Breaking News
Home / ਨਜ਼ਰੀਆ / ਹੇ ਬਾਬਾ ਨਾਨਕ!

ਹੇ ਬਾਬਾ ਨਾਨਕ!

ਡਾ. ਗੁਰਬਖਸ਼ ਸਿੰਘ ਭੰਡਾਲ
ਹੇ ਬਾਬਾ ਨਾਨਕ! ਤੇਰੇ ਸੇਵਕ ਇਸ ਸਾਲ ਤੇਰੀ 550ਵੀਂ ਜਨਮ ਸ਼ਤਾਬਦੀ ‘ਤੇ ਸਮਾਗਮ, ਸ਼ੋਰ ਤੇ ਸ਼ੁਹਰਤ ਲਈ ਬੜੇ ਜੋਰਾਂ-ਸ਼ੋਰਾਂ ਨਾਲ ਦੁਨੀਆਂ ਭਰ ਵਿਚ ਮਨਾ ਰਹੇ ਨੇ। ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ਵਿਚ ਤੇਰੀ ਬਾਣੀ ਦੀ ਸ਼ਾਇਦ ਗੱਲਬਾਤ ਥੋੜ੍ਹੀ ਹੀ ਹੋਵੇ। ਨਾਨਕ ਗੁਰੂ ਜਾਂ ਨਾਨਕ ਪੀਰ ਬਾਰੇ ਬਹੁਤ ਗੱਲਾਂ ਹੋਣਗੀਆਂ, ਪਰ ਨਾਨਕ ਸ਼ਾਹ ਫਕੀਰ ਬਾਰੇ ਸ਼ਾਇਦ ਕੋਈ ਗੱਲ ਨਾ ਕਰੇ। ਸੋਚਿਆ ਮਨਾ! ਨਾਨਕ ਸ਼ਾਹ ਫਕੀਰ ਨਾਲ ਇਕ ਪਾਸੜ ਸੰਵਾਦ ਹੀ ਰਚਾ ਲਿਆ ਜਾਵੇ, ਜੋ ਤੇਰੀ ਫਿਤਰਤ ਤਾਂ ਨਹੀਂ ਸੀ, ਪਰ ਮੇਰੇ ਕੋਲ ਹੋਰ ਚਾਰਾ ਵੀ ਨਹੀਂ। ਇਸ ਬਹਾਨੇ ਮੈਂ ਖੁਦ ਦੇ ਰੂਬਰੂ ਹੋ, ਆਪਣੀਆਂ ਕਮੀਆਂ, ਕੁਤਾਹੀਆਂ ਤੇ ਕੁਰੀਤੀਆਂ ਨੂੰ ਜਾਣਨ, ਸਮਝਣ ਅਤੇ ਇਸ ਤੋਂ ਕੁਝ ਸਿੱਖ ਕੇ ਜੀਵਨ-ਜਾਚ ਨੂੰ ਤੇਰੀ ਸੋਚ ਅਨੁਸਾਰ ਕਰ ਸਕਿਆ ਤਾਂ ਇਹ ਮੇਰਾ ਹਾਸਲ ਹੋਵੇਗਾ।
ਹੇ ਬਾਬਾ ਨਾਨਕ! ਤੂੰ 20 ਰੁਪਿਆਂ ਦਾ ਅਜਿਹਾ ਵਪਾਰ ਕੀਤਾ ਕਿ ਤੇਰੀ ਦਿੱਭ-ਦ੍ਰਿਸ਼ਟੀ ਨੇ ਲੰਗਰ ਪ੍ਰਥਾ ਨੂੰ ਜਨਮ ਦਿਤਾ, ਜੋ ਭੁੱਖਿਆਂ ਲਈ ਭੋਜਨ ਅਤੇ ਲੋੜਵੰਦਾਂ ਲਈ ਮਦਦ ਦੇ ਰੂਪ ਵਿਚ ਸਿੱਖ-ਸੋਚ ਦਾ ਹਿੱਸਾ ਬਣਨੀ ਚਾਹੀਦੀ ਸੀ, ਪਰ ਪੂਰਨ ਰੂਪ ਵਿਚ ਬਣ ਨਹੀਂ ਸਕੀ। ਇਸ ਨੂੰ ਗ੍ਰਸ ਲਿਆ ਏ ਉਨ੍ਹਾਂ ਕੁਰੀਤੀਆਂ ਨੇ, ਜਿਨ੍ਹਾਂ ਤੋਂ ਬਚਣ ਦੀ ਬੜੀ ਲੋੜ ਸੀ। ਬਾਬਾ! ਤੂੰ ਹੀ ਦੱਸ ਜਦ ਲੰਗਰ ਦਿਖਾਵਾ ਬਣ ਜਾਵੇ, ਭੋਜਨ ਦੀ ਬਰਬਾਦੀ ਹੋਵੇ, ਇਸ ਦੀ ਰਹਿੰਦ-ਖੂੰਹਦ ਵਾਤਾਵਰਣ ਨੂੰ ਪਲੀਤ ਕਰੇ, ਰੱਜਿਆਂ ਨੂੰ ਹੋਰ ਰਜਾਇਆ ਜਾਵੇ, ਸੈਂਕੜਿਆਂ ਦੀ ਗਿਣਤੀ ਵਿਚ ਲੰਗਰ ਦੇ ਸਟਾਲ ਲਾਏ ਜਾਣ, ਕਿਸੇ ਵਿਸ਼ਵ ਕਾਨਫਰੰਸ ਵਿਚ ਵੀ ਗੁਰਦੁਆਰੇ ਤੋਂ ਲਿਆ ਕੇ ਲੰਗਰ ਵਰਤਾਇਆ ਜਾਵੇ ਜਾਂ ਕਿਸੇ ਵੱਡੇ ਵਿਅਕਤੀ ਦੇ ਨਿੱਜੀ ਸਮਾਗਮ, ਭੋਗ ਜਾਂ ਅੰਤਿਮ ਅਰਦਾਸ ਦੇ ਮੌਕੇ ਗੁਰਦੁਆਰੇ ਤੋਂ ਚੁੱਕਵਾਂ ਲੰਗਰ ਲਿਆਂਦਾ ਜਾਵੇ ਤਾਂ ਲੰਗਰ ਦੀ ਆਤਮਾ ਕੁਰਲਾ ਉਠਦੀ ਏ। ਲੰਗਰ, ਲੰਗਰ ਨਹੀਂ ਰਹਿੰਦਾ। ਪੰਗਤ ਤੇ ਸੰਗਤ ਦੀ ਪਰੰਪਰਾ ਪੀੜਤ ਹੋ ਜਾਂਦੀ ਏ ਅਤੇ ਇਸ ਪੀੜ ਵਿਚੋਂ ਉਭਰਨ ਲਈ ਤੂੰ ਹੀ ਕੋਈ ਸੁਮੱਤ ਦੇਹ!
ਹੇ ਬਾਬਾ ਨਾਨਕ! ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥ ਰਾਹੀਂ ਬਾਹਰਲੇ ਦਿਖਾਵੇ ਨੂੰ ਨਿੰਦਣ ਵਾਲੇ ਤੇਰੇ ਬਾਣੀ-ਬੋਲ ਆਪਣੀ ਹੋਣੀ ‘ਤੇ ਹੰਝੂ ਵਹਾਉਣ ਤੋਂ ਬਿਨਾ ਹੋਰ ਕਰ ਵੀ ਕੀ ਸਕਦੇ ਨੇ, ਜਦ ਕੋਈ ਮਨੁੱਖ ਬਾਣੀ ਤੋਂ ਬਾਣੇ ਵਾਲੇ ਰਾਹ ਤੁਰ ਪਵੇ। ਜੀਵਨੀ ਸਿਆਣਪ ਅਤੇ ਸੰਵੇਦਨਾ, ਸੋਗ ਮਨਾਉਣ ਲੱਗ ਪੈਂਦੀ ਏ। ਅਸੀਂ ਸਿਰਫ ਬਾਣੇ ਤੱਕ ਸੀਮਤ ਹੋ ਗਏ ਹਾਂ। ਤੂੰ ਤਾਂ ਕਦੇ ਵੀ ਬਾਣੇ ਨੂੰ ਤਰਜ਼ੀਹ ਨਹੀਂ ਸੀ ਦਿਤੀ। ਜਿਸ ਖੇਤਰ ਵਿਚ ਵੀ ਗਿਆ, ਉਨ੍ਹਾਂ ਦਾ ਹੀ ਹੋ ਗਿਆ ਅਤੇ ਉਹ ਤੇਰੇ ਹੋ ਗਏ। ਇਨ੍ਹਾਂ ਬਾਣਿਆਂ ਨੇ ਸਿੱਖੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਏ, ਪਰ ਇੰਜ ਹੋਣਾ ਨਹੀਂ। ਅੱਜ ਕੱਲ੍ਹ ਸ਼ਰਧਾਲੂਆਂ ਦੇ ਘਰਾਂ ਤੇ ਗੁਰਦੁਆਰਿਆਂ ਵਿਚ ਤੇਰੀ ਸ਼ੋਭਾ ਸਿੰਘੀ ਫੋਟੋ ਆਮ ਪ੍ਰਚਲਿਤ ਏ, ਜਿਸ ਦਾ ਤੇਰੇ ਸਰੂਪ ਨਾਲ ਕੋਈ ਵਾਹ ਵਾਸਤਾ ਨਹੀਂ ਅਤੇ ਅਸੀਂ ਬੁੱਤ ਪੂਜਾ ਦੀ ਮਨਾਹੀ ਕਰਨ ਵਾਲੇ ਦੀ ਫੋਟੋ ਨੂੰ ਹੀ ਪੂਜਣਾ ਸ਼ੁਰੂ ਕਰ ਦਿੱਤਾ ਏ। ਬਾਬਾ! ਤੂੰ ਤਾਂ ਉਸ ਵਕਤ ਵਿਚ ਹਿੰਦੂ ਅਤੇ ਇਸਲਾਮ ਧਰਮਾਂ ਦਰਮਿਆਨ ਇਕ ਅਜਿਹੇ ਧਰਮ ਦੀ ਮੋੜ੍ਹੀ ਗੱਡੀ, ਜੋ ਬਿਰਖ ਬਣ ਕੇ ਦੂਰ ਦੂਰ ਤੀਕ ਮੌਲਿਆ। ਜਿਸ ਨੇ ਸਿੱਖ ਧਰਮ, ਫਲਸਫੇ ਤੇ ਸੋਚ ਨੂੰ ਵਿਸ਼ਾਲਤਾ ਬਖਸ਼ੀ। ਅਸੀਂ ਤਾਂ ਵੱਖ-ਵੱਖ ਡੇਰਿਆਂ, ਪਰੰਪਰਾਵਾਂ ਤੇ ਮਰਿਆਦਾਵਾਂ ਰਾਹੀਂ ਸਿੱਖੀ ਜੋਤ ਨੂੰ ਨਿੱਜੀ ਦਾਇਰਿਆਂ ਤੱਕ ਸੀਮਤ ਕਰ, ਇਸ ਦੇ ਚਾਨਣ ਦਾ ਪਸਾਰ ਰੋਕਣ ਲਈ ਲਾਮਬੰਦ ਹੋ ਗਏ ਹਾਂ। ਸਿੱਖੀ ਵਿਸ਼ਾਲਤਾ ਦਾ ਨਾਮ ਏ, ਸੰਗੋੜਨ ਦਾ ਨਹੀਂ। ਜੋ ਲੋਕ ਤੇਰੀ ਬਾਣੀ ‘ਤੇ ਕਾਬਜ਼ ਨੇ, ਉਨ੍ਹਾਂ ਦੀ ਪਹਿਲ, ਇਸ ਨੂੰ ਨਿੱਜ ਤੱਕ ਸੀਮਤ ਕਰਨ ਦੀ ਏ। ਇਸ ਕਰਕੇ ਸਿੱਖ-ਚਿੰਤਨ ਨੂੰ ਦੁਨੀਆਂ ਭਰ ਵਿਚ ਪ੍ਰਚਾਰਨ ਵੱਲੋਂ ਬੇਰੁਖੀ ਹੋ ਰਹੀ ਏ। ਡਰ ਲੱਗਦਾ ਏ ਕਿ ਜੈਨ ਅਤੇ ਬੁੱਧ ਧਰਮ ਵਾਂਗ ਸਿੱਖ ਧਰਮ ਪੰਜਾਬ ਵਿਚੋਂ ਖਤਮ ਨਾ ਕਰ ਦਿੱਤਾ ਜਾਵੇ। ਜੇ ਮੇਰੀ ਕੂਕ ਤੇਰੇ ਤੱਕ ਪਹੁੰਚਦੀ ਹੋਵੇ ਤਾਂ ਸਾਨੂੰ ਸਿਆਣਪ ਦੇਹ ਕਿ ਅਸੀਂ ਇਨ੍ਹਾਂ ਦੇ ਗਲਬੇ ਤੋਂ ਮੁਕਤ ਹੋ, ਖੁਦ ਹੀ ਸਿੱਖੀ ਸੋਚ ਨੂੰ ਜੀਵਨ ਵਿਚ ਅਪਨਾਈਏ।
ਹੇ ਬਾਬਾ ਨਾਨਕ! ‘ਸਚੁ ਵਾਪਾਰੁ ਕਰਹੁ ਵਾਪਾਰੀ’ ਦੇ ਬ੍ਰਹਮ ਬੋਲ ਮੈਨੂੰ ਤਾਂ ਉਚੀ ਅਵਾਜ਼ ਵਿਚ ਸੁਣਾਈ ਦੇ ਰਹੇ ਨੇ। ਪਰ ਕੀ ਕਰਾਂ ਤੇਰਾ ਕੋਈ ਵੀ ਸਿੱਖ ਇਨ੍ਹਾਂ ਨੂੰ ਸੁਣਨ ਲਈ ਰਾਜ਼ੀ ਨਹੀਂ। ਉਹ ਸੋਚਦੇ ਨੇ ਕਿ ਵਪਾਰ ਵਿਚ ਝੂਠ, ਠੱਗੀ ਅਤੇ ਹੇਰਾ-ਫੇਰੀ ਜਾਇਜ਼ ਏ ਅਤੇ ਇਸ ਧਾਰਨਾ ਅਨੁਸਾਰ ਹੀ ਵਪਾਰ ਕਰਦੇ, ਲੋਕ ਭਲਾਈ ਦੇ ਕਾਰਜਾਂ ਦਾ ਵਿਖਾਵਾ ਕਰ ਰਹੇ ਨੇ ਤਾਂ ਕਿ ਉਹ ਦਿਖਾ ਸਕਣ ਕਿ ਉਹ ਵੱਡੇ ਧਰਮੀ ਹਨ। ਵਪਾਰ ਮਾੜਾ ਨਹੀਂ, ਪਰ ਜਦ ਇਹ ਧਰਮ ਨੂੰ ਵੇਚਣ ਲੱਗ ਪਵੇ, ਮਨੁੱਖੀ ਕਮੀਨਗੀ ਦਾ ਆਧਾਰ ਬਣ ਜਾਵੇ, ਗੁਰਦੁਆਰਿਆਂ ਨੂੰ ਕਾਰਪੋਰੇਟ ਅਦਾਰੇ ਬਣਾ ਲਿਆ ਜਾਵੇ, ਨਿੱਜੀ ਜਾਇਦਾਦ ਸਮਝ ਲਿਆ ਜਾਵੇ ਅਤੇ ‘ਘਰ ਘਰ ਅੰਦਰੁ ਧਰਮਸਾਲ਼..’ ਦੀ ਥਾਂ ਘਰਾਂ ਨੂੰ ਗੁਰਦੁਆਰੇ ਰਜਿਸਟਰ ਕਰਵਾ ਕੇ, ਸਰਕਾਰੀ ਛੋਟਾਂ ਲੈਣ ਦਾ ਵਸੀਲਾ ਬਣਾ ਲਿਆ ਜਾਵੇ ਤਾਂ ਤੇਰੀ ਸੋਚ ਵਿਚਲੇ ਸਚਿਆਰੇਪਣ ਅਤੇ ਨਿਆਰੇਪਣ ਨੂੰ ਗੰਧਲਾ ਹੀ ਕਰ ਰਹੇ ਹਾਂ। ਤੇਰੇ ਨਾਂ ‘ਤੇ ਸਥਾਪਤ ਕੀਤੇ ਵਪਾਰਕ ਅਦਾਰੇ ਭਾਈ ਲਾਲੋਆਂ ਦਾ ਲਹੂ ਪੀ, ਦਿਨ ਬਦਿਨ ਵਧ ਫੁਲ ਰਹੇ ਨੇ। ਇਹ ਕੇਹਾ ਵਪਾਰ ਏ? ਤੂੰ ਤਾਂ ਸੱਚ ਦੇ ਵਪਾਰ ਦੀ ਗੱਲ ਕੀਤੀ ਸੀ। ਇਸ ਅਜੋਕੇ ਵਪਾਰ ਤੋਂ ਨਿਜ਼ਾਤ ਮਿਲ ਜਾਵੇ ਤਾਂ ਸਿੱਖੀ ਦੀ ਫੁਲਵਾੜੀ ਹੋਰ ਮਹਿਕੇਗੀ।
ਹੇ ਬਾਬਾ ਨਾਨਕ! ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ॥ ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ॥ ਜਾਂ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ॥ ਰਾਹੀਂ ਵਰਤ, ਪੂਜਾ, ਤੀਰਥ ਇਸ਼ਨਾਨ ਆਦਿ ਦੀ ਨਿਖੇਧੀ ਕਰਨ ਵਾਲੇ ਤੇਰੇ ਬੋਲ ਸ਼ਾਇਦ ਖੁਦਕੁਸ਼ੀ ਲਈ ਤਿਆਰ ਹੋ ਜਾਣ, ਕਿਉਂਕਿ ਤੇਰੇ ਸਿੱਖ ਤਾਂ ਉਹ ਸਭ ਕੁਝ ਕਰਨ ਤੀਕ ਹੀ ਸੀਮਤ ਹੋ ਗਏ ਨੇ, ਜਿਨ੍ਹਾਂ ਤੋਂ ਤੂੰ ਵਰਜਿਆ ਸੀ। ਅਸੀਂ ਤੇਰੇ ਕਪੁੱਤ ਹੀ ਹੋ ਗਏ ਹਾਂ ਅਤੇ ਇਸ ਪਖੰਡਬਾਜੀ ਵਿਚੋਂ ਹੀ ਅਸੀਂ ਤੈਨੂੰ ਧਿਆਉਣ ਦਾ ਭਰਮ ਪਾਲ ਰਹੇ ਹਾਂ। ਸ਼ਬਦ-ਜੋਤ ਨੂੰ ਬੁਝਾ ਕੇ ਕਿਹੜਾ ਹਨੇਰਾ ਦੂਰ ਹੋਵੇਗਾ? ਮਸਤਕ ਚਾਨਣ ਕਿਥੋਂ ਥਿਆਵੇਗਾ? ਤੂੰ ਹੀ ਸੁਮੱਤ ਬਖਸ਼ ਬਾਬਾ!
ਹੇ ਬਾਬਾ ਨਾਨਕ! ਤੇਰੇ ਬੋਲ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿੰਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥’ ਸਿਸਕਣ ਲੱਗ ਪਏ, ਜਦ ਭਾਈ ਮਰਦਾਨੇ ਦੇ ਵਾਰਸਾਂ ਨੂੰ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਤੋਂ ਵਰਜਣ ‘ਤੇ ਨਿਰਾਸ਼ ਜਾਣਾ ਪਿਆ, ਜੋ ਸਿਰਫ ਤੇਰੀ ਇਬਾਦਤ ਕਰਨ ਲਈ ਆਏ ਸਨ। ਜਿਨ੍ਹਾਂ ਦਾ ਬਜੁਰਗ ਸਾਰੀ ਉਮਰ ਤੇਰਾ ਸਭ ਤੋਂ ਕਰੀਬੀ ਸਾਥੀ ਰਿਹਾ। ਤੇਰੇ ਸਭ ਤੋਂ ਨੇੜਲੇ ਸਾਥੀ ਦੇ ਵਾਰਸਾਂ ਨਾਲ ਅਜਿਹਾ ਵਿਹਾਰ ਦੇਖ ਕੇ ਮਨ ਬਹੁਤ ਉਦਾਸ ਤੇ ਹਤਾਸ਼ ਏ। ਧਿਰਕਾਰੇ ਹੋਇਆਂ ਨੇ ਅੱਕ ਕੇ ਹੁਣ ਰਾਮਦਾਸੀਆਂ, ਰਾਮਗੜ੍ਹੀਆਂ, ਲੁਬਾਣਿਆਂ, ਰਵਿਦਾਸੀਆਂ, ਜੱਟਾਂ, ਰਵਿਦਾਸੀਆਂ ਆਦਿ ਨੇ ਵੱਖ ਵੱਖ ਗੁਰਦੁਆਰੇ ਬਣਾ ਕੇ ਤੈਨੂੰ ਹਿੱਸਿਆਂ ਵਿਚ ਵੰਡ ਲਿਆ, ਜੋ ‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ’ ਦੀ ਘੋਰ ਅਵੱਗਿਆ ਏ। ਨੀਚਾਂ ਨੂੰ ਗਲੇ ਲਾਉਣ ਵਾਲੇ ਹੇ ਬਾਬਾ ਨਾਨਕ! ਦੇਖ ਤੇਰੇ ਪੈਰੋਕਾਰ ਕਿੰਜ ਦੁਰਕਾਰਦੇ ਨੇ? ਸਿੱਖ ਧਰਮ ਨੂੰ ਹੋਰ ਸੀਮਤ ਕਰ ਰਹੇ ਨੇ। ਇਹ ਸਿੱਖੀ ਦਾ ਘਾਣ ਅਤੇ ਇਸ ਰਾਹੀਂ ਮਨੁੱਖ ਦੇ ਮਰਨ ਲਈ, ਮਰਨ-ਰੁੱਤ ਨੂੰ ਸੱਦਾ ਏ। ਹੇ ਬਾਬਾ ਨਾਨਕ! ਤੂੰ ‘ਬਾਬੇ ਕੀਤੀ ਸਿੱਧ ਗੋਸ਼ਟਿ’ ਰਾਹੀਂ ਤਰਕ, ਪ੍ਰੇਮ ਅਤੇ ਸੰਵਾਦ ਤੋਂ ਗੋਸ਼ਟਿ ਦੀ ਪਰੰਪਰਾ ਨੂੰ ਸ਼ੁਰੂ ਕਰਕੇ ਵੱਖ-ਵੱਖ ਫਿਰਕਿਆਂ ਤੇ ਧਰਮਾਂ ਵਿਚਲੀ ਕਸ਼ੀਦਗੀ ਤੇ ਕੁੜਿਤਣ ਨੂੰ ਘਟਾ ਕੇ ਪਿਆਰ-ਮੁਹੱਬਤ ਦਾ ਪੈਗਾਮ ਦਿਤਾ। ਆਪਣੀ ਗੱਲ ਸੁਣਾਉਣ ਨਾਲੋਂ ਦੂਜਿਆਂ ਦੀ ਗੱਲ ਸੁਣਨ ਨੂੰ ਪਹਿਲ ਦਿੱਤੀ। ਫਿਰ ਆਪਣੀ ਸੁਣਾਉਣ ਅਤੇ ਸਮਝਾਉਣ ਦੀ ਪਿਰਤ ਪਾਈ। ਇਹ ਪਿਰਤ ਤੇਰੇ ਹੀ ਪੈਰੋਕਾਰ, ਪੈਰੀਂ ਰੋਲ ਰਹੇ ਨੇ। ਉਨ੍ਹਾਂ ਨੂੰ ਕਿਸੇ ਵੱਖਰੇ ਵਿਚਾਰ ਰੱਖਦੇ ਵਿਅਕਤੀ ਦੇ ਵਿਚਾਰਾਂ ਨੂੰ ਸੁਣਨਾ ਗਵਾਰਾ ਨਹੀਂ। ਉਹ ਤਰਕਹੀਣ, ਪੁਖਤਾ ਦਲੀਲ ਤੋਂ ਕੋਰੇ ਅਤੇ ਗਹਿਰ-ਗੰਭੀਰਤਾ ਤੋਂ ਵਿਰਵੇ ਨੇ। ਬਾਬਾ! ਕੋਈ ਸੋਚ-ਕਿਰਨ ਇਨ੍ਹਾਂ ਦੇ ਮਸਤਕ ਵਿਚ ਧਰ ਕਿ ਉਹ ਦੂਜਿਆਂ ਦੇ ਵਿਚਾਰਾਂ ਵਿਚੋਂ ਕੁਝ ਚੰਗੇਰਾ ਦੇਖਣ, ਸਮਝਣ ਅਤੇ ਅਪਨਾਉਣ ਦਾ ਜੇਰਾ ਕਰਨ, ਕਿਉਂਕਿ ਵਧੀਆ ਵਿਚਾਰ, ਅਚਾਰ ਜਾਂ ਵਿਹਾਰ ਕਿਧਰੋਂ ਵੀ ਮਿਲ ਜਾਵੇ ਤਾਂ ਸਵੀਕਾਰ ਕਰ ਲੈਣਾ ਚਾਹੀਦਾ। ਤੇਰੇ ਕੁਝ ਨੂੰ ਅਨਿੱਨ ਸ਼ਰਧਾਲੂਆਂ ਦੇ ਸੋਚ-ਦਰਵਾਜੇ ਬੰਦ ਨੇ, ਜਿਸ ਨਾਲ ਹੁੰਮਸ ਗਿਆ ਏ ਦਿਮਾਗੀ-ਜਲਵਾਯੂ। ਇਸ ਕਾਰਨ ਅਜੋਕਾ ਸਿੱਖ ਸਮਾਜ ਇਕ ਭੰਬਲਭੂਸੇ ਅਤੇ ਧੁੰਦਲਕੇ ਦਾ ਸ਼ਿਕਾਰ। ਸਿਰਫ ਤੇਰੇ ਬੋਲਾਂ ਵਿਚਲਾ ਚਾਨਣ ਹੀ ਇਨ੍ਹਾਂ ਨੂੰ ਚਾਹੀਦਾ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …