Breaking News
Home / ਰੈਗੂਲਰ ਕਾਲਮ / ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਨਿਡਰ ਯੋਧਾ ਅਤੇ ਲਾਸਾਨੀ ਸਿੱਖ ਜਰਨੈਲ-ਬਾਬਾ ਬੰਦਾ ਸਿੰਘ ਬਹਾਦਰ

ਡਾ. ਡੀ ਪੀ ਸਿੰਘ
(ਕਿਸ਼ਤ ਦੂਜੀ)
ਪਰੰਤੂ ਉਹਨਾਂ ਨੂੰ ਲਗਾਤਾਰ ਡਰ ਸੀ ਕਿ ਸਿੱਖ ਉਸ ਨੂੰ ਜੀਣ ਨਹੀਂ ਦੇਣਗੇ। ਉਸ ਨੇ ਗੁਰੂ ਜੀ ਦਾ ਪਿੱਛਾ ਕਰਨ ਅਤੇ ਕਤਲ ਕਰਨ ਲਈ ਦੋ ਪਠਾਣ ਖੁਫ਼ੀਆ ਤੌਰ ਉੱਤੇ ਭੇਜੇ । ਨੰਦੇੜ੍ਹ ਵਿਖੇ ਇਕ ਦਿਨ ਉਹ, ਗੁਰੂ ਗੋਬਿੰਦ ਸਿੰਘ ਜੀ ਨੂੰ, ਜਦੋਂ ਗੁਰੂ ਜੀ ਅਰਾਮ ਕਰ ਰਹੇ ਸਨ, ਉਸ ਸਮੇਂ ਚਾਕੂ ਮਾਰਨ ਵਿਚ ਸਫਲ ਹੋ ਗਏ। ਬੇਸ਼ਕ ਦੋਨੋਂ ਪਠਾਣ ਮੌਕੇ ਉੱਤੇ ਹੀ ਮਾਰੇ ਗਏ ਅਤੇ ਗੁਰੂ ਜੀ ਦੇ ਜ਼ਖਮਾਂ ਦਾ ਯਥਾਯੋਗ ਇਲਾਜ ਕੀਤਾ ਗਿਆ। ਪਰ ਲਗਭਗ ਡੇਢ ਮਹੀਨੇ ਬਾਅਦ, ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਗੁਰੂ ਜੀ ਜੋਤੀ ਜੋਤ ਸਮਾ ਗਏ। ਪਰ ਇਸ ਤੋਂ ਪਹਿਲਾਂ ਹੀ ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕਰ ਲਈ ਸੀ, ਅਤੇ ਬੰਦਾ ਸਿੰਘ ਬਹਾਦਰ ਨੂੰ ਤਿਆਰ ਕਰ ਕੇ ਪੰਜਾਬ ਭੇਜ ਦਿੱਤਾ ਸੀ। ਸਿੱਖ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖ ਹਮਲਾਵਰ ਹੋਏ ਸਨ ਪਰ ਉਨ੍ਹਾਂ ਦਾ ਉਦੇਸ਼ ਪਹਿਲਾਂ ਵਾਂਗ ਹੀ ਸੀ। ਬੰਦਾ ਸਿੰਘ ਪੰਜਾਬ ਵੱਲ ਚਾਲੇ ਪਾ ਚੁੱਕਾ ਸੀ। ਇਸੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ”ਸ਼ਬਦ ਗੁਰੂ – ਗੁਰੂ ਗ੍ਰੰਥ ਸਾਹਿਬ ਜੀ” ਨੂੰ ਗੁਰਗੱਦੀ ਨਿਵਾਜ਼ਨ ਪਿੱਛੋਂ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ। ਜਦੋਂ ਬੰਦਾ ਸਿੰਘ ਪੰਜਾਬ ਦੀ ਸਰਹੱਦ ਵਿਖੇ ਪਹੁੰਚਿਆ ਤਾਂ ਉਸ ਨਾਲ ਲਗਭਗ 500 ਆਦਮੀ ਸਨ। ਪੰਜਾਬ ਪਹੁੰਚ ਕੇ, ਬੰਦਾ ਸਿੰਘ ਨੇ ਪੂਰੇ ਪੰਜਾਬ, ਕਸ਼ਮੀਰ ਅਤੇ ਅਫਗਾਨਿਸਤਾਨ ਵਿਚ ਸਿੱਖਾਂ ਨੂੰ ਗੁਰੂ ਜੀ ਦਾ ਸੰਦੇਸ਼ ਭੇਜਿਆ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਬੇਅੰਤ ਕੁਰਬਾਨੀਆਂ, ਸਿੱਖਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਹੋਏ ਜ਼ੁਲਮਾਂ ਦੀ ਦਾਸਤਾਂ ਆਮ ਲੋਕਾਂ ਵਿਚ ਤਾਜ਼ਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਨੇ ਮੁਗ਼ਲ ਸ਼ਾਸਕਾਂ ਤੋਂ ਬਦਲਾ ਲੈਣ ਦੀ ਅੱਗ ਨੂੰ ਭਾਂਬੜ ਬਣਾ ਦਿੱਤਾ। ਗੁਰੂ ਜੀ ਦੇ ਹੁਕਮਨਾਮੇ ਨੂੰ ਮੰਨਦੇ ਹੋਏ ਅਨੇਕ ਸਿੱਖ ਬੰਦਾ ਸਿੰਘ ਦੇ ਮਿਸ਼ਨ ਦੀ ਕਾਮਯਾਬੀ ਲਈ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਏ। ਜਲਦੀ ਹੀ ਬੰਦਾ ਸਿੰਘ ਕੋਲ 4000 ਘੋੜ ਸਵਾਰਾਂ ਅਤੇ 7800 ਪੈਦਲ ਸਿੱਖਾਂ ਦੀ ਫੌਜ ਤਿਆਰ ਹੋ ਗਈ। ਕੁਝ ਹੀ ਸਮੇਂ ਬਾਅਦ ਉਸ ਨੂੰ 40,000 ਯੋਧਿਆਂ ਦਾ ਸਾਥ ਪ੍ਰਾਪਤ ਹੋ ਚੁੱਕਾ ਸੀ। ਉਸਦੀ ਫੌਜ ਵਿਚ ਚਾਰ ਕਿਸਮਾਂ ਦੇ ਲੋਕ ਸਨ; (1) ਪੰਜਾਬ, ਕਾਬੁਲ, ਕੰਧਾਰ, ਮੁਲਤਾਨ ਅਤੇ ਕਸ਼ਮੀਰ ਤੋਂ ਸੱਚੇ ਆਏ ਸਿੱਖੀ ਦੇ ਪੈਰੋਕਾਰ, (2) ਨਿਆਂ ਪਸੰਦ ਅੱਲਾ ਦੀ ਹੌਂਦ ਵਿਚ ਆਸਥਾ ਰੱਖਣ ਵਾਲੇ ਮੁਸਲਮਾਨ, (3) ਗਰੀਬ, ਪਿਛੜੇ ਤੇ ਛੋਟੀਆਂ ਜਾਤੀਆਂ ਵਾਲੇ ਲੋਕ, ਜੋ ਜ਼ੁਲਮਾਂ ਦਾ ਸ਼ਿਕਾਰ ਹੋਏ ਸਨ। (4) ਕੁਝ ਸੁਆਰਥੀ ਤੇ ਭੈੜੇ ਅਨਸਰ ਵੀ ਸਨ, ਜੋ ਸਿਰਫ਼ ਲੁੱਟਣ ਦੇ ਇਰਾਦੇ ਨਾਲ ਇਨ੍ਹਾਂ ਨਾਲ ਆ ਰਲੇ ਸਨ।
ਫਰਵਰੀ 1709 ਦੌਰਾਨ ਬੰਦਾ ਸਿੰਘ ਨੇ ਸੋਨੀਪਤ ਅਤੇ ਕੈਥਲ ਉੱਤੇ ਸਹਿਜੇ ਹੀ ਕਬਜ਼ਾ ਕਰ ਲਿਆ। ਇਸ ਜਿੱਤ ਕਾਰਣ ਹੋਰ ਲੋਕ ਉਸ ਦੀ ਫੌਜ ਵਿਚ ਸ਼ਾਮਲ ਹੋ ਗਏ। ਸਮਾਣਾ, ਮੁਗਲ ਸਲਤਨਤ ਦਾ ਇੱਕ ਵੱਡਾ ਸ਼ਹਿਰ ਸੀ ਜਿਥੇ ਸਰਕਾਰੀ ਸਿੱਕਿਆਂ ਦੀ ਟਕਸਾਲ ਸਥਿਤ ਸੀ। ਬੰਦਾ ਸਿੰਘ ਨੇ 11 ਨਵੰਬਰ 1709 ਨੂੰ ਇਹ ਸ਼ਹਿਰ ਜਿੱਤ ਲਿਆ ਸੀ। ਵਰਨਣ ਮਿਲਦਾ ਹੈ ਕਿ ਇਸ ਲੜਾਈ ਵਿਚ ਲਗਭਗ 20,000 ਲੋਕ ਮਾਰੇ ਗਏ। ਸਮਾਣਾ ਵਿਖੇ ਪ੍ਰਾਪਤ ਹੋਏ ਖ਼ਜ਼ਾਨੇ ਨਾਲ, ਸਿੱਖ ਆਰਥਿਕ ਤੌਰ ‘ਤੇ ਸਮਰਥ ਹੋ ਗਏ। ਜਲਦੀ ਹੀ ਦੋ ਹੋਰ ਫੌਜੀ ਕੇਂਦਰਾਂ ਮੁਸਤਫਾਬਾਦ ਅਤੇ ਸਧੋਰਾ (ਨੇੜੇ ਜਗਾਧਰੀ) ਨੂੰ ਵੀ ਜਿੱਤ ਲਿਆ ਗਿਆ। ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਤੋਂ ਬਾਅਦ, ਪੰਜਾਬ ਦੇ ਹੋਰ ਕਸਬਿਆਂ ਜਿਵੇਂ ਕਿ ਘੜ੍ਹਾਮ, ਠਸਕਾ, ਸ਼ਾਹਬਾਦ, ਕਪੂਰੀ, ਆਦਿ ਨੂੰ ਫਤਿਹ ਕਰ ਲਿਆ ਗਿਆ।
ਬੰਦਾ ਸਿੰਘ ਦੀ ਫੌਜ ਨੇ ਪੀਰ ਬੁੱਧੂ ਸ਼ਾਹ ਦੇ ਕਾਤਲ ਉਸਮਾਨ ਖਾਨ ਨੂੰ ਮਾਰ ਦਿੱਤਾ। ਜ਼ਾਲਮ ਉਸਮਾਨ ਖਾਨ ਦੀ ਮੌਤ ਨਾਲ ਸਧੌਰਾ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਸਿੱਖ ਫੌਜ ਦੇ ਸ਼ੁਕਰਗੁਜ਼ਾਰ ਬਣ ਗਏ। ਮਲੇਰਕੋਟਲਾ ਬਿਨਾਂ ਕਿਸੇ ਵਿਰੋਧ ਦੇ ਜਿੱਤਿਆ ਗਿਆ, ਕਿਉਂਕਿ ਇਹ ਮਲੇਰਕੋਟਲਾ ਦਾ ਉਹ ਨਵਾਬ ਹੀ ਸੀ, ਜਿਸਨੇ ਗੁਰੂ ਦੇ ਦੋ ਛੋਟੇ ਸਾਹਿਬਜ਼ਾਦਿਆਂ ਦੀ ਹੱਤਿਆ ਵਿਰੁੱਧ ਜ਼ੋਰਦਾਰ ਅਪੀਲ ਕੀਤੀ ਸੀ। ਇਸ ਦੌਰਾਨ ਮਾਝੇ (ਮੱਧ ਪੰਜਾਬ) ਦੇ ਸਿੱਖਾਂ ਦੇ ਇਕ ਹੋਰ ਸਮੂਹ ਨੇ ਰੋਪੜ ਅਤੇ ਇਸ ਦੇ ਨੇੜਲੇ ਇਲਾਕਿਆਂ ਉੱਤੇ ਹਮਲਾ ਕਰ ਦਿੱਤਾ ਅਤੇ ਬੰਦਾ ਸਿੰਘ ਦੀਆਂ ਫ਼ੌਜਾਂ ਵਿਚ ਸ਼ਾਮਲ ਹੋ ਗਏ।
ਹੁਣ ਸਿੱਖਾਂ ਦਾ ਮੁੱਖ ਉਦੇਸ਼ ਸਰਹਿੰਦ ਅਤੇ ਇਸ ਦੇ ਨਵਾਬ ਵਜ਼ੀਰ ਖ਼ਾਨ ਨੂੰ ਸਰ ਕਰਨ ਦਾ ਸੀ। ਇਹ ਲੜਾਈ ਮਈ 1710 ਵਿਚ ਸਰਹਿੰਦ ਤੋਂ 15 ਮੀਲ ਦੀ ਦੂਰੀ ‘ਤੇ ”’ਚੱਪੜਚਿੜੀ” ਦੇ ਮੈਦਾਨ ਵਿਚ ਹੋਈ ਸੀ। ਵਜ਼ੀਰ ਖ਼ਾਨ ਆਪਣੀ ਜਾਨ ਤੋਂ ਹੱਥ ਧੋ ਬੈਠਾ। ਮੁਗਲ ਫੌਜ ਮੈਦਾਨ ਤੋਂ ਭੱਜ ਗਈ। ਸਿੱਖ ਸਰਹਿੰਦ ਸ਼ਹਿਰ ਵਿਚ ਦਾਖਲ ਹੋਏ। ਬਹੁਤੇ ਉੱਚ ਅਧਿਕਾਰੀ ਅਤੇ ਪ੍ਰਬੰਧਕ ਮਾਰੇ ਗਏ ਸਨ।
ਉਨ੍ਹਾਂ ਦੀਆਂ ਇਮਾਰਤਾਂ ਨੂੰ ਲੁੱਟ ਲਿਆ ਗਿਆ। ਪਰ ਬੰਦਾ ਬਹਾਦਰ ਨੇ ਆਪਣੀ ਫੌਜ ਨੂੰ ਹਦਾਇਤ ਕੀਤੀ ਹੋਈ ਸੀ ਕਿ ਉਹ ਮਸਜਿਦਾਂ, ਮਦਰੱਸਿਆਂ ਅਤੇ ਮਕਬਰਿਆਂ (ਕਬਰਾਂ) ਨੂੰ ਨੁਕਸਾਨ ਨਾ ਪਹੁੰਚਾਉਣ। ਸ਼ੇਖ ਅਹਿਮਦ ਸਰਹਿੰਦੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਮੁੱਖ ਸਾਜ਼ਿਸ਼-ਕਰਤਾ ਸੀ। ਇੱਥੋਂ ਤਕ ਕਿ ਉਸਦੀ ਕਬਰ ਵੀ ਨਸ਼ਟ ਨਹੀਂ ਕੀਤੀ ਗਈ। ਧਾਰਮਿਕ ਵਖਰੇਵੇਂ ਦੇ ਬਾਵਜੂਦ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਕਿਸੇ ਵੀ ਕਿਸਮ ਦੇ ਨੁਕਸਾਨ ਤੋਂ ਬਚਾਇਆ ਗਿਆ। ਇਨ੍ਹਾਂ ਯੁੱਧਾਂ ਨੂੰ ਕੋਈ ਧਾਰਮਿਕ ਰੰਗ ਦੇਣ ਤੋਂ ਬਚਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।
ਜਦੋਂ ਵੀ ਕੋਈ ਖੇਤਰ ਜਿੱਤ ਲਿਆ ਜਾਂਦਾ ਸੀ ਤਾਂ ਬੰਦਾ ਸਿੰਘ ਉਸ ਸਥਾਨ ਵਿਖੇ ਰਾਜ ਕਰਨ ਲਈ ਆਪਣਾ ਇਕ ਭਰੋਸੇਯੋਗ ਅਧਿਕਾਰੀ ਨਿਯੁਕਤ ਕਰ ਦਿੰਦਾ ਸੀ ਅਤੇ ਇਹ ਅਧਿਕਾਰੀ ਹੀ ਸਥਾਨਕ ਪ੍ਰਸ਼ਾਸਨ ਚਲਾਉਣ ਲਈ ਉਚਿਤ ਲੋਕਾਂ ਨੂੰ ਨਿਯੁਕਤ ਕਰਦਾ ਸੀ। ਸੰਨ 1710 ਵਿਚ, ਬੰਦਾ ਸਿੰਘ ਨੇ ਜਮਨਾ ਅਤੇ ਗੰਗਾ ਨਦੀਆਂ ਵਿਚਕਾਰਲੇ ਖੇਤਰ ਜਿਵੇਂ ਸਹਾਰਨਪੁਰ, ਸ਼ਾਮਲੀ, ਮੁਜ਼ੱਫਰ ਨਗਰ ਆਦਿ ਉੱਤੇ ਕਬਜ਼ਾ ਕਰ ਲਿਆ। ਬੰਦਾ ਸਿੰਘ ਨੇ ਪਹਾੜੀ ਖੇਤਰ ਦੇ ਕੋਲ ਮੁਖਲਿਸ ਗੜ੍ਹ ਵਿਖੇ ਆਪਣੀ ਰਾਜਧਾਨੀ ਸਥਾਪਿਤ ਕੀਤੀ। ਉਸਨੇ ਮੁਖਲਿਸ ਗੜ੍ਹ ਦੇ ਕਿਲ੍ਹੇ ਦੀ ਮੁਰੰਮਤ ਕੀਤੀ ਅਤੇ ਇਸਦਾ ਨਾਮ ਲੋਹਗੜ੍ਹ ਰੱਖ ਦਿੱਤਾ। ਉਸਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਵਾਲੇ ਸਿੱਕੇ ਅਤੇ ਮੁਹਰਾਂ ਬਣਾਉਣ ਲਈ ਟਕਸਾਲ ਦੀ ਸ਼ੁਰੂਆਤ ਕੀਤੀ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ।
ਮੁਗਲਾਂ ਦੇ ਜ਼ੁਲਮ : ਲਾਹੌਰ ਦੇ ਪੂਰਬ ਵਿਚ ਸਿੱਖਾਂ ਦੇ ਰਾਜ ਦੀ ਸਥਾਪਤੀ ਕਾਰਨ ਮੁਗਲ ਸਲਤਨਤ ਦੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚਕਾਰ ਸੰਚਾਰ ਕਾਰਜਾਂ ਵਿਚ ਵਿਘਨ ਪੈ ਗਿਆ। ਇਸ ਤੋਂ ਚਿੰਤਤ ਮੁਗਲ ਸਮਰਾਟ ਬਹਾਦੁਰ ਸ਼ਾਹ ਨੇ ਰਾਜਸਥਾਨ ਦੇ ਬਾਗ਼ੀਆਂ ਨੂੰ ਕਾਬੂ ਕਰਨ ਦੀ ਆਪਣੀ ਯੋਜਨਾ ਤਿਆਗ ਦਿੱਤੀ ਅਤੇ ਪੰਜਾਬ ਵੱਲ ਕੂਚ ਕਰ ਦਿੱਤਾ। ਬੰਦਾ ਸਿੰਘ ਨੂੰ ਹਰਾਉਣ ਅਤੇ ਮਾਰਨ ਲਈ ਸਮੁੱਚੀ ਸ਼ਾਹੀ ਤਾਕਤ ਲਗਾ ਦਿੱਤੀ ਗਈ। ਸਾਰੇ ਮੁਗਲ ਜਰਨੈਲਾਂ ਨੂੰ ਬਾਦਸ਼ਾਹੀ ਫੌਜ ਵਿੱਚ ਸ਼ਾਮਲ ਹੋਣ ਦਾ ਹੁਕਮ ਕੀਤਾ ਗਿਆ। ਇਹ ਪੱਕ ਕਰਨ ਲਈ ਕਿ ਫੌਜੀ ਕੈਂਪਾਂ ਵਿਚ ਕੋਈ ਸਿੱਖ ਏਜੰਟ ਨਹੀਂ ਹਨ, 29 ਅਗਸਤ, 1710 ਨੂੰ ਸਾਰੇ ਹਿੰਦੂਆਂ ਨੂੰ ਦਾੜ੍ਹੀ ਕੱਟਣ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ।
ਤਦ ਬੰਦਾ ਸਿੰਘ ਅਜੇ ਉੱਤਰ ਪ੍ਰਦੇਸ਼ ਵਿਚ ਹੀ ਸੀ, ਜਦੋਂ ਮੁਨੀਮ ਖ਼ਾਨ ਦੇ ਆਦੇਸ਼ਾਂ ਹੇਠ ਮੁਗਲ ਫ਼ੌਜ ਸਰਹਿੰਦ ਉੱਤੇ ਕਬਜ਼ਾ ਕਰਨ ਲਈ ਚਲ ਪਈ। ਬੰਦਾ ਸਿੰਘ ਦੀ ਸਰਹਿੰਦ ਵਾਪਸੀ ਤੋਂ ਪਹਿਲਾਂ ਹੀ ਮੁਗਲ ਫੌਜ ਨੇ ਸਰਹਿੰਦ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ। ਇਸ ਲਈ ਸਿੱਖ ਆਪਣੀ ਫੈਸਲਾਕੁੰਨ ਲੜਾਈ ਲਈ ਲੋਹਗੜ੍ਹ ਚਲੇ ਗਏ। ਸਿੱਖਾਂ ਨੇ ਮੁਗਲ ਫ਼ੌਜ ਨੂੰ ਹਰਾ ਦਿੱਤਾ, ਪਰ ਮੁਗਲ ਫੌਜ ਦੀ ਹੋਰ ਵਧੇਰੇ ਨਫ਼ਰੀ ਆ ਪਹੁੰਚੀ ਜਿਸ ਕਾਰਣ 60,000 ਮੁਗਲ ਫ਼ੌਜੀਆਂਨੇ ਕਿਲ੍ਹੇ ਦੀ ਘੇਰਾਬੰਦੀ ਕਰ ਲਈ।
ਸਿੱਖ ਜਰਨੈਲ ਗੁਲਾਬ ਸਿੰਘ, ਬੰਦਾ ਸਿੰਘ ਦਾ ਰੂਪ ਧਾਰ ਕੇ ਕਿਲ੍ਹੇ ਅੰਦਰ ਬੰਦਾ ਸਿੰਘ ਦੇ ਸਥਾਨ ਉੱਤੇ ਤੈਨਾਤ ਹੋ ਗਿਆ। ਬੰਦਾ ਸਿੰਘ ਰਾਤ ਨੂੰ ਕਿਲ੍ਹੇ ਵਿਚੋਂ ਨਿਕਲ ਕੇ ਚੰਬੇ ਦੇ ਪਹਾੜਾਂ ਵਿਖੇ ਮੌਜੂਦ ਜੰਗਲਾਂ ਵਿਚ ਕਿਸੇ ਖੁਫੀਆ ਸਥਾਨ ਵਿਖੇ ਚਲਾ ਗਿਆ। ਬੰਦਾ ਸਿੰਘ ਨੂੰ ਮਾਰਨ ਜਾਂ ਫੜਨ ਵਿੱਚ ਫ਼ੌਜ ਦੀ ਅਸਫਲਤਾ ਨੇ ਬਾਦਸ਼ਾਹ ਬਹਾਦੁਰ ਸ਼ਾਹ ਨੂੰ ਦੁਖੀ ਕਰ ਦਿੱਤਾ। ਦਸ ਦਸੰਬਰ 1710 ਨੂੰ ਉਸ ਨੇ ਹੁਕਮ ਜਾਰੀ ਕੀਤਾ ਕਿ ਜਿਥੇ ਵੀ ਕੋਈ ਸਿੱਖ ਨਜ਼ਰੀ ਆਵੇ, ਉਸ ਨੂੰ ਮਾਰ ਦਿੱਤਾ ਜਾਵੇ। ਸਮੇਂ ਨਾਲ ਬਾਦਸ਼ਹ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਹੋ ਗਿਆ ਅਤੇ 18 ਫਰਵਰੀ 1712 ਨੂੰ ਉਸ ਦੀ ਮੌਤ ਹੋ ਗਈ।
ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਹੁਕਮਨਾਮਾ ਭੇਜਿਆ ਕਿ ਉਹ ਮੁੜ ਸੰਗਠਿਤ ਹੋ ਕੇ ਤੁਰੰਤ ਉਸ ਦਾ ਸਾਥ ਦੇਣ। ਸੰਨ 1711 ਵਿਚ ਸਿੱਖ ਕੀਰਤਪੁਰ ਸਾਹਿਬ ਦੇ ਨੇੜੇ ਇਕੱਠੇ ਹੋਏ ਅਤੇ ਰਾਜਾ ਭੀਮ ਚੰਦ ਨੂੰ ਹਰਾਇਆ। ਇਹ ਰਾਜਾ ਭੀਮ ਚੰਦ ਹੀ ਸੀ, ਜੋ ਸਾਰੇ ਪਹਾੜੀ ਰਾਜਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਸੰਗਠਿਤ ਕਰਨ ਅਤੇ ਗੁਰੂ ਜੀ ਨਾਲ ਲੜਾਈਆਂ ਕਰਨ ਲਈ ਉਕਸਾਉਣ ਦਾ ਜ਼ਿੰਮੇਵਾਰ ਸੀ। ਭੀਮ ਚੰਦ ਦੀ ਮੌਤ ਤੋਂ ਬਾਅਦ ਦੂਸਰੇ ਪਹਾੜੀ ਰਾਜਿਆਂ ਨੇ ਬੰਦਾ ਸਿੰਘ ਦੀ ਅਧੀਨਗੀ ਸਵੀਕਾਰ ਕਰ ਲਈ ਅਤੇ ਉਸ ਨੂੰ ਮਾਲੀਆ ਅਦਾ ਕਰਨ ਦਾ ਅਹਿਦ ਕੀਤਾ।
ਇਸ ਸਮੇਂ, ਜਦ ਕਿ ਬਹਾਦਰ ਸ਼ਾਹ ਦੇ ਚਾਰ ਪੁੱਤਰ ਰਾਜਗੱਦੀ ਲਈ ਆਪਸ ਵਿਚ ਲੜ ਰਹੇ ਸਨ, ਤਾਂ ਬੰਦਾ ਸਿੰਘ ਬਹਾਦਰ ਨੇ ਸਧੋਰਾ ਅਤੇ ਲੋਹਗੜ ਉੱਤੇ ਦੁਬਾਰਾ ਕਬਜ਼ਾ ਕਰ ਲਿਆ। ਸੰਨ 1712 ਵਿਚ ਉਸ ਨੇ ਬਟਾਲਾ, ਕਲਾਨੌਰ, ਸਰਹਿੰਦ, ਮੁਜ਼ੱਫਰ ਨਗਰ ਅਤੇ ਹੋਰ ਇਲਾਕਿਆਂ ਨੂੰ ਵੀ ਜਿੱਤ ਲਿਆ। ਸੰਨ 1713 ਵਿਚ ਫਾਰੁਖਸੀਅਰ ਅਗਲਾ ਮੁਗਲ ਬਾਦਸ਼ਾਹ ਬਣਿਆ ਅਤੇ ਉਸ ਨੇ ਅਬਦੁਸ ਸਮਦ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਅਬਦੁਸ ਸਮਦ ਖ਼ਾਨ ਦੇ ਬੇਟੇ ਜ਼ਕਰੀਆ ਖ਼ਾਨ ਨੂੰ ਜੰਮੂ ਦਾ ਫੌਜ਼ਦਾਰ ਲਗਾ ਦਿੱਤਾ। ਸੰਨ 1713 ਵਿਚ ਸਿੱਖ ਲੋਹਗੜ੍ਹ ਅਤੇ ਸਧੋਰਾ ਛੱਡ ਕੇ ਜੰਮੂ ਦੀਆਂ ਦੂਰ ਦੁਰੇਡੇ ਦੀਆਂ ਪਹਾੜੀਆਂ ਵੱਲ ਚਲੇ ਗਏ ਅਤੇ ਇਥੇ ਹੀ ਉਨ੍ਹਾਂ ਨੇ ਡੇਰਾ ਬਾਬਾ ਬੰਦਾ ਸਿੰਘ ਬਣਾਇਆ। ਇਸ ਸਮੇਂ ਦੌਰਾਨ ਪਠਾਣਾਂ ਦੁਆਰਾ ਵਿਸ਼ੇਸ਼ ਕਰਕੇ ਗੁਰਦਾਸਪੁਰ ਖਿੱਤੇ ਵਿੱਚ ਸਿੱਖਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਸੀ। ਇਸ ਜ਼ੁਲਮ ਨੂੰ ਰੋਕਣ ਲਈ ਬੰਦਾ ਸਿੰਘ ਨੇ ਇਸ ਖੇਤਰ ਵਿਖੇ ਹਮਲਾ ਕਰ ਕੇ ਕਲਾਨੌਰ ਅਤੇ ਬਟਾਲਾ ਉੱਤੇ ਕਬਜ਼ਾ ਕਰ ਲਿਆ। ਜਿਸ ਕਾਰਣ ਫਾਰੁਖਸੀਅਰ ਗੁੱਸੇ ਨਾਲ ਲਾਲ ਪੀਲਾ ਹੋ ਉੱਠਿਆ ਅਤੇ ਉਸ ਨੇ ਮੁਗਲ ਅਤੇ ਹਿੰਦੂ ਅਧਿਕਾਰੀਆਂ ਤੇ ਮੁਖੀਆਂ ਨੂੰ ਆਪੋ-ਆਪਣੀਆਂ ਫ਼ੌਜਾਂ ਨਾਲ ਲਾਹੌਰ ਪਹੁੰਚਣ ਦਾ ਹੁਕਮ ਚਾੜ੍ਹ ਦਿੱਤਾ ਤਾਂ ਜੋ ਸ਼ਾਹੀ ਫੌਜ ਨੂੰ ਹੋਰ ਸ਼ਕਤੀਸ਼ਾਲੀ ਬਣਾਇਆ ਜਾ ਸਕੇ।
ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨੇ ਆਮ ਲੋਕਾਂ ਵਿਚ ਪ੍ਰਚਲਿਤ ਇਹ ਧਾਰਣਾ ਕਿ ਮੁਗਲਾਂ ਨੂੰ ਜਿੱਤਿਆ ਨਹੀਂ ਜਾ ਸਕਦਾ, ਪਹਿਲੀ ਵਾਰ ਸਫਲਤਾ ਨਾਲ ਤੋੜ ਦਿੱਤੀ । ਉਸ ਨੇ ਲੋਕਤੰਤਰੀ ਰਾਜ ਕਾਇਮ ਕੀਤਾ। ਗਰੀਬ, ਕਮਜ਼ੋਰ ਤੇ ਦੱਬੇ-ਕੁਚਲੇ ਲੋਕਾਂ ਨੂੰ ਮਾਣ ਨਾਲ ਜੀਵਨ ਜਿਊਣ ਦਾ ਮੌਕਾ ਦਿੱਤਾ। ਜੋ ਲੋਕ ਜ਼ਮੀਨਾਂ ਦੀ ਵਾਹੀ ਕਰਦੇ ਸਨ, ਉਨ੍ਹਾਂ ਨੂੰ ਉਸ ਨੇ ਜ਼ਮੀਨ ਦੇ ਮਾਲਕ ਬਣਾ ਦਿੱਤਾ। ਬੰਦਾ ਸਿੰਘ ਬਹਾਦਰ ਨੇ ਗਰੀਬਾਂ ਨੂੰ ਪਨਾਹ ਦਿੱਤੀ ਅਤੇ ਉਨ੍ਹਾਂ ਦੀ ਰੱਖਿਆ ਕੀਤੀ। ਉਨ੍ਹਾਂ ਨੇ ਹਥਿਆਰ ਸੁੱਟਣ ਵਾਲੇ ਵੈਰੀਆਂ ਵੀ ਦਾ ਕੋਈ ਨੁਕਸਾਨ ਨਹੀਂ ਕੀਤਾ। ਉਦਾਹਰਣ ਲਈ, ਅਫਗਾਨ ਲੜਾਕਿਆਂ ਦਾ ਇਕ ਫੌਜੀ ਯੂਨਿਟ, ਜੋ ਬੰਦਾ ਸਿੰਘ ਨਾਲ ਲੜਨਾ ਨਹੀਂ ਚਾਹੁੰਦਾ ਸੀ, ਨੇ ਬੰਦਾ ਸਿੰਘ ਬਹਾਦਰ ਦੀ ਫੌਜ ਅੱਗੇ ਹਥਿਆਰ ਸੁੱਟ ਦਿੱਤੇ, ਅਤੇ ਉਸ ਦੀ ਅਗੁਵਾਈ ਸਵੀਕਾਰ ਕਰ ਲਈ ਤਾਂ ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੂੰ ਆਪਣੀ ਫੌਜ ਵਿਚ ਸ਼ਾਮਿਲ ਕਰ ਲਿਆ।
ਬੰਦਾ ਸਿੰਘ ਬਹਾਦਰ ਇਸ ਗੱਲ ਲਈ ਮਸ਼ਹੂਰ ਹੈ ਕਿ ਉਸ ਨੇ ਜ਼ਿਮੀਂਦਰੀ ਪ੍ਰਣਾਲੀ ਨੂੰ ਖ਼ਤਮ ਕਰਦੇ ਹੋਏ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀਅਤ ਦਿੱਤੀ ਸੀ। ਅਜਿਹੇ ਪ੍ਰਮਾਣ ਮਿਲਦੇ ਹਨ ਕਿ ਉਸ ਸਮੇਂ ਸਮੂਹ ਸਰਕਾਰੀ ਅਧਿਕਾਰੀ ਜਬਰਦਸਤੀ ਮਾਲੀਆ ਵਸੂਲਣ ਲਈ ਜ਼ਬਰਦਸਤੀ ਕਰਨ ਤੇ ਭ੍ਰਿਸ਼ਟਾਚਾਰ ਦੇ ਆਦੀ ਬਣ ਚੁੱਕੇ ਸਨ ਅਤੇ ਨਿਯਮਤ ਪ੍ਰਣਾਲੀ ਪੂਰੀ ਤਰ੍ਹਾਂ ਤਹਿਸ਼ ਨਹਿਸ਼ ਹੋ ਚੁੱਕੀ ਸੀ। ਬੰਦਾ ਸਿੰਘ ਬਹਾਦਰ ਨੇ ਨਵੀਂ ਵਿਵਸਥਾ ਦੀ ਸਥਾਪਤੀ ਨਾਲ ਮਾਲੀਆ ਵਸੂਲਣ ਲਈ ਜ਼ਬਰਦਸਤੀ ਕਰਨ ਤੇ ਭ੍ਰਿਸ਼ਟਾਚਾਰ ਦੇ ਭੂਤ ਨੂੰ ਨੱਥ ਪਾਈ ।
ਬੰਦਾ ਸਿੰਘ ਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਅਤੇ ਤਸ਼ੱਦਦ : ਅਪ੍ਰੈਲ 1715 ਵਿਚ ਫਾਰੁਖਸੀਅਰ ਨੇ ਉੱਤਰ ਭਾਰਤ ਵਿਚ ਆਪਣੇ ਸਾਰੇ ਸੂਬੇਦਾਰਾਂ ਨੂੰ ਆਦੇਸ਼ ਭੇਜਿਆ ਕਿ ਬੰਦਾ ਸਿੰਘ ਨੂੰ ਜਾਂ ਤਾਂ ਮਾਰਿਆ ਜਾਵੇ ਜਾਂ ਗਿਰਫ਼ਤਾਰ ਕੀਤਾ ਜਾਵੇ। ਉਸਨੇ ਲਾਹੌਰ ਦੇ ਸੂਬੇਦਾਰ, ਅਬਦੂ-ਸਮਦ ਨੂੰ, ਉਸ ਦੀ, ਬੰਦਾ ਸਿੰਘ ਨੂੰ ਕਾਬੂ ਨਾ ਕਰ ਸਕਣ ਦੀ ਅਸਫ਼ਲਤਾ ਲਈ ਤਾੜਨਾ ਕੀਤੀ ਅਤੇ ਇਸ ਕਾਰਜ ਦੀ ਸਫਲਤਾ ਲਈ ਮਦਦ ਵਾਸਤੇ ਆਪਣੀਆਂ ਫੌਜਾਂ ਭੇਜੀਆ। ਬੰਦਾ ਸਿੰਘ ਅਤੇ ਉਸ ਦੀਆਂ ਫ਼ੌਜਾਂ ਗੁਰਦਾਸਪੁਰ ਵਿਖੇ ਸਨ। ਉਸ ਨੇ ਗੁਰਦਾਸ ਨੰਗਲ ਵਿਖੇ ਦੁਨੀ ਚੰਦ ਦੇ ਇਕ ਕੱਚੀ ਗੜ੍ਹੀ ਉੱਤੇ ਕਬਜ਼ਾ ਕਰ ਲਿਆ। ਮੁਗਲ ਫੌਜਾਂ ਵਿਚ ਇਸ ਕੱਚੀ ਗੜ੍ਹੀ ਉੱਤੇ ਹਮਲਾ ਕਰਨ ਦੀ ਹਿੰਮਤ ਵੀ ਨਹੀਂ ਸੀ ਇਸ ਲਈ ਉਨ੍ਹਾਂ ਅਗਲੇ 8 ਮਹੀਨਿਆਂ ਤੱਕ ਇਸ ਗੜ੍ਹੀ ਨੂੰ ਘੇਰਾ ਪਾਈ ਰੱਖਿਆ। ਬੰਦਾ ਸਿੰਘ ਕੋਲ ਸਿਰਫ ਥੋੜ੍ਹੇ ਜਿਹੇ ਸੈਨਿਕ ਸਨ । ਹਥਿਆਰ ਅਤੇ ਭੋਜਨ ਵੀ ਸੀਮਤ ਮਾਤਰਾ ਵਿਚ ਹੀ ਸੀ। ਮੁਗਲ ਫੌਜਾਂ ਨੇ ਬਾਹਰੋਂ ਆਉਣ ਵਾਲੀ ਸਾਰੀ ਸਪਲਾਈ ਭੰਗ ਕਰ ਦਿੱਤੀ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …