ਕਿਹਾ : ਸੱਤਾ ‘ਚ ਆਏ ਤਾਂ ‘ਅਗਨੀਵੀਰ ਯੋਜਨਾ’ ਨੂੰ ਰੱਦ ਕਰਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਗਾਮੀ ਲੋਕ ਸਭਾ ਚੋਣਾਂ ਜਿੱਤਣ ਦਾ ਭਰੋਸਾ ਜ਼ਾਹਿਰ ਕੀਤਾ ਅਤੇ ਕਿਹਾ ਕਿ ਨਵੀਂ ਸਰਕਾਰ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲਿਆਂ (ਐੱਸਸੀ/ਐੱਸਟੀ) ਅਤੇ ਹੋਰ ਪੱਛੜਾ ਵਰਗ (ਓਬੀਸੀ) ਦੀਆਂ ਮਹਿਲਾਵਾਂ ਦੇ ਬੈਂਕ ਖਾਤਿਆਂ ‘ਚ ਹਰ ਸਾਲ ਇੱਕ ਲੱਖ ਰੁਪਏ ਪਾਏਗੀ।
ਭਾਜਪਾ ਦੇ ਸ਼ਾਸਨ ਹੇਠਲੇ ਮੱਧ ਪ੍ਰਦੇਸ਼ ‘ਚ ਕਬਾਇਲੀਆਂ ਤੱਕ ਪਹੁੰਚ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਜ਼ਮੀਨਾਂ ਦੇ ਮੂਲ ਮਾਲਕ ਹਨ ਅਤੇ ਇਸ ਗੱਲ ‘ਤੇ ਦੁੱਖ ਜ਼ਾਹਿਰ ਕੀਤਾ ਕਿ ਭਾਈਚਾਰੇ ਦਾ ਕੋਈ ਵੀ ਵਿਅਕਤੀ ਦੇਸ਼ ਦੀਆਂ ਸਿਖਰਲੀਆਂ 200 ਕੰਪਨੀਆਂ ਦੇ ਪ੍ਰਮੋਟਰਾਂ ਜਾਂ ਉਨ੍ਹਾਂ ਦੇ ਸੀਨੀਅਨ ਪ੍ਰਬੰਧਕਾਂ ਵਿੱਚ ਸ਼ਾਮਲ ਨਹੀਂ ਹੈ। ਰਾਹੁਲ ਗਾਂਧੀ ਨੇ ਆਰੋਪ ਲਾਇਆ ਕਿ ਭਾਜਪਾ ਜਾਣ-ਬੁੱਝ ਕੇ ਆਦਿਵਾਸੀਆਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਹਟਾਉਣ ਅਤੇ ਜਲ, ਜੰਗਲ ਤੇ ਜ਼ਮੀਨ ਤੋਂ ਉਨ੍ਹਾਂ ਦਾ ਪਹਿਲਾ ਅਧਿਕਾਰ ਖੋਹਣ ਦੇ ਮਕਸਦ ਨਾਲ ਉਨ੍ਹਾਂ ਨੂੰ ਆਦਿਵਾਸੀ ਕਹਿ ਰਹੀ ਹੈ। ਉਨ੍ਹਾਂ ਕਿਹਾ, ‘ਉਹ (ਭਾਜਪਾ) ਆਦਿਵਾਸੀਆਂ ਦੀਆਂ ਜ਼ਮੀਨਾਂ ਸਨਅਤਕਾਰਾਂ ਨੂੰ ਦੇਣਾ ਚਾਹੁੰਦੇ ਹਨ।’ ਮੰਡਲਾ ਲੋਕ ਸਭਾ ਹਲਕੇ ਦੇ ਖੇਤਰ ਸਿਓਨੀ ਜ਼ਿਲ੍ਹੇ ਦੇ ਧਨੋਰਾ ‘ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਗਾਰੰਟੀ ਤਹਿਤ ਸਿਖਲਾਈ ਮੁਹੱਈਆ ਕਰਨ ਦਾ ਵੀ ਭਰੋਸਾ ਦਿੱਤਾ।
ਉਨ੍ਹਾਂ ਇਸ ਗੱਲ ਦਾ ਵੀ ਭਰੋਸਾ ਦਿੱਤਾ ਕਿ ਜੇਕਰ ਕਾਂਗਰਸ ਸੱਤਾ ‘ਚ ਆਈ ਤਾਂ ਉਹ ਇੱਕ ਸਾਲ ਦੇ ਅੰਦਰ ਹੀ ਸਵਦੇਸ਼ੀ ਲੋਕਾਂ ਦੀ ਉਨ੍ਹਾਂ ਦੀ ਜ਼ਮੀਨ ‘ਤੇ ਮਾਲਕੀ ਯਕੀਨੀ ਬਣਾਏਗੀ। ਉਨ੍ਹਾਂ ਕਿਹਾ, ‘ਸਾਡੇ ਮੈਨੀਫੈਸਟੋ ‘ਚ ਸਾਡੇ ਵੱਲੋਂ ਚੁੱਕੇ ਜਾਣ ਵਾਲੇ ਤਿੰਨ ਤੋਂ ਚਾਰ ਕ੍ਰਾਂਤੀਕਾਰੀ ਕਦਮਾਂ ਦਾ ਹੈ ਜਿਵੇਂ ਕਿ ਐੱਸਸੀ/ਐੱਸਟੀ ਤੇ ਓਬੀਸੀ ਵਰਗ ਦੀਆਂ ਮਹਿਲਾਵਾਂ ਤੇ ਗਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਦੇ ਬੈਂਕ ਖਾਤਿਆਂ ‘ਚ ਇੱਕ-ਇੱਕ ਲੱਖ ਰੁਪਏ ਹਰ ਸਾਲ ਪਾਉਣਾ। ਇਸ ਤਰ੍ਹਾਂ ਹਰ ਮਹੀਨੇ ਉਨ੍ਹਾਂ ਦੇ ਖਾਤਿਆਂ ਰਾਹੀਂ ਹਜ਼ਾਰਾਂ ਰੁਪਏ ਦਿੱਤੇ ਜਾਣਗੇ।’
ਇਸੇ ਤਰ੍ਹਾਂ ਸ਼ਾਹਡੋਲ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ‘ਅਗਨੀਵੀਰ ਯੋਜਨਾ’ ਦਾ ਵਿਚਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਆਂਦਾ ਸੀ। ਭਾਰਤੀ ਫੌਜ ਇਹ ਯੋਜਨਾ ਨਹੀਂ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਸੱਤਾ ‘ਚ ਆਉਣ ਮਗਰੋਂ ਕਾਂਗਰਸ ਇਸ ਭਰਤੀ ਯੋਜਨਾ ਨੂੰ ਰੱਦ ਕਰੇਗੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …