਈ ਅਣਥੱਕ ਯਤਨ ਕਰਦੇ ਹੋਏ ਉਨ੍ਹਾਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਹਿਣਸ਼ੀਲਤਾ ਦੇ ਮੁੱਦੇ ‘ਤੇ ਭਾਰਤ ਨੂੰ ਪਾਠ ਪੜ੍ਹਾਉਣ ਵਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਹੀ ਦੇਸ਼ ਦੇ ਕੱਟੜਪੰਥੀਆਂ ਦੇ ਸਾਹਮਣੇ ਹਥਿਆਰ ਸੁੱਟ ਚੁੱਕੇ ਹਨ। ਹਾਲ ਹੀ ਵਿਚ ਲਾਹੌਰ ‘ਚ ਸਥਾਨਕ ਵਿਅਕਤੀਆਂ ਨੇ ਨੌਲੱਖਾ ਬਾਜ਼ਾਰ ਵਿਚ ਸਥਿਤ ਗੁਰਦੁਆਰਾ ਸ਼ਹੀਦੀ ਸਥਾਨ ਨੂੰ ਇਕ ਮਸਜਿਦ ‘ਚ ਬਦਲਣ ਦੀ ਧਮਕੀ ਦਿੱਤੀ ਹੈ। ਇਹ ਇਤਿਹਾਸਕ ਗੁਰਦੁਆਰਾ ਹੈ, ਜੋ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਨ ਲਈ ਬਣਾਇਆ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਪਾਕਿਸਤਾਨੀ ਹਾਈ ਕਮਿਸ਼ਨ ਦੇ ਸਾਹਮਣੇ ਉਸ ਘਟਨਾ ਨੂੰ ਲੈ ਕੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਾਕਿਸਤਾਨੀ ਸਿੱਖਾਂ ਦੇ ਧਾਰਮਿਕ ਅਧਿਕਾਰਾਂ ‘ਤੇ ਇਸ ਹਮਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਪਾਕਿਸਤਾਨ ਵਿਚ ਅਧਿਕਾਰਾਂ ਤੋਂ ਵਾਂਝੇ ਅਤੇ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਜ਼ਾਰਾਂ ਸਿੱਖ ਅਤੇ ਹਿੰਦੂ ਹਰ ਸਾਲ ਭਾਰਤ ਆ ਜਾਂਦੇ ਹਨ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …