ਵੈਸਲੇ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ, ਮਾਂ ‘ਤੇ ਵੀ ਚੱਲੇਗਾ ਮੁਕੱਦਮਾ
ਹਿਊਸਟਨ : ਅਮਰੀਕਾ ਦੇ ਡਲਾਸ ਵਿਚ ਪਿਛਲੇ ਸਾਲ ਅਕਤੂਬਰ ਮਹੀਨੇ ਭਾਰਤੀ ਲੜਕੀ ਸ਼ੈਰਿਨ ਭੇਤਭਰੀ ਹਾਲਤ ਵਿਚ ਮ੍ਰਿਤਕ ਮਿਲੀ ਸੀ। ਇੱਥੋਂ ਦੀ ਗਰੈਂਡ ਜਿਊਰੀ ਨੇ ਸ਼ੈਰਿਨ ਮੈਥਿਊਜ਼ ਨੂੰ ਗੋਦ ਲੈਣ ਵਾਲੇ ਉਸ ਦੇ ਪਿਤਾ ‘ਤੇ ਕਤਲ ਦਾ ਦੋਸ਼ ਲਾਇਆ ਹੈ। 37 ਸਾਲਾ ਵੈਸਲੇ ਮੈਥਿਊਜ਼ ਖ਼ਿਲਾਫ਼ ਕਤਲ ਦਾ ਦੋਸ਼ ਲੜਕੀ ਦੀ ਪੋਸਟ ਮਾਰਟਮ ਰਿਪੋਰਟ ਆਉਣ ਮਗਰੋਂ ਲਾਇਆ ਗਿਆ ਹੈ, ਜਿਸ ਵਿਚ ਲੜਕੀ ਨਾਲ ਘਰੇਲੂ ਹਿੰਸਾ ਹੋਣ ਦੀ ਗੱਲ ਕਹੀ ਗਈ ਹੈ। ਇਸ ਕੇਸ ‘ਚ ਵੈਸਲੇ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ। ਸ਼ੈਰਿਨ ਨੂੰ ਬਿਹਾਰ ਦੇ ਅਨਾਥ ਆਸ਼ਰਮ ਤੋਂ ਗੋਦ ਲਿਆ ਗਿਆ ਸੀ। ਸ਼ੈਰਿਨ ਨੂੰ ਗੋਦ ਲੈਣ ਵਾਲੀ ਮਾਂ 35 ਸਾਲਾ ਸਿਨੀ ਮੈਥਿਊਜ਼ ‘ਤੇ ਵੀ ਬੱਚੀ ਨੂੰ ਛੱਡਣ ਦਾ ਦੋਸ਼ ਲਾਇਆ ਗਿਆ ਹੈ ਤੇ ਉਸ ਨੂੰ ਦੋ ਤੋਂ 20 ਸਾਲ ਤੱਕ ਦੀ ਕੈਦ ਅਤੇ ਦਸ ਹਜ਼ਾਰ ਡਾਲਰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।ਅਧਿਕਾਰੀਆਂ ਨੇ ਅਜੇ ਦੱਸਿਆ ਨਹੀਂ ਹੈ ਕਿ ਸ਼ੈਰਿਨ ਨੂੰ ਕੀ ਹੋਇਆ ਸੀ ਅਤੇ ਅਦਾਲਤ ਦੇ ਦਸਤਾਵੇਸ਼ ਸਿਰਫ਼ ਇਹ ਦੋਸ਼ ਲਾ ਰਹੇ ਹਨ ਕਿ ਲੜਕੀ ਦੀ ਮੌਤ ਦਾ ਕਾਰਨ ਮੈਥਿਊਜ਼ ઠਜੋੜਾ ਹੈ ਤੇ ਬੱਚੀ ਨੂੰ ਮਾਰਨ ਲਈ ਘਾਤਕ ਹਥਿਆਰ ਦੀ ਵਰਤੋਂ ਕੀਤੀ ਗਈ ਹੈ। ਗਰੈਂਡ ਜਿਊਰੀ ਨੂੰ ਹਥਿਆਰ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਨਹੀਂ ਹੈ। ਡਲਾਸ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਫੇਥ ਜੌਹਨਸਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਦੋਸ਼ ਲਾਉਂਦਿਆਂ ਕਿਹਾ, ‘ਅਸੀਂ ਵਿਸਤਾਰ ਵਿਚ ਨਹੀਂ ਜਾ ਸਕਦੇ, ਪਰ ਪੋਸਟ ਮਾਰਟਮ ਰਿਪੋਰਟ ਦੇ ਆਧਾਰ ‘ਤੇ ਅਸੀਂ ਕਤਲ ਦੇ ਦੋਸ਼ ਲਾਉਣ ਲਈ ਦ੍ਰਿੜ੍ਹ ਹਾਂ।’ ਡਲਾਸ ਕਾਉਂਟੀ ਅਦਾਲਤ ਦੇ ਰਿਕਾਰਡ ਅਨੁਸਾਰ ਸ਼ੈਰਿਨ ਨੂੰ ਗੋਦ ਲੈਣ ਵਾਲੇ ਪਿਤਾ ‘ਤੇ ਬੱਚੀ ਦੀ ਸੰਭਾਲ ਨਾ ਕਰਨ ਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਵੀ ਲੱਗੇ ਹੋਏ ਹਨ। ਇਸ ਜੋੜੇ ਦੀ ਆਪਣੀ ਖੁਦ ਦੀ ਚਾਰ ਸਾਲਾ ਬੱਚੀ ਦੀ ਕਿਸਮਤ ਦਾ ਫ਼ੈਸਲਾ ਵੀ ਅਜੇ ਹੋਣਾ ਹੈ। ਇਸ ਸਬੰਧੀ ਕੇਸ ਦੀ ਸੁਣਵਾਈ ਵੱਖਰੀ ਬਾਲ ਸੁਰੱਖਿਆ ਸੇਵਾਵਾਂ (ਸੀਪੀਐੱਸ) ਵੱਲੋਂ ਇਸ ਮਹੀਨੇ ਦੇ ਅੰਤ ਵਿਚ ਕੀਤੀ ਜਾਵੇਗੀ। ਇਸ ਦੌਰਾਨ ਉਹ ਜਾਂ ਤਾਂ ਆਪਣੇ ਬੱਚੇ ਨੂੰ ਪਾਲਣ ਦਾ ਅਧਿਕਾਰ ਗੁਆ ਦੇਣਗੇ ਜਾਂ ਫਿਰ ਉਨ੍ਹਾਂ ਦੇ ਅਧਿਕਾਰ ਖ਼ਤਮ ਕਰਨ ਲਈ ਸਿਵਲ ਟਰਾਇਲ ਦੀ ਪੇਸ਼ੀ ਰੱਖੀ ਜਾਵੇਗੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …