ਖਰੀਦੋ-ਫਰੋਖਤ ਮਾਮਲੇ ਵਿਚ ਵਿਜੀਲੈਂਸ ਦੀ ਕਾਰਵਾਈ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਭਾਜਪਾ ਦੇ ਅਪਰੇਸ਼ਨ ਲੋਟਸ ਦੇ ਤਹਿਤ ਵਿਧਾਇਕਾਂ ਦੀ ਖਰੀਦੋ-ਫਰੋਖਤ ਮਾਮਲੇ ਵਿਚ ਵਿਜੀਲੈਂਸ ਬਿੳੂਰੋ ਆਮ ਆਦਮੀ ਪਾਰਟੀ ਦੇ 7 ਹੋਰ ਵਿਧਾਇਕਾਂ ਦੇ ਬਿਆਨ ਦਰਜ ਕਰੇਗੀ। ਵਿਜੀਲੈਂਸ ਦੀ ਟੀਮ ਨੇ ਫਿਲਹਾਲ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਦੇ ਹੀ ਬਿਆਨ ਦਰਜ ਕੀਤੇ ਹਨ। ‘ਆਪ’ ਵਿਧਾਇਕਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਦੇ ਲਈ ਕਈ ਆਫਰ ਕੀਤੇ ਗਏ ਅਤੇ ਧਮਕਾਇਆ ਵੀ ਗਿਆ। ਧਿਆਨ ਰਹੇ ਕਿ ਲੰਘੇ ਸੋਮਵਾਰ ਨੂੰ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਨੇ ਬਿਆਨ ਦਰਜ ਕਰਵਾਏ ਸਨ। ਹੁਣ ਗੜ੍ਹਸ਼ੰਕਰ ਤੋਂ ‘ਆਪ’ ਵਿਧਾਇਕ ਜੈਕਿਸ਼ਨ ਰੋੜੀ, ਬੱਸੀ ਪਠਾਣਾ ਤੋਂ ਵਿਧਾਇਕ ਰੂਪਿੰਦਰ ਹੈਪੀ, ਬੁਢਲਾਡਾ ਤੋਂ ਵਿਧਾਇਕ ਬੁੱਧਰਾਮ, ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਅਤੇ ਭੁੱਚੋ ਮੰਡੀ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਬਿਆਨ ਦਰਜ ਹੋਣਗੇ। ਉਧਰ ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਦਾ ਇਸ ਸਬੰਧੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਝੂਠ ਬੋਲ ਰਹੇ ਹਨ। ਭਾਜਪਾ ਆਗੂ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ‘ਆਪ’ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਕਿਉਂਕਿ ਇਨ੍ਹਾਂ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋਏ।