Breaking News
Home / ਦੁਨੀਆ / ਦਸਤਾਰ ਦੀ ਬੇਅਦਬੀ ਕਰਨ ਵਾਲੇ ਨੂੰ ਜੱਜ ਨੇ ਸੁਣਾਇਆ ਹੁਕਮ ਸਿੱਖੀ ਦਾ ਫਲਸਫਾ ਪੜ੍ਹੋ

ਦਸਤਾਰ ਦੀ ਬੇਅਦਬੀ ਕਰਨ ਵਾਲੇ ਨੂੰ ਜੱਜ ਨੇ ਸੁਣਾਇਆ ਹੁਕਮ ਸਿੱਖੀ ਦਾ ਫਲਸਫਾ ਪੜ੍ਹੋ

ਸਿੱਖ ਦੁਕਾਨਦਾਰ ਹਰਵਿੰਦਰ ਸਿੰਘ ਡੋਡ ਦੀ ਕੁੱਟਮਾਰ ਕਰਨ ਵਾਲੇ ਰਾਮਸੇ ਨੂੰ 3 ਸਾਲ ਦੀ ਕੈਦ
ਨਿਊਯਾਰਕ : ਅਮਰੀਕਾ ਦੇ ਇਕ ਮਾਨਯੋਗ ਜੱਜ ਨੇ ਹੇਟ ਕ੍ਰਾਈਮ ਦੇ ਦੋਸ਼ੀ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ, ਨਾਲ ਹੀ ਉਸ ਨੂੰ ਸਿੱਖ ਧਰਮ ਦਾ ਅਧਿਐਨ ਕਰਕੇ ਉਸ ‘ਤੇ ਇਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਲਈ ਉਸ ਨੂੰ ਸਥਾਨਕ ਗੁਰਦੁਆਰਾ ਸਾਹਿਬ ਦੀ ਸਲਾਨਾ ਸੰਗਤ ਵਿਚ ਭਾਗ ਲੈਣ ਦਾ ਹੁਕਮ ਦਿੱਤਾ ਗਿਆ ਹੈ। 25 ਸਾਲਾਂ ਦੇ ਐਂਡਰਿਊ ਰਾਮਸੇ ਨੇ ਸਿੱਖ ਦੁਕਾਨਦਾਰ ਹਰਵਿੰਦਰ ਸਿੰਘ ਡੋਡ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਸੀ ਅਤੇ ਧਮਕੀਆਂ ਵੀ ਦਿੱਤੀਆਂ ਸਨ। ਅਮਰੀਕਾ ਵਿਚ ਸਿੱਖਾਂ ਦੇ ਅਧਿਕਾਰਾਂ ਲਈ ਅਵਾਜ਼ ਉਠਾਉਣ ਵਾਲੇ ਸਭ ਤੋਂ ਵੱਡੇ ਸੰਗਠਨ ਸਿੱਖ ਕੋਲੀਏਸ਼ਨ ਦੇ ਮੁਤਾਬਕ ਹਰਵਿੰਦਰ ਦੀ ਓਰੇਗਨ ਸੂਬੇ ਵਿਚ ਦੁਕਾਨ ਹੈ। 14 ਜਨਵਰੀ ਨੂੰ ਰਾਮਸੇ ਨੇ ਉਨ੍ਹਾਂ ਕੋਲੋਂ ਸਿਗਰਟ ਮੰਗੀ ਸੀ। ਹਰਵਿੰਦਰ ਨੇ ਕਾਨੂੰਨ ਦੇ ਤਹਿਤ ਉਸ ਨੂੰ ਪਹਿਚਾਣ ਪੱਤਰ ਦਿਖਾਉਣ ਲਈ ਕਿਹਾ। ਰਾਮਸੇ ਕੋਲ ਪਹਿਚਾਣ ਪੱਤਰ ਨਹੀਂ ਸੀ, ਜਿਸ ਤੋਂ ਬਾਅਦ ਉਸ ਨੂੰ ਸਿਗਰਟ ਦੇਣ ਤੋਂ ਮਨ੍ਹਾਂ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਸਲੀ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੱਜ ਨੇ ਕਿਹਾ ਕਿ ਅਜਿਹੇ ਘਿਨਾਉਣੇ ਅਪਰਾਧ ਅਗਿਆਨਤਾ ਦਾ ਨਤੀਜਾ ਹਨ। ਅਦਾਲਤ ਵਿਚ ਆਪਣੇ ਲਿਖਤ ਬਿਆਨ ਵਿਚ ਹਰਵਿੰਦਰ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਬਿਨਾ ਕਿਸੇ ਡਰ ਦੇ ਜੀਣ ਦਾ ਹੱਕ ਹੋਣਾ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਧਰਮ ਜਾਂ ਸੰਪਰਦਾਏ ਦਾ ਹੋਵੇ। ਸਿੱਖ ਸੰਗਠਨ ਦੇ ਅਨੁਸਾਰ ਅਮਰੀਕਾ ਵਿਚ ਸਿੱਖਾਂ ਨੂੰ ਕਈ ਵਾਰ ਹੇਟ ਕ੍ਰਾਈਮ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫੈਸਲਾ ਓਰੇਗਨ ਵਿਚ ਵੱਖ-ਵੱਖ ਭਾਈਚਾਰਿਆਂ ਨੂੰ ਘਿਨਾਉਣੇ ਅਪਰਾਧ ਤੋਂ ਸੁਰੱਖਿਅਤ ਰੱਖਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।
ਰਾਮਸੇ ਨੂੰ ਘਿਨਾਉਣੇ ਅਪਰਾਧ ‘ਚ ਦੋਸ਼ੀ ਠਹਿਰਾਇਆ ਗਿਆ
ਦੱਸਿਆ ਜਾਂਦਾ ਹੈ ਕਿ ਰਾਮਸੇ ਨੇ ਹਰਵਿੰਦਰ ਨੂੰ ਉਸਦੇ ਧਰਮ ਦੇ ਕਾਰਨ ਕੁੱਟਿਆ, ਦਸਤਾਰ ਉਤਾਰ ਦਿੱਤੀ, ਦਾੜ੍ਹੀ ਖਿੱਚੀ, ਥੁੱਕਿਆ ਅਤੇ ਧਮਕੀਆਂ ਦਿੱਤੀਆਂ। ਕੋਲੀਏਸ਼ਨ ਦੇ ਮੁਤਾਬਕ, ਓਰੇਵਨ ਕਾਨੂੰਨ ਦੇ ਤਹਿਤ ਮਾਰੀਅਨ ਕਾਊਂਟੀ ਦੇ ਜੱਜ ਲਿੰਡਸ ਪਾਰਟਰਿਜ਼ ਨੇ ਰਾਮਸੇ ਨੂੰ ਘਿਨਾਉਣੇ ਅਪਰਾਧ ਵਿਚ ਦੋਸ਼ੀ ਠਹਿਰਾਇਆ।
ਇਕ ਸਾਲ ‘ਚ ਹੇਟ ਕ੍ਰਾਈਮ ਦੇ 40 ਫੀਸਦੀ ਮਾਮਲੇ ਵਧੇ
ਐਫ ਬੀ ਆਈ ਦੀ ਰਿਪੋਰਟ ਅਨੁਸਾਰ ਪਿਛਲੇ ਇਕ ਸਾਲ ਦੌਰਾਨ ਓਰੇਗਨ ਵਿਚ ਹੇਟ ਕ੍ਰਾਈਮ ਦੇ ਮਾਮਲੇ ਕਰੀਬ 40 ਫੀਸਦੀ ਤੱਕ ਵਧੇ ਹਨ। ਪਿਛਲੇ ਸਾਲ ਮਈ ਵਿਚ ਓਰੇਗਨ ਅਟਾਰਨੀ ਜਨਰਲ ਏਲੇਨ ਰੋਸੇਨਬਲਮ ਨੇ ਹੇਟ ਕ੍ਰਾਈਮ ਨੂੰ ਰੋਕਣ ਲਈ ਇਕ ਵਿਸ਼ੇਸ਼ ਟਾਸਕ ਫੋਰਸ ਬਣਾਈ ਸੀ। ਅਜਿਹੇ ਅਪਰਾਧਾਂ ਨੂੰ ਰੋਕਣ ਲਈ ਹਾਲ ਹੀ ਵਿਚ ਸੈਨੇਟ ਬਿੱਲ 577 ਪੇਸ਼ ਕੀਤਾ ਗਿਆ ਹੈ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …