Breaking News
Home / ਰੈਗੂਲਰ ਕਾਲਮ / ਵਿਗਿਆਨ – ਗਲਪ ਕਹਾਣੀ : ਆਖਰੀ ਕਿਸ਼ਤ

ਵਿਗਿਆਨ – ਗਲਪ ਕਹਾਣੀ : ਆਖਰੀ ਕਿਸ਼ਤ

ਕੈਪਲਰ ਗ੍ਰਹਿ ਦੇ ਅਜਬ ਵਾਸ਼ਿੰਦੇ
ਡਾ. ਡੀ ਪੀ ਸਿੰਘ, 416-859-1856
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
“ਇਜ਼ਾਜਤ ਹੈ।” ਆਗੂ ਨੇ ਕਿਹਾ। ਮਨੁੱਖ ਤੇਜ਼ੀ ਨਾਲ ਪੁਲਾੜੀ ਵਾਹਣ ਵੱਲ ਚੱਲ ਪਏ। “ਆਉਂਦੇ ਹੋਏ ਮੇਰੇ ਲਈ ਵੀ ਕੁਝ ਕੇਲੇ ਤੇ ਸੇਬ ਲੈਂਦੇ ਆਉਣਾ।” ਉੱਚੀ ਆਵਾਜ਼ ਵਿਚ, ਉਨ੍ਹਾਂ ਨੂੰ ਸੰਬੋਧਨ ਕਰਦੇ ਹੋਏ, ਉਸ ਨੇ ਕਿਹਾ।
“ਤੂੰ ਚਾਹੇ ਤਾਂ ਤੂੰ ਵੀ ਉਨ੍ਹਾਂ ਨਾਲ ਜਾ ਸਕਦਾ ਹੈ।” ਬਾਂਦਰਾਂ ਨੇ ਕਿਹਾ। ਦਿਮਾਗੀ ਤੌਰ ਉੱਤੇ ਉਹ ਇਸ ਨਤੀਜੇ ‘ਤੇ ਪੁੱਜ ਰਹੇ ਸਨ ਕਿ ਬੱਕਰੇ ਨੂੰ ਖਾਣਾ ਇੰਨ੍ਹੀ ਬੁਰੀ ਗੱਲ ਵੀ ਨਹੀਂ ਜਿੰਨ੍ਹੀ ਮਨੁੱਖਾਂ ਨੇ ਇਸ ਬਾਰੇ ਉਕਤੀ ਜਾ਼ਿਹਰ ਕੀਤੀ ਸੀ।
“ਨਹੀਂ। ਮੇਰਾ ਕੰਮ ਹੈ ਹੋਰ ਗ੍ਰਹਿਆਂ ਦੇ ਵਾਸੀਆਂ (aliens) ਨਾਲ ਸੰਪਰਕ ਸਥਾਪਤੀ।” ਆਗੂ ਨੇ ਦੱਸਿਆ। ‘ਪਰ ਜੇ ਹੁਣ ਦੀ ਗੱਲ ਕਰੀਏ ਤਾ ਤੁਸੀਂ ਇੰਨੇ ਵੀ ਪਰਾਏ (alien) ਨਹੀਂ ਜਿਨ੍ਹਾਂ ਕੁ ਅਸੀਂ ਸੋਚ ਰਹੇ ਸਾਂ।”
“ਤੁਸੀਂ ਤਾਂ ਇੰਨ ਬਿੰਨ ਉਵੇਂ ਦੇ ਹੀ ਹੋ ਜਿਵੇਂ ਅਸੀਂ ਤੁਹਾਡੇ ਬਾਰੇ ਸੋਚਿਆ ਸੀ।” ਬਾਂਦਰਾਂ ਨੇ ਜਵਾਬ ਦਿੱਤਾ।
“ਮੈਂ ਇਸ ਨੂੰ ਤਾਰੀਫ਼ ਹੀ ਸਮਝਾਂਗਾ,” ਆਗੂ ਨੇ ਕਿਹਾ। “ਰਵਾਇਤੀ ਦੋਸਤਾਂ ਤੋਂ ਇੰਨੀ ਕੁ ਆਸ ਤਾਂ ਰੱਖੀ ਹੀ ਜਾ ਸਕਦੀ ਹੈ।”
“ਰਵਾਇਤੀ ਦੋਸਤ?” ਬਾਂਦਰਾਂ ਦੇ ਹੈਰਾਨੀ ਭਰੇ ਬੋਲ ਸਨ। ਇਸ ਤੋਂ ਪਹਿਲਾਂ ਤਾਂ ਉਨ੍ਹਾਂ ਦੀ ਸੋਚ ਸੀ ਕਿ ਮਨੁੱਖਾਂ ਦੀ ਕੋਈ ਗੱਲ ਵੀ ਉਨ੍ਹਾਂ ਨੂੰ ਹੈਰਾਨ ਨਹੀਂ ਸੀ ਕਰ ਸਕਦੀ।
“ਯਕੀਨਨ।ਬੇਸ਼ਕ ਤੁਸੀਂ ਸਮੇਂ ਦੇ ਬੀਤਣ ਨਾਲ ਜੰਗ ਵਿਚ ਸਾਡਾ ਸਾਥ ਦੇਣਾ ਛੱਡ ਦਿੱਤਾ। ਪਰ ਤੁਹਾਡੇ ਨਾਲ ਸਾਡਾ ਹਮੇਸ਼ਾਂ ਖ਼ਾਸ ਸੰਬੰਧ ਰਿਹਾ ਹੈ।”
“ਸੱਚ?”
“ਪੱਕੀ ਗੱਲ ਹੈ। ਅਮਰੀਕੀ ਸਰਕਾਰ ਨੇ ਤਾਂ ਬੇਕਰ ਤੇ ਐਬਲ ਬਾਂਦਰੀਆਂ ਨੂੰ ਆਮ ਜ਼ਿੰਦਗੀ ਤੋਂ ਚੁੱਕ ਅੰਤਰਰਾਸ਼ਟਰੀ ਸੁਪਰ-ਸਟਾਰ ਹੀ ਬਣਾ ਦਿੱਤਾ ਸੀ। ਉਨ੍ਹਾਂ ਨੂੰ ਧਰਤੀ ਦੇ ਮੁੱਢਲੇ ਪੁਲਾੜੀ ਜੀਵ ਹੋਣ ਦਾ ਰੁਤਬਾ ਹਾਸਿਲ ਹੋਇਆ। ਸੰਨ 1959 ਦੌਰਾਨ ਆਪਣੀ ਪਹਿਲੀ ਪੁਲਾੜੀ ਉਡਾਣ ਸਮੇਂ, ਉਹ 16,000 ਕਿਲੋਮੀਟਰ ਪ੍ਰਤਿ ਘੰਟਾ ਦੀ ਰਫ਼ਤਾਰ ਨਾਲ ਪੁਲਾੜ ਵਿਚ 480 ਕਿਲੋਮੀਟਰ ਦੀ ਉਚਾਈ ਤੱਕ ਜਾ ਪੁੱਜੀਆਂ। ਮਨੁੱਖ ਤਾਂ ਅਜਿਹਾ ਦੋ ਸਾਲ ਬਾਅਦ ਹੀ ਕਰ ਸਕਿਆ। ਜੂਨ 1959 ਵਿਚ ਤਾਂ ਬੇਕਰ ਤੇ ਐਬਲ, ਦੀ ਤਸਵੀਰ ਵੀ “ਲਾਈਫ਼” ਰਸਾਲੇ ਦੇ ਮੁੱਖ ਸਫੇ ਤੇ ਛਪੀ ਸੀ। ਬੇਸ਼ਕ ਐਬਲ ਤਾਂ ਪੁਲਾੜੀ ਉਡਾਣ ਤੋਂ ਵਾਪਸੀ ਦੇ ਚਾਰ ਦਿਨਾਂ ਬਾਂਅਦ ਹੀ, ਇਕ ਹਾਦਸੇ ਵਿਚ ਮਰ ਗਈ, ਪਰ ਬੇਕਰ ਨੇ ਆਪਣੇ ਜੀਵਨ ਦੇ ਅਗਲੇ 25 ਸਾਲ ਸੁਪਰਸਟਾਰ ਵਾਲੇ ਰੁਤਬੇ ਦਾ ਪੂਰਾ ਲੁਤਫ਼ ਉਠਾਇਆ।”
“ਅਸੀਂ ਸਨਕੀ ਤਾਂ ਨਹੀਂ ਲੱਗਣਾ ਚਾਹੁੰਦੇ,” ਬਾਦਰਾਂ ਨੇ ਕਿਹਾ, “ਪਰ ਇਕ ਸੁਪਰ-ਸਟਾਰ ਅਚਾਨਕ ਹਾਦਸੇ ਦਾ ਸ਼ਿਕਾਰ ਕਿਵੇਂ ਹੋ ਸਕਦਾ ਹੈ?”
“ਅਜਿਹਾ ਹੋ ਜਾਂਦਾ ਹੈ।” ਬੋਲਦੇ ਸਮੇਂ ਆਗੂ ਦਾ ਚਿਹਰਾ ਘੁਮੰਡ ਨਾਲ ਦਗ ਦਗ ਕਰ ਰਿਹਾ ਸੀ। “ਅਜਿਹਾ ਹੋਣ ਲਈ ਸੱਭ ਤੋਂ ਪਹਿਲਾਂ ਤਾਂ ਰਾਕਟ ਦੀ ਖੋਜ ਕਰਨਾ ਜ਼ਰੂਰੀ ਹੈ ਤੇ ਫਿਰ ਕਲੋਰੋਫਾਰਮ ਦੀ। ਅਸੀਂ ਭਾਵੇਂ ਕਿਹੋ ਜਿਹੇ ਵੀ ਹੋਈਏ ਇਹ ਤਾਂ ਤੁਹਾਨੂੰ ਮੰਨਣਾ ਹੀ ਪਵੇਗਾ ਕਿ ਅਸੀਂ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ (ਜਿਵੇਂ ਕਿ ਰੇਲ ਗੱਡੀਆ ਤੇ ਹਵਾਈ ਜਹਾਜ਼ਾਂ ਦਾ ਨਿਰਮਾਣ, ਨਿਊਕਲੀ ਊਰਜਾ ਦੀ ਪੈਦਾਇਸ਼, ਪੁਲਾੜੀ ਯਾਤਰਾਵਾਂ ਆਦਿ) ਉੱਤੇ ਮਾਣ ਦੇ ਹੱਕਦਾਰ ਹਾਂ।” ਕੁਝ ਕੁ ਦੇਰ ਚੁੱਪ ਰਹਿਣ ਬਾਅਦ ਉਹ ਬੋਲਿਆ, “ਮੈਂ ਤੁਹਾਨੂੰ ਠਿੱਠ ਤਾਂ ਨਹੀਂ ਕਰਨਾ ਚਾਹੁੰਦਾ, ਪਰ ਤੁਹਾਡੇ ਕੋਲ ਹੈ ਕੀ ਸਾਡੀ ਇਨ੍ਹਾਂ ਪ੍ਰਾਪਤੀਆਂ ਦੇ ਬਰਾਬਰ ਦਾ ?”
“ਅਸੀਂ ਗੁਨਾਹ ਮੁਕਤ ਜੀਵਨ ਜੀਊਂਦੇ ਹਾਂ।” ਬਾਂਦਰਾਂ ਦਾ ਸਹਿਜਤਾ ਭਰਿਆ ਜਵਾਬ ਸੀ। “ਅਸੀਂ ਇਕ ਦੂਸਰੇ ਦੀ ਨਿਸ਼ਠਾ ਦੀ ਕਦਰ ਕਰਦੇ ਹਾਂ। ਅਸੀਂ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਂਦੇ ਅਤੇ ਨਾ ਹੀ ਅਸੀਂ ਹੋਰ ਬਾਂਦਰਾਂ ਨਾਲ ਕਦੇ ਯੁੱਧ ਕੀਤਾ ਹੈ।”
“ਅਤੇ ਤੁਸੀਂ ਇਨ੍ਹਾਂ ਗੱਲਾਂ ਦੀ ਤੁਲਨਾ ਸਾਡੀ ਲੇਜ਼ਰ ਕਿਰਨਾਂ ਦੀ ਖੋਜ਼, ਕੈਂਸਰ ਦੇ ਇਲਾਜ, ਦਿਮਾਗ ਟ੍ਰਾਂਸਪਲਾਂਟ ਤੇ ਸਿਲੀਕਾਨ ਚਿੱਪ ਦੀ ਖੋਜ ਨਾਲ ਕਰਨਾ ਚਾਹੁੰਦੇ ਹੋ?” ਆਗੂ ਨੇ ਹਉਮੈ ਭਰੇ ਅੰਦਾਜ਼ ਵਿਚ ਕਿਹਾ।
“ਸਾਡੀਆਂ ਉਮੰਗਾਂ ਤੁਹਾਡੇ ਨਾਲੋਂ ਭਿੰਨ ਹਨ।” ਬਾਂਦਰਾਂ ਨੇ ਕਿਹਾ। “ਪਰ ਸਾਨੂੰ ਆਪਣੇ ਨਾਇਕਾਂ (ਵਿਲੱਖਣ ਸਖ਼ਸ਼ੀਅਤਾਂ) ਉੱਤੇ ਉਨ੍ਹਾਂ ਹੀ ਮਾਣ ਹੈ ਜਿੰਨ੍ਹਾਂ ਤੁਹਾਨੂੰ ਆਪਣੇ ਨਾਇਕਾਂ ਉੱਤੇ।”
“ਤੁਹਾਡੇ ਵੀ ਨਾਇਕ ਨੇ?” ਪੁੱਛਦਿਆ ਆਗੂ ਆਪਣੀ ਹੈਰਾਨਗੀ ਛੁੱਪਾ ਨਹੀਂ ਸੀ ਸਕਿਆ।
“ਯਕੀਨਨ” ਬਾਦਰਾਂ ਨੇ ਫਟਾਫਟ ਆਪਣੇ ਨਾਇਕਾਂ ਦੇ ਨਾਮ ਲੈਣੇ ਸ਼ੁਰੂ ਕਰ ਦਿੱਤੇ, “ਮਹਾਂਬਲੀ-ਕੇਸਰ, ਬਜਰੰਗ ਬਲੀ-ਹੰਨੂਮਾਨ, ਮੰਕੀ ਕਿੰਗ-ਸੰਨ ਵੂਕੋਂਗ, ਰਾਮ ਸੇਤੂ ਨਿਰਮਾਤਾ-ਨਲ ਤੇ ਨੀਲ, ਜੰਗਜੂ-ਜੈਕੀ ਦਾ ਬਾਬੂਨ, ਪੁਲਾੜ ਯਾਤਰੀ-ਐਲਬਰਟ, ਗੋਰਡੋ, ਬੇਕਰ, ਐਬਲ, ਜਗਿਆਸੂ-ਜੋਰਜ, ਫਿਲਾਸਫਰ-ਕੋਰਨੀਲੀਅਸ, ਹਿੰਮਤੀਬਰੇਕੀਏਟਰ, ਹਿਮਾੲਤੀ-ਹੈੱਲੀਅਨ, ਅਦਾਕਾਰਾ-ਕ੍ਰਿਸਟਲ, ਆਰਟਿਸਟ-ਐਮੀ ਅਤੇ ਨਟਖਟ-ਡੈਕਸਟਰ।”
“ਕੀ ਉਹ ਇਥੇ ਕੈਪਲਰ ਉੱਤੇ ਰਹਿੰਦੇ ਨੇ?” ਆਗੂ ਨੇ ਪੁੱਛਿਆ।
ਤਦ ਹੋਰ ਮਨੁੱਖ ਪੁਲਾੜੀ ਵਾਹਣ ਤੋਂ ਵਾਪਸ ਆਉਣੇ ਸ਼ੁਰੂ ਹੋ ਚੁੱਕੇ ਸਨ।
“ਨਹੀਂ।” ਬਾਂਦਰਾਂ ਨੇ ਕਿਹਾ। “ਕੁਝ ਕੁ ਨੂੰ ਸਮੇਂ ਨੇ ਤੇ ਬਹੁਤਿਆਂ ਨੂੰ ਤੁਸੀਂ ਮਾਰ ਦਿੱਤਾ।”
“ਉਨ੍ਹਾਂ ਨੂੰ ਮਾਰਨ ਦਾ ਜ਼ਰੂਰ ਕੋਈ ਕਾਰਨ ਹੋਵੇਗਾ।” ਮਨੁੱਖਾਂ ਦੇ ਅੜਬ ਬੋਲ ਸਨ।
“ਉਹ ਧਰਤੀ ਦੇ ਵਾਸ਼ਿੰਦੇ ਸਨ।’ ਬਾਂਦਰਾਂ ਨੇ ਕਿਹਾ। “ਉਨ੍ਹਾਂ ਦੀ ਸਰੀਰਕ ਬਣਤਰ ਤੇ ਲੋੜਾਂ, ਮਨੁੱਖਾਂ ਨਾਲ ਮੇਲ ਖਾਂਦੀਆਂ ਸਨ। ਜਿਸ ਕਾਰਣ ਮਨੁੱਖਾਂ ਨੇ ਉਨ੍ਹਾਂ ਨੂੰ ਵਿਗਿਆਨਕ ਤਜਰਬਿਆਂ ਦੀ ਸਮਗਰੀ ਬਣਾ ਲਿਆ।” “ਦੇਖਿਆ?” ਮਨੁੱਖਾਂ ਨੇ ਕਿਹਾ। “ਕਿਹਾ ਸੀ ਨਾ ਕਿ ਜ਼ਰੂਰ ਕੋਈ ਕਾਰਣ ਹੋਵੇਗਾ।”
ਬਾਂਦਰਾਂ ਨੂੰ ਮਨੁੱਖਾਂ ਦਾ ਇਹ ਜਵਾਬ ਪਸੰਦ ਨਹੀਂ ਸੀ ਆਇਆ ਪਰ ਉਹ ਇੰਨ੍ਹੇ ਨਿਮਰ ਸਨ ਕਿ ਉਨ੍ਹਾਂ ਆਪਣੀ ਨਰਾਜ਼ਗੀ ਜ਼ਾਹਿਰ ਨਾ ਕੀਤੀ।
ਕੈਪਲਰ ਗ੍ਰਹਿ ਦੀ ਰਾਤ ਦੇ ਛੋਟੇ ਜਿਹੇ ਅਰਸੇ ਦੌਰਾਨ, ਮਨੁੱਖਾਂ ਤੇ ਬਾਂਦਰਾਂ, ਦੋਵਾਂ ਨੇ ਹੀ ਕਈ ਗੱਲਾਂ ਸਾਂਝੀਆਂ ਕੀਤੀਆਂ। ਪਰ ਜਦੋਂ ਸਵੇਰ ਹੋਈ ਤਾਂ ਮਨੁੱਖ ਦੇ ਹੈਰਾਨੀ ਭਰੇ ਬੋਲ ਸਨ;
“ਜ਼ਰਾ ਖੁੱਦ ਨੂੰ ਦੇਖੋ।” ਉਹ ਬੋਲੇ। “ਇਹ ਹੋ ਕੀ ਰਿਹਾ ਹੈ?”
“ਅਸੀਂ ਪੰਜਿਆਂ ਦੇ ਆਸਰੇ ਚੱਲ ਚੱਲ ਕੇ ਅੱਕ ਗਏ ਸਾਂ।” ਬਾਂਦਰਾਂ ਨੇ ਕਿਹਾ। “ਤਦ ਅਸੀਂ ਫੈਸਲਾ ਕੀਤਾ ਕਿ ਸਿੱਧੇ ਖੜਾ ਹੋਣਾ ਵਧੇਰੇ ਆਰਾਮਦੇਹ ਹੈ।”
“ਤੇ ਤੁਹਾਡੀ ਪੂੰਛ ਕਿਥੇ ਚਲੀ ਗਈ?” ਮਨੁੱਖਾਂ ਨੇ ਜਾਨਣਾ ਚਾਹਿਆ।
“ਉਹ ਅੜ੍ਹਿਕਾ ਬਣ ਰਹੀ ਸੀ।”
“ਅੱਛਾ, ਜੇ ਇਹ ਭੈੜੀ ਗੱਲ ਨਹੀਂ ।” ਮਨੁੱਖਾਂ ਨੇ ਇਕ ਦੂਜੇ ਵੱਲ ਝਾਂਕਦਿਆ ਕਿਹਾ, “ਤਾਂ, ਆਹ ਬਹੁਤ ਭੈੜੀ ਗੱਲ ਹੈ। ਸਾਡੇ ਸਪੇਸ ਸੂਟ ਇੰਨੇ ਖੁੱਲੇ ਖੁੱਲੇ ਤੇ ਲੰਮੇ ਕਿਵੇਂ ਹੁੰਦੇ ਜਾ ਰਹੇ ਨੇ?”
“ਤੇ ਸਾਡੇ ਨੱਕ ਚਪਟੇ ਹੁੰਦੇ ਜਾ ਰਹੇ ਨੇ।” ਆਗੂ ਨੇ ਕਿਹਾ।
“ਅਤੇ ਸਾਡੇ ਹੱਥ, ਬਾਂਦਰਾਂ ਦੇ ਪੰਜਿਆਂ ਵਰਗੇ ਬਣਦੇ ਜਾ ਰਹੇ ਹਨ।” ਕਿਸੇ ਹੋਰ ਮਨੁੱਖ ਦੇ ਬੋਲ ਸਨ।
“ਇਹ ਤਾਂ ਬਹੁਤ ਹੀ ਪ੍ਰੇਸ਼ਾਨੀ ਵਾਲੀ ਹਾਲਾਤ ਹੈ।” ਆਗੂ ਨੇ ਕਿਹਾ।
ਉਹ ਕੁਝ ਦੇਰ ਚੁੱਪ ਰਿਹਾ ਤੇ ਫਿਰ ਬੋਲਿਆ; “ਸਗੋਂ ਇਸ ਦੇ ਠੀਕ ਉਲਟ, ਮੈਨੂੰ ਤੁਹਾਡੇ ਨਾਲ ਕੱਲ ਜਿੰਨ੍ਹੀ ਵੈਰ ਭਾਵਨਾ ਵੀ ਮਹਿਸੂਸ ਨਹੀਂ ਹੋ ਰਹੀ। ਪਤਾ ਨਹੀਂ ਕਿਉਂ?”
“ਪਤਾ ਨਹੀਂ।” ਬਾਂਦਰਾਂ ਨੇ ਕਿਹਾ। ਜੋ ਉਸ ਦੇ ਸ਼ਿਕਾੲਤੀ ਰਵਈਏ ਤੋਂ ਨਰਾਜ਼ਗੀ ਮਹਿਸੂਸ ਕਰ ਰਹੇ ਸਨ।
“ਇਹ ਸੱਚ ਹੈ” ਆਗੂ ਕਹਿ ਰਿਹਾ ਸੀ “ਕਿ ਮੈਂ ਅੱਜ ਇੰਝ ਮਹਿਸੂਸ ਕਰ ਰਿਹਾ ਹਾਂ ਜਿਵੇਂ ਬ੍ਰਹਿਮੰਡ ਦਾ ਹਰ ਬਾਂਦਰ ਮੇਰਾ ਦੋਸਤ ਹੋਵੇ।”
“ਦੁੱਖ ਦੀ ਗੱਲ ਹੈ ਕਿ ਤੂੰ ਤਦ ਅਜਿਹਾ ਕਦੇ ਵੀ ਮਹਿਸੂਸ ਨਹੀਂ ਸੀ ਕੀਤਾ ਜਦ ਤੂੰ ਕੁਝ ਚੰਗਾ ਕੰਮ ਕਰ ਸਕਦਾ ਸੀ।” ਬਾਂਦਰਾਂ ਨੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ। “ਕੀ ਤੂੰ ਜਾਣਦਾ ਹੈ ਕਿ ਮਨੁੱਖਾਂ ਨੇ ਇਕੱਲੀ ਬੀਹਵੀਂ
ਸਦੀ ਦੌਰਾਨ ਹੀ ਦਸ ਲੱਖ ਬਾਂਦਰ ਮਾਰੇ ਸਨ?”
“ਪਰ ਅਸੀਂ ਆਪਣੀ ਗਲਤੀ ਦੀ ਸੁਧਾਈ ਵੀ ਤਾਂ ਕਰ ਲਈ ਸੀ।” ਮਨੁੱਖਾਂ ਨੇ ਸਫ਼ਾਈ ਦਿੰਦਿਆ ਕਿਹਾ। “ਤੁਹਾਡੀ ਸੁਰੱਖਿਆ ਲਈ ਅਸੀਂ ਚਿੜ੍ਹੀਆਂ ਘਰ ਵੀ ਤਾਂ ਬਣਾਏ ਸਨ।”
“ਠੀਕ” ਬਾਂਦਰਾਂ ਨੇ ਹਾਮੀ ਭਰੀ, “ਪਰ ਅਜਿਹਾ ਕਰਦਿਆਂ ਤੁਸੀਂ ਸਾਡੇ ਕੁਦਰਤੀ ਘਰ-ਘਾਟਾਂ ਦਾ ਉੱਤੇ ਕਬਜ਼ਾ ਕਰ ਲਿਆ ਸੀ। ਚਿੜ੍ਹੀਆਂ ਘਰਾਂ ਵਿਚ ਖਾਜ਼ੇ ਦੀ ਥੋੜ੍ਹ ਦੇ ਮੱਦੇ-ਨਜ਼ਰ, ਤੁਸੀਂ ਸਾਡੀ ਆਬਾਦੀ ਨੂੰ ਸੀਮਾ ਵਿਚ ਰੱਖਣ ਲਈ ਸਾਨੂੰ ਮਾਰਦੇ ਵੀ ਰਹੇ।”
ਉਹ ਕੁਝ ਦੇਰ ਲਈ ਚੁੱਪ ਕਰ ਗਏ ਤੇ ਫਿਰ ਨਾਟਕੀ ਅੰਦਾਜ਼ ਵਿਚ ਬੋਲੇ, “ਇਹ ਉਹ ਸਮਾਂ ਸੀ ਜਦ ਕਿਸੇ ਹੋਰ ਗ੍ਰਹਿ ਦੇ ਵਾਸੀ (aliens) ਦੂਜੀ ਵਾਰ ਧਰਤੀ ਉੱਤੇ ਆਏ ਸਨ। ਉਨ੍ਹਾਂ ਨੇ “ਮਾਰਨ ਦੀ ਵਿਧੀ ਰਾਹੀਂ ਜੀਵਾਂ ਦੀ ਸੁਰੱਖਿਆ” ਦੇ ਸਿਧਾਂਤ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਨਿਸ਼ਚਾ ਹੋ ਗਿਆ ਕਿ ਧਰਤੀ ਇਕ ਪਾਗਲਖਾਨਾ ਹੈ। ਤੇ ਉਨ੍ਹਾਂ, ਭਵਿੱਖ ਵਿਚ, ਆਪਣੇ ਲਾਇਲਾਜ ਬੀਮਾਰਾਂ ਨੂੰ ਇਥੇ ਰੱਖਣ ਦਾ ਫੈਸਲਾ ਕਰ ਲਿਆ।”
ਮਨੁੱਖਾਂ ਦੀਆਂ ਚਪਟੀਆਂ ਗੱਲਾਂ ਉੱਤੇ ਹੰਝੂਆਂ ਦੀ ਧਾਰਾ ਵਹਿ ਤੁਰੀ। “ਸਾਨੂੰ ਅਜਿਹੇ ਹਾਲਤਾਂ ਦਾ ਸਖ਼ਤ ਅਫਸੋਸ ਹੈ।” ਕਹਿੰਦਿਆ ਉਹ ਰੋ ਰਹੇ ਸਨ। ਕੁਝ ਕੁ ਨੇ ਤਾਂ ਤਿੱਖੇ ਲੰਮੇ ਨਹੁੰਆਂ ਵਾਲੀਆਂ ਉਗਲਾਂ, ਜੋ ਆਪਸ ਵਿਚ ਜੁੜੀਆਂ ਲੱਗ ਰਹੀਆਂ ਸਨ, ਨਾਲ ਆਪਣੀਆਂ ਅੱਖਾਂ ਵੀ ਪੂੰਝੀਆਂ।
“ਸ਼ਾਇਦ ਸਾਨੂੰ ਪੁਲਾੜੀ ਵਾਹਣ ਵਿਚ ਜਾ ਕੇ ਅਜੋਕੇ ਹਾਲਤਾਂ ਦੀ ਚਰਚਾ ਕਰਨੀ ਠੀਕ ਰਹੇਗੀ।” ਮਨੁੱਖਾ ਦੇ ਆਗੂ ਨੇ ਕਿਹਾ। ਉਹ ਆਪਣੇ ਫਟੇ ਹੋਏ ਸਪੇਸ ਸੂਟ ਵਿਚੋਂ ਨਿਕਲ ਰਹੀ ਪੂੰਛ ਨੂੰ ਦੇਖ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ। ‘ਮੈਂ ਵਾਸ਼ਰੂਮ ਵੀ ਜਾਣਾ ਚਾਹੁੰਦਾ ਹਾਂ।” ਉਹ ਬੋਲਿਆ।
“ਠੀਕ ਹੈ।ਚਲੋ ਚਲੀਏ।” ਕਿਸੇ ਮਨੁੱਖ ਦੇ ਬੋਲ ਸਨ। “ਮੇਰਾ ਵੀ ਫਲ ਖਾਣ ਨੂੰ ਬਹੁਤ ਜੀਅ ਕਰ ਰਿਹਾ ਹੈ।”
“ਦੋਸਤੋ!”ਕਿਸੇ ਹੋਰ ਦੇ ਬੋਲ ਸਨ। “ਮੈਂ ਜਾਣਦਾ ਹਾਂ ਕਿ ਇਹ ਗੱਲ ਤੁਹਾਨੂੰ ਥੋੜ੍ਹੀ ਅਜੀਬ ਲਗੇਗੀ, ਪਰ ਚਾਰ ਪੈਰਾਂ ਉੱਤੇ ਚਲਣਾ ਬਹੁਤ ਆਰਾਮਦੇਹ ਹੈ।”
ਬਾਂਦਰ ਤਦ ਤਕ ਚੁੱਪਚਾਪ ਖੜੇ ਰਹੇ ਜਦ ਤਕ ਸਾਰੇ ਮਨੁੱਖ ਪੁਲਾੜੀ ਵਾਹਣ ਵਿਚ ਨਾ ਜਾ ਵੜੇ। ਤਦ ਉਹ ਆਪੋ ਆਪਣੇ ਕੰਮਾਂ ਵਿਚ ਲਗ ਗਏ। ਅਜਿਹਾ ਕਰਨਾ ਉਨ੍ਹਾਂ ਨੂੰ ਬਹੁਤ ਅਜੀਬ ਲੱਗਿਆ ਕਿਉਂ ਕਿ ਮਨੁੱਖਾਂ ਦੇ ਇਥੇ
ਆਉਣ ਤੋਂ ਪਹਿਲਾਂ ਤਾਂ ਉਨ੍ਹਾਂ ਦਾ ਕੋਈ ਆਪੋ ਆਪਣਾ ਕੰਮ ਨਹੀਂ ਸੀ।
“ਸੁਣੋ !ਸੁਣੋ!” ਇਕ ਬਾਂਦਰ ਦੇ ਬੋਲ ਸਨ। “ਅਚਾਨਕ ਮੇਰਾ ਦਿਲ ਤਾਂ ਆਲੂ ਵਾਲੇ ਪਰੌਂਠੇ ਖਾਣ ਨੂੰ ਕਰ ਰਿਹਾ ਹੈ।”
“ਮੇਰਾ ਦਿਲ ਤਾਂ ਚਿਲਡ ਬੀਅਰ ਪੀਣ ਨੂੰ ਕਰਦਾ ਹੈ।” ਕਿਸੇ ਹੋਰ ਦੇ ਬੋਲ ਸਨ।”ਸੋਚ ਰਿਹਾ ਹਾਂ ਕਿ ਜੇ ਕਿਧਰੇ ਟੀ।ਵੀ। ਉੱਤੇ ਕ੍ਰਿਕਟ ਮੈਚ ਦਿਖਾਇਆ ਜਾ ਰਿਹਾ ਹੋਵੇ ਤਾਂ ਮਜ਼ਾ ਹੀ ਆ ਜਾਵੇ।”
“ਬੜਾ ਅਜੀਬ ਖਿਆਲ ਹੈ।”ਕਿਸੇ ਤੀਸਰੇ ਦੇ ਬੋਲ ਸਨ। “ਜੀਅ ਕਰਦਾ ਹੈ ਯਾਰਾਂ ਦੀ ਮਹਿਫਲ ਵਿਚ ਬੈਠ ਕੇ ਖੂਬ ਲੁਤਫ਼ ਉਠਾਇਆ ਜਾਵੇ …. ਤੇ ਦੇਰ ਨਾਲ ਘਰ ਪਹੁੰਚਣ ਉੱਤੇ ਬੀਵੀ ਗੁੱਸੇ ਵੀ ਨਾ ਹੋਵੇ ….ਪਰ ਹਾਂ! ਸੱਚ ਮੇਰਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ।”
ਬੈਚੇਨੀ ਦੀ ਹਾਲਤ ਵਿਚ ਹੀ, ਜਲਦੀ ਹੀ ਉਹ ਸੁਪਨੇ ਰਹਿਤ ਬੇਆਰਾਮੀ ਵਾਲੀ ਨੀਂਦ ਸੋਂ ਗਏ।
ਅਰਥਰ ਚਾਰਲਸ ਕਲਾਰਕ ਨੇ ਕਦੇ ਕਿਹਾ ਸੀ, “ਸੰਭਾਵਨਾ ਦੀ ਸੀਮਾਵਾਂ, ਉਨ੍ਹਾਂ ਦੇ ਪਾਰ ਅਸੰਭਵ ਵਿਚ ਜਾ ਕੇ ਹੀ ਮਿਥੀਆ ਜਾ ਸਕਦੀਆਂ ਹਨ।” ਮਾਰਕ ਟਵੈਨ ਦਾ ਕਥਨ ਸੀ ਕਿ ਸੱਚਾਈ, ਕਲਪਨਾ ਤੋਂ ਵੀ ਅਜਬ ਹੁੰਦੀ ਹੈ। ਕਿਉ਼ਂਕਿ ਕਲਪਨਾ ਸਦਾ ਸੰਭਾਵਨਾਵਾਂ ਦੇ ਦਾਇਰੇ ਵਿਚ ਸੀਮਿਤ ਰਹਿੰਦੀ ਹੈ, ਪਰ ਸੱਚ ਅਜਿਹੇ ਬੰਧਨਾਂ ਤੋਂ ਮੁਕਤ ਹੁੰਦਾ ਹੈ।
ਖ਼ਲੀਲ ਗਿਬਰਾਨ ਦਾ ਕਹਿਣਾ ਸੀ, “ਸੁਪਨਿਆਂ ਵਿਚ ਯਕੀਨ ਕਰੋ, ਉਨ੍ਹਾਂ ਵਿਚ ਹੀ ਅਨੰਤਤਾ ਦਾ ਰਹੱਸ ਛੁੱਪਿਆ ਹੈ।”
ਕੈਪਲਰ ਵਾਸੀ ਯਾਨਾਕੈਥ ਰੀਨਾਂਕ ਦਾ ਕਥਨ ਸੀ, “ਸੱਚ ਮਹਿਜ਼ ਇਕ ਸੁਪਨਾ ਹੈ। ਜਦ ਤੱਕ ਮੇਰਾ ਸੁਪਨਾ ਸੱਚ ਨਹੀਂ ਹੁੰਦਾ।”
ਕੈਪਲਰ ਇਨ੍ਹਾਂ ਕਥਨਾਂ ਦਾ ਪੁਸ਼ਟੀ ਕਰਤਾ ਗ੍ਰਹਿ ਸੀ।
ਅਗਲੀ ਸਵੇਰ ਜਦ ਦੋਨੋਂ ਗਰੁੱਪ ਮਿਲੇ ਤਾਂ ਮਨੁੱਖਾਂ ਨੇ ਕਿਹਾ, “ਅਸੀਂ ਸੋਚ ਰਹੇ ਸਾਂ ਕਿ ਧਰਤੀ ਦੇ ਆਖ਼ਰੀ ਬਾਂਦਰ ਨਾਲ ਕੀ ਬੀਤੀ?”
“ਸੁਮੋ ਨਾਂ ਸੀ ਉਸ ਦਾ।” ਬਾਂਦਰਾਂ ਨੇ ਕਿਹਾ, “ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ।”
“ਕੀ ਅਜੇ ਵੀ ਕਿਧਰੇ ਉਸ ਦਾ ਸਰੀਰ ਸੁਰੱਖਿਅਤ ਰੱਖਿਆ ਹੋਇਆ ਹੈ।”
“ਉਸ ਦੀ ਖੱਲ, ਜੋ ਇੰਡੋਨੇਸ਼ੀਅਨ ਖੇਤਰ ਦੀ ਰੂਪ-ਰੇਖਾ ਨਾਲ ਮੇਲ ਖਾਂਦੀ ਸੀ, ਏਸ਼ੀਅਨ ਸਿਵਲਾਈਜ਼ੇਸ਼ਨ ਮਿਊਜ਼ੀਅਮ, ਸਿੰਗਾਪੁਰ ਵਿਚ ਰੱਖੀ ਹੋਈ ਹੈ। ਉਸ ਦੀ ਖੋਪੜੀ ਬ੍ਰਿਟਿਸ਼ ਮਿਊਜੀਅਮ, ਲੰਡਨ ਵਿਖੇ ਤੇ ਉਸ ਦੇ ਪੰਜੇ, ਨੈਸ਼ਨਲ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀ, ਬੀਜਿੰਗ ਵਿਖੇ ਨੁਮਾਇਸ਼ ‘ਤੇ ਹਨ। ਉਸ ਦੀ ਪੂੰਛ, ਮੱਖੀਮਾਰ ਵਜੋਂ ਸਾਊਦੀ ਅਰਬ ਦੇ ਆਖਰੀ ਆਮੀਰ ਦੇ ਤੋਸ਼ੇਖਾਨੇ ਵਿਚ ਮੌਜੂਦ ਹੈ।”
“ਅਸੀਂ ਨਹੀਂ ਸਾਂ ਜਾਣਦੇ।” ਪ੍ਰਤੱਖ ਤੌਰ ਉੱਤੇ ਦੁੱਖੀ ਨਜ਼ਰ ਆ ਰਹੇ ਮਨੁੱਖਾਂ ਦੇ ਬੋਲ ਸਨ।
ਮਰਨ ਸਮੇਂ ਸੁਮੋ ਦੇ ਆਖਰੀ ਸ਼ਬਦ ਸਨ, “ਇਸ ਭੁੱਲ ਲਈ ਮੈਂ ਤੁਹਾਨੂੰ ਮਾਫ਼ ਕਰਦਾ ਹਾਂ।” ਬਾਂਦਰਾਂ ਨੇ ਦੱਸਿਆ।
“ਉਸ ਨੂੰ ਤੁਰੰਤ ਸਵਰਗ ਵਿਚ ਲੈ ਜਾਇਆ ਗਿਆ, ਜਿਥੇ ਜਾਣ ਦੀ ਮਨੁੱਖਾਂ ਦੀ ਹਮੇਸ਼ਾਂ ਤਮੰਨਾ ਰਹਿੰਦੀ ਹੈ।”
ਮਨੁੱਖਾਂ ਨੇ ਅੰਬਰ ਵੱਲ ਝਾਂਕਿਆ। “ਕੀ ਅਸੀਂ ਉਹ ਸਥਾਨ ਇਥੋਂ ਦੇਖ ਸਕਦੇ ਹਾਂ?” ਉਨ੍ਹਾਂ ਪੁੱਛਿਆ।
“ਸ਼ਾਇਦ ਨਹੀਂ।”
ਮਨੁੱਖਾਂ ਨੇ ਬਾਂਦਰਾਂ ਵੱਲ ਦੇਖਿਆ। ਜੋ ਹੁਣ ਕਾਫੀ ਬਦਲੇ ਬਦਲੇ ਨਜ਼ਰ ਆ ਰਹੇ ਸਨ। ਉਨ੍ਹਾ ਦੇ ਨੱਕ, ਕੰਨ, ਪੰਜੇ, ਪੈਰ ਤੇ ਦਿੱਖ ਵਿਚ ਬਹੁਤ ਬਦਲਾਵ ਆ ਚੁੱਕਾ ਸੀ। ਬਾਂਦਰ ਬਿਲਕੁਲ ਹੀ ਮਨੁੱਖਾਂ ਵਾਂਗ ਲੱਗ ਰਹੇ ਸਨ, ਆਪਣੇ ਸਪੇਸ ਸੂਟਾਂ ਤੇ ਹੈਲਮਟਾਂ ਸਮੇਤ। ਅਤੇ ਦੂਜੇ ਬੰਨੇ, ਮਨੁੱਖ, ਆਪਣੇ ਖੁੱਲੇ ਡੁੱਲੇ ਸਪੇਸ ਸੂਟਾਂ ਅਤੇ ਹੈਲਮਟਾਂ ਨੂੰ ਲਾਹ, ਕੈਪਲਰ ਦੀ ਖੁੱਲੀ ਫ਼ਿਜ਼ਾ ਵਿਚ ਆਪਣੇ ਚਾਰੋਂ ਪੈਰਾਂ ਦੇ ਸਹਾਰੇ ਉੱਛਲ ਕੁੱਦ ਦੇ ਮਜ਼ੇ ਲੈ ਰਹੇ ਸਨ। ਉਨ੍ਹਾਂ ਦੀਆਂ ਨਵੀਆਂ ਨਿਕਲੀਆਂ ਪੂੰਛਾਂ, ਹਵਾ ਵਿਚ ਹੋਲੇ ਹੋਲੇ ਹਿਲ ਰਹੀਆਂ ਸਨ।
“ਇਹ ਕਾਫ਼ੀ ਮਜ਼ੇਦਾਰ ਹਾਲਤ ਹੈ।” ਮਨੁੱਖ, ਜੋ ਹੁਣ ਮਨੁੱਖ ਨਹੀਂ ਸਨ ਰਹੇ, ਨੇ ਕਿਹਾ।”
ਹੁਣ ਕਿਉਂਕਿ ਅਸੀਂ ਬਾਂਦਰ ਬਣ ਗਏ ਲੱਗਦੇ ਹਾਂ, ਸ਼ਾਇਦ ਤੁਸੀਂ ਸਾਨੂੰ ਇਹ ਦੱਸ ਸਕੋ ਕਿ ਬਾਂਦਰ ਹੋਰ ਕੀ ਕੀ ਕਰਦੇ ਹਨ।”
“ਠੀਕ!” ਬਾਂਦਰ, ਜੋ ਹੁਣ ਬਾਂਦਰ ਨਹੀਂ ਸਨ, ਨੇ ਕਿਹਾ, ‘ਅਸੀਂ ਆਪਣੇ ਵਿਹਲੇ ਸਮੇਂ ਵਿਚ ਉਦਾਰਤਾ, ਖਿਮਾ ਅਤੇ ਪਰਿਵਾਰਕ ਕਦਰਾਂ-ਕੀਮਤਾਂ ਵਰਗੇ ਨਵੇਂ ਨੈਤਿਕ ਸਿਧਾਤਾਂ ਦੀ ਰਚਨਾ ਕਰਦੇ ਹਾਂ। ਅਸੀੰ ਤੁਲਸੀਦਾਸ, ਸ਼ੇਖ਼ ਫ਼ਰੀਦ, ਬਾਬਾ ਨਾਨਕ, ਜੀਸਸ, ਰੋਜ਼ਰ ਪੈਨਰੋਜ਼, ਐਲਨ ਟੂਰਿੰਗ, ਡੈਕਾਰਟ, ਸਪੀਨੋਜ਼ਾ, ਤੇ ਸੈਕਸ਼ਪੀਅਰ ਦੇ ਕੰਮਾਂ ਕਾਰਾਂ ਨੂੰ ਹੋਰ ਵਧੇਰੇ ਤਾਰਕਿਕ ਤੇ ਵਿਵੇਕਸ਼ੀਲ ਬਨਾਉਣ ਵਿਚ ਲਗੇ ਰਹਿੰਦੇ ਹਾਂ। ਤੇ ਅਜਿਹੇ ਕਾਰਜਾਂ ਵਿਚ ਹਰ ਪੱਧਰ ‘ਤੇ ਜਜ਼ਬਾਤੀ ਤੇ ਕਲਾਤਮਕ ਗੁਣਾਂ ਨੂੰ ਵੀ ਸ਼ਾਮਿਲ ਕਰਦੇ ਰਹਿੰਦੇ ਹਾਂ।”
“ਠੀਕ।ਇਹ ਕਾਫੀ ਦਿਲਚਸਪ ਅਮਲ ਹੈ।” ਨਵੇਂ ਬਣੇ ਬਾਂਦਰਾਂ ਦੇ ਨੀਰਸਤਾ ਭਰੇ ਬੋਲ ਸਨ। ‘ਕੀ ਅਸੀਂ ਕੁਝ ਹੋਰ ਵੀ ਕਰ ਸਕਦੇ ਹਾਂ?”
“ਓਹ ਹਾਂ” ਨਵੇਂ ਬਣੇ ਪੁਲਾੜੀ ਮਨੁੱਖਾਂ ਨੇ ਉਨ੍ਹਾਂ ਨੂੰ ਭਰੋਸਾ ਦਿੰਦਿਆਂ ਕਿਹਾ। ਇਸੇ ਸਮੇਂ ਉਨ੍ਹਾਂ ਨੇ ਆਪਣੀਆਂ ਲੇਜ਼ਰ ਗੰਨਸ ਤੇ ਪਿਸਤੋਲ ਉਨ੍ਹਾਂ ਵੱਲ ਸਾਧ ਲਏ ਤੇ ਬੋਲੇ, “ਤੁਸੀੰ ਮਰ ਸਕਦੇ ਹੋ।”
“ਅਜਿਹਾ ਨਹੀਂ ਹੋ ਸਕਦਾ। ਕੱਲ ਤਕ ਤਾਂ ਤੁਸੀਂ ਖੁੱਦ ਬਾਂਦਰ ਸੀ।”
“ਬਿਲਕੁਲ ਠੀਕ। ਪਰ ਹੁਣ ਅਸੀਂ ਮਨੁੱਖ ਹਾਂ।”
“ਪਰ ਤੁਸੀਂ ਸਾਨੂੰ ਕਿਉਂ ਮਾਰਨਾ ਚਾਹੁੰਦੇ ਹੋ?” ਬਾਂਦਰਾਂ ਨੇ ਪੁੱਛਿਆ।
“ਆਦਤ ਦੀ ਮਜ਼ਬੂਰੀ।” ਕਹਿੰਦਿਆਂ ਹੀ ਮਨੁੱਖਾਂ ਨੇ ਤੜਾਤੜ ਗੋਲੀਆਂ ਦਾਗ ਦਿੱਤੀਆਂ।
ਅਤੇ ਜਦ ਹੋਰ ਕੋਈ ਮਾਰਨ ਲਈ ਨਹੀਂ ਬਚਿਆ ਤਾਂ ਉਹ ਮਨੁੱਖ, ਜੋ ਪਹਿਲਾਂ ਬਾਂਦਰ ਸਨ, ਪੁਲਾੜੀ ਵਾਹਣ ਉੱਤੇ ਜਾ ਚੜ੍ਹੇ ਤੇ ਪੂਰੀ ਦਲੇਰੀ ਨਾਲ, ਨਵੇਂ ਜੀਵਾਂ ਦੀ ਤਲਾਸ਼ ਵਿਚ ਪੁਲਾੜ ਵੱਲ ਉੱਡ ਗਏ।
Email : [email protected]

ਡਾ.ਦੇਵਿੰਦਰ ਪਾਲ ਸਿੰਘ 800 ਤੋਂ ਵਧੇਰੇ ਰਚਨਾਵਾਂ ਅਤੇ ਵੀਹ ਕਿਤਾਬਾਂ ਦਾ ਰਚੇਤਾ ਹੈ। ਅੱਜ ਕਲ ਉਹ ਕੇਨੈਡਾ ਦੇ ਸ਼ਹਿਰ ਮਿਸੀਸਾਗਾ ਵਿਖੇ ਰਹਿ ਰਿਹਾ ਹੈ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …